1.4 C
Vancouver
Saturday, January 18, 2025

ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਕਾਰਨ

ਲੇਖਕ : ਦਵਿੰਦਰ ਕੌਰ ਖੁਸ਼ ਧਾਲੀਵਾਲ
ਸੰਪਰਕ: 88472-27740
ਕੈਨੇਡਾ ਵਿੱਚ ਬਹੁਤ ਸਾਰੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ। ਮੌਤਾਂ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ ਪਰ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਾਂ ਦਿਲ ਬੰਦ ਹੋ ਗਿਆ। ਉਸ ਵਕਤ ਇਹ ਕਹਿ ਕੇ ਲੋਕਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਦਰਅਸਲ, ਮੌਤ ਤੋਂ ਕੁਝ ਮਹੀਨੇ ਬਾਅਦ ਪੁਲੀਸ ਅਤੇ ਕੋਰੋਨਰ ਸਰਵਿਸ ਵਾਲਿਆਂ ਵੱਲੋਂ ਮ੍ਰਿਤਕ ਦੇ ਮਾਪਿਆਂ ਜਾਂ ਸਕੇ-ਸਬੰਧੀਆਂ ਨੂੰ ਇਸ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਹਮੇਸ਼ਾ ਗੁਪਤ ਰਹਿੰਦੀ ਹੈ। ਪਿਛਲੇ ਸਾਲਾਂ ਦੌਰਾਨ ਜਾਨਾਂ ਗੁਆ ਚੁੱਕੇ ਨੌਜਵਾਨਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਨੂੰ ਘੋਖਿਆ ਜਾਵੇ ਜਾਂ ਮਾਪੇ ਖ਼ੁਦ ਇਸ ਬਾਰੇ ਦੱਸਣ ਤਾਂ ਸਾਰੀ ਗੱਲ ਸਪੱਸ਼ਟ ਹੋ ਸਕਦੀ ਹੈ, ਪਰ ਅਜਿਹਾ ਹੋ ਨਹੀਂ ਰਿਹਾ। ਦਰਅਸਲ, ਸ਼ਰਮਿੰਦਗੀ ਦੇ ਮਾਰਿਆਂ ਲੋਕਾਂ ਕੋਲੋਂ ਸੱਚ ਲੁਕੋਇਆ ਜਾਂਦਾ ਹੈ। ਫਿਰ ਵੀ ਦੋਸਤ ਮਿੱਤਰ ਦੱਸ ਦਿੰਦੇ ਹਨ ਕਿ ਮੌਤ ਦਾ ਕੀ ਕਾਰਨ ਬਣਿਆ। ਕੈਨੇਡਾ ਵਿੱਚ ਵਿਕਣ ਵਾਲੇ ਨਸ਼ਿਆਂ ‘ਚ ਮਿਲਾਵਟ ਜ਼ਿਆਦਾ ਹੋਣ ਕਰਕੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਓਵਰਡੋਜ਼ ਹੋ ਜਾਂਦੀ ਹੈ। ਇਸ ਕਰਕੇ ਬਿਨਾਂ ਜਾਣਕਾਰੀ ਤੋਂ ਥੋੜ੍ਹੀ ਮਾਤਰਾ ਵਿੱਚ ਲਿਆ ਗਿਆ ਨਸ਼ਾ ਵੀ ਓਵਰਡੋਜ਼ ਦਾ ਕਾਰਨ ਬਣ ਜਾਂਦਾ ਹੈ ਜਿਸ ਵਿੱਚ ਸੁੱਤੇ ਪਿਆਂ ਦਿਲ ਦੀ ਧੜਕਣ ਰੁਕ ਜਾਂਦੀ ਹੈ। ਕੋਰੋਨਰ ਸਰਵਿਸ ਦੀ ਰਿਪੋਰਟ ਵਿੱਚ ਵੀ ਲਿਖਿਆ ਹੁੰਦਾ ਹੈ ਕਿ ਮੈਡੀਕਲ ਕਾਰਨ ਕਰ ਕੇ ਦਿਲ ਦੀ ਧੜਕਣ ਰੁਕ ਗਈ। ਕੋਨੇ ਵਿੱਚ ਜਾਂ ਲੁਕਵਾਂ ਜਿਹਾ ਓਵਰਡੋਜ਼ ਦਾ ਵੀ ਜ਼ਿਕਰ ਕੀਤਾ ਹੁੰਦਾ ਹੈ। ਇਸ ਕਰਕੇ ਜ਼ਿਆਦਾਤਰ ਲੋਕ ਦਿਲ ਦਾ ਦੌਰਾ ਜਾਂ ਸੁੱਤਾ ਰਹਿ ਗਿਆ ਦੱਸਦੇ ਹਨ।
ਕੈਨੇਡਾ ‘ਚ ਜ਼ਿਆਦਾਤਰ ਹੈਰੋਇਨ, ਅਫ਼ੀਮ, ਭੰਗ ਦੀ ਓਵਰਡੋਜ਼ ਮੌਤ ਦਾ ਕਾਰਨ ਬਣਦੀ ਹੈ। ਵਿਦਿਆਰਥੀ ਕਈ ਵਾਰ ਇਹ ਨਸ਼ਾ ਆਪਣੀ ਮਰਜ਼ੀ ਨਾਲ ਕਰਦਾ ਹੈ ਜਾਂ ਗ਼ਲਤ ਸੰਗਤ ਵਿੱਚ ਸੰਗੀ-ਸਾਥੀਆਂ ਦੇ ਪ੍ਰਭਾਵ ਜਾਂ ਦਬਾਅ ਵਿੱਚ ਆ ਕੇ। ਕਈ ਵਾਰ ਉਨ੍ਹਾਂ ਦੀ ਮਾਨਸਿਕ ਸਥਿਤੀ ਬੇਹੱਦ ਕਮਜ਼ੋਰ ਹੁੰਦੀ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਰ ਰਹੇ ਹਨ।
ਇਸ ਬਾਰੇ ਕੁਝ ਸਪੱਸ਼ਟ ਕਹਿਣਾ ਬੜਾ ਔਖਾ ਹੈ ਕਿ ਕਿਹੜੇ ਹਾਲਾਤ ਵਿੱਚ ਉਹ ਨਸ਼ਾ ਕਰਨ ਲੱਗਦੇ ਹਨ ਪਰ ਵੱਡਾ ਕਾਰਨ ਇਹ ਹੀ ਹੁੰਦਾ ਹੈ। ਹਰ ਮਹੀਨੇ ਦਰਜਨਾਂ ਨੌਜਵਾਨ ਮੁੰਡਿਆਂ ਕੁੜੀਆਂ ਦੀ ਹਸਪਤਾਲ ਵਿੱਚ ਮੌਤ ਹੋ ਜਾਂਦੀ ਹੈ ਜੋ ਓਵਰਡੋਜ਼ ਕਾਰਨ ਹਸਪਤਾਲ ਪਹੁੰਚਦੇ ਹਨ। ਇਹ ਗੱਲਾਂ ਇਸ ਕਰਕੇ ਦੱਬੀਆਂ ਰਹਿ ਜਾਂਦੀਆਂ ਹਨ ਕਿਉਂਕਿ ਕੋਈ ਵੀ ਆਪਣੇ ਭਾਈਚਾਰੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਪਰ ਡਾਕਟਰ ਅਤੇ ਨਰਸਾਂ ਮੀਡੀਆ ਦੇ ਪੁੱਛਣ ‘ਤੇ ਅਤੇ ਜਾਣਨ ਵਾਲਿਆਂ ਨੂੰ ਵਾਰ-ਵਾਰ ਇਹੀ ਕਹਿੰਦੇ ਹਨ ਕਿ ਨੌਜਵਾਨਾਂ ਨੂੰ ਜਾਗਰੂਕ ਕਰੋ ਕਿਉਂਕਿ ਓਵਰਡੋਜ਼ ਦਾ ਕੰਮ ਬਹੁਤ ਵਧ ਗਿਆ ਹੈ। ਜਿਹੜਾ ਇਨਸਾਨ ਪਹਿਲੀ ਵਾਰ ਅਜਿਹਾ ਨਸ਼ਾ ਕਰਦਾ ਹੈ, ਉਸ ਦੇ ਓਵਰਡੋਜ਼ ਹੋਣ ਤੇ ਮੌਤ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਕਈ ਵਾਰ ਪਾਰਟੀਆਂ ਕਰਨ ਦੇ ਚੱਕਰ ਵਿੱਚ ਜਾਂ ਨਸ਼ਾ ਕਰਕੇ ਇਸ ਬਾਰੇ ਜਾਣਨ ਦੀ ਉਤਸੁਕਤਾ ਵਿੱਚ ਹੀ ਨੌਜਵਾਨ ਓਵਰਡੋਜ਼ ਲੈ ਲੈਂਦੇ ਹਨ। ਨਸ਼ਿਆਂ ਵਿੱਚ ਮਿਲਾਵਟ ਹੋਣ ਕਾਰਨ ਉਸ ਨਸ਼ੇ ਦੀ ਮਾਤਰਾ ਦਾ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਹੈ।
ਮੀਡੀਆ ਰਾਹੀਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਵੱਖ ਵੱਖ ਅਦਾਰਿਆਂ ਵੱਲੋਂ ਸਮੇਂ ਸਮੇਂ ‘ਤੇ ਆਵਾਜ਼ ਉਠਾਈ ਜਾਂਦੀ ਹੈ ਕਿਉਂਕਿ ਮਿਲਾਵਟ ਬਹੁਤ ਹੋ ਰਹੀ ਹੈ, ਫੈਟਾਨਿਲ ਨੇ ਬਹੁਤ ਮਾਰ ਦਿੱਤੇ ਪਰ ਕੋਈ ਸੁਣਦਾ ਹੀ ਨਹੀਂ।
ਵਿਦਿਆਰਥੀਆਂ ਨੂੰ ਖਰਚੇ ਪੂਰੇ ਕਰਨ ਲਈ ਕੰਮ ਸਖ਼ਤ ਕਰਨਾ ਪੈਂਦਾ ਹੈ। ਕਈ ਸਖ਼ਤ ਕੰਮ ਕਰਨ ਅਤੇ ਸਰੀਰ ਦੀ ਥਕਾਵਟ ਦੂਰ ਕਰਨ ਲਈ ਨਸ਼ਿਆਂ ਦੀ ਵਰਤੋਂ ਕਰਨ ਲੱਗਦੇ ਨੇ ਤੇ ਫਿਰ ਹੌਲੀ ਹੌਲੀ ਪੱਕੇ ਨਸ਼ਿਆਂ ‘ਤੇ ਲੱਗ ਜਾਂਦੇ ਹਨ। ਹਰੇਕ ਦਾ ਸਰੀਰ ਵੱਖੋ-ਵੱਖਰਾ ਹੋਣ ਕਾਰਨ ਕੋਈ ਥੋੜ੍ਹੇ ਜਿਹੇ ਨਸ਼ੇ ਨਾਲ ਵੀ ਓਵਰਡੋਜ਼ ਹੋ ਸਕਦਾ ਤੇ ਕਈ ਬਹੁਤ ਸਾਰਾ ਨਸ਼ਾ ਕਰਕੇ ਵੀ ਬਚ ਜਾਂਦੇ ਹਨ। ਪਤਾ ਸਭ ਨੂੰ ਹੈ ਕਿ ਆਲੇ-ਦੁਆਲੇ ਕੀ ਹੋ ਰਿਹਾ ਹੈ, ਪਰ ਇਸ ਬਾਰੇ ਕੋਈ ਬੋਲਦਾ ਨਹੀਂ। ਨਸ਼ਾ ਆਮ ਵਿਕਦਾ ਹੈ। ਭੰਗ ਵਰਗੇ ਸਟਰੀਟ ਨਸ਼ਿਆਂ ਦੀਆਂ ਡਿਸਪੈਂਸਰੀਆਂ ਕੈਨੇਡਾ ਵਿੱਚ ਆਮ ਖੁੱਲ੍ਹ ਗਈਆਂ ਹਨ ਜਿਸ ਨਾਲ ਬੱਚਿਆਂ ਨੂੰ ਇਹ ਆਸਾਨੀ ਨਾਲ ਮਿਲ ਜਾਂਦਾ ਹੈ।
ਇੱਕ ਵੱਡੀ ਗੱਲ ਇਹ ਕਿ ਇੱਥੇ ਮਾਨਸਿਕ ਤਣਾਅ ਬਹੁਤ ਹੈ। ਪੜ੍ਹਾਈ ਅਤੇ ਬਾਕੀ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਜਦੋਂ ਸਿਰ ਤੇ ਆ ਪੈਂਦੀ ਹੈ ਤਾਂ ਵੀ ਨੌਜਵਾਨ ਨਸ਼ੇ ਕਰਨ ਲੱਗਦੇ ਜਾਂ ਫਿਰ ਖ਼ੁਦਕੁਸ਼ੀ ਵੱਲ ਨੂੰ ਹੋ ਤੁਰਦੇ ਹਨ। ਇਕੱਲੇ ਰਹਿੰਦੇ ਨੌਜਵਾਨ ਬੱਚਿਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੁੰਦਾ। ਕੈਨੇਡਾ ਨਵੇਂ ਆਏ ਬੱਚਿਆਂ ਨੂੰ ਉੱਥੋਂ ਦੇ ਮਾਹੌਲ ਵਿੱਚ ਰਚਣ-ਮਿਚਣ ਨੂੰ ਵੀ ਸਮਾਂ ਲੱਗਦਾ ਹੈ। ਦੂਜਿਆਂ ਨਾਲ ਘੁਲਣ-ਮਿਲਣ ਨਾ ਕਰਕੇ ਉਹ ਇਕਲਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਨਾਲ ਮਾਨਸਿਕ ਤਣਾਅ ਵਰਗੀ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ।
ਪਹਿਲਾਂ ਪਹਿਲ ਆਇਆਂ ਨੂੰ ਤਾਂ ਕੈਨੇਡਾ ਸਵਰਗ ਵਰਗਾ ਲੱਗਦਾ ਹੈ। ਅਸਲੀਅਤ ਦਾ ਸਾਹਮਣਾ ਹੋਣ ‘ਤੇ ਉਨ੍ਹਾਂ ਲਈ ਇੰਨਾ ਕੁਝ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਕੰਮ ਨਹੀਂ ਮਿਲਦਾ। ਕਈ ਵਾਰ ਕੰਮ ਮਿਲਣ ਦੇ ਬਾਵਜੂਦ ਮਾਲਕ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ ਜਾਂ ਘੱਟ ਪੈਸੇ ਦਿੰਦੇ ਹਨ, ਆਵਾਜ਼ ਉਠਾਉਣ ‘ਤੇ ਮਾਲਕਾਂ ਵੱਲੋਂ ਕੰਮ ਤੋਂ ਕੱਢਣ ਜਾਂ ਵਾਪਸ ਭਾਰਤ ਭੇਜਣ ਦੀ ਧਮਕੀ ਦੇ ਡਰੋਂ ਚੁੱਪ ਕਰ ਕੇ ਬੈਠ ਜਾਣਾ, ਕੰਮਾਂ ‘ਤੇ ਮਾਨਸਿਕ ਤੇ ਸਰੀਰਕ ਸ਼ੋਸ਼ਣ ਹੋਣਾ, ਮਹਿੰਗਾਈ ਵੱਧ ਹੋਣ ਕਾਰਨ ਕਿਰਾਇਆ ਦੇਣ ਦਾ ਤਣਾਅ, ਗਰੌਸਰੀ ਦਾ ਖਰਚਾ, ਪੱਕੇ ਹੋਣ ਦੀ ਪ੍ਰੇਸ਼ਾਨੀ, ਘਰਦਿਆਂ ਦੀਆਂ ਮੰਗਾਂ ਜਾਂ ਆਸਾਂ ‘ਤੇ ਪੂਰਾ ਨਾ ਉਤਰਨ ਦਾ ਡਰ। ਚੰਗੇ ਮਾੜੇ ਦਾ ਫ਼ੈਸਲਾ ਲੈਣਾ ਉਨ੍ਹਾਂ ਲਈ ਬਹੁਤ ਔਖਾ ਹੁੰਦਾ ਹੈ। ਇਹ ਉਮਰ ਹੀ ਇਹੋ ਜਿਹੀ ਹੈ ਕਿ ਇਨ੍ਹਾਂ ਨੂੰ ਵਰਗਲਾ ਕੇ ਕੋਈ ਕੁਝ ਵੀ ਕਰਵਾ ਸਕਦਾ ਹੈ। ਇਹ ਬੱਚੇ ਦੀ ਪਰਵਰਿਸ਼ ‘ਤੇ ਵੀ ਨਿਰਭਰ ਕਰਦਾ ਹੈ। ਕਈ ਬੱਚੇ ਸਮਝਦਾਰ ਹੋਣ ਕਰਕੇ ਔਖ-ਸੌਖ ਕੱਟ ਲੈਂਦੇ ਹਨ, ਪਰ ਮਾਪਿਆਂ ਵੱਲੋਂ ਬਹੁਤ ਲਾਡਲੇ ਰੱਖੇ ਬੱਚੇ ਕਈ ਵਾਰ ਡੋਲ ਜਾਂਦੇ ਹਨ।
ਕੈਨੇਡਾ ਜਾ ਕੇ ਮਹਿੰਗੀਆਂ ਕਾਰਾਂ ਵੱਡੀਆਂ ਵਿਆਜ ਦਰਾਂ ‘ਤੇ ਲੈ ਕੇ ਫਿਰ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ। ਕਈ ਵਿਦਿਆਰਥੀਆਂ ਨੂੰ ਕਿਤੋਂ ਸੌਖੇ ਤਰੀਕੇ ਨਾਲ ਪੈਸਾ ਬਣਾਉਣ ਲਈ ਨਸ਼ੇ ਵੇਚਣ ਵਰਗਾ ਤਰੀਕਾ ਆਸਾਨ ਲੱਗਦਾ ਹੈ। ਕੌਮਾਂਤਰੀ ਵਿਦਿਆਰਥੀ ਹੀ ਨਹੀਂ, ਕੈਨੇਡਾ ਦੇ ਜੰਮਪਲ ਬੱਚਿਆਂ ਦਾ ਵੀ ਇਸ ਪਾਸੇ ਬਹੁਤ ਰੁਝਾਨ ਹੈ। ਨਸ਼ੇ ਵੇਚਣ ਵਾਲਿਆਂ ਕੋਲ ਇਨ੍ਹਾਂ ਨੂੰ ਭਰਮਾਉਣ ਦੇ ਬੜੇ ਢੰਗ ਹੁੰਦੇ ਹਨ।
ਸੋਲ੍ਹਾਂ ਸਤਾਰਾਂ ਸਾਲ ਉਮਰ ਬਹੁਤ ਛੋਟੀ ਹੈ। ਇਸ ਕਰਕੇ ਆਪਣੇ ਬੱਚੇ ਨੂੰ ਬਾਰ੍ਹਵੀਂ ਕਲਾਸ ਤੋਂ ਅੱਗੇ ਪੜ੍ਹਾਓ। ਕੋਈ ਹੁਨਰ ਸਿਖਾਓ ਤਾਂ ਕਿ ਉਸ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਉਮਰ ਦੇ ਹਿਸਾਬ ਨਾਲ ਥੋੜ੍ਹਾ ਸਿਆਣਾ ਅਤੇ ਸਮਝਦਾਰ ਵੀ ਹੋ ਜਾਵੇ। ਜੇ ਬੱਚਾ ਵਿਦੇਸ਼ ਜਾਣ ਦੀ ਜ਼ਿੱਦ ਕਰੇ ਤਾਂ ਉਸ ਨੂੰ ਸਮਝਾਓ ਕਿ ਜਜ਼ਬਾਤੀ ਜਾਂ ਭਾਵੁਕ ਹੋ ਕੇ ਕੀਤੇ ਗਏ ਫ਼ੈਸਲੇ ਕਈ ਵਾਰ ਬਹੁਤ ਨੁਕਸਾਨ ਕਰਦੇ ਹਨ। ਇਸ ਉਮਰ ਵਿੱਚ ਬੱਚਿਆਂ ਲਈ ਠੀਕ ਗ਼ਲਤ ਦਾ ਫ਼ੈਸਲਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਬਹੁਤੇ ਪਰਿਵਾਰਾਂ ਵਿੱਚ ਅੱਜਕੱਲ੍ਹ ਇੱਕੋ ਬੱਚਾ ਹੁੰਦਾ ਹੈ। ਉਹ ਵੀ ਅਸੀਂ ਵਿਦੇਸ਼ ਭੇਜ ਦਿੰਦੇ ਹਾਂ। ਵਿਦੇਸ਼ ਭੇਜਣ ਦੇ ਚੱਕਰ ‘ਚ ਕਈ ਵਾਰ ਉਹ ਵੀ ਹੱਥੋਂ ਗੁਆ ਬੈਠਦੇ ਹਾਂ ਤੇ ਆਪਣਾ ਬੁਢਾਪਾ ਵੀ ਰੁਲ ਜਾਂਦਾ ਹੈ। ਆਏ ਦਿਨ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਆਉਂਦੀਆਂ ਹਨ। ਫਿਰ ਲਾਸ਼ ਪੰਜਾਬ ਭੇਜਣ ਲਈ ਖਰਚ ਦਾ ਪ੍ਰਬੰਧ ਕਰਨ ਵਾਸਤੇ ਭਾਈਚਾਰੇ ਦੇ ਲੋਕਾਂ, ਕਈ ਸੰਸਥਾਵਾਂ ਜਾਂ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਇਕਜੁੱਟ ਹੋ ਕੇ ਮਦਦ ਕੀਤੀ ਜਾਂਦੀ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਮੁੰਡੇ ਹੁੰਦੇ ਹਨ ਅਤੇ ਕੁੜੀਆਂ ਘੱਟ।
ਸਾਨੂੰ ਚਾਹੀਦਾ ਹੈ ਕਿ ਅਸੀਂ ਸੱਚ ‘ਤੇ ਪਰਦਾ ਪਾਉਣ ਦੀ ਬਜਾਏ ਇਸ ਦਾ ਕੋਈ ਹੱਲ ਲੱਭੀਏ। ਨਹੀਂ ਤਾਂ ਭਵਿੱਖ ਵਿੱਚ ਸਾਨੂੰ ਇਸ ਦਾ ਹੋਰ ਵੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਅਖ਼ਬਾਰਾਂ ਵਿੱਚ ਅਜਿਹੀਆਂ ਕਿੰਨੀਆਂ ਹੀ ਖ਼ਬਰਾਂ ਹਰ ਰੋਜ਼ ਪੜ੍ਹਨ ਨੂੰ ਮਿਲਦੀਆਂ ਹਨ। ਨਸ਼ੇ ਤੋਂ ਇਲਾਵਾ ਮਾੜਾ ਰਹਿਣ-ਸਹਿਣ, ਬੇਹਾ ਖਾਣਾ ਖਾਣਾ, ਰੋਜ਼ ਸਸਤੇ ਫਾਸਟ ਫੂਡ ਖਾਣਾ, ਘੱਟ ਸੌਣਾ, ਨੀਂਦ ਪੂਰੀ ਨਾ ਹੋਣੀ, ਭੁੱਖੇ ਰਹਿ ਕੇ ਕੰਮ ਕਰੀ ਜਾਣਾ, ਇਸ ਦੇ ਨਾਲ ਨਾਲ ਚੌਵੀ ਘੰਟੇ ਤਣਾਅ ਵਿੱਚ ਰਹਿਣਾ ਵੀ ਦਿਲ ਦੇ ਦੌਰੇ ਦੇ ਕਾਰਨ ਬਣ ਸਕਦੇ ਹਨ। ਸਾਡੇ ਪੰਜਾਬੀ ਗੀਤਾਂ ਵਿੱਚ ਨਸ਼ਿਆਂ ਤੇ ਬੰਦੂਕਾਂ ਆਦਿ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਅਜਿਹੇ ਵਿੱਚ ਜਵਾਨੀ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ? ਗੀਤਾਂ ਦੀਆਂ ਵੀਡੀਓਜ਼ ਵਿੱਚ ਅਸਲੀਅਤ ਤੋਂ ਕਿਤੇ ਪਰ੍ਹੇ ਦਾ ਸਮਾਜ ਦਿਖਾਇਆ ਜਾਂਦਾ ਹੈ।
ਅਜੋਕੇ ਦੌਰ ਵਿੱਚ ਬੱਚਿਆਂ ਦੇ ਰੋਲ ਮਾਡਲ ਅਧਿਆਪਕ ਜਾਂ ਮਾਪੇ ਘੱਟ ਅਤੇ ਗਾਇਕ ਵੱਧ ਹਨ। ਬੱਚਿਆਂ ਨੂੰ ਮਾਪਿਆਂ ਨਾਲੋਂ ਚੰਗੀ ਸੇਧ ਕੌਣ ਦੇ ਸਕਦਾ ਹੈ? ਬੱਚਿਆਂ ਨੂੰ ਵੀ ਸੋਚਣ ਸਮਝਣ ਦੀ ਲੋੜ ਹੈ। ਗ਼ਲਤ ਅਤੇ ਸਹੀ ਦੀ ਚੋਣ ਕਰਨ ਦੀ ਸੋਝੀ ਅਤੇ ਆਪਣੇ ਸੁਫ਼ਨਿਆਂ ਤੇ ਸਮਾਜ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਮਾਪੇ ਆਪਣੇ ਬੱਚੇ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਇੱਥੇ ਆਉਣ ਵਾਲੀਆਂ ਮੁਸ਼ਕਿਲਾਂ, ਪੜ੍ਹਾਈ, ਨੌਕਰੀ, ਘਰ ਦੇ ਕੰਮ ਕਰਨ, ਲੋਕਾਂ ਵਿੱਚ ਵਿਚਰਨ ਬਾਰੇ ਚੰਗੀ ਤਰ੍ਹਾਂ ਸਮਝਾਉਣ। ਉਨ੍ਹਾਂ ਨੂੰ ਦੱਸਣ ਕਿ ਕੋਈ ਗ਼ਲਤ ਕੰਮ ਕਰਨ ਨਾਲ ਉਨ੍ਹਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਕਈ ਵਾਰ ਨਿੱਕੀ ਜਿਹੀ ਗ਼ਲਤੀ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਸਕਦੀ ਹੈ। ਜਿਸ ਸ਼ਹਿਰ ਵਿੱਚ ਆਪਣੇ ਬੱਚੇ ਨੂੰ ਪੜ੍ਹਨ ਲਈ ਭੇਜਣਾ ਹੈ, ਉਸ ਸ਼ਹਿਰ ਬਾਰੇ ਆਨਲਾਈਨ ਜਾਣਕਾਰੀ ਹਾਸਲ ਕਰਨ। ਇਹ ਵੀ ਜਾਣਨ ਕਿ ਉੱਥੋਂ ਦੀ ਆਰਥਿਕ ਦਸ਼ਾ ਕਿਹੋ ਜਿਹੀ ਹੈ। ਕੀ ਰਹਿਣ ਲਈ ਜਗ੍ਹਾ ਮਿਲ ਜਾਵੇਗੀ? ਕੀ ਉੱਥੇ ਜੌਬ ਜਾਂ ਕੰਮ ਆਸਾਨੀ ਨਾਲ ਮਿਲ ਸਕਦਾ ਹੈ? ਕੀ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਉੱਥੇ ਰਹਿੰਦਾ ਹੈ? ਬੱਚਿਆਂ ਨੂੰ ਤੋਰਨ ਤੋਂ ਪਹਿਲਾਂ ਘਰ ਦੇ ਕੰਮ, ਘੱਟੋ-ਘੱਟ ਰੋਟੀ ਬਣਾਉਣੀ, ਛੇਤੀ ਅਤੇ ਘੱਟ ਸਮੇਂ ਵਿੱਚ ਬਣ ਸਕਦੇ ਖਾਣੇ ਬਣਾਉਣੇ ਅਤੇ ਸਮੇਂ ਦੀ ਸਹੀ ਵਰਤੋਂ ਆਦਿ ਬਾਰੇ ਸਿਖਾਓ। ਯੂਨੀਵਰਸਿਟੀਆਂ ਵੀ ਓਰੀਐਂਟੇਸ਼ਨ ਦਾ ਸਮਾਂ ਚਾਰ ਘੰਟੇ ਦੀ ਥਾਂ ਘੱਟੋ-ਘੱਟ ਦੋ ਦਿਨ ਕਰਕੇ ਵਿਦਿਆਰਥੀਆਂ ਨੂੰ ਨਵੇਂ ਮੁਲਕ ਦੇ ਕਾਨੂੰਨ ਅਤੇ ਰਹਿਣ-ਸਹਿਣ ਦੇ ਤਰੀਕਿਆਂ ਜਾਂ ਸਲੀਕਿਆਂ ਬਾਰੇ ਜਾਣਕਾਰੀ ਦੇਣ ਜਿਸ ਵਿੱਚ ਕੰਮ ਲੱਭਣ, ਬੈਂਕਿੰਗ ਕਰਨ, ਮੁਫ਼ਤ ਟੈਕਸ ਭਰਨ, ਸਸਤੀ ਗਰੌਸਰੀ ਖਰੀਦਣ, ਮੁਸ਼ਕਿਲ ਜਾਂ ਐਮਰਜੈਂਸੀ ਵਿੱਚ ਸਹਾਇਤਾ, ਫੂਡ ਬੈਂਕ, ਫਰੀ ਕੌਂਸਲਿੰਗ ਜਾਂ ਨਵੇਂ ਆਉਣ ਵਾਲਿਆਂ ਲਈ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਹੋਵੇ। ਵਿਦਿਆਰਥੀਆਂ ਕੋਲ ਮਦਦ ਕਰਨ ਵਾਲੀਆਂ ਸਥਾਨਕ ਸੰਸਥਾਵਾਂ ਤੱਕ ਪਹੁੰਚ ਕਰਨ ਬਾਰੇ ਏਨੀ ਕੁ ਜਾਣਕਾਰੀ ਹੋਵੇਗੀ ਤਾਂ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਨਗੇ। ਵਿਦੇਸ਼ ਭੇਜਣ ਉੱਤੇ ਲੱਖਾਂ ਰੁਪਏ ਖਰਚ ਕਰਨ ਵਾਲੇ ਮਾਪੇ ਬੱਚਿਆਂ ਦਾ ਬੀਮਾ ਜ਼ਰੂਰ ਕਰਵਾ ਕੇ ਭੇਜਣ। ਇਸ ਨਾਲ ਬਿਮਾਰੀ-ਠਮਾਰੀ ਜਾਂ ਕੋਈ ਅਣਹੋਣੀ ਘਟਨਾ ਵਾਪਰਨ ਸਮੇਂ ਵਿਦਿਆਰਥੀਆਂ ਦੇ ਮੈਡੀਕਲ ਖਰਚੇ ਦਾ ਫ਼ਿਕਰ ਨਹੀਂ ਰਹਿੰਦਾ।
ਵਿਦਿਆਰਥੀ ਕਾਊਂਸਲਿੰਗ ਲਈ
ਪਿਕਸ ਵਾਲਿਆਂ ਤੋਂ ਬਾਇਓਡਾਟਾ ਬਣਾਉਣ ਲਈ ਇਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਕੰਮ ਲੱਭਣ ਵਿੱਚ ਵੀ ਮਦਦ ਕਰਦੇ ਹਨ। ਜੇਕਰ ਕਿਸੇ ਨੇ ਪੰਜਾਬ/ਭਾਰਤ ਵਿੱਚ ਵਾਲੰਟੀਅਰ ਵਜੋਂ ਕਿਤੇ ਕੰਮ ਕੀਤਾ ਹੋਵੇ ਤਾਂ ਉਹ ਵੀ ਬਾਇਓਡੇਟਾ ਵਿੱਚ ਲਿਖ ਸਕਦੇ ਹਨ।
ਸਰੀ ਜਾਂ ਨੇੜਲੇ ਸ਼ਹਿਰਾਂ ਵਿੱਚ ਨਵੇਂ ਆਏ ਵਿਦਿਆਰਥੀ ਜਾਂ ਪਰਿਵਾਰ ਗੁਰੂ ਨਾਨਕ ਫੂਡ ਬੈਂਕ ਤੋਂ ਛੇ ਮਹੀਨੇ ਤੱਕ ਦੀ ਫਰੀ ਗਰੌਸਰੀ ਲੈ ਸਕਦੇ ਹਨ। ਇਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਮੈਟਰੈੱਸ ਅਤੇ ਬਿਸਤਰਾ ਵੀ ਦਿੱਤਾ ਜਾਂਦਾ ਹੈ। ਇਨ੍ਹਾਂ ਦੀਆਂ ਦੋ ਸ਼ਾਖਾਵਾਂ ਸਰੀ ਅਤੇ ਐਬਟਸਫਰਡ ਵਿੱਚ ਹਨ। ਆਉਣ ਤੋਂ ਪਹਿਲਾਂ ਵੈੱਬਸਾਈਟ ਾਾਾ.ਗਨਡਬ.ਚੳ ‘ਤੇ ਰਜਿਸਟਰ ਕੀਤਾ ਜਾ ਸਕਦਾ ਹੈ। ‘ਟੀਮ ਵੁਈ ਕੇਅਰ’ ਆਦਿ ਵਾਲੇ ਵੀ ਨਵੇਂ ਆਏ ਵਿਦਿਆਰਥੀਆਂ ਦੀ ਮਦਦ ਕਰਦੇ ਹਨ। ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਅਤੇ ਕੰਮ ਲੱਭਣ ਵਿੱਚ ਮਦਦ ਕਰਦੇ ਹਨ। ਨਵੇਂ ਆਏ ਵਿਦਿਆਰਥੀਆਂ ਨੂੰ ਏਅਰਪੋਰਟ ਤੋਂ ਰਾਈਡ ਵੀ ਦਿੰਦੇ ਹਨ। ਇਹ ਗਰੁੱਪ ਵਿਦਿਆਰਥੀਆਂ ਨੇ ਨਵੇਂ ਆਉਣ ਵਾਲੇ ਵਿਦਿਆਰਥੀਆਂ ਲਈ ਬਣਾਏ ਹਨ। ਸਰੀ ਵਿੱਚ ‘ਹੋਪ ਸੇਵਾ ਸੁਸਾਇਟੀ’ ਨੂੰ ਵੀ ਪਹੁੰਚ ਕੀਤੀ ਜਾ ਸਕਦੀ ਹੈ।

Related Articles

Latest Articles