0.4 C
Vancouver
Saturday, January 18, 2025

ਆਡੰਬਰ, ਲਾਲਸਾਵਾਂ ਤੇ ਵਧ ਰਹੇ ਮਾਨਸਿਕ ਰੋਗ

ਲੇਖਕ : ਗੁਰਚਰਨ ਸਿੰਘ ਨੂਰਪੁਰ,
ਸੰਪਰਕ: 98550-51099
ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਤੁਰਿਆ ਤਾਂ ਯੂਨਾਨ ਦੇ ਹੀ ਇੱਕ ਡਾਇਓਜੀਨ ਨਾਮ ਦੇ ਫ਼ਕੀਰ ਨੂੰ ਮਿਲਿਆ। ਉਸ ਨੇ ਡਾਇਓਜੀਨ ਨੂੰ ਕਿਹਾ, ”ਮੈਂ ਤੇਰੇ ਵਾਂਗੂੰ ਬੇਫ਼ਿਕਰੀ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਹਾਂ।”
ਡਾਇਓਜੀਨ ਨੇ ਕਿਹਾ, ”ਅੜਚਨ ਕੀ ਹੈ ਨਦੀ ਦਾ ਕੰਢਾ ਬੜਾ ਵਿਸ਼ਾਲ ਹੈ ਤੂੰ ਵੀ ਲੇਟ ਜਾ ਧੁੱਪ ਸੇਕ ਤੇ ਕੁਦਰਤ ਦੇ ਨਜ਼ਾਰੇ ਮਾਣ।”
ਸਿਕੰਦਰ ਨੇ ਕਿਹਾ, ”ਅਜੇ ਤਾਂ ਮੈਂ ਦੁਨੀਆ ਜਿੱਤਣ ਜਾ ਰਿਹਾ ਹਾਂ। ਮੇਰੇ ਕੋਲ ਵਿਹਲ ਕਿੱਥੇ? ਵਿਹਲਾ ਹੋ ਕੇ ਆਰਾਮ ਕਰਾਂਗਾ।”
ਡਾਇਓਜੀਨ ਬੋਲਿਆ, ”ਦੁਨੀਆ ਜਿੱਤ ਕੇ ਕੀ ਕਰੇਂਗਾ?”
”ਦੁਨੀਆ ਨੂੰ ਜਿੱਤਣ ਮਗਰੋਂ ਮੇਰੇ ਕੋਲ ਵਿਸ਼ਾਲ ਬੇਸ਼ੁਮਾਰ ਦੌਲਤ ਹੋਵੇਗੀ, ਵੱਡੀ ਫ਼ੌਜ ਤੇ ਅਥਾਹ ਤਾਕਤ ਹੋਵੇਗੀ।” ਡਾਇਓਜੀਨ ਬੋਲਿਆ, ”ਦੌਲਤ ਤੇ ਤਾਕਤ ਇਕੱਠੀ ਕਰਨ ਮਗਰੋਂ ਵੀ ਜੇਕਰ ਆਰਾਮ ਹੀ ਕਰਨਾ ਹੈ ਤਾਂ ਹੁਣ ਹੀ ਆਰਾਮ ਕਰ ਲੈ? ਐਨੀ ਕਤਲੋਗਾਰਤ ਤੇ ਲੋਕਾਂ ਨੂੰ ਐਨਾ ਖੱਜਲ ਖੁਆਰ ਕਰਨ ਦੀ ਕੀ ਲੋੜ ਏ?” ਸਿਕੰਦਰ ਨੇ ਕਿਹਾ, ”ਮੈਂ ਤੈਥੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਪਰ ਮੈਂ ਬਾਦਸ਼ਾਹ ਹਾਂ ਤੇ ਤੂੰ ਇੱਕ ਫ਼ਕੀਰ, ਜੋ ਤੈਨੂੰ ਚਾਹੀਦਾ ਹੈ ਮੰਗ ਲੈ, ਤੇਰੇ ਸਾਹਮਣੇ ਢੇਰੀ ਕਰ ਦਿਆਂਗਾ।” ਡਾਇਓਜੀਨ ਬੇਫ਼ਿਕਰੀ ਦੇ ਆਲਮ ‘ਚੋਂ ਬੋਲਿਆ, ”ਬਸ ਜ਼ਰਾ ਕੁ ਪਾਸੇ ਹੋ ਕੇ ਖੜੋ ਧੁੱਪ ਆਉਣ ਦੇ।”
ਅਜੋਕੇ ਦੌਰ ਵਿੱਚ ਅਸੀਂ ਆਪਣੇ ਅੰਦਰੋਂ ਸਹਿਜ, ਸਬਰ ਤੇ ਸੰਤੋਖ ਨੂੰ ਗੁਆ ਕੇ ਆਪਣੇ ਆਪ ਨੂੰ ਮੁਨਾਫ਼ਿਆਂ, ਖ਼ੁਦਗਰਜ਼ੀਆਂ ਅਤੇ ਲਾਲਚਾਂ ਨੂੰ ਸਮਰਪਿਤ ਕਰ ਦਿੱਤਾ ਹੈ। ਇਹੋ ਕਾਰਨ ਹੈ ਕਿ ਦੁਨੀਆ ਭਰ ਵਿੱਚ ਮਾਨਸਿਕ ਵਿਕਾਰ ਲਗਾਤਾਰ ਵਧ ਰਹੇ ਹਨ। ਇਹ ਜ਼ਰੂਰੀ ਨਹੀਂ ਕਿ ਮਨੁੱਖ ਕੋਲ ਬਹੁਤ ਸਾਰੀ ਧਨ ਦੌਲਤ ਹੋਵੇ ਤਾਂ ਫਿਰ ਹੀ ਉਹ ਖ਼ੁਸ਼ ਰਹਿ ਸਕਦਾ ਹੈ। ਖੁਸ਼ਹਾਲੀ ਦਾ ਸਬੰਧ ਬੇਤਹਾਸ਼ਾ ਸਾਧਨਾਂ/ਵਸਤਾਂ ਨਾਲ ਨਹੀਂ ਸਗੋਂ ਮਨੁੱਖ ਦੀ ਚੰਗੀ ਸਿਹਤ, ਪੌਸ਼ਟਿਕ ਭੋਜਨ, ਮਨੋਰੰਜਨ ਦੇ ਢੁੱਕਵੇਂ ਸਾਧਨ, ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲਾ ਸਮਾਜ, ਸਿਹਤਮੰਤ ਵਾਤਾਵਰਣ ਅਤੇ ਕੁਦਰਤ ਨਾਲ ਇਕਮਿਕਤਾ ਬਣਾ ਕੇ ਰੱਖਣ ਵਿੱਚ ਹੈ। ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਏ ਵੱਡੀ ਗਿਣਤੀ ਲੋਕ ਮਨੋਵਿਕਾਰਾਂ ਦੀਆਂ ਦਵਾਈਆਂ ਖਾਣ ਲਈ ਮਜਬੂਰ ਹਨ। ਮਨੁੱਖ ਜਿਉਂ ਜਿਉਂ ਤਰੱਕੀ ਕਰ ਰਿਹਾ ਹੈ ਮਾਨਸਿਕ ਪ੍ਰੇਸ਼ਾਨੀਆਂ ਵੀ ਉਸੇ ਹਿਸਾਬ ਨਾਲ ਵਧ ਰਹੀਆਂ ਹਨ। ਇਸ ਸਮੇਂ ਦੁਨੀਆ ਵਿੱਚ ਹਰ ਅੱਠਵੇਂ ਬੰਦੇ ਮਗਰ ਇੱਕ ਵਿਅਕਤੀ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੈ। ਇਸ ਵਿੱਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵਧੇਰੇ ਹੈ। ਦੁਨੀਆ ਭਰ ਵਿੱਚ ਮਾਨਸਿਕ ਦੋਸ਼ਾਂ ਨੂੰ ਦੂਰ ਕਰਨ ਵਾਲੀਆਂ ਦਵਾਈਆਂ ਦੀ ਸਨਅਤ ਪਿਛਲੇ ਕੁਝ ਅਰਸੇ ਤੋਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਵਿਕਾਸਸ਼ੀਲ ਅਤੇ ਗ਼ਰੀਬ ਮੁਲਕਾਂ ਦੇ ਮੁਕਾਬਲੇ ਵਿਕਸਿਤ ਮੁਲਕਾਂ ਵਿੱਚ ਵੱਡੀ ਗਿਣਤੀ ਲੋਕ ਹਨ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਲੋਕ ਟ੍ਰੈਕੋਲਾਈਜ਼ਰ ਦਵਾਈਆਂ ਦਾ ਸਹਾਰਾ ਲੈ ਕੇ ਨੀਂਦ ਲੈਂਦੇ ਹਨ। ਦੂਜੇ ਪਾਸੇ ਭੂਟਾਨ ਵਰਗੇ ਘੱਟ ਸਾਧਨਾਂ ਵਾਲੇ ਦੇਸ਼ ਵੀ ਹਨ ਜਿੱਥੋਂ ਦੇ ਲੋਕ ਕਈ ਵਿਕਸਿਤ ਮੁਲਕਾਂ ਦੇ ਮੁਕਾਬਲੇ ਵਧੇਰੇ ਖੁਸ਼ਹਾਲ ਹਨ।
ਸਾਡੀ ਸਿਹਤ ਬਾਰੇ ਕਈ ਤਰ੍ਹਾਂ ਦੇ ਕਿਆਫ਼ੇ ਹਨ ਜਿਵੇਂ ਸਮਾਜ ਦੀ ਸਿਹਤ, ਸਾਡੀ ਵਾਤਾਵਰਣਿਕ ਸਿਹਤ ਪਰ ਮੋਟੇ ਤੌਰ ‘ਤੇ ਅਸੀਂ ਮਨੁੱਖੀ ਸਿਹਤ ਨੂੰ ਦੋ ਭਾਗਾਂ ਵਿੱਚ ਵੰਡਦੇ ਹਾਂ: ਸਰੀਰਕ ਸਿਹਤ ਅਤੇ ਮਾਨਸਿਕ ਸਿਹਤ। ਸਰੀਰਕ ਤੌਰ ‘ਤੇ ਮਨੁੱਖ ਨੂੰ ਲੱਗਣ ਵਾਲੀਆਂ ਬੁਖਾਰ, ਦਰਦ, ਡਾਇਰੀਆ, ਮਲੇਰੀਆ, ਪੀਲੀਆ, ਟਾਈਫਾਈਡ, ਟੀ ਬੀ, ਕੈਂਸਰ, ਏਡਜ਼ ਆਦਿ ਹਜ਼ਾਰਾਂ ਬਿਮਾਰੀਆਂ ਦੀ ਲੰਮੀ ਸੂਚੀ ਹੈ। ਦੂਜੇ ਪਾਸੇ ਮਾਨਸਿਕ ਬਿਮਾਰੀਆਂ ਦਾ ਇੱਕ ਵਰਗ ਹੈ। ਮਾਨਸਿਕ ਬਿਮਾਰੀ ਵਿੱਚ ਮਨੁੱਖ ਸਰੀਰਕ ਪੱਖੋਂ ਭਾਵੇਂ ਠੀਕ ਹੋਵੇ ਪਰ ਮਾਨਸਿਕ ਪੱਖੋਂ ਉਹ ਕਈ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਦੀ ਮਾਨਸਿਕ ਸਿਹਤ ਜਿੱਥੇ ਉਸ ਦੇ ਹਰ ਤਰ੍ਹਾਂ ਦੇ ਸਰੀਰਕ ਰੋਗਾਂ ਨਾਲ ਪ੍ਰਭਾਵਿਤ ਹੁੰਦੀ ਹੈ ਉੱਥੇ ਸੱਚ ਇਹ ਵੀ ਹੈ ਕਿ ਮਨੁੱਖ ਦੀ ਮਾਨਸਿਕ ਸਿਹਤ ਮਨੁੱਖ ਦੇ ਵਜੂਦ ਤੱਕ ਹੀ ਸੀਮਤ ਨਹੀਂ ਹੁੰਦੀ ਸਗੋਂ ਇਸ ਦਾ ਵਿਸਥਾਰ ਮਨੁੱਖ ਦੇ ਘਰ ਪਰਿਵਾਰ ਦੇ ਜੀਅ, ਉਸ ਦੀ ਆਰਥਿਕਤਾ, ਉਸ ਦੇ ਆਲੇ-ਦੁਆਲੇ, ਕੰਮ ਕਰਨ ਦੀਆਂ ਪ੍ਰਸਥਿਤੀਆਂ ਅਤੇ ਪੂਰੇ ਸਮਾਜ ਨਾਲ ਜੁੜੀ ਹੁੰਦੀ ਹੈ। ਜੇਕਰ ਇੱਥੇ ਸਭ ਕੁਝ ਠੀਕ ਹੈ ਤਾਂ ਮਨੁੱਖ ਦੀ ਸਿਹਤ ਨੇ ਠੀਕ ਰਹਿਣਾ ਹੈ। ਜੇਕਰ ਕਿਸੇ ਸਮਾਜ ਵਿੱਚ ਅਜਿਹਾ ਨਹੀਂ ਤਾਂ ਉੱਥੇ ਮਨੁੱਖਾਂ ਦੀ ਵੱਡੀ ਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋਣ ਲੱਗਦੀ ਹੈ। ਅੱਜ ਜਦੋਂ ਮਨੁੱਖ ਵਿਕਾਸ ਕਰਦਾ ਕਰਦਾ ਮੌਜੂਦਾ ਦੌਰ ਦੀ ਸੱਭਿਅਤਾ ਤੱਕ ਪਹੁੰਚਿਆ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨਿਕ ਅਤੇ ਰਾਜਨੀਤਕ ਵਿਵਸਥਾ ਵੀ ਉਸ ਦੀ ਮਾਨਸਿਕ ਸਿਹਤ ਨੂੰ ਰੋਗੀ ਜਾਂ ਨਰੋਆ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਹੈ। ਇੱਥੇ ਦੂਜੇ ਅਰਥਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਘਰ ਪਰਿਵਾਰ, ਸਮਾਜ, ਪ੍ਰਸ਼ਾਸਨਿਕ ਅਤੇ ਆਰਥਿਕ ਵਿਵਸਥਾ ਵਿੱਚ ਜੇਕਰ ਸਭ ਕੁਝ ਠੀਕ ਹੈ ਤਾਂ ਮਨੁੱਖ ਮਾਨਸਿਕ ਤੌਰ ‘ਤੇ ਤੰਦਰੁਸਤ ਰਹੇਗਾ; ਜੇਕਰ ਨਹੀਂ ਤਾਂ ਸਮਾਜ ਦੀ ਬਹੁਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋ ਜਾਵੇਗੀ। ਸਮਾਜ ਵਿੱਚ ਆਤਮ-ਹੱਤਿਆਵਾਂ ਵਧ ਜਾਂਦੀਆਂ ਹਨ। ਨਸ਼ੇ ਦਾ ਪ੍ਰਚਲਣ ਆਮ ਹੋਣ ਲੱਗਦਾ ਹੈ, ਲੜਾਈਆਂ ਝਗੜੇ ਵਧਣ ਲੱਗ ਜਾਂਦੇ ਹਨ, ਕਤਲ, ਕਲੇਸ਼ ਅਤੇ ਮਾਰਧਾੜ ਵਰਗੀਆਂ ਘਟਨਾਵਾਂ ਵਿੱਚ ਵੇਗ ਆ ਜਾਂਦਾ ਹੈ। ਅਜਿਹੀ ਹਾਲਤ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਦੀ ਬਹੁਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋ ਗਈ ਹੈ। ਮਾਨਸਿਕ ਵਿਕਾਰਾਂ ਤੋਂ ਪੀੜਤ ਵਿਅਕਤੀ ਉਦਾਸ ਰਹਿੰਦਾ ਹੈ, ਚੁੱਪ ਚੁੱਪ ਰਹਿਣ ਲੱਗਦਾ ਹੈ ਜਾਂ ਜ਼ਿਆਦਾ ਬੋਲਦਾ ਹੈ, ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਆਪਣੀ ਸਿਹਤ ਪ੍ਰਤੀ ਕਈ ਤਰ੍ਹਾਂ ਦੇ ਵਿਚਾਰ ਬਣਾ ਲੈਂਦਾ ਹੈ ਜਿਵੇਂ ਆਪਣੇ ਆਪ ਨੂੰ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਸਮਝਣ ਲੱਗ ਪੈਂਦਾ ਹੈ, ਥਕਾਵਟ ਰਹਿਣੀ, ਠੀਕ ਤਰ੍ਹਾਂ ਨੀਂਦ ਨਾ ਆਉਣੀ, ਭੁੱਖ ਪਿਆਸ ਨਾ ਲੱਗਣੀ, ਇੱਕੋ ਗੱਲ ਨੂੰ ਵਾਰ ਵਾਰ ਕਰੀ ਜਾਣਾ, ਸੁਭਾਅ ਚਿੜਚਿੜਾ ਹੋ ਜਾਣਾ, ਸ਼ੱਕ ਕਰਨਾ, ਕਈ ਤਰ੍ਹਾਂ ਦੇ ਡਰ ਲੱਗਣੇ, ਵਹਿਮ ਹੋਣਾ, ਕਿਸੇ ਨੂੰ ਮਿਲਣ ਤੋਂ ਕੰਨੀਂ ਕਤਰਾਉਣਾ, ਆਤਮ ਹੱਤਿਆ ਕਰਨ ਦਾ ਮਨ ਕਰਨਾ ਆਦਿ ਮਾਨਸਿਕ ਬਿਮਾਰੀਆਂ ਦੇ ਲੱਛਣ ਹਨ। ਅੱਜ ਅਜਿਹੇ ਮਾਨਸਿਕ ਵਿਕਾਰਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਸਮੇਂ ਦੇ ਬਦਲਣ ਨਾਲ ਮਨੁੱਖ ਦੀਆਂ ਲੋੜਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਸਾਝੇ ਪਰਿਵਾਰ ਟੁੱਟ ਰਹੇ ਹਨ। ਆਬਾਦੀ ਵਧ ਰਹੀ, ਪਰ ਮਨੁੱਖ ਦੀ ਇਕੱਲਤਾ ਵੱਧ ਰਹੀ ਹੈ। ਪੂੰਜੀਵਾਦੀ ਬਾਜ਼ਾਰ ਅਤੇ ਵਪਾਰ ਦੇ ਵਿਸਥਾਰ ਨੇ ਮਨੁੱਖ ਸਾਹਵੇਂ ਵਸਤਾਂ ਦਾ ਇੱਕ ਤਲਿਸਮੀ ਸੰਸਾਰ ਸਿਰਜਿਆ ਹੈ। ਮਨੁੱਖ ਬੌਂਦਲਿਆ ਜਿਹਾ ਫਿਰਦਾ ਹੈ ਜਿਵੇਂ ਉਹਨੂੰ ਸਮਝ ਨਹੀਂ ਆਉਂਦੀ ਕੀ ਕਰੇ ਤੇ ਕੀ ਨਾ ਕਰੇ। ਤੇਜ਼ੀ ਨਾਲ ਬਦਲੀਆਂ ਪ੍ਰਸਥਿਤੀਆਂ ਨੇ ਮਨੁੱਖ ਅੰਦਰੋਂ ਸਹਿਜਤਾ ਖ਼ਤਮ ਹੀ ਨਹੀਂ ਕੀਤੀ ਸਗੋਂ ਅਨੇਕਾਂ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ। ਇਸ ਦੇ ਫਲਸਰੂਪ ਮਾਨਸਿਕ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।
ਡਾਕਟਰੀ ਵਿਗਿਆਨ ਅਨੁਸਾਰ ਮਾਨਸਿਕ ਬਿਮਾਰੀਆਂ ਸਰੀਰਕ ਬਿਮਾਰੀਆਂ ਤੋਂ ਵਧੇਰੇ ਤਕਲੀਫ਼ਦੇਹ ਹੁੰਦੀਆਂ ਹਨ। ਵਿਦਵਾਨ ਸਿਸਰੋ ਲਿਖਦਾ ਹੈ: ‘ਮਨ ਦੇ ਦੁੱਖ ਤਨ ਦੀਆਂ ਪੀੜਾਂ ਨਾਲੋਂ ਵਧੇਰੇ ਸਖ਼ਤ ਹੁੰਦੇ ਹਨ।’ ਅਫ਼ਸੋਸ ਦੀ ਗੱਲ ਇਹ ਹੈ ਕਿ ਸਾਡੇ ਲੋਕਾਂ ਵਿੱਚ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਨਹੀਂ ਆਈ। ਇਨ੍ਹਾਂ ਪ੍ਰਤੀ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਅੱਜ ਵੀ ਪ੍ਰਚੱਲਿਤ ਹਨ। ਅੱਜ ਵੀ ਜਦੋਂ ਖ਼ੂਨ ਦੇ ਟੈਸਟ, ਐਕਸ ਰੇ, ਅਲਟਰਾਸਾਉਂਡ ਕਰਉਣ ਤੇ ਜੇਕਰ ਮਰੀਜ਼ ਦੀ ਬਿਮਾਰੀ ਦਾ ਪਤਾ ਨਹੀਂ ਚਲਦਾ ਤਾਂ ਪੜ੍ਹੇ ਲਿਖੇ ਲੋਕ ਵੀ ਇਹ ਅਕਸਰ ਕਹਿੰਦੇ ਹਨ ਕਿ ‘ਸਬੰਧਤ ਵਿਅਕਤੀ ਨੂੰ ਕੋਈ ਬਾਹਰੀ (ਓਪਰੀ) ਕਸਰ ਹੈ ਜੋ ਟੈਸਟਾਂ ਵਿੱਚ ਨਹੀਂ ਆ ਰਹੀ ਜਾਂ ਕਿਸੇ ਭੂਤ ਪ੍ਰੇਤ ਦਾ ਸਾਇਆ ਹੋ ਗਿਆ।’ ਇਹ ਵੀ ਸਮਝਿਆ ਜਾਂਦਾ ਹੈ ਕਿ ਸਬੰਧਿਤ ਵਿਅਕਤੀ ਨੂੰ ਕਿਸੇ ਨੇ ਜਾਣਬੁੱਝ ਕੇ ਜਾਦੂ ਟੂਣਾ ਜਾਂ ਧਾਗਾ ਤਵੀਤ ਕਰਾ ਕੇ ਬਿਮਾਰ ਕਰ ਦਿੱਤਾ ਹੈ। ਅਜਿਹੀਆਂ ਧਾਰਨਾਵਾਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੁੰਦੀ। ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਫਸੇ ਲੋਕ ਇਹ ਸਮਝਦੇ ਹਨ ਕਿ ਉਪਰੋਕਤ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਡਾਕਟਰ ਦੀ ਸਮਝ ਵਿੱਚ ਨਹੀਂ ਆਉਣ ਵਾਲਾ; ਇਸ ਨੂੰ ਠੀਕ ਕਰਨ ਲਈ ਕਿਸੇ ਸਿਆਣੇ, ਸਾਧ, ਤਾਂਤਰਿਕ, ਜੋਤਿਸ਼ੀ ਦੀ ਜ਼ਰੂਰਤ ਹੈ ਜੋ ਆਪਣੀਆਂ ਗੈਬੀ ਤਾਕਤਾਂ ਨਾਲ, ਪਾਠ ਪੂਜਾ ਕਰਕੇ ਜਾਂ ਜਾਦੂ ਟੂਣਾ ਕਰਕੇ ਪੀੜਤ ਵਿਆਕਤੀ ਨੂੰ ਠੀਕ ਕਰ ਦੇਵੇ। ਇਹੋ ਕਾਰਨ ਹੈ ਕਿ ਸਾਡੇ ਮੁਲਕ ਵਿੱਚ ਅਜਿਹੀਆਂ ਬਿਮਾਰੀਆਂ ਤੋਂ ਨਿਜਾਤ ਦਵਾਉਣ ਵਾਲੇ ਹਰ ਥਾਂ ਆਸਾਨੀ ਨਾਲ ਮਿਲ ਜਾਂਦੇ ਹਨ। ਸੱਚਾਈ ਇਹ ਹੈ ਕਿ ਇਨ੍ਹਾਂ ਅਖੌਤੀ ਬਾਬਿਆਂ, ਸਿਆਣਿਆਂ, ਤਾਂਤਰਿਕਾਂ ਨੂੰ ਮਨੁੱਖ ਦੀਆਂ ਮਾਨਸਿਕ ਸਮੱਸਿਆਂ ਦਾ ਊੜਾ ਐੜਾ ਵੀ ਪਤਾ ਨਹੀਂ ਹੁੰਦਾ। ਜਦੋਂ ਕਿਸੇ ਸਮਾਜ ਵਿੱਚ ਮਨਾਸਿਕ ਰੋਗੀਆਂ ਦੀ ਗਿਣਤੀ ਵਧਦੀ ਹੈ ਤਾਂ ਉਸ ਸਮਾਜ ਵਿੱਚ ਅਖੌਤੀ ਡੇਰਿਆਂ, ਮਜ਼ਾਰਾਂ ਅਤੇ ਧਰਮ ਅਸਥਾਨਾਂ ‘ਤੇ ਲੋਕਾਂ ਦੀ ਟੇਕ ਹੋਰ ਵਧ ਜਾਂਦੀ ਹੈ। ਮੁਸ਼ਕਲਾਂ, ਮੁਸੀਬਤਾਂ ਅਤੇ ਦੁੱਖਾਂ ਦਰਦਾਂ ਦੇ ਭੰਨੇ ਲੋਕਾਂ ਨੂੰ ਇੱਥੇ ਜਾ ਕੇ ਕੁਝ ਸਮਾਂ ਰਾਹਤ ਮਹਿਸੂਸ ਹੁੰਦੀ ਹੈ, ਪਰ ਘਰ ਆ ਕੇ ਜਦੋਂ ਸਮਾਜ ਦੀਆਂ ਉਨ੍ਹਾਂ ਹਕੀਕਤਾਂ ਨਾਲ ਵਾਹ ਪੈਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਬਦਲਿਆ ਕੁਝ ਨਹੀਂ।
ਪਿਛਲੇ ਕੁਝ ਅਰਸੇ ਤੋਂ ਬੇਕਿਰਕ ਪੂੰਜੀਵਾਦੀ ਨਿਜ਼ਾਮ ਦੇ ਗਲਬੇ ਨਾਲ ਦੁਨੀਆ ਦੇ ਵੱਡੀ ਗਿਣਤੀ ਲੋਕ ਜਨਤਕ ਅਦਾਰਿਆਂ, ਕੁਦਰਤੀ ਸਾਧਨਾਂ, ਨੌਕਰੀਆਂ, ਰੁਜ਼ਗਾਰਾਂ ਤੋਂ ਵਿਰਵੇ ਹੋ ਕੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਰਥਿਕ ਪੱਖੋਂ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੇ ਡਰ, ਫ਼ਿਕਰ, ਸ਼ੰਕੇ, ਨਿਰਾਸ਼ਾ ਅਤੇ ਮਾਯੂਸੀ ਦੇ ਆਲਮ ਨੂੰ ਜਨਮ ਦਿੰਦੀ ਹੈ। ਪੂੰਜੀਵਾਦੀ ਵਿਵਸਥਾ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਪੱਕੀਆਂ ਨੌਕਰੀਆਂ ਅਤੇ ਕਿਰਤ ਤੋਂ ਤੋੜ ਕੇ ਬੇਸਹਾਰਾ ਬਣਾ ਦਿੱਤਾ ਹੈ।
ਰਾਜਸੀ ਮੰਚਾਂ ‘ਤੇ ਲੋਕਾਂ ਲਈ ਬੜੇ ਵੱਡੇ ਅਡੰਬਰ ਰਚੇ ਜਾ ਰਹੇ ਹਨ। ਆਮ ਮਨੁੱਖ ਆਪਣੀਆਂ ਜੜ੍ਹਾਂ ਤੋਂ ਟੁੱਟ ਰਿਹਾ ਹੈ। ਕਿਰਤ ਤੋਂ ਤੋੜ ਵਿਛੋੜਾ ਅਤੇ ਭਵਿੱਖ ਪ੍ਰਤੀ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਮਾਨਸਿਕ ਵਿਕਾਰਾਂ ਨੂੰ ਜਨਮ ਦੇ ਰਹੀ ਹੈ। ਸ਼ੋਸ਼ਲ ਮੀਡੀਆ ਦੀਆਂ ਸਾਈਟਾਂ/ ਗੇਮਾਂ ਦੇ ਨਸ਼ਿਆਂ ਵਾਂਗ ਆਦੀ ਹੋਏ ਨੌਜਵਾਨਾਂ ਦੀ ਮਾਨਸਿਕ ਇਕਾਗਰਤਾ ਜਦੋਂ ਵਾਰ ਵਾਰ ਭੰਗ ਹੁੰਦੀ ਹੈ ਤਾਂ ਇਹ ਵੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਪੈਦਾ ਕਰਦੀ ਹੈ। ਮਾਨਸਿਕ ਅਤੇ ਸਰੀਰਕ ਸੰਕਟਾਂ ਦੇ ਕਾਰਨਾਂ ਦੀ ਅਗਿਆਨਤਾ ਸਮਾਜ ਵਿੱਚ ਵੱਖ ਵੱਖ ਕਿਸਮਾਂ ਦੇ ਨਸ਼ਿਆਂ ਦਾ ਪ੍ਰਚਲਣ ਵਧਾ ਰਹੀ ਹੈ।
ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਜ਼ਿੰਦਗੀ ਇੱਛਾਵਾਂ, ਲਾਲਸਾਵਾਂ ਅਤੇ ਪੈਸੇ ਨੂੰ ਸਮਰਪਿਤ ਕਰਨ ਲਈ ਨਹੀਂ ਹੈ। ਸਿਰਫ਼ ਪੈਸੇ ਲਈ ਜਿਉਣਾ ਸ਼ਾਇਦ ਸਭ ਤੋਂ ਹੇਠਲੇ ਦਰਜੇ ਦਾ ਜਿਉਣਾ ਹੈ। ਅਸੀਂ ਇਸ ਧਰਤੀ ‘ਤੇ ਕੁਝ ਸਮਾਂ ਰਹਿਣ ਵਾਸਤੇ ਆਏ ਹਾਂ, ਇੱਥੇ ਕੁਝ ਸਮਾਂ ਰਹਿਣ ਮਗਰੋਂ ਸਭ ਨੇ ਚਲੇ ਜਾਣਾ ਹੈ। ਧਰਤੀ ਦੇ ਰੰਗਮੰਚ ‘ਤੇ ਸਾਡਾ ਰੋਲ ਯਾਦਗਾਰੀ ਹੋਣਾ ਚਾਹੀਦਾ ਹੈ। ਮਨੁੱਖ ਨੇ ਕੇਵਲ ਆਪਣੇ ਲਈ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਇਸ ਸਮਾਜ ਤੇ ਆਪਣੇ ਆਲੇ-ਦੁਆਲੇ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਯਤਨਸ਼ੀਲ ਰਹਿਣਾ ਹੁੰਦਾ ਹੈ।

Related Articles

Latest Articles