ਸਰੀ, (ਦਿਵਰੂਪ ਕੌਰ): ਫੈਡਰਲ ਰੁਜ਼ਗਾਰ ਅਤੇ ਪਰਿਵਾਰ ਮੰਤਰੀ ਪੈਟੀ ਹਾਜਦੂ ਨੇ ਦੇਸ਼ ਦੇ ਨੌਜਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਪੂਰੇ ਦੇਸ਼ ਵਿੱਚ 175,000 ਰੁਜ਼ਗਾਰ ਅਤੇ ਹੁਨਰ ਵਿਕਾਸ ਦੇ ਮੌਕੇ ਪੈਦਾ ਕਰ ਰਹੀ ਹੈ। ਇਸ ਵਿਆਪਕ ਯੋਜਨਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਕੈਨੇਡਾ ਦੀ ਲੇਬਰ ਮਾਰਕੀਟ ਵਿੱਚ ਮਜ਼ਬੂਤੀ ਨਾਲ ਕਦਮ ਰੱਖ ਸਕਣ। ਸਰਕਾਰ ਦੀ ਇਸ ਰਣਨੀਤੀ ਤਹਿਤ ਵਿਦਿਆਰਥੀਆਂ ‘ਤੇ ਪੜ੍ਹਾਈ ਦੇ ਵਿੱਤੀ ਬੋਝ ਨੂੰ ਘਟਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਸਰਕਾਰ ਨੇ 2026–27 ਅਕਾਦਮਿਕ ਸਾਲ ਲਈ ਕੈਨੇਡਾ ਸਟੂਡੈਂਟ ਗ੍ਰਾਂਟਸ ਵਿੱਚ 40% ਦਾ ਵਾਧਾ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਹਫ਼ਤਾਵਾਰੀ ਸਟੂਡੈਂਟ ਲੋਨ ਦੀ ਸੀਮਾ ਨੂੰ ਵੀ $210 ਤੋਂ ਵਧਾ ਕੇ $300 ਕਰ ਦਿੱਤਾ ਗਿਆ ਹੈ।
ਵਿੱਤੀ ਰਾਹਤਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਸਰਕਾਰ ਨੇ 2025–26 ਤੋਂ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਪੇਸ਼ੇਵਰਾਂ ਲਈ ਕਰਜ਼ਾ ਮੁਆਫ਼ੀ ਦੀ ਯੋਜਨਾ ਦਾ ਵਿਸਥਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 2023 ਤੋਂ ਵਿਦਿਆਰਥੀ ਅਤੇ ਅਪ੍ਰੈਂਟਿਸਸ਼ਿਪ ਲੋਨ ‘ਤੇ ਲੱਗਣ ਵਾਲੇ ਵਿਆਜ ਨੂੰ ਵੀ ਪੱਕੇ ਤੌਰ ‘ਤੇ ਖਤਮ ਕਰ ਦਿੱਤਾ ਗਿਆ ਹੈ। ਨੌਜਵਾਨਾਂ ਨੂੰ ਉਨ੍ਹਾਂ ਦੀ ਪਹਿਲੀ ਨੌਕਰੀ ਦਿਵਾਉਣ ਵਿੱਚ ਮਦਦ ਕਰਨ ਲਈ 20 ਅਪ੍ਰੈਲ ਤੋਂ ਜੌਬ ਬੈਂਕ ਪੋਰਟਲ ‘ਤੇ 100,000 ‘ਕੈਨੇਡਾ ਸਮਰ ਜੌਬਸ’ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਹ ਨੌਕਰੀਆਂ ਨੌਜਵਾਨਾਂ ਨੂੰ ਭਵਿੱਖ ਦੇ ਕਰੀਅਰ ਲਈ ਲੋੜੀਂਦਾ ਮੁੱਢਲਾ ਤਜ਼ਰਬਾ ਅਤੇ ਹੁਨਰ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੀਆਂ।
ਸਰਕਾਰ ਨੇ ਸਿੱਖਿਆ ਦੇ ਨਾਲ-ਨਾਲ ਵਿਹਾਰਕ ਤਜ਼ਰਬੇ ‘ਤੇ ਵੀ ਜ਼ੋਰ ਦਿੱਤਾ ਹੈ। ਸਟੂਡੈਂਟ ਵਰਕ ਪਲੇਸਮੈਂਟ ਪ੍ਰੋਗਰਾਮ (SWPP) ਰਾਹੀਂ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ 55,000 ਨਵੇਂ ਕੰਮ ਨਾਲ ਸਬੰਧਤ ਸਿਖਲਾਈ ਦੇ ਮੌਕੇ ਪੈਦਾ ਕੀਤੇ ਜਾਣਗੇ। ਇਸ ਦੇ ਨਾਲ ਹੀ ਯੂਥ ਇੰਪਲਾਇਮੈਂਟ ਐਂਡ ਸਕਿੱਲ ਸਟ੍ਰੈਟਜੀ (YESS) ਤਹਿਤ 20,000 ਤੋਂ ਵੱਧ ਹੁਨਰ ਵਿਕਾਸ ਦੇ ਮੌਕੇ ਉਪਲਬਧ ਕਰਵਾਏ ਜਾਣਗੇ। ਸਰਕਾਰ ਨੇ ਫਿਊਚਰ ਸਕਿੱਲਜ਼ ਸੈਂਟਰ ਵਿੱਚ ਵੀ ਨਿਵੇਸ਼ ਕੀਤਾ ਹੈ ਤਾਂ ਜੋ ਉਨ੍ਹਾਂ ਨੌਜਵਾਨਾਂ ਨੂੰ ਮੇਂਟਰਸ਼ਿਪ ਅਤੇ ਕਰੀਅਰ ਸਬੰਧੀ ਸੇਧ ਦਿੱਤੀ ਜਾ ਸਕੇ ਜਿਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਮਾਰਚ 2026 ਵਿੱਚ 15 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 13.8% ਦਰਜ ਕੀਤੀ ਗਈ ਹੈ। ਮੰਤਰੀ ਹਾਜਦੂ ਅਨੁਸਾਰ ਕੈਨੇਡਾ ਦਾ ਆਰਥਿਕ ਭਵਿੱਖ ਨੌਜਵਾਨਾਂ ਦੀ ਸਫਲਤਾ ‘ਤੇ ਨਿਰਭਰ ਕਰਦਾ ਹੈ। ਨੌਜਵਾਨਾਂ ਨੂੰ ਸਸਤੀ ਸਿੱਖਿਆ ਅਤੇ ਰੁਜ਼ਗਾਰ ਦੇ ਬਰਾਬਰ ਮੌਕੇ ਪ੍ਰਦਾਨ ਕਰਕੇ ਸਰਕਾਰ ਇੱਕ ਮਜ਼ਬੂਤ ਅਤੇ ਸੁਰੱਖਿਅਤ ਭਵਿੱਖ ਦੀ ਨੀਂਹ ਰੱਖ ਰਹੀ ਹੈ। ਬਜਟ 2025 ਵਿੱਚ ਰੈੱਡ ਸੀਲ ਟਰੇਡਸ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਲਈ ਯੂਨੀਅਨ ਟ੍ਰੇਨਿੰਗ ਪ੍ਰੋਗਰਾਮ ਲਈ $75 ਮਿਲੀਅਨ ਦੇ ਵਾਧੂ ਫੰਡਾਂ ਦਾ ਪ੍ਰਸਤਾਵ ਵੀ ਸ਼ਾਮਲ ਕੀਤਾ ਗਿਆ ਹੈ। ਸਟੇਟ ਸੈਕਟਰੀ ਅੰਨਾ ਗੇਨੀ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੇਸ਼ ਦੀ ਆਰਥਿਕਤਾ ਵਿੱਚ ਇੱਕ ਵੱਡਾ ਨਿਵੇਸ਼ ਕਰਾਰ ਦਿੱਤਾ ਹੈ। This report was written by Divroop Kaur as part of the Local Journalism Initiative.

