0.4 C
Vancouver
Saturday, January 18, 2025

ਅਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ੇ ਦੀਆਂ ਫੀਸਾਂ ‘ਚ ਕੀਤਾ ਵਾਧਾ

ਮੈਲਬੌਰਨ : ਅਸਟ੍ਰੇਲੀਆ ‘ਚ ਪੜ੍ਹਾਈ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਵੱਧ ਪੈਸੇ ਖ਼ਰਚ ਕਰਨੇ ਪੈਣਗੇ। ਆਸਟ੍ਰੇਲੀਆ ਨੇ ਸੋਮਵਾਰ ਤੋਂ ਕੌਮਾਂਤਰੀ ਸਟੂਡੈਂਟ ਵੀਜ਼ੇ ਦੀ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਚ ਰਿਕਾਰਡ ਵਾਧੇ ਕਾਰਨ ਹਾਊਸਿੰਗ ਮਾਰਕੀਟ ‘ਤੇ ਵਧੇ ਦਬਾਅ ਕਾਰਨ ਚੁੱਕਿਆ ਹੈ।
ਆਸਟ੍ਰੇਲੀਆ ਨੇ ਇਕ ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀ ਵੀਜ਼ਾ ਫ਼ੀਸ 710 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 1600 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਜ਼ੀਟਰ ਤੇ ਆਰਜ਼ੀ ਗ੍ਰੈਜੂਏਸ਼ਨ ਵੀਜ਼ਾ ਧਾਰਕ ਹੁਣ ਵਿਦਿਆਰਥੀ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ। ਸਰਕਾਰ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ ਨੀਲ ਨੇ ਕਿਹਾ ਹੈ ਕਿ ਕੌਮਾਂਤਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਕਾਇਮ ਰੱਖਣ ਤੇ ਬਿਹਤਰ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ‘ਚ ਇਹ ਬਦਲਾਅ ਕੀਤੇ ਗਏ ਹਨ । ਬੀਤੇ ਮਾਰਚ ‘ਚ ਜਾਰੀ ਅੰਕੜਿਆਂ ਮੁਤਾਬਕ 30 ਸਤੰਬਰ, 2023 ਤੱਕ ਇਮੀਗ੍ਰੇਸ਼ਨ 60 ਫ਼ੀਸਦੀ ਵਧ ਕੇ 5,48,800 ਹੋ ਗਈ ਹੈ।
ਇਸ ਵਾਧੇ ਨਾਲ ਆਸਟ੍ਰੇਲੀਆ ਦੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਨਾ ਅਮਰੀਕਾ ਤੇ ਕੈਨੇਡਾ ਤੋਂ ਵੀ ਮਹਿੰਗਾ ਹੋ ਗਿਆ ਹੈ। ਅਮਰੀਕਾ ‘ਚ ਇਸ ਦੀ ਫੀਸ 185 ਡਾਲਰ ਤੇ ਕੈਨੇਡਾ ‘ਚ 150 ਕੈਨੇਡੀਅਨ ਡਾਲਰ ਹੈ। ਆਸਟ੍ਰੇਲੀਆ ਸਰਕਾਰ ਨੇ ਕਿਹਾ ਕਿ ਇਨ੍ਹਾਂ ਬਦਲਾਵਾਂ ਨਾਲ ਵੀਜ਼ਾ ਨਿਯਮਾਂ ‘ਚ ਖਾਮੀਆਂ ਦੂਰ ਕਰਨ ‘ਚ ਮਦਦ ਮਿਲੇਗੀ। 2022-23 ‘ਚ ਵਿਦਿਆਰਥੀ ਵੀਜ਼ੇ ਨਾਲ ਵਿਦਿਆਰਥੀਆਂ ਦੀ ਗਿਣਤੀ 30 ਫ਼ੀਸਦੀ ਵਧ ਕੇ 1,50,000 ਤੋਂ ਵੱਧ ਹੋ ਗਈ ਹੈ। ਸਰਕਾਰ ਨੇ ਕਿਹਾ ਕਿ ਤਾਜ਼ਾ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਕੋਵਿਡ ਕਾਲ ‘ਚ ਵਿਦਿਆਰਥੀ ਵੀਜ਼ੇ ‘ਤੇ ਲੱਗੀ ਪਾਬੰਦੀ 2022 ‘ਚ ਹਟਾਉਣ ਤੋਂ ਬਾਅਦ ਸਾਲਾਨਾ ਇਮੀਗ੍ਰੇਸ਼ਨ ਰਿਕਾਰਡ ਪੱਧਰ ‘ਤੇ ਪੁੱਜ ਗਿਆ।

Related Articles

Latest Articles