ਸਰੀ, (ਸਿਮਰਨਜੀਤ ਸਿੰਘ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫ਼ਤੇ ਵਾਸ਼ਿੰਗਟਨ ਡੀਸੀ ਵਿਚ ਹੋਣ ਵਾਲੇ ਨਾਟੋ ਲੀਡਰਾਂ ਦੇ ਸੰਮੇਲਨ ਵਿਚ ਹਾਜ਼ਰੀ ਭਰਨ ਲਈ ਜਾਣਗੇ।
ਇਸ 32 ਮੈਂਬਰਾਂ ਦੇ ਇਸ ਸੰਗਠਨ ਦੀ ਇਹ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ 75 ਸਾਲ ਪਹਿਲਾਂ ਵਾਸ਼ਿੰਗਟਨ ਡੀਸੀ ਵਿਚ ਹੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਉਸੇ ਸ਼ਹਿਰ ‘ਚ ਇਸ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਨਾਟੋ ਦੇ ਲੀਡਰ ਇਕੱਠੇ ਹੋਣ ਜਾ ਰਹੇ ਹਨ।
ਨਾਟੋ ਸੰਮੇਲਨ ਵਿਚ ਇਸ ਵਾਰ ਦੇ ਯੂਕਰੇਨ ਅਤੇ ਰੂਸ ਦੀ ਚਲ ਰਹੀ ਜੰਗ ਦਾ ਮੁੱਦਾ ਭਾਰੂ ਰਹਿਣ ਦੀ ਸੰਭਾਵਨਾ ਹੈ। ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੋਲਟਨ ਬਰਗ ਚਾਹੁੰਦੇ ਹਨ ਕਿ ਯੁੱਧ ਪ੍ਰਭਾਵਿਤ ਮੁਲਕ ਨੂੰ ਆਪਣੀ ਸੁਰੱਖਿਆ ਕਰਨ ਵਿਚ ਮਦਦ ਲਈ ਨਾਟੋ ਮੈਂਬਰ ਕਰੀਬ 58 ਬਿਲੀਅਨ ਡਾਲਰ ਸਲਾਨਾ ਦਾ ਯੋਗਦਾਨ ਪਾਉਣ।
ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਜਸਟਿਨ ਟਰੂਡੋ ਨੂੰ ਨਾਟੋ ਸਹਿਯੋਗੀਆਂ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਕੈਨੇਡਾ ਨੇ ਆਪਣੇ ਖ਼ਰਚੇ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਕੋਈ ਯੋਜਨਾ ਅਜੇ ਤੱਕ ਪੇਸ਼ ਨਹੀਂ ਕੀਤੀ ਹੈ। ਨਾਟੋ ਦੇਸ਼ ਆਪਣੀ ਸਾਲਾਨਾ ਜੀਡੀਪੀ ਦਾ ਘੱਟੋ-ਘੱਟ ਦੋ ਫੀਸਦੀ ਰੱਖਿਆ ‘ਤੇ ਖਰਚ ਕਰਨ ਲਈ ਸਹਿਮਤ ਹੋਏ ਹਨ, ਪਰ ਕੈਨੇਡਾ ਇਸ ਅੰਕੜੇ ਤੋਂ ਬਹੁਤ ਪਿੱਛੇ ਹੈ।
ਪਿਛਲੇ ਮਹੀਨੇ ਜਾਰੀ ਕੀਤੇ ਗਏ ਨਾਟੋ ਦੇ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਇਸ ਸਾਲ ਆਪਣੇ ਕੁੱਲ ਘਰੇਲੂ ਉਤਪਾਦ ਦਾ 1.37 ਪ੍ਰਤੀਸ਼ਤ ਰੱਖਿਆ ‘ਤੇ ਖਰਚ ਕਰੇਗਾ।
ਰੱਖਿਆ ਮੰਤਰੀ ਬਿਲ ਬਲੇਅਰ ਨੇ ਵਾਅਦਾ ਕੀਤਾ ਹੈ ਕਿ 2029 ਤੱਕ ਖਰਚ ਘੱਟੋ-ਘੱਟ 1.76 ਫੀਸਦੀ ਤੱਕ ਵੱਧ ਜਾਵੇਗਾ।