Sunday, May 10, 2026

ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਖਿੱਚੋਤਾਣ ਵਧੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਮੁੱਖ ਵਿਰੋਧੀ ਧਿਰ, ਕੰਜ਼ਰਵੇਟਿਵ ਪਾਰਟੀ ਦੇ ਅੰਦਰ ਇਸ ਸਮੇਂ ਲੀਡਰਸ਼ਿਪ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਪਾਰਟੀ ਦੇ ਨੇਤਾ ਪਿਅਰੇ ਪੋਲੀਵਰੇ ਦੀ ਅਗਵਾਈ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਕਾਰ, ਕਈ ਪ੍ਰਮੁੱਖ ਸੰਸਦ ਮੈਂਬਰਾਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਬੀਤੇ ਿਦਨੀਂ ਕਾਕਸ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਕਈ ਐਮਪੀਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਪੂਰੀ ਤਰ੍ਹਾਂ ਆਪਣੇ ਨੇਤਾ ਦੇ ਨਾਲ ਖੜ੍ਹੇ ਹਨ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਾਰਟੀ ਦੇ ਅੰਦਰੂਨੀ ਹਾਲਾਤਾਂ ਅਤੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਪੋਲੀਵਰੇ ਦੀ ਕਾਰਜਸ਼ੈਲੀ ਅਤੇ ਪਾਰਟੀ ਨੂੰ ਇਕਜੁੱਟ ਰੱਖਣ ਦੀ ਸਮਰੱਥਾ ਉੱਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਐਮਪੀਜ਼ ਨੇ ਉਹਨਾਂ ਨੂੰ ਇੱਕ ਮਜ਼ਬੂਤ ਅਤੇ ਕਾਬਲ ਆਗੂ ਕਰਾਰ ਦਿੱਤਾ ਹੈ।
ਸੰਸਦ ਮੈਂਬਰ ਐਂਡਰਿਊ ਲਾਅਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਅਰੇ ਪੋਲੀਵਰੇ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ ਅਤੇ ਪਾਰਟੀ ਦੇ ਆਮ ਮੈਂਬਰਾਂ ਵਿੱਚ ਉਹਨਾਂ ਦੀ ਲੋਕਪ੍ਰਿਯਤਾ ਬਰਕਰਾਰ ਹੈ। ਉਹਨਾਂ ਨੇ ਹਾਲ ਹੀ ਵਿੱਚ ਹੋਏ ਪਾਰਟੀ ਕਨਵੈਨਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉੱਥੇ ਪੋਲੀਵਰੇ ਨੂੰ ਮੈਂਬਰਾਂ ਵੱਲੋਂ ਭਰਵਾਂ ਸਮਰਥਨ ਮਿਲਿਆ ਸੀ।
ਲਾਅਟਨ ਅਨੁਸਾਰ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਮਤਭੇਦ ਨਹੀਂ ਹੈ ਅਤੇ ਸਾਰੇ ਮੈਂਬਰ ਪੋਲੀਵਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਡਿਪਟੀ ਲੀਡਰ ਮੇਲਿਸਾ ਲੈਂਟਸਮੈਨ ਅਤੇ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਵੀ ਪੋਲੀਵਰੇ ਦੇ ਹੱਕ ਵਿੱਚ ਸਟੈਂਡ ਲੈਂਦਿਆਂ ਕਿਹਾ ਕਿ ਪੂਰਾ ਕਾਕਸ ਆਪਣੇ ਨੇਤਾ ਦੇ ਪਿੱਛੇ ਚਟਾਨ ਵਾਂਗ ਖੜ੍ਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਅੰਦਰ ਅਨੁਸ਼ਾਸਨ ਬਣਿਆ ਹੋਇਆ ਹੈ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ।
ਦੂਜੇ ਪਾਸੇ, ਲਿਬਰਲ ਸਰਕਾਰ ਦੇ ਏਆਈ ਮੰਤਰੀ ਇਵਾਨ ਸੋਲੋਮਨ ਨੇ ਇਸ ਸਥਿਤੀ ‘ਤੇ ਟਿੱਪਣੀ ਕਰਦਿਆਂ ਸਿਆਸੀ ਮਾਹੌਲ ਨੂੰ ਹੋਰ ਗਰਮ ਕਰ ਦਿੱਤਾ ਹੈ। ਸੋਲੋਮਨ, ਜਿਨ੍ਹਾਂ ਨੇ ਹਾਲ ਹੀ ਵਿੱਚ ਮਾਰਲਿਨ ਗਲੇਡੂ ਨੂੰ ਲਿਬਰਲ ਪਾਰਟੀ ਵਿੱਚ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਸੀ, ਨੇ ਦਾਅਵਾ ਕੀਤਾ ਹੈ ਕਿ ਲਿਬਰਲ ਪਾਰਟੀ ਕਈ ਹੋਰ ਕੰਜ਼ਰਵੇਟਿਵ ਮੈਂਬਰਾਂ ਨਾਲ ਸੰਪਰਕ ਵਿੱਚ ਹੈ। ਉਹਨਾਂ ਦੇ ਅਨੁਸਾਰ, ਕਈ ਮੈਂਬਰ ਮੌਜੂਦਾ ਵਿਰੋਧੀ ਧਿਰ ਦੀਆਂ ਨੀਤੀਆਂ ਤੋਂ ਅਸੰਤੁਸ਼ਟ ਹਨ ਅਤੇ ਉਹ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਨ। ਜੇਕਰ ਆਉਣ ਵਾਲੇ ਦਿਨਾਂ ਵਿੱਚ ਹੋਰ ਮੈਂਬਰ ਪਾਰਟੀ ਬਦਲਦੇ ਹਨ, ਤਾਂ ਪੋਲੀਵਰੇ ਲਈ ਆਪਣੀ ਕੁਰਸੀ ਬਚਾਉਣੀ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ। ਇਹ ਸਥਿਤੀ ਕੈਨੇਡੀਅਨ ਰਾਜਨੀਤੀ ਵਿੱਚ ਇੱਕ ਨਵੇਂ ਮੋੜ ਵੱਲ ਇਸ਼ਾਰਾ ਕਰ ਰਹੀ ਹੈ ਜਿੱਥੇ ਜੋੜ-ਤੋੜ ਦੀ ਸਿਆਸਤ ਭਾਰੂ ਹੁੰਦੀ ਨਜ਼ਰ ਆ ਰਹੀ ਹੈ। This report was written by Divroop Kaur as part of the Local Journalism Initiative.

Popular