ਸਰੀ, (ਸਿਮਰਜਨਜੀਤ ਸਿੰਘ): ਓਂਟਾਰੀਓ ਦੇ ਮਕਾਨ ਮਾਲਕ ਅਗਲੇ ਸਾਲ ਕਿਰਾਏ ਵਿਚ ਢਾਈ ਫ਼ੀਸਦੀ ਵਾਧਾ ਕਰ ਸਕਣਗੇ। ਡਗ ਫੋਰਡ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਨੇ ਕਿਹਾ ਹੈ ਕਿ ਮਕਾਨ ਕਿਰਾਏ ਪਹਿਲਾਂ ਹੀ ਅਸਮਾਨ ਛੋਹ ਰਹੇ ਹਨ ਅਤੇ ਅਜਿਹੇ ਵਿਚ ਢਾਈ ਫ਼ੀਸਦੀ ਵਾਧਾ ਕਿਰਾਏਦਾਰਾਂ ‘ਤੇ ਨਵਾਂ ਬੋਝ ਪਾਉਣ ਦਾ ਕੰਮ ਕਰੇਗਾ।
ਸੂਬਾ ਸਰਕਾਰ ਵੱਲੋਂ 2021 ਵਿਚ ਮਹਾਮਾਰੀ ਦੇ ਮੱਦੇਨਜ਼ਰ ਮਕਾਨ ਕਿਰਾਏ ਵਿਚ ਕੋਈ ਵਾਧਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ ਜਦਕਿ 2022 ਦੌਰਾਨ ਵਾਧਾ ਦਰ 1.2 ਫ਼ੀਸਦੀ ਤੱਕ ਸੀਮਤ ਰੱਖੀ ਗਈ।
ਡਗ ਫੋਰਡ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2023 ਅਤੇ 2024 ਦੌਰਾਨ ਰੱਖੀ ਗਈ ਵਾਧਾ ਦਰ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ ਅਤੇ ਮੁਲਕ ਦੇ ਹੋਰਨਾਂ ਰਾਜਾਂ ਦੇ ਮੁਕਾਬਲੇ ਓਂਟਾਰੀਓ ਵਿਚ ਮਕਾਨ ਕਿਰਾਏ ਵਧਾਉਣ ਦੀ ਰਫ਼ਤਾਰ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਉਧਰ ਐਨ.ਡੀ.ਪੀ. ਦੀ ਹਾਊਸਿੰਗ ਮਾਮਲਿਆਂ ਦੀ ਆਲੋਚਕ ਜੈਸਿਕ ਬੈਲ ਨੇ ਕਿਹਾ ਕਿ ਰਿਹਾਇਸ਼ ਦਾ ਮੌਜੂਦਾ ਸੰਕਟ ਕਿਸੇ ਵੀ ਪਰਿਵਾਰ ਨੂੰ ਆਪਣਾ ਮਕਾਨ ਖਰੀਦਣ ਜਾਂ ਕਿਰਾਏ ‘ਤੇ ਲੈਣ ਲਈ ਸੋਚਣ ‘ਤੇ ਮਜਬੂਰ ਕਰ ਦਿੰਦਾ ਹੈ। ਪੀ.ਸੀ. ਪਾਰਟੀ ਦੀ ਸਰਕਾਰ ਨੇ ਛੇ ਸਾਲ ਲੰਘਾ ਦਿਤੇ ਪਰ ਰਿਹਾਇਸ਼ ਦਾ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈ। ਹੁਣ ਮਕਾਨ ਕਿਰਾਇਆਂ ਵਿਚ ਢਾਈ ਫ਼ੀਸਦੀ ਵਾਧੇ ਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੂਬਾ ਸਰਕਾਰ ਨੂੰ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ।