Monday, April 20, 2026

ਜੰਨ ਦਾ ਕੁਟਾਪਾ

ਬਰਾੜ-ਭਗਤਾ ਭਾਈ ਕਾ
+1-604-751-1113
ਗੁੜ੍ਹੇ ਸਿਆਲ ਦੇ ਦਿਨਾਂ ‘ਚ ਗਹਿਰੀ ਧੁੰਦ ਜਦ ਕੁਝ ਹਲਕੀ ਹੋਈ ਤਾਂ ਪਿੰਡ ਦੇ ਲੋਕ ਰਾਤ ਦੇ ਬਣੇ ਸਰੋਂ ਦੇ ਸਾਗ ਨਾਲ ਅੰਨ੍ਹੇ ਦੀ ਹਿੱਕ ਵਰਗੀਆਂ ਰੋਟੀਆਂ ਖਾ ਕੇ ਗਿਆਰਾਂ ਕੁ ਵਜਦੇ ਨੂੰ ਸੱਥ ‘ਚ ਜੁੜਣੇ ਸ਼ੁਰੂ ਹੋ ਗਏ। ਨੀਲੀਆਂ, ਲਾਲ, ਹਰੀਆਂ ਡੱਬੀਆਂ ਵਾਲੇ ਮੋਟੇ ਖੇਸ ਦੀ ਬੁੱਕਲ ਮਾਰੀ ਸੱਥ ‘ਚ ਬੈਠੇ ਬਾਬੇ ਗੰਡਾ ਸਿਉਂ ਨੂੰ ਪ੍ਰਤਾਪੇ ਭਾਊ ਨੇ ਆ ਕੇ ਪੁੱਛਿਆ,
“ਕੀ ਗੱਲ ਬਾਬਾ ਤੂੰ ਨ੍ਹੀ ਗਿਆ ਸਰਪੈਂਚਾਂ ਦੀ ਜੰਨ ਬਈ। ਤੂੰ ਤਾਂ ਪਿੰਡ ਦੇ ਕਹਿੰਦੇ ਕਹਾਉਂਦੇ ਗਿਣਮੇਂ ਚੋਨਮੇਂ ਬੰਦਿਆਂ ‘ਚ ਆਉਣੈ। ਜਿਹੜੇ ਪੰਜ ਸੱਤ ਸਾਲ ਰਹਿੰਦੇ ਐ, ਜਾ ਆਇਆ ਕਰ ਜੰਨ ਜੁੰਨ। ਜਦੋਂ ਜਲੇਬੀਆਂ ਦਾ ਟੈਮ ਨੇੜੇ ਆ ਗਿਆ ਫੇਰ ਤਾਂ ਪਤਾ ਈ ਐ ਬਈ ਦੇਵਪੁਰੀ ਨੂੰ ਜਾਣਾ ਈ ਐਂ।” ਬਾਬੇ ਗੰਡਾ ਸਿਉਂ ਨੇ ਵੀ ਲਿਆ ਫਿਰ ਭਾਊ ਦੇ ਝੱਗੇ ਦਾ ਮੇਚ, “ਤੂੰ ਕਿਹੜਾ ਘਿਉ ਕਪੂਰੀ ਰੰਗ ਦੀ ਪੱਗ ਬੰਨ੍ਹ ਕੇ ਜੰਨ ਚੜ੍ਹਿਐਂ। ਨਾਲੇ ਸਾਡੇ ਅਰਗੇ ਬੁੜ੍ਹੇ ਬੰਦਿਆਂ ਦੀਆਂ ਕਾਹਦੀਆਂ ਜੰਨਾਂ। ਇਹ ਤਾਂ ਸੋਡੇ ਅਰਗੇ ਖਾਣ ਪੀਣ ਆਲਿਆਂ ਦਾ ਮੇਲਾ ਹੁੰਦਾ। ਅਸੀਂ ਤਾਂ ਹੁਣ ਨੱਬਿਆਂ ਨੂੰ ਅੱਪੜਣ ਆਲੇ ਐਂ, ਹੁਣ ਤਾਂ ਫੋਕਾ ਪਾਣੀ ਵੀ ਹਾਜਮੇ ‘ਤੇ ਇਉਂ ਲੜਦਾ ਜਿਮੇਂ ਰੇਲੋ ਮਾਈ ਭਮੱਕੜਾ ਦਾ ਨਾਂਅ ਸੁਣ ਕੇ ਸ਼ਰਾਬੀ ਹੋਈ ਬਾਂਦਰੀ ਆਂਗੂੰ ਬੁੱੜਕਦੀ ਹੁੰਦੀ ਐ। ਓੱਥੇ ਜੰਨ ਬਗਾਹੇ ਤਾਂ ਤੈਨੂੰ ਪਤਾ ਈ ਐ ਬਈ ਦਾਰੂ ਤੇ ਝਟਕੇ ਝੁਟਕੇ ਤੋਂ ਬਿਨਾਂ ਹੋਰ ਕੁਸ ਹੁੰਦਾ ਨ੍ਹੀ ਬਹੁਤਾ। ਮਿੱਠੇ ਤੋਂ ਮੈਂ ਊਂ ਈਂ ਚਾਲੂ ਆਂ। ਨਾਲੇ ਹੁਣ ਤਾਂ ਜਾਏ ਈ ਖੜ੍ਹੇ ਐਂ ਜੰਨ।”
ਬਾਬੇ ਦੇ ਨਾਲ ਬੈਠਾ ਬੰਤਾ ਬੁੜ੍ਹਾ ਕਹਿੰਦਾ, “ਮੁੰਡਾ ਤਾਂ ਗੰਡਾ ਸਿਆਂ ਕੋਈ ਗਿਆ ਈ ਹੋਣੈ। ਨਾਲੇ ਸਰਪੈਂਚਾਂ ਦਾ ਲਾਣਾ ਤਾਂ ਸੋਡੇ ਸਕਿਆਂ ‘ਚੋਂ ਐਂ।”
ਬਾਬਾ ਕਹਿੰਦਾ, “ਮੁੰਡੇ ਤਾਂ ਜੰਨ ਗਏ ਸੀ। ਮੈਂ ਤਾਂ ਵੱਸ ਐਮੇਂ ਘਰੇ ਈ ਦੋ ਕੁ ਵਾਰੀ ਜਾ ਜੂ ਆਇਆ ਸੀ। ਜੰਨ ਨ੍ਹੀ ਮੈਂ ਗਿਆ। ਨਾਲੇ ਬੰਤ ਸਿਆਂ ਹੁਣ ਸਫਰ ਸੁਫਰ ਮਨ੍ਹੀ ਹੁੰਦਾ। ਹੁਣ ਤਾਂ ਹੱਡ ਵੀ ਜਵਾਬ ਦੇਈ ਖੜ੍ਹੇ ਐ। ਮੈਂ ਤਾਂ ਵਾਘਰੂ ਦਾ ਸ਼ੁਕਰ ਕਰਦਾਂ ਬਈ ਏਨਾ ਈਂ ਬਥੇਰਾ ਜਿਹੜਾ ਸੱਥ ‘ਚ ਆਉਣ ਜੋਗੇ ਤਾਂ ਹੈਗੇ ਆਂ।”
ਪ੍ਰਤਾਪਾ ਭਾਊ ਫੇਰ ਬੋਲਿਆ ਬਾਬੇ ਨੂੰ, “ਇਨ੍ਹਾਂ ਦੀ ਜੰਨ ਤਾਂ ਬਾਬਾ ਵੇਖਣ ਆਲੀ ਸੀ। ਐਮੇ ਈਂ ਰਹਿ ਗਿਆ ਤੂੰ ਤਾਂ।”
ਮਾਹਲੇ ਨੰਬਰਦਾਰ ਨੇ ਭਾਊ ਨੂੰ ਪੁੱਛਿਆ, “ਤੂੰ ਗਿਆ ਸੀ ਭਾਊ ਜੰਨ?” ਭਾਊ ਕਹਿੰਦਾ, “ਮੈਂ ਤਾਂ ਆਪ ਨ੍ਹੀ ਗਿਆ।” ਭਾਊ ਦੀ ਗੱਲ ਸੁਣ ਕੇ ਬਾਬਾ ਭਾਊ ਨੂੰ ਕਤਾੜ ਕੇ ਪੈ ਗਿਆ, “ਜੰਨ ਤੂੰ ਗਿਆ ਨ੍ਹੀ, ਜੰਨ ਚੜ੍ਹਦੀ ਨ੍ਹੀ ਤੂੰ ਵੇਖੀ, ਮੇਰੇ ਨਾਲ ਜੰਨ ਦੀਆਂ ਗੱਲਾਂ ਇਉਂ ਮਾਰਦੈਂ ਜਿਮੇਂ ਵਚੋਲੇ ਆਲੇ ਜੀਪੂ ‘ਚ ਬਹਿ ਕੇ ਗਿਆ ਹੁੰਨੈ।”
ਸੀਤਾ ਮਰਾਸੀ ਬਾਬੇ ਦੀ ਗੱਲ ਤੋਂ ਹੱਸ ਕੇ ਕਹਿੰਦਾ, “ਆਹ ਕੀ ਹੁੰਦਾ ਬਾਬਾ ਜਿਹੜਾ ਤੂੰ ਜੀਪੂ ਕਹਿਨੈਂ। ਜੀਪ ਤਾਂ ਭਲਾਂ ਹੁੰਦੀ ਐ ਆਹ ਜੀਪੂ ਕੀ ਐ। ਇਹ ਕਿਹੜਾ ਸੰਦ ਐ ਬਈ?” ਨਾਥਾ ਅਮਲੀ ਵੀ ਮਰਾਸੀ ਨੂੰ ਵੱਢ ਖਾਣੀ ਬਾਂਦਰੀ ਵਾਂਗੂੰ ਭੱਜ ਕੇ ਪੈ ਗਿਆ, “ਤੈਨੂੰ ਐਨਾ ਮਨ੍ਹੀ ਪਤਾ ਬਈ ਜੀਪੂ ਕਾਸਨੂੰ ਕਹਿੰਦਾ ਬਾਬਾ। ਆਹ ਛਕੜੇ ਜੇ ਨੂੰ ਜੀਪੂ ਕਹਿੰਦਾ ਜਿਹੜਾ ਆਪਣੇ ਪਿੰਡ ਆਲੇ ਕਰਤਾਰੇ ਝਿੱਫ ਦਾ ਮੁੰਡਾ ਤੋਗਾ ਲਈ ਫਿਰਦਾ।”
ਬਾਬਾ ਹੱਸ ਕੇ ਕਹਿੰਦਾ, “ਹਾਂ-ਹਾਂ ਉਹੋ ਜੀਪੂ ਈ ਐ ਹੋਰ ਕੀਅ੍ਹਾ ਓਹੋ। ਅੰਗਾਂ ਵੰਗਾਂ ਜੀਆਂ ‘ਕੱਠੀਆਂ ਕਰਕੇ ਜਗਾੜ ਜਾ ਜੋੜਿਆ ਵਿਆ। ਨਾ ਤਾਂ ਉਹ ਪੀਟਰ ਇੰਜਨ ਈ ਐਂ, ਨਾ ਈ ਕੋਈ ਚੱਜ ਦੀ ਬਾਡੀ ਐ। ਬੁੜ੍ਹਿਆਂ ਵੇਲੇ ਦਾ ਲੱਕੜ ਆਲਾ ਗੱਡਾ ਸੀ ਉਹੋ, ਜੂਲਾ ਵੱਢ ਕੇ ਚੁੱਲ੍ਹੇ ‘ਚ ਢਾਹ ‘ਤਾ, ਲੱਕੜ ਆਲੇ ਪਹੀਏ ਲਾਹ ਕੇ ਟੈਰ ਪਾ ਲੇ। ਵੱਸ! ਚਲਾ ‘ਤੀ ਘੜੁੱਕਾ ਟਰਾਂਸਫੋਟ। ਪਿੰਡੋਂ ਭਿੱਖੀ ਤੇ ਭਿਖੀਉਂ ਪਿੰਡ। ਆਥਣ ਨੂੰ ਦਾਲ ਭਾਜੀ ਜੋਗੇ ਬਣਾ ਲੈਂਦਾ। ਜੀਪੂ ਨ੍ਹੀ ਤਾਂ ਹੋਰ ਕੀਅ੍ਹੈ।” ਮਾਹਲਾ ਨੰਬਰਦਾਰ ਕਹਿੰਦਾ, “ਗੰਡਾ ਸਿਆਂ ਇਹ ਤਾਂ ਜੰਨ ਦੀਆਂ ਸੁਣੀਆਂ ਸਣਾਈਆਂ ਗੱਲਾਂ ਦੱਸਦੈ। ਜਿਹੜੇ ਜੰਨ ਗਏ ਐ, ਪਤਾ ਤਾਂ ਉਨ੍ਹਾਂ ਨੂੰ ਐਂ ਬਈ ਕੀ ਖੱਲਰ੍ਹ ਪਾ ਕੇ ਆਏ ਐ ਜਾਨੀ।”
ਬਾਬੇ ਨੇ ਮਾਹਲੇ ਨੰਬਰਦਾਰ ਨੂੰ ਪੁੱਛਿਆ, “ਕੀ ਕੋਈ ਗੱਲ ਹੋ ਗੀ ਓੱਥੇ ਨੰਬਰਦਾਰਾ?”
ਨੰਬਰਦਾਰ ਕਹਿੰਦਾ, “ਕੁੜੀ ਆਲਿਆਂ ਨੇ ਕੁੱਟ ਕੁੱਟ ਕੇ ਜੰਨ ਦੇ ਪਾ ‘ਤੇ ਰੋਂਭੜੇ। ਆਹ ਖੇਤ ਆਲਿਆ ਦਾ ਪੀਤਾ ਤੁਰਦਾ ਨ੍ਹੀ ਵੇਖਿਆ ਜਿਮੇਂ ਬੱਕਰੀ ਦੇ ਲੱਤਾਂ ‘ਚ ਡਹਾ ਪਾਇਆ ਹੁੰਦਾ। ਇਹਦੇ ਵੀ ਖਾਸੀ ਕੁੱਟ ਪਈ ਲੱਗਦੀ ਐ।” ਬੱਗਾ ਕਾਮਰੇਡ ਕਹਿੰਦਾ, “ਕਰੀ ਤਾਂ ਇੱਕ ਨੇ ਐਂ, ਭਰੀ ਸਾਰੀ ਜੰਨ ਨੇ ਐਂ। ਨਾਲੇ ਅਗਲਿਆਂ ਨੇ ਕੁੜੀ ਨ੍ਹੀ ਤੋਰੀ। ਜੰਨ ਬਰੰਗ ਚਿੱਠੀ ਆਂਗੂੰ ਮੋੜ ‘ਤੀ ਅਗਲਿਆਂ ਨੇ।”
ਨਾਥਾ ਅਮਲੀ ਕਹਿੰਦਾ, “ਕਾਮਰੇਟਾ ਤੂੰ ਜੰਨ ਮੁੜਣ ਦੀਆਂ ਗੱਲਾਂ ਕਰਦੈਂ। ਜੇ ਕਿਤੇ ਪੁਲਸ ਨੂੰ ‘ਤਲਾਹ ਹੋ ਜਾਂਦੀ, ਫੇਰ ਵੇਂਹਦਾ ਪੁਲਸ ਕੁੱਟ ਕੁੱਟ ਕੇ ਕਿਮੇਂ ਢਹੇ ਗੀਰ੍ਹੇ ਆਂਗੂੰ ਕਰਦੀ। ਇਹ ਤਾਂ ਹਜੇ ਇਨ੍ਹਾਂ ਦੇ ਕਰਮ ਚੰਗੇ ਸੀ ਬਚਕੇ ਆ ਗੇ। ਜਦੋਂ ਖਲਪਾੜਾਂ ਚੱਲਣ ਲੱਗੀਆਂ ਇਹ ਜਾਨੀ ਜੇ ਖਿੰਡ ਪੁੰਡ ਕੇ ਈ ਆਏ ਐ ਪਿੰਡ। ਪਤਾ ਨ੍ਹੀ ਆਪਣੇ ਪਿੰਡ ‘ਚ ਕੀ ਭੂਤ ਵੜਿਆ ਵਿਆ। ਆਪਣੇ ਪਿੰਡ ਦੀਆਂ ਏਦੂੰ ਪਹਿਲਾਂ ਅੱਠ ਨੌ ਜੰਨਾਂ ਕੁੱਟੀਆਂ ਗਈਆਂ। ਆਹ ਪਿਛਲੇ ਸਿਆਲ ‘ਚ ਸੱਜਣ ਪਾਹੜੇ ਦੇ ਮੁੰਡੇ ਦੀ ਜੰਨ ਨਾਲ ਕੁੜੀ ਆਲਿਆਂ ਨੇ ਉਹ ਕੀਤੀ, ਜਿਹੜੀ ਰਹੇ ਰੱਬ ਦਾ ਨਾਂਅ। ਜਿਹੜੇ ਓਸ ਪਿੰਡ ਆਪਣੇ ਪਿੰਡ ਦੇ ਮੁੰਡੇ ਕੁੜੀਆਂ ਮੰਗੇ ਵੇ ਸੀ ਉਨ੍ਹਾਂ ਨੂੰ ਵੀ ਇੱਕ ਦੂਜੇ ਪਾਸਿਉਂ ਜਵਾਬ ਮਿਲ ਗਿਆ। ਸਾਲ ਨ੍ਹੀ ਪੈਂਦਾ, ਕਿਸੇ ਨਾ ਕਿਸੇ ਦੀ ਜੰਨ ਦਾ ਬੁੱਘਦੂ ਵੱਜ ਈ ਜਾਂਦਾ।”
ਬਾਬੇ ਗੰਡਾ ਸਿਉਂ ਪੁੱਛਿਆ, “ਆਹ ਹੁਣ ਸਰਪੈਂਚਾਂ ਦੀ ਜੰਨ ਨੇ ਕੀ ਚੰਦ ਚਾੜ੍ਹਿਆ, ਉਹ ਤਾਂ ਦੱਸੋ।”
ਬੁੱਘਰ ਦਖਾਣ ਕਹਿੰਦਾ, “ਕੀ ਦੱਸੀਏ ਬਾਬਾ! ਕਲਯੁਗ ਆ ਗਿਆ। ਅੱਗੇ ਤਾਂ ਸੁਣਦੇ ਹੁੰਦੇ ਸੀ ਬਈ ਆਹ ਪਾਹੜੇ ਮੁੰਡੇ ਛੇੜਦੇ ਹੁੰਦੇ ਸੀ ਕੁੜੀਆਂ, ਹੁਣ ਬੁੜ੍ਹੇ ਛੇੜਣ ਲੱਗ ਪੇ। ਕੁੱਟੀ ਖਾਣੀ ਸੀ ਹੋਰ ਕੀ ਹੋਣਾ ਸੀ।”
ਸੀਤੇ ਮਰਾਸੀ ਨੇ ਪੁੱਛਿਆ, “ਕਿਹੜੇ ਬੁੜ੍ਹੇ ਨੇ ਛੇੜ ‘ਤੀ ਕੁੜੀ?” ਨਾਥਾ ਅਮਲੀ ਕਹਿੰਦਾ, “ਘਾਹ ਚੁਗਣਿਆਂ ਦੇ ਬੁੜ੍ਹੇ ਬੀਰੂ ਨੇ ਕਹਿੰਦੇ ਐ।” ਬਾਬੇ ਗੰਡਾ ਸਿਉਂ ਨੇ ਪੌਣੀ ਸਦੀ ਨੂੰ ਪਹੁੰਚੇ ਬੁੜ੍ਹੇ ਬੀਰੂ ਦੀ ਗੱਲ ਸੁਣ ਕੇ ਮੱਥੇ ‘ਤੇ ਹੱਥ ਮਾਰਿਆ, “ਲੋਹੜਾ ਆ ਗਿਆ ਯਾਰ। ਬੁੱਘਰ ਸਿਉਂ ਦੀ ਤਾਂ ਫਿਰ ਸੱਚੀ ਗੱਲ ਈ ਐ ਬਈ ਕਲਯੁਗ ਈ ਆ ਗਿਆ ਹੋਰ ਕੀ ਹੋਇਆ। ਕੁੜੀ ਛੇੜਣ ਆਲਾ ਤਾਂ ਬੀਰੂ ਹੈਨ੍ਹੀ। ਇਹ ਤਾਂ ਹੋ ਸਕਦਾ ਬਈ ਸ਼ਰਾਬੀ ਸ਼ਰੂਬੀ ਹੋਇਆ ਡਿੱਕ ਡੋਲੇ ਖਾਂਦਾ ਜੰਨ ‘ਚ ਕਿਸੇ ਬੁੜ੍ਹੀ ਕੁੜੀ ‘ਚ ਵੱਜ ਗਿਆ ਹੋਵੇ। ਗੱਲ ਕੀ ਬਣੀ ਨਾਥਾ ਸਿਆਂ?” ਨਾਥਾ ਅਮਲੀ ਕਹਿੰਦਾ, “ਗੱਲ ਕੀ ਬਣਨੀ ਸੀ ਬਾਬਾ। ਬਾਬੇ ਬੀਰੂ ਦਾ ਇਹਦੇ ‘ਚ ਕਸੂਰ ਤਾਂ ਕੋਈ ਨ੍ਹੀ, ਪਰ ਗੱਲ ਖਾਹ ਮਖਾਹ ਈ ਵੱਡੀ ਬਣ ਗੀ।”
ਸੀਤਾ ਮਰਾਸੀ ਕਹਿੰਦਾ, “ਜੇ ਬੀਰੂ ਨੇ ਨ੍ਹੀ ਕੁੜੀ ਛੇੜੀ ਫੇਰ ਓਹਨੇ ਛੇੜੀ ਹੋਣੀ ਐ ਜੀਹਦੇ ਬਾਹਲ਼ੇ ਕੁੱਢਣ ਪਏ ਐ।? ਬਾਬੇ ਗੰਡਾ ਸਿਉਂ ਨੇ ਪੁੱਛਿਆ, “ਕੀਹਦੇ ਬਈ?”
ਸੀਤਾ ਮਰਾਸੀ ਕਹਿੰਦਾ, “ਬੁੜ੍ਹੇ ਬੀਰੂ ਤੇ ਪਿੱਛੂ ਕੇ ਤੇਜ ਦੇ ਈ ਘੀਸ ਵਲ਼ ਬਾਹਲੇ ਕੱਢੇ ਐ। ਘਸੁੰਨਬਾਜੀ ਸ਼ੁਰੂ ਈ ਇਨ੍ਹਾਂ ਤੋਂ ਹੋਈ ਐ।”
ਸੂਬੇਦਾਰ ਰਤਨ ਸਿਉਂ ਕਹਿੰਦਾ, “ਓ ਯਾਰ ਗੱਲ ਤਾਂ ਦੱਸੋ। ਹੋਰ ਈ ਅੜਿੰਗ ਬੜਿੰਗ ਜੇ ਕਰੀ ਜਾਨੇ ਐ। ਕੁੱਟ ਕੱਟ ਕਿਸੇ ਦੇ ਪਈ ਵੀ ਐ ਕੁ ਊਈਂ ਚੁਟਕਲੇ ਛੱਡੀ ਜਾਨੇਂ ਐ?”
ਨਾਥਾ ਅਮਲੀ ਸੂਬੇਦਾਰ ਨੂੰ ਕਹਿੰਦਾ, “ਜੇ ਤਾਂ ਫੌਜੀਆ ਤੂੰ ਵੀ ਜੰਨ ਗਿਆ ਹੁੰਦਾ, ਫੇਰ ਤਾਂ ਤੈਨੂੰ ਵੀ ਪਤਾ ਲੱਗ ਜਾਣਾ ਸੀ। ਤੇਰੇ ਵੀ ਇਉਂ ਠੁਕਣੀਆਂ ਸੀ ਜਿਮੇਂ ਉੱਖਲੀ ‘ਚ ਮੂਹਲੀ ਵੱਜਦੀ ਹੁੰਦੀ ਐ। ਹੁਣ ਐਥੇ ਸੱਥ ‘ਚ ਬੈਠਾ ਅਗਲਿਆਂ ‘ਤੇ ਪਏ ਵਖਤ ਦੇ ਖਰੀਂਢ ਚੇੜਦੈਂ।”
ਬਾਬੇ ਗੰਡਾ ਸਿਉਂ ਨੇ ਪਲੋਸਿਆ ਅਮਲੀ ਨੂੰ, “ਨਾਥਾ ਸਿਆਂ ਕਿਸੇ ਮੇਲਣ ਮੂਲਣ ਨੂੰ ਬੁੜ੍ਹੇ ਨੇ ਕੁਸ ਕਹਿ ਕੂਹ ਦਿੱਤਾ ਸੀ ਕੁ ਕੋਈ ਹੋਰ ਗੱਲ ਐ?”
ਨਾਥਾ ਅਮਲੀ ਕਹਿੰਦਾ, “ਲੈ ਸੁਣ ਲਾ ਫਿਰ ਬਾਬਾ ਗੱਲ। ਬੀਰੂ ਬੁੜ੍ਹੇ ਦਾ ਤਾਂ ਤੈਨੂੰ ਪਤਾ ਈ ਐ ਬਈ ਸ਼ਰਾਬ ਤਾਂ ਜਰੂਰ ਬਾਹਲ਼ੀ ਪੀ ਪੂ ਲੈਂਦੈ, ਪਰ ਆਹ ਕੁੜੀ ਕੱਤਰੀ ਛੇੜਣ ਛੂੜਣ ਆਲੀ ਗੱਲ ਨ੍ਹੀ ਇਹਦੇ ‘ਚ। ਨਾਲੇ ਐਸ ਉਮਰ ‘ਚ! ਅੱਗੇ ਨਾ ਪਿੱਛੇ। ਇਹ ਤਾਂ ਗੱਲ ਇਉਂ ਹੋਈ ਐ ਬਈ ਬੁੜ੍ਹੇ ਨੇ ਜੰਨ ‘ਚ ਪੀ ਬਾਹਲੀ ਲਈ ਕਿਤੇ। ਇਹ ਜੰਨ ਬਗਾਹੇ ਜਦੋਂ ਰੋਟੀ ਖਾ ਕੇ ਬੁੜ੍ਹਾ ਬੀਰੂ ਬਾਹਰ ਨਿਕਲਣ ਲੱਗਿਆ ਤਾਂ ਸ਼ਰਾਬੀ ਹੋਏ ਦੀਆਂ ਲੱਤਾਂ ਨਾ ਖੜ੍ਹਣ। ਪਿੱਛੂ ਕੇ ਤੇਜ ਨੇ ਸੋਚਿਆ ਬਈ ਜੇ ਬੁੜ੍ਹਾ ਡਿੱਗ ਪਿਆ ਤਾਂ ਇਹਦੇ ਵੱਜਣੀ ਐ ਸੱਟ, ਹੋਰ ਨਾ ਕਿਤੇ ਕੋਈ ਜਾਹ ਜਾਂਦੀ ਹੋ ਜੇ। ਤੇਜ ਬੀਰੂ ਬੁੜ੍ਹੇ ਨੂੰ ਸਾਂਭਣ ਲੱਗ ਗਿਆ। ਮੂਹਰੋਂ ਕਿਤੇ ਦਸ ਬਾਰਾਂ ਸਾਲ ਦੀ ਇੱਕ ਕੁੜੀ ਭੱਜੀ ਆਉਂਦੀ ਬੁੜ੍ਹੇ ਬੀਰੂ ‘ਚ ਠਾਹ ਦੇਣੇ ਆ ਕੇ ਵੱਜੀ। ਤੇਜ ਦਾ ਫੜ੍ਹਿਆ ਵਿਆ ਕਰਕੇ ਬੁੜ੍ਹੇ ਨੇ ਡਿਗਣਾ ਤਾਂ ਕੀ ਸੀ, ਪਰ ਜਦੋਂ ਕੁੜੀ ਵਿੱਚ ਵੱਜੀ ਤਾਂ ਬੁੜ੍ਹਾ ਕਹਿੰਦਾ ‘ਕਿਹੜੀ ਐਂ ਕੁੜੇ ਤੂੰ’। ਉਹ ਕੁੜੀ ਕਹਿੰਦੀ ‘ਮੈਂ ਘੋਨੀ ਆਂ ਬਾਬਾ’। ਜਦੋਂ ਕੁੜੀ ਨੇ ਆਵਦਾ ਨਾਂਅ ਘੋਨੀ ਦੱਸਿਆ ਤਾਂ ਬੁੜ੍ਹਾ ਸ਼ਰਾਬੀ ਹੋਇਆ ਕੁੜੀ ਨੂੰ ਕਹਿੰਦਾ ‘ਜਾਹ ਕੁੜੇ ਘੋਨੀਏਂ, ਮੇਰੇ ਆਲਾ ਤਾਂ ਪੂਰ ‘ਤਾ ਸੀ ਨਾ ਸੰਖ ਤੂੰ ਜੇ ਕਿਤੇ ਸਿੰਗ ਹੁੰਦੇ ਤੇਰੇ। ਸਾਡੇ ਦੋਨਾਂ ਦੇ ਢਿੱਡ ਵਿੱਚਦੀ ਨਿੱਕਲੇ ਸਿੰਗ ਇਉਂ ਲੱਗਣੇ ਸੀ ਜਿਮੇਂ ਬਲਦਾਂ ਆਲੀ ਪੰਜਾਲੀ ‘ਚ ਅਰਲੀਆਂ ਫਸਾਈਆਂ ਹੁੰਦੀਆਂ’। ਓੱਥੇ ਕਿਤੇ ਕੁੜੀ ਆਲਿਆਂ ‘ਚੋਂ ਕਿਸੇ ਨੇ ਇਹ ਗੱਲ ਸੁਣ ਲੀ। ਉਨ੍ਹਾਂ ਨੇ ਸੋਚਿਆ ਬਈ ਬੁੜ੍ਹੇ ਤੇ ਤੇਜ ਨੇ ਜਾਣ ਬੁੱਝ ਕੇ ਕੁੜੀ ਨੂੰ ਛੇੜਿਆ। ਉਨ੍ਹਾਂ ਨੇ ਭਾਈ ਚੱਕ ਲੇ ਘੈਂਸਲ਼ੇ। ਪਹਿਲਾਂ ਤਾਂ ਉਨ੍ਹਾਂ ਨੇ ਤੇਜ ਦੀ ਕੱਢੀ ਪਿੱਛ। ਕੁੱਟ ਕੁੱਟ ਕੇ ਸਾਨ੍ਹ ਦੇ ਫਰੋਲੇ ਤੂੜੀ ਦੇ ਕੁੱਪ ਅਰਗਾ ਕਰ ‘ਤਾ ਤੇਜ। ਝਟਕੇ ਦੀ ਤਰੀ ਪਾ ਪਾ ਬੜਘੰਜਿਆ। ਮੂੰਹ ਸੁੱਜ ਕੇ ਇਉਂ ਹੋਇਆ ਪਿਆ ਤੇਜ ਦਾ ਜਿਮੇਂ ਬੋਸ਼ਕੀ ਦੀ ਡੱਫਲ ਜੀ ਨੀਕਰ ‘ਚ ਝੋਨੇ ਦੀ ਪਰਾਲੀ ਥੁੰਨੀ ਹੁੰਦੀ ਐ। ਫੇਰ ਬੁੜ੍ਹੇ ਨੂੰ ਢਾਹ ਲਿਆ ਜਿਮੇਂ ਭੂਸਰੇ ਵੇ ਬੋਕ ਨੇ ਕਤੂਰਾ ਮਧੋਲਿਆ ਹੁੰਦਾ। ਜਦੋਂ ਰੌਲਾ ਪੈ ਗਿਆ, ਵੱਸ ਫੇਰ ਤਾਂ ਬਾਬਾ ਸਦੀਕ ਦੇ ‘ਖਾੜੇ ਆਲੀ ਚੱਕ ਲੋ ਚੱਕ ਲੋ ਹੋ ਗੀ। ਜਿਹੜੇ ਤਾਂ ਭੱਜ ਗੇ, ਉਹ ਤਾਂ ਬਾਬਾ ਗਏ ਬਚ। ਬਾਕੀ ਦੇ ਤਾਂ ਬੇ ਸਿਆਣ ਕਰ ਕਰ ਦਬੱਲੇ। ਪਈਆਂ ਬਾਹਲ਼ੀਆਂ ਬੀਰੂ ਬੁੜ੍ਹੇ ਤੇ ਪਿੱਛੂ ਕੇ ਤੇਜ ਦੇ ਐ। ਆਹ ਗੱਲ ਬਾਬਾ ਆਹ ਬਾਤ ਐ।”
ਬਾਬਾ ਗੰਡਾ ਸਿਉਂ ਕਹਿੰਦਾ, “ਤਾਹੀਂ ਨ੍ਹੀ ਬੀਰੂ ਕੱਲ੍ਹ ਦਾ ਸੱਥ ‘ਚ ਆਇਆ। ਐਥੇ ਬੀਰੂ ਦੇ ਮੁੰਡੇ ਨੂੰ ਨੰਘੇ ਜਾਂਦੇ ਨੂੰ ਮੈਂ ਪੁੱਛਿਆ ਵੀ ਬਈ ਤੇਰਾ ਬਾਪੂ ਨ੍ਹੀ ਆਇਆ ਸੱਥ ਓਏ। ਮੁੰਡਾ ਕਹਿੰਦਾ ‘ਸਰਪੈਂਚਾਂ ਦੀ ਜੰਨ ਗਿਆ ਵਿਆ ਓੱਥੋਂ ਈਂ ਗਾਹਾਂ ਮੇਰੀ ਭੂਆ ਕੋਲੇ ਉੱਠ ਗਿਆ। ਲਾਊਗਾ ਪੰਜ ਸੱਤ ਦਿਨ ਓੱਥੇ’। ਮੈਨੂੰ ਨ੍ਹੀ ਪਤਾ ਸੀ ਬਈ ਆਹ ਗੱਲ ਕਰਕੇ ਨ੍ਹੀ ਆਇਆ ਸੱਥ ‘ਚ।”
ਦੱਮਣ ਕਾ ਸੁੱਖਾ ਕਹਿੰਦਾ, “ਘਰੇ ਪਿਆ ਬੁੜ੍ਹਾ। ਕਾਹਨੂੰ ਕਿਤੇ ਗਿਆ।”
ਸੁੱਖੇ ਦੀ ਗੱਲ ਸੁਣ ਕੇ ਨਾਥਾ ਅਮਲੀ ਸੁੱਖੇ ਨੂੰ ਭਾਂਬੜ ਆਂਗੂੰ ਪਿਆ ਭੱਜ ਕੇ, “ਓਏ ਪਤੈ ਸਾਨੂੰ। ਓਹਨੇ ਤਾਂ ਸੰਗ ਦੇ ਮਾਰੇ ਨੇ ਬਹਾਨਾ ਜਾ ਬਣਾਇਆ ਭੂਆ ਦਾ। ਤੂੰ ਸਮਝਿਆ ਕਿਤੇ ਸੱਚੀਉਂ ਈ ਭੂਆ ਕੋਲੇ ਰਹਿ ਪਿਆ।”
ਬੀਰੂ ਬੁੜ੍ਹੇ ਤੇ ਤੇਜ ‘ਤੇ ਹੋਈ ਛਿਤਰੌਲ ਬਾਰੇ ਸੁਣ ਕੇ ਬਾਬਾ ਗੰਡਾ ਸਿਉਂ ਕਹਿੰਦਾ, “ਚੱਲੋ ਯਾਰ ਫੇਰ ਤਾਂ ਵਚਾਰੇ ਬੇਕਸੂਰਾਂ ਦਾ ਪਤਾ ਲਿਆਈਏ। ਪਹਿਲਾਂ ਬੀਰੂ ਦੇ ਘਰੇ ਚਲਦੇ ਆਂ। ਨੇੜੇ ਐ ਘਰ। ਫੇਰ ਤੇਜ ਕੇ ਵੀ ਜਾ ਈ ਆਮਾਂਗੇ।” ਬਾਬੇ ਗੰਡਾ ਸਿਉਂ ਦਾ ਕਿਹਾ ਸੁਣ ਕੇ ਸੱਥ ਵਾਲੇ ਕੁਝ ਬੰਦੇ ਤਾਂ ਬੁੜ੍ਹੇ ਤੇ ਤੇਜ ਦਾ ਪਤਾ ਲੈਣ ਤੁਰ ਪਏ, ਬਾਕੀ ਦੀ ਸੱਥ ਵਾਲੇ ਆਪਣੇ ਘਰਾਂ ਨੂੰ ਉੱਠ ਖੜ੍ਹੇ।

Popular