Monday, April 20, 2026

ਨਿਊਟਨ ਸੈਂਟਰ ਵਿੱਚ 310 ਮਿਲੀਅਨ ਡਾਲਰ ਨਾਲ ਦੇ ਿਨਵੇਸ਼ ਦਾ ਐਲਾਨ

ਸਰੀ, (ਦਿਵਰੂਪ ਕੌਰ): ਸਰੀ ਸਿਟੀ ਕੌਂਸਲ ਨੇ ਸੋਮਵਾਰ ਨੂੰ ਇੱਕ ਅਹਿਮ ਮੀਟਿੰਗ ਦੌਰਾਨ ‘ਨਿਊਟਨ ਸੈਂਟਰ ਮਾਸਟਰ ਡਿਵੈਲਪਮੈਂਟ ਪਲਾਨ’ ਨੂੰ ਆਪਣੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵਿਸ਼ਾਲ ਯੋਜਨਾ ਕਿੰਗ ਜਾਰਜ ਬੁਲੇਵਾਰਡ ਅਤੇ 72 ਐਵੇਨਿਊ ਦੇ ਚੌਰਾਹੇ ‘ਤੇ ਸਥਿਤ ਲਗਭਗ 40 ਏਕੜ ਜ਼ਮੀਨ ਦੇ ਮੁਕੰਮਲ ਰੂਪਾਂਤਰਣ ‘ਤੇ ਕੇਂਦਰਿਤ ਹੈ। ਇਸ ਜ਼ਮੀਨ ਵਿੱਚੋਂ 35 ਏਕੜ ਹਿੱਸਾ ਸਰੀ ਸ਼ਹਿਰ ਦੀ ਮਲਕੀਅਤ ਹੈ, ਜਦੋਂ ਕਿ 5 ਏਕੜ ਜ਼ਮੀਨ ਟ੍ਰਾਂਸਲਿੰਕ ਦੇ ਅਧੀਨ ਆਉਂਦੀ ਹੈ। ਕੌਂਸਲ ਦਾ ਇਹ ਫੈਸਲਾ ਇਸ ਖੇਤਰ ਵਿੱਚ ਭਵਿੱਖ ਦੇ ਵਿਕਾਸ ਨੂੰ ਨਿਰਧਾਰਤ ਕਰਨ ਲਈ ਇੱਕ ‘ਰਣਨੀਤਕ ਢਾਂਚਾ’ ਸਥਾਪਤ ਕਰੇਗਾ, ਜੋ ਆਉਣ ਵਾਲੇ ਕਈ ਦਹਾਕਿਆਂ ਤੱਕ ਨਿਊਟਨ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ।
ਇਸ ਮਾਸਟਰ ਪਲਾਨ ਨੂੰ ਲੈ ਕੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ (SCDC) ਦੇ ਪ੍ਰਧਾਨ ਅਤੇ ਸੀ.ਈ.ਓ. ਬਿਲ ਔਜਲਾ ਅਤੇ ਰੀਅਲ ਅਸਟੇਟ ਡਾਇਰੈਕਟਰ ਅੰਬਰ ਓਸਾਦਨ-ਉਲਮੈਨ ਨੇ ਕੌਂਸਲ ਦੇ ਸਾਹਮਣੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਬਿਲ ਔਜਲਾ ਨੇ ਇਸ ਸਾਈਟ ਲਈ ਇੱਕ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦਾ ਵਰਣਨ ਕਰਦਿਆਂ ਕਿਹਾ ਕਿ ਇਸ ਜਨਤਕ ਜ਼ਮੀਨ ਨੂੰ ਇੱਕ ਜੀਵੰਤ ਅਤੇ ਟ੍ਰਾਂਜ਼ਿਟ-ਓਰੀਐਂਟਿਡ ਕਮਿਊਨਿਟੀ ਵਿੱਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ 77 ਸਫ਼ਿਆਂ ਦਾ ਵਿਆਪਕ ਪਲਾਨ ਪਿਛਲੇ ਕਈ ਸਾਲਾਂ ਦੀ ਸਖ਼ਤ ਮਿਹਨਤ ਅਤੇ ਯੋਜਨਾਬੰਦੀ ਦਾ ਸਿੱਟਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਇਲਾਕੇ ਵਿੱਚ ਰਿਹਾਇਸ਼ੀ ਘਰਾਂ ਦੀ ਵਿਭਿੰਨਤਾ, ਆਧੁਨਿਕ ਨਾਗਰਿਕ ਸਹੂਲਤਾਂ ਅਤੇ ਸਥਾਨਕ ਵਪਾਰਕ ਥਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ।
ਔਜਲਾ ਨੇ ਸਪੱਸ਼ਟ ਕੀਤਾ ਕਿ ਅੱਜ ਦੀ ਪ੍ਰਵਾਨਗੀ ਮੇਅਰ ਅਤੇ ਕੌਂਸਲ ਵੱਲੋਂ ਜ਼ਮੀਨ ਦੇ ਮਾਲਕ ਵਜੋਂ ਦਿੱਤੀ ਗਈ ਹੈ। ਅਗਲੇ ਪੜਾਵਾਂ ਵਿੱਚ ਵੱਖ-ਵੱਖ ਸਾਈਟਾਂ ਦੀ ਜ਼ੋਨਿੰਗ ਨੂੰ ਬਦਲਣ ਦੀ ਪ੍ਰਕਿਰਿਆ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਅਨੁਮਾਨ ਲਗਾਇਆ ਕਿ ਮਾਰਕੀਟ ਦੀਆਂ ਸਥਿਤੀਆਂ ਅਤੇ ਹੋਰ ਤਕਨੀਕੀ ਪਹਿਲੂਆਂ ਨੂੰ ਦੇਖਦੇ ਹੋਏ ਇਸ ਪੂਰੇ ਪ੍ਰੋਜੈਕਟ ਨੂੰ ਮੁਕੰਮਲ ਹੋਣ ਵਿੱਚ 30 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਪੜਾਅ ‘ਤੇ ਰੈਗੂਲੇਟਰੀ ਪ੍ਰਵਾਨਗੀ ਲਈ ਉਹ ਮੁੜ ਕੌਂਸਲ ਕੋਲ ਆਉਣਗੇ, ਜਿਵੇਂ ਕਿ ਕੋਈ ਵੀ ਹੋਰ ਜ਼ਮੀਨ ਮਾਲਕ ਆਮ ਤੌਰ ‘ਤੇ ਕਰਦਾ ਹੈ। ਇਹ ਲੰਬੇ ਸਮੇਂ ਦਾ ਨਿਵੇਸ਼ ਨਿਊਟਨ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੋਵੇਗਾ।
ਯੋਜਨਾ ਦੀ ਰੂਪ ਰੇਖਾ ਪੇਸ਼ ਕਰਦਿਆਂ ਅੰਬਰ ਓਸਾਦਨ-ਉਲਮੈਨ ਨੇ ਦੱਸਿਆ ਕਿ ਇਸ ਵਿੱਚ 310 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਨ ਵਾਲਾ ਇੱਕ ਅਤਿ-ਆਧੁਨਿਕ ਕਮਿਊਨਿਟੀ ਸੈਂਟਰ ਸ਼ਾਮਲ ਹੋਵੇਗਾ।
ਇਸ ਤੋਂ ਇਲਾਵਾ ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਟ੍ਰਾਂਸਲਿੰਕ ਦਾ ਇੱਕ ਰੈਪਿਡ ਬੱਸ ਟ੍ਰਾਂਜ਼ਿਟ ਸਟੇਸ਼ਨ ਵੀ ਇਸ ਦਾ ਹਿੱਸਾ ਹੋਵੇਗਾ। ਇਹ ਯੋਜਨਾ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਜਿਵੇਂ ਕਿ SCDC, ਟ੍ਰਾਂਸਲਿੰਕ ਅਤੇ ਸਰੀ ਸ਼ਹਿਰ ਵਿਚਕਾਰ ਬਿਹਤਰ ਤਾਲਮੇਲ ਦਾ ਨਤੀਜਾ ਹੈ।
ਇਸ ਪਲਾਨ ਰਾਹੀਂ ਵਿਕਾਸ ਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ੍ਹਣਗੇ ਅਤੇ ਨਿਵੇਸ਼ਕਾਂ ਵਿੱਚ ਭਰੋਸਾ ਪੈਦਾ ਹੋਵੇਗਾ। ਇਸ ਪ੍ਰੋਜੈਕਟ ਤਹਿਤ 2,200 ਨਵੇਂ ਘਰ ਬਣਾਏ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਲਗਭਗ 4,000 ਵਸਨੀਕ ਰਹਿ ਸਕਣਗੇ। ਨਾਲ ਹੀ 150,000 ਵਰਗ ਫੁੱਟ ਦਾ ਵਪਾਰਕ ਖੇਤਰ ਵੀ ਵਿਕਸਤ ਕੀਤਾ ਜਾਵੇਗਾ।
ਪ੍ਰੋਜੈਕਟ ਦਾ ਪਹਿਲਾ ਪੜਾਅ ਪੁਰਾਣੀ ਰੋਨਾ (Rona) ਸਾਈਟ ‘ਤੇ ‘ਕਿੰਗ ਜਾਰਜ ਟ੍ਰਾਂਜ਼ਿਟ ਵਿਲੇਜ’ ਵਜੋਂ ਸ਼ੁਰੂ ਹੋਵੇਗਾ। ਇਹ ਹਿੱਸਾ ਪੂਰਬ ਵਿੱਚ ਕਿੰਗ ਜਾਰਜ, ਉੱਤਰ ਵਿੱਚ 70B ਐਵੇਨਿਊ, ਪੱਛਮ ਵਿੱਚ 135 ਸਟ੍ਰੀਟ ਅਤੇ ਦੱਖਣ ਵਿੱਚ ‘ਦਿ ਬ੍ਰਿਕ’ ਨਾਲ ਘਿਰਿਆ ਹੋਇਆ ਹੈ। ਮੇਅਰ ਬ੍ਰੈਂਡਾ ਲੌਕ ਨੇ ਇਸ ਪੇਸ਼ਕਾਰੀ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਉਤਸ਼ਾਹਜਨਕ ਕਦਮ ਹੈ। ਉਨ੍ਹਾਂ ਕਿਹਾ ਕਿ ਨਿਊਟਨ ਸਰੀ ਦਾ ਸਭ ਤੋਂ ਵੱਡਾ ਟਾਊਨ ਸੈਂਟਰ ਹੈ ਅਤੇ ਇਸ ਇਲਾਕੇ ਵੱਲ ਖਾਸ ਧਿਆਨ ਦੇਣਾ ਸ਼ਹਿਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਮੇਅਰ ਨੇ ਇਸ ਨੂੰ ‘ਫੋਕਸ ਨਿਊਟਨ’ ਮੁਹਿੰਮ ਦੀ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜੋ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਕੌਂਸਲ ਦੇ ਇਸ ਫੈਸਲੇ ਨਾਲ ਨਿਊਟਨ ਇਲਾਕੇ ਵਿੱਚ ਜਿੱਥੇ ਰਿਹਾਇਸ਼ੀ ਸਮੱਸਿਆਵਾਂ ਹੱਲ ਹੋਣਗੀਆਂ, ਉੱਥੇ ਹੀ ਨਵੇਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। This report was written by Divroop Kaur as part of the Local Journalism Initiative.

Popular