ਗਦਰ ਸਾਹਿਤ ; ਅਮਰੀਕਾ ਅਤੇ ਹਿੰਦੁਸਤਾਨ

ਇਹ ਲੇਖ ਗਦਰੀਆਂ ਦੇ ਪਰਚੇ ‘ਗਦਰ’ ਦੇ ਪਹਿਲੀ ਜੂਨ 1917 ਵਾਲੇ ਅੰਕ ਵਿਚ ਛਪਿਆ ਸੀ। ਉਦੋਂ ਅਜੇ ਰੂਸ ਵਿਚ ਇਨਕਲਾਬ ਨਹੀਂ ਸੀ ਆਇਆ। ਇਸ ਤੋਂ ਪਹਿਲਾਂ, ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਮੌਕੇ ਗਦਰੀਆਂ ਵੱਲੋਂ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦਾ ਪਹਿਲਾ ਹੱਲਾ ਅਸਫਲ ਹੋ ਚੁੱਕਾ ਸੀ। ਇਸ ਦੇ ਬਾਵਜੂਦ ਗਦਰੀਆਂ ਨੇ ਇਕ ਵਾਰ ਫਿਰ ਇਕੱਠੇ ਹੋ ਕੇ ਅੰਗਰੇਜ਼ਾਂ ਖਿਲਾਫ ਬਗਾਵਤ ਕਰਨ ਬਾਰੇ ਸੋਚਿਆ।
ਇਸ ਲੇਖ ਵਿਚ ਅਮਰੀਕਾ ਵਿਚਲੇ ਸੰਘਰਸ਼ਾਂ ਤੋਂ ਇਲਾਵਾ ਸੰਸਾਰ ਦੇ ਹੋਰ ਹਿੱਸਿਆਂ ਵਿਚ ਚੱਲ ਰਹੇ ਆਜ਼ਾਦੀ ਦੇ ਸੰਘਰਸ਼ਾਂ ਦੇ ਹਵਾਲੇ ਵੀ ਆਏ ਹਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਗਦਰੀ ਕਿਸ ਮਿੱਟੀ ਦੇ ਬਣੇ ਹੋਏ ਸਨ, ਉਨ੍ਹਾਂ ਦੀ ਸੋਚ-ਉਡਾਰੀ ਕਿੰਨੀ ਉੱਚੀ ਸੀ ਅਤੇ ਉਹ ਅਸਲ ਵਿਚ ਚਾਹੁੰਦੇ ਕੀ ਸਨ। ਇਹ ਲੇਖ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ ਤਾਂ ਕਿ ਇਤਿਹਾਸ ਦੇ ਉਨ੍ਹਾਂ ਸੁਨਹਿਰੀ ਪਲਾਂ ਨੂੰ ਫਿਰ ਯਾਦ ਕੀਤਾ ਜਾ ਸਕੇ। ਲੇਖ ਦੇ ਸ਼ਬਦ-ਜੋੜ ਜਿਉਂ ਦੇ ਤਿਉਂ ਰੱਖੇ ਗਏ ਹਨ।
ਕੋਈ ਹੋਰ ਦੋ ਮੁਲਕ ਇਕ ਦੂਜੇ ਤੇ ਇਤਨੀ ਦੂਰ ਨਹੀਂ ਹੋਣਗੇ, ਜਿਤਨੀ ਅਮਰੀਕਾ ਅਤੇ ਹਿੰਦੁਸਤਾਨ। ਜਦ ਇਥੇ ਸੂਰਜ ਨਿਕਲਦਾ ਹੈ ਤਾਂ ਉਥੇ ਛਿਪਦਾ ਹੈ। ਜਦ ਉਥੇ ਸਵੇਰ ਹੁੰਦੀ ਹੈ ਤਾਂ ਇੱਥੇ ਸ਼ਾਮ ਪਰ ਇਹ ਉਲਟਾ ਸਬੰਧ ਵੀ ਇਕ ਸਬੰਧ ਹੈ ਅਤੇ ਇਕ ਪ੍ਰਕਾਰ ਦਾ ਸਬੰਧ ਅਮਰੀਕਾ ਅਤੇ ਹਿੰਦੁਸਤਾਨ ਦੀਆਂ ਤਵਾਰੀਖ਼ਾਂ ਵਿਚ ਸ਼ੁਰੂ ਤੋਂ ਰਿਹਾ ਹੈ। ਏਸ਼ੀਆ ਅਤੇ ਯੂਰਪ ਦੀਆਂ ਕੌਮਾਂ ਨੂੰ ਸੋਲ੍ਹਵੀਂ ਸਦੀ ਤਾਈਂ ਅਰਥਾਤ ਚਾਰ ਸੌ ਸਾਲ ਹੋਏ ਅਮਰੀਕਾ ਦਾ ਪਤਾ ਨਹੀਂ ਸੀ। ਪੰਦਰਵੀਂ ਸਦੀ ਦੇ ਅਖ਼ੀਰ ਵਿਚ ਤੁਰਕਾਂ ਨੇ ਅਸਤਮਬੋਲ ਫਤਿਹ ਕੀਤਾ ਅਤੇ ਜੋ ਵਪਾਰ ਸਦੀਆਂ ਤੋਂ ਯੂਰਪ ਅਤੇ ਹਿੰਦੁਸਤਾਨ ਵਿਚ ਇਟਲੀ ਦੀ ਮਸ਼ਹੂਰ ਰਿਆਸਤ ਵੇਨਿਸ ਦੇ ਰਾਹੀਂ ਹੋਇਆ ਕਰਦਾ ਸੀ, ਉਹ ਬੰਦ ਹੋ ਗਿਆ। ਇਟਲੀ ਦੇ ਸ਼ਾਹੂਕਾਰਾਂ ਨੂੰ ਸਖ਼ਤ ਨੁਕਸਾਨ ਹੋਇਆ ਅਤੇ ਇਟਲੀ ਤਾਂ ਦੂਜੀਆਂ ਯੂਰਪੀਨ ਕੌਮਾਂ ਵਿਚ ਐਸਾ ਰਸਤਾ ਲੱਭਣ ਵਾਸਤੇ ਨਿਕਲੀਆਂ ਕਿ ਜਿਸ ਨਾਲ ਬਿਨਾਂ ਤੁਰਕਾਂ ਦੇ ਹੱਥ ਵਿਚ ਪਏ, ਹਿੰਦੁਸਤਾਨ ਨਾਲ ਵਪਾਰ ਕਾਇਮ ਰਹੇ ਅਤੇ ਇਸ ਵਾਸਤੇ ਇਟਾਲੀਅਨ ਸ਼ਾਹ ਕੋਲੰਬਸ ਹਿੰਦੁਸਤਾਨ ਦਾ ਰਸਤਾ ਢੂੰਡਣ ਦੇ ਵਾਸਤੇ ਸਮੁੰਦਰ ਇਟਲਾਨਟਿਕ ਨੂੰ ਪਾਰ ਕਰਨ ਦੇ ਵਾਸਤੇ ਚਲਿਆ। ਬਹੁਤ ਰੋਜ਼ ਤਾਈਂ ਪਾਣੀ ਦੇ ਸਫ਼ਰ ਕਰ ਕੇ ਜਦ ਜ਼ਮੀਨ ਨਜ਼ਰ ਪਈ ਤਾਂ ਕੋਲੰਬਸ ਸਮਝਿਆ ਕਿ ਹਿੰਦੁਸਤਾਨ ਹੈ ਪਰ ਇਹ ਅਮਰੀਕਾ ਦਾ ਨਵਾਂ ਮੁਲਕ ਸੀ। ਇਹੀ ਕਾਰਣ ਹੈ ਕਿ ਅੱਜ ਤਾਈਂ ਅਮਰੀਕਾ ਦੇ ਅਸਲੀ ਲੋਕਾਂ ਨੂੰ ਲਾਲ ਹਿੰਦੀ ਕਹਿੰਦੇ ਹਨ। ਅਮਰੀਕਾ ਦੇ ਮਲੂਮ ਹੋਣ ਤੇ ਦੁਨੀਆ ਦੀ ਤਵਾਰੀਖ਼ ਵਿਚ ਬੜੀ ਹੈਰਾਨੀ ਹੋਈ। ਉਸ ਜ਼ਮਾਨੇ ਵਿਚ ਅੰਗਰੇਜ਼ੀ ਬਾਦਸ਼ਾਹ ਆਪਣੀ ਪ੍ਰਜਾ ਤੋਂ ਬੜਾ ਸਖ਼ਤ ਜ਼ੁਲਮ ਕਰਦੇ ਹੁੰਦੇ ਸਨ ਅਤੇ ਜੋ ਗ਼ਦਰੀ ਪ੍ਰਜਾ ਭਗਤ ਬਾਦਸ਼ਾਹੀ ਅਤੇ ਮਜ਼ਹਬੀ ਅਰਥਾਤ ਪਾਦਰੀਆਂ ਦੇ ਜ਼ੁਲਮ ਤੋਂ ਤੰਗ ਆ ਕੇ ਗ਼ਦਰ ਕਰਨ ਵਾਸਤੇ ਤਿਆਰ ਹੋ ਜਾਂਦੇ ਸਨ, ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਸੀ। ਇਸ ਵਾਸਤੇ ਅਮਰੀਕਾ ਦਾ ਪਤਾ ਲੱਗਣ ਤੇ ਯੂਰਪ ਦੇ ਗ਼ਦਰੀ ਬਹੁਤ ਦੁੱਖ ਸਹਿੰਦੇ ਹੋਏ ਅਮਰੀਕਾ ਵਿਚ ਆ ਵਸੇ। ਅੰਗਰੇਜ਼ਾਂ ਨੇ ਇੱਥੇ ਵੀ ਉਨ੍ਹਾਂ ਦਾ ਪਿੱਛਾ ਨਾ ਛੱਡਿਆ ਅਤੇ ਸਤਾਰਵੀਂ ਸਦੀ ਵਿਚ ਪੂਰਬੀ ਅਮਰੀਕਾ ਅੰਗਰੇਜ਼ਾਂ ਦੀ ਇਕ ਨਵੀਂ ਆਬਾਦੀ ਹੋ ਗਈ।
ਅੰਗਰੇਜ਼ੀ ਗੌਰਮਿੰਟ ਲੰਡਨ ਤੋਂ ਮੁਕਤ ਹੋ ਕੇ ਇੱਥੇ ਆਇਆ ਸੀ ਅਤੇ ਜ਼ੋਰਾਵਰੀ ਨਾਲ ਅਮਰੀਕਨ ਲੋਕ ‘ਤੇ ਰਾਜ ਕਰਦਾ ਸੀ।
ਜਦ ਗੋਰੇ ਅਮਰੀਕਨਾਂ ਨੇ ਸੌਰਾਜ ਦੀ ਇੱਛਾ ਕੀਤਾ ਤਾਂ ਅੰਰਗੇਜ਼ੀ ਹਾਕਮ ਨੇ ਅਮਰੀਕਾ ਦੇ ਜੰਗਲੀ ਅਰਥਾਤ ਰੈਡ ਇੰਡੀਅਨਾਂ ਤੇ ਉਨ੍ਹਾਂ ਨੂੰ ਕਤਲ ਕਰਾ ਦਿੱਤਾ। ਅਮਰੀਕਾ ਦੇ ਵਪਾਰ ਅਤੇ ਕਾਰੀਗਰ ਨੂੰ ਹਰ ਤਰ੍ਹਾਂ ਨਾਲ ਬਰਬਾਦ ਕੀਤਾ ਕਿ ਲੰਡਨ ਤੋਂ ਬਣ ਕੇ ਲੋੜ ਦੀਆਂ ਚੀਜ਼ਾਂ ਅਮਰੀਕਾ ਵਿਚ ਆ ਕੇ ਵਿਕਣ ਅਤੇ ਅੰਗਰੇਜ਼ੀ ਕਾਰਖਾਨਿਆਂ ਵਾਲਿਆਂ ਨੂੰ ਫ਼ਾਇਦਾ ਹੋਵੇ। ਅਖ਼ੀਰ ਅਮਰੀਕਨ ਪ੍ਰਜਾ ਅੰਗਰੇਜ਼ੀ ਜ਼ੁਲਮ ਨਾ ਸਹਿ ਸਕੀ ਅਤੇ 1774 ਵਿਚ ਅੰਗਰੇਜ਼ਾਂ ਦੇ ਵਿਰੁੱਧ ਗ਼ਦਰ ਕਰ ਦਿੱਤਾ। ਦੂਜੇ ਪਾਸੇ ਜੋ ਜਾਲ ਅੰਗਰੇਜ਼ਾਂ ਨੇ ਹਿੰਦੁਸਤਾਨ ਤੇ ਵਿਛਾਇਆ ਸੀ, ਉਸ ਨਾਲ ਹਿੰਦੁਸਤਾਨ ਦੇ ਲੋਕ ਗ਼ੁਲਾਮੀ ਵਿਚ ਫਸਣ ਲੱਗੇ। ਅਮਰੀਕਾ ਦੀ ਆਜ਼ਾਦੀ ਦਾ ਹਿੰਦੁਸਤਾਨ ਤੇ ਉਲਟਾ ਅਸਰ ਪਿਆ ਕਿਉਂਕਿ ਜਦ ਅਮਰੀਕਾ ਹੱਥੋਂ ਚਲੀ ਗਈ ਤਾਂ ਭੁੱਖੇ ਅੰਗਰੇਜ਼ਾਂ ਦਾ ਹਿੰਦੁਸਤਾਨ ਤੇ ਕਬਜ਼ਾ ਕਰਨ ਦਾ ਲਾਲਚ ਹੋਰ ਵੀ ਵਧ ਗਿਆ ਅਤੇ ਜਿਨ੍ਹਾਂ ਅੰਗਰੇਜ਼ੀ ਹਾਕਮ ਅਤੇ ਜਰਨੈਲਾਂ ਨੇ ਅਮਰੀਕਨਾਂ ਨੂੰ ਗ਼ੁਲਾਮ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਅਖੀਰ ਵਿਚ ਅਮਰੀਕਨਾ ਦੇ ਹੱਥੋਂ ਜੁੱਤੇ ਖਾ ਕੇ ਨਿਕਲੇ ਉਨ੍ਹਾਂ ਨੂੰ ਹਿੰਦੁਸਤਾਨ ਵਿਚ ਹਕੂਮਤ ਅਤੇ ਜ਼ੁਲਮ ਕਰਨ ਦੇ ਵਾਸਤੇ ਭੇਜਿਆ ਗਿਆ। ਜਿਵੇਂ ਲਾਰਡ ਕਾਰਨਵਾਲਸ ਜੋ ਬੰਗਾਲ ਦਾ ਗਰਵਰਨਰ ਬਣ ਕੇ 1794 ਵਿਚ ਹਿੰਦੁਸਤਾਨ ਆਇਆ। ਮਜ਼ਦੂਰ ਪ੍ਰਜਾ ਭਗਤ ਐਡਮੈਡ ਬਰਕ ਨੇ ਇਕ ਪਾਸੇ ਅੰਗਰੇਜ਼ੀ ਰਾਜ ਸਭ ਤੋਂ ਜ਼ੁਲਮ ਅੰਗਰੇਜ਼ਾਂ ਨੇ ਅਮਰੀਕੀ ਲੋਕਾਂ ਤੇ ਕੀਤਾ ਸੀ, ਲੈਕਚਰ ਦਿੱਤੇ; ਦੂਜੇ ਪਾਸੇ ਉਨ੍ਹਾਂ ਜ਼ੁਲਮਾਂ ਨੂੰ ਜ਼ਾਹਰ ਕੀਤਾ ਜੋ ਜ਼ੁਲਮ ਅੰਗਰੇਜ਼ੀ ਹਾਕਮਾਂ ਨੇ ਬੰਗਾਲ ਮਦਰਾਸ ਆਦਿ ਵਿਚ ਕਰ ਰਖਿਆ ਸੀ। ਗ਼ਦਰ ਸੰਨ 1857 ਦੇ ਪਿਛੋਂ ਹਿੰਦੁਸਤਾਨ ਜ਼ਿਆਦਾ ਤੋਂ ਜ਼ਿਆਦਾ ਗ਼ੁਲਾਮੀ ਵਿਚ ਡੁੱਬਦਾ ਗਿਆ ਅਤੇ ਅਮਰੀਕਾ ਆਜ਼ਾਦੀ ਅਤੇ ਉਨਤੀ ਦੀ ਤਰਫ਼ ਕਦਮ ਵਧਾਉਂਦਾ ਗਿਆ ਪਰ ਅਮਰੀਕਨ ਲੋਕਾਂ ਦਾ ਹਿੰਦੁਸਤਾਨ ਦੀ ਪੁਰਾਣੀ ਸਭਿਅਤਾ ਵਿਚ ਪ੍ਰੇਮ ਅਤੇ ਸ਼ੌਂਕ ਵਧਦਾ ਗਿਆ ਅਤੇ ਹਿੰਦੁਸਤਾਨ ਵਿਚ ਵਿਦਵਾਨ ਜੱਥਿਆਂ ਵਿਚ ਅਮਰੀਕਾ ਦੀ ਇੱਜ਼ਤ ਸਦਾ ਇਸ ਵਾਸਤੇ ਵਧਦੀ ਗਈ ਕਿ ਹਿੰਦੁਸਤਾਨੀ ਦੇਸ਼ ਭਗਤ ਇਹ ਖਿਆਲ ਕਰਦੇ ਸਨ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਨੂੰ ਅਮਰੀਕਨਾਂ ਨੇ ਮੁਲਕ ਵਿਚੋਂ ਕੱਢ ਦਿੱਤਾ ਹੈ, ਇਸੇ ਤਰ੍ਹਾਂ ਇਕ ਦਿਨ ਹਿੰਦੁਸਤਾਨੀ ਵੀ ਅੰਗਰੇਜ਼ਾਂ ਤੋਂ ਛੁਟਕਾਰਾ ਪਾਉਣਗੇ। ਕੋਈ ਵੀਹ ਸਾਲ ਦੇ ਕਰੀਬ ਗੁਜ਼ਰੇ ਚੰਦ ਹਿੰਦੁਸਤਾਨੀ ਮਜ਼ਹਬੀ ਲੀਡਰ ਜਿਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਸਵਾਮੀ ਵਿਵੇਕਾਨੰਦ ਸੀ, ਹਿੰਦੁਸਤਾਨ ਦੇ ਮਜ਼ਹਬੀ ਸਬੰਧ ਅਮਰੀਕਾ ਦੇ ਵਿਚ ਫ਼ੈਲਾਉਣ ਵਾਸਤੇ ਆਏ ਅਮਰੀਕਨ ਲੋਕਾਂ ਨੇ ਬੜੀ ਖੁੱਲ੍ਹਦਿਲੀ ਨਾਲ ਉਨ੍ਹਾਂ ਦੀ ਆਓ ਭਗਤ ਕੀਤੀ ਜਿਸ ਤੋਂ ਵਿਦਵਾਨ ਹਿੰਦੁਸਤਾਨੀਆਂ ਵਿਚ ਅਮਰੀਕਾ ਦੀ ਤਰਫ਼ ਖ਼ਾਸ ਤੌਰ ੱਤੇ ਹਮਦਰਦੀ ਅਤੇ ਦੋਸਤੀ ਹੋਈ। ਸਵਦੇਸ਼ ਤਹਿਰੀਕ ਦੇ ਕਾਰਣ ਬਹੁਤ ਸਾਰੇ ਹਿੰਦੁਸਤਾਨ ਦੇ ਵਿਦਿਆਰਥੀ ਵਪਾਰ ਅਤੇ ਕਾਰੀਗਰੀ ਸਿੱਖਣ ਦੀ ਗਰਜ਼ ਨਾਲ ਅਮਰੀਕਾ ਆ ਪਹੁੰਚੇ ਪਰ ਇਨ੍ਹਾਂ ਹੀ ਦਿਨਾਂ ਵਿਚ ਹਿੰਦੁਸਤਾਨ ਵਿਚ ਸਵਦੇਸ਼ੀ ਅਤੇ ਗ਼ਦਰੀ ਤਹਿਰਕ ਸ਼ੁਰੂ ਹੋ ਗਈ ਅਤੇ ਮਸ਼ਹੂਰ ਦੇਸ਼ ਭਗਤ ਦੇਸ਼ ਨਿਕਾਲਾ ਲੈ ਕੇ ਅਮਰੀਕਾ ਆ ਵਸੇ। ਗੱਲ ਕੀ, ਜੋ ਤਹਿਰੀਕ ਯੂਰਪ ਦੇ ਅੰਦਰ ਸੋਲ੍ਹਵੀਂ ਸਦੀ ਵਿਚ ਹੋਈ ਸੀ, ਅਰਥਾਤ ਯੂਰਪੀਨ ਬਾਦਸ਼ਾਹਾਂ ਦੇ ਜ਼ੁਲਮ ਤੋਂ ਤੰਗ ਆ ਕੇ ਆਜ਼ਾਦੀ ਪਸੰਦ ਅਤੇ ਹਿੰਮਤ ਵਾਲੇ ਯੂਰਪੀਨ ਅਮਰੀਕਾ ਆ ਵਸੇ ਸਨ, ਉਹ ਤਹਿਰੀਕ ਹੁਣ ਵੀਹਵੀਂ ਸਦੀ ਵਿਚ ਹਿੰਦੁਸਤਾਨ ਵਿਚ ਹੋਈ ਪਰ ਜ਼ਿੰਦਗੀ ਦੀ ਦੌੜ ਵਿਚ ਪਿੱਛੇ ਰਹਿ ਜਾਣ ਵਾਲੇ ਨੂੰ ਕੋਈ ਇਨਾਮ ਨਹੀਂ ਮਿਲਦਾ। ਜਿਸ ਬੇਦਰਦੀ ਦੇ ਨਾਲ ਅੰਗਰੇਜ਼ਾਂ ਨੇ ਕੈਨੇਡਾ ਦੇ ਹਿੰਦੁਸਤਾਨੀਆਂ ਨੂੰ ਕੱਢਿਆ ਅਤੇ ਅਮਰੀਕਨਾਂ ਨੂੰ ਇਸ ਗੱਲ ਤੇ ਮਨਾਇਆ ਕਿ ਉਹ ਹਿੰਦੁਸਤਾਨੀਆਂ ਨੂੰ ਆਪਣੇ ਮੁਲਕ ਵਿਚ ਨਾ ਆਉਣ ਦੇਣ, ਸਾਰਿਆਂ ਨੂੰ ਮਾਲੂਮ ਹੈ ਤਾਂ ਵੀ ਜੋ ਕੁਝ ਸਬੰਧ ਹਿੰਦੁਸਤਾਨੀਆਂ ਅਤੇ ਅਮਰੀਕਨਾਂ ਵਿਚ ਪੈਦਾ ਹੋ ਗਿਆ ਹੈ, ਉਹ ਹਿੰਦੁਸਤਾਨ ਦੇ ਉਨਤੀ ਅਤੇ ਆਜ਼ਾਦੀ ਦੇ ਵਾਸਤੇ ਬਹੁਤ ਜ਼ਰੂਰੀ ਹੈ ਅਤੇ ਨਿਸ਼ਾਨ ਐਸੇ ਹੀ ਹਨ ਕਿ ਹਿੰਦੁਸਤਾਨ ਵਿਚ ਬੜਾ ਜ਼ਬਰਦਸਤ ਗ਼ਦਰ ਹੋਣ ਵਾਲਾ ਹੈ, ਇਹ ਯਾਦ ਰਹੇ ਕਿ ਸਾਰੀ ਦੁਨੀਆ ਵਿਚ ਗ਼ਦਰ ਦੀ ਅੱਗ ਉਸ ਵਲੇ ਤੋਂ ਸੁਲਗੀ ਹੈ ਕਿ ਜਦ ਅਮਰੀਕਨਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਗ਼ਦਰ ਕੀਤਾ ਸੀ, ਅਮਰੀਕਨ ਗ਼ਦਰ ਦੇ ਵੀਹ ਸਾਲ ਪਿੱਛੋਂ ਅਤੇ ਬਹੁਤ ਕੁਝ ਉਸ ਦੇ ਅਸਰ ਨਾਲ ਹੀ ਫ਼ਰਾਂਸ ਵਿਚ ਬੜਾ ਭਾਰੀ ਗ਼ਦਰ ਹੋਇਆ ਸੀ। ਉਸੇ ਤੋਂ ਰੂਸ, ਜਰਮਨੀ, ਇਟਲੀ ਆਦਿ ਸਾਰਿਆਂ ਮੁਲਕਾਂ ਵਿਚ ਗ਼ਦਰੀ ਖਿਆਲ ਫੈਲ ਗਏ। ਇੱਥੇ ਤਾਈਂ ਕਿ ਉਨਤੀ ਅਤੇ ਆਜ਼ਾਦੀ ਦੇ ਦੁਸ਼ਮਣ ਇੰਗਲੈਂਡ ਵਿਚ ਵੀ ਅਮਰੀਕਨ ਗ਼ਦਰ ਦਾ ਇਕ ਬੜਾ ਅਸੂਲ ਜੋ ਸਾਰੀ ਆਜ਼ਾਦ ਦੁਨੀਆਂ ਨੇ ਇਖਤਿਆਰ ਕਰ ਲਿਆ ਹੈ, ਬਿਨਾਂ ਪ੍ਰਜਾ ਤੋਂ ਕਿਸੇ ਕਿਸਮ ਦਾ ਟੈਕਸ ਲਗਾਉਣ ਦਾ ਹੱਕ ਨਾ ਹੋਵੇ। ਮਤਲਬ ਇਹ ਹੈ ਕਿ ਪ੍ਰਜਾ ਦਾ ਰੁਪਿਆ ਪ੍ਰਜਾ ਦੀ ਸਲਾਹ ਨਾਲ ਅਤੇ ਪ੍ਰਜਾ ਦੇ ਫ਼ਾਇਦੇ ਦੇ ਵਾਸਤੇ ਹੀ ਖ਼ਰਚ ਹੋਵੇ। ਹਿੰਦੁਸਤਾਨ ਦੇ ਦੇਸ਼ ਭਗਤਾਂ ਨੇ ਵੀ ਆਪਣੀ ਗ਼ਦਰੀ ਤਹਿਰੀਕ ਵਿਚ ਇਸ ਅਸੂਲ ਨੂੰ ਸਭ ਤੋਂ ਜ਼ਰੂਰੀ ਰੱਖਿਆ ਹੈ। ਅਮਰੀਕਨ ਗ਼ਦਰ ਦੀ ਤਹਿਰੀਕ ਨਾਲ ਹਿੰਦੁਸਤਾਨੀਆਂ ਨੇ ਹੋਰ ਵੀ ਬਹੁਤ ਸਾਰੇ ਸਬਕ ਸਿੱਖੇ ਹਨ ਅਤੇ ਹਰ ਤਰ੍ਹਾਂ ਨਾਲ ਇਹੀ ਮਾਲੂਮ ਹੁੰਦਾ ਸੀ ਕਿ ਅਮਰੀਕਾ ਦਾ ਅਸਰ ਹਿੰਦੁਸਤਾਨ ਤੇ ਅੱਛਾ ਹੀ ਹੋਵੇਗਾ।
ਪਰ ਅਪ੍ਰੈਲ ਸੰਨ 1917 ਵਿਚ ਜਦ ਅਮਰੀਕਾ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਸ ਭਿਆਨਕ ਲੜਾਈ ਵਿਚ ਸ਼ਾਮਿਲ ਹੋਇਆ ਤਾਂ ਸਾਰੀ ਦੁਨੀਆ ਦੀ ਰਾਜਨੀਤੀ ਵਿਚ ਬੜੀ ਭਾਰੀ ਹਿੱਲਜੁਲ ਮਚੀ। ਇਸ ਵਾਰਦਾਤ ਦੀ ਹਿੰਦੁਸਤਾਨ ਦੀ ਤਕਦੀਰ ੱਤੇ ਵੀ ਬੁਰਾ ਅਸਰ ਪਵੇਗਾ ਕਿਉਂਕਿ ਇਕ ਪਾਸੇ ਤਾਂ ਅਮਰੀਕਾ ਗੌਰਮਿੰਟ ਦੀ ਬਾਦਸ਼ਾਹੀ ਨੂੰ ਕਾਇਮ ਰੱਖਣ ਵਿਚ ਮਦਦਗਾਰ ਹੋਵੇਗੀ ਅਤੇ ਦੂਜੇ ਪਾਸੇ ਅੰਗਰੇਜ਼ਾਂ ਨੂੰ ਵੀ ਅਮਰੀਕਨ ਸਰਕਾਰ ਦਾ ਹੀ ਨਹੀਂ ਅਮਰੀਕਨ ਪ੍ਰਜਾ ਦਾ ਵੀ ਬਹੁਤ ਲਿਹਾਜ਼ ਰੱਖਣਾ ਪਵੇਗਾ। ਇਸੇ ਵਾਸਤੇ ਅੰਗਰੇਜ਼ੀ ਪ੍ਰਚਾਰਕ ਪਿਛਲੇ ਦੋ ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਹਨ ਕਿ ਹਿੰਦੁਸਤਾਨ ਵਿਚ ਜੋ ਅੰਗਰੇਜ਼ੀ ਰਾਜ ਹੈ, ਉਸ ਨੂੰ ਅਮਰੀਕਨਾਂ ਦੇ ਸਾਹਮਣੇ ਬੜਾ ਸੁੰਦਰ ਜ਼ਾਹਿਰ ਕਰਨ ਅਤੇ ਝੂਠੀਆਂ ਖ਼ਬਰਾਂ ਦੇ ਰਾਹੀਂ ਅਮਰੀਕਨਾਂ ਨੂੰ ਇਹ ਭਰੋਸਾ ਦਿਵਾਈ ਜਾਣ ਕਿ ਹਿੰਦੁਸਤਾਨ ਦੇ ਅੰਗਰੇਜ਼ੀ ਰਾਜ ਤੇ ਹਿੰਦੁਸਤਾਨੀ ਬੜੇ ਖੁਸ਼ ਹਨ ਅਤੇ ਜੋ ਹਿੰਦੁਸਤਾਨੀ ਦੇਸ਼ ਭਗਤ ਅੰਗਰੇਜ਼ੀ ਰਾਜ ਨੂੰ ਬਰਬਾਦ ਕਰਨਾ ਚਾਹੁੰਦੇ ਹਨ, ਉਹ ਠੀਕ ਉਨਤੀ ਦੇ ਦੁਸ਼ਮਣ ਹਨ।
ਹੁਣ ਹਿੰਦੁਸਤਾਨੀਆਂ ਨੇ ਅਰਥਾਤ ਹਿੰਦੁਸਤਾਨੀ ਦੇਸ਼ ਭਗਤਾਂ ਨੇ ਵੀ ਅਮਰੀਕਨ ਯੂਰਪੀਨ ਕੌਮਾਂ ਵਿਚ ਹਿੰਦੁਸਤਾਨ ਦੀ ਬਾਬਤ ਸਹੀ ਖਿਆਲ ਫੈਲਾਉਣ ਦੀ ਪਹਿਲੇ ਤੋਂ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਅੰਗਰੇਜ਼ਾਂ ਦੇ ਵਿਰੁੱਧ ਹਿੰਦੁਸਤਾਨੀਆਂ ਵਿਚ ਹੀ ਪ੍ਰਚਾਰ ਦਾ ਕੰਮ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਕਾਫ਼ੀ ਨਹੀਂ ਹੈ। ਇਹ ਕੰਮ ਠੀਕ ਜ਼ਰੂਰੀ ਹੈ। ਗੱਲ ਕੀ, ਯੂਰਪ ਅਤੇ ਅਮਰੀਕਾ ਵਿਚ ਰਹਿਣ ਵਾਲੇ ਗ਼ਦਰੀਆਂ ਦੇ ਵਾਸਤੇ ਜ਼ਰੂਰੀ ਕੰਮ ਯੂਰਪ ਅਤੇ ਅਮਰੀਕਾ ਵਿਚ ਹਿੰਦੁਸਤਾਨ ਦੀ ਬਾਬਤ ਪ੍ਰਚਾਰ ਕਰਨਾ ਹੈ ਕਿਉਂਕਿ ਦੂਜੀਆਂ ਕੌਮਾਂ ਦੀ ਹਮਦਰਦੀ ਵੀ ਸਾਡੇ ਨਾਲ ਬਹੁਤ ਜ਼ਰੂਰੀ ਹੈ। ਇਸ ਲੜਾਈ ਦੇ ਕਾਰਨ ਹਿੰਦੁਸਤਾਨ ਦੇ ਦੁਸ਼ਮਣ ਹੁਣ ਕੇਵਲ ਅੰਗਰੇਜ਼ ਨਹੀਂ ਹਨ ਸਗੋਂ ਉਹ ਸਾਰੀਆਂ ਤਾਕਤਾਂ ਹਨ ਜੋ ਭਾਵੇਂ ਕਿਸੇ ਕਾਰਨ ਨਾਲ ਅੰਗਰੇਜ਼ਾਂ ਦੀ ਸਹਾਇਤਾ ਕਰਦੀਆਂ ਹਨ। ਫ਼ਰਾਂਸ ਜੰਗ ਤੋਂ ਪਹਿਲੇ ਹਿੰਦੁਸਤਾਨੀ ਗ਼ਦਰੀਆਂ ਦਾ ਸੱਚਾ ਦੋਸਤ ਸੀ। ਅੱਜ ਅੰਗਰੇਜ਼ ਅਤੇ ਫ਼ਰਾਂਸੀਸੀ ਖੂਨ ਦੇ ਗੂੰਦ ਨਾਲ ਜੁੜ ਗਏ ਹਨ। ਇਕੱਲਾ ਹਿੰਦੁਸਤਾਨ ਸਾਰੀ ਦੁਨੀਆਂ ਨਾਲ ਮੁਕਾਬਲਾ ਨਹੀਂ ਕਰ ਸਕਦਾ। ਇਸ ਜੰਗ ਦੇ ਕਾਰਨ ਦੁਨੀਆਂ ਨੂੰ ਪੁਲੀਟੀਕਲ ਬਣਾਉਣ ਵਿਚ ਬੁਨਿਆਦੀ ਫ਼ਰਕ ਪੈ ਗਿਆ ਹੈ। ਯੂਰਪ ਅਤੇ ਅਮਰੀਕਾ ਦੇ ਲੋਕਾਂ ਦੇ ਨਾਲ ਸਮਾਜਿਕ ਸਬੰਧ ਪੈਦਾ ਕਰਨ ਅਤੇ ਹਰ ਤਰ੍ਹਾਂ ਦੀ ਗਹਿਰੀ ਦੋਸਤੀ ਅਤੇ ਜਾਤੀ ਰਿਸ਼ਤੇਦਾਰੀ ਕਾਇਮ ਕਰਨ ਕਿਉਂਕਿ ਜਾਤੀ ਪ੍ਰੇਮ ਬਿਨਾਂ ਗੁਆਂਢੀਆਂ ਦੀ ਮਦਦ ਕੌਣ ਕਰਦਾ ਹੈ। ਜੇ ਅੱਜ ਰੂਸੀ ਅਤੇ ਆਇਰਸ਼ ਲੋਕ ਵੀ ਆਪਣੇ ਪੁਰਾਣੇ ਦਸਤੂਰਾਂ ਦੇ ਉਪਰ ਅੜੇ ਰਹਿੰਦੇ ਅੰਗਰੇਜ਼ੀ ਜ਼ੁਬਾਨ ਤਾਈਂ ਨਾ ਸਿੱਖਦੇ ਅਤੇ ਅਮਰੀਕਨਾਂ ਨਾਲ ਰਿਸ਼ਤੇਦਾਰੀਆਂ ਨਾ ਕਰਦੇ ਤਾਂ ਅਮਰੀਕਾ ਦੇ ਲੋਕ ਕਦੇ ਇਹ ਕੋਸ਼ਿਸ਼ ਆਇਰਲੈਂਡ ਨੂੰ ਅਤੇ ਰੂਸ ਨੂੰ ਆਜ਼ਾਦ ਕਰਾਉਣ ਲਈ ਨਾ ਕਰਦੇ। ਜੋ ਉਨ੍ਹਾਂ ਨੇ ਕੀਤੀ ਹੈ ਅਤੇ ਇਹਦਾ ਫ਼ਲ ਇਹ ਹੈ ਕਿ ਰੂਸ ਨੂੰ ਪੂਰੀ ਆਜ਼ਾਦੀ ਮਿਲ ਗਈ ਹੈ ਅਤੇ ਆਇਰਲੈਂਡ ਨੂੰ ਵੀ ਮਿਲਣ ਵਾਲੀ ਹੈ। ਵਕਤ ਆ ਗਿਆ ਹੈ ਕਿ ਹਿੰਦੁਸਤਾਨੀ ਲੋਕ ਪੰਦਰਵੀਂ ਅਤੇ ਸੋਲ੍ਹਵੀਂ ਸਦੀ ਦੇ ਅਰਥਾਤ ਚਾਰ ਸੋ ਸਾਲ ਦੇ ਪੁਰਾਣੇ ਜੰਗਲੀ ਪੁਣੇ ਨੂੰ ਛੱਡ ਕੇ ਅਕਲਮੰਦ ਜਾਪਾਨੀਆਂ ਰੂਸੀਆਂ ਅਤੇ ਆਇਰਸ਼ਾਂ ਦੀ ਤਰ੍ਹਾਂ ਸਭਿਆ ਕੌਮਾਂ ਦੀ ਬਰਾਬਰੀ ਵਿਚ ਸ਼ਾਮਿਲ ਹੋਣ ਅਸੀਂ ਪਹਿਲੇ ਹੀ ਬਹੁਤ ਪਿੱਛੇ ਹਾਂ ਹੁਣ ਇਕ ਇਕ ਮਿੰਟ ਸਾਡੀ ਤਕਦੀਰ ਦੇ ਵਾਸਤੇ ਬਹੁਤ ਜ਼ਰੂਰੀ ਹੈ ਅਤੇ ਇਸ ਵਾਸਤੇ ਹਿੰਮਤ ਅਤੇ ਦਲੇਰੀ ਦੇ ਨਾਲ ਹਿੰਦੁਸਤਾਨ ਦਾ ਪੁਰਾਣਾ ਅਤੇ ਗਧੇ ਜੰਗਲੀਪੁਣੇ ਦਾ ਜਾਮਾ ਉਤਾਰ ਕੇ ਸੁੱਟ ਦੇਵੋ ਅਤੇ ਨਵੇਂ ਜ਼ਮਾਨੇ ਦੀ ਅਰਥਾਤ ਅਮਰੀਕਨ ਅਤੇ ਯੂਰਪੀਨ ਤਰੀਕੇ ਦੀ ਨਵੀਂ ਤੋਂ ਨਵੀਂ ਪੁਸ਼ਾਕ ਪਹਿਨ ਕੇ ਆਜ਼ਾਦ ਅਤੇ ਸਭਿਆ ਲੋਕਾਂ ਵਿਚ ਸ਼ਾਮਿਲ ਹੋਣ ਅਤੇ ਉਨ੍ਹਾਂ ਦੇ ਉਹ ਤਰੀਕੇ ਸਿੱਖੋ ਕਿ ਜਿਨ੍ਹਾਂ ਤੇ ਅਮਲ ਕਰ ਕੇ ਉਨ੍ਹਾਂ ਨੇ ਆਪਣੇ ਆਪਣੇ ਦੇਸ਼ਾਂ ਨੂੰ ਆਜ਼ਾਦ ਕੀਤਾ। ਹਿੰਦੁਤਸਾਨ ਵਿਚ ਫਿਰ ਐਸਾ ਗ਼ਦਰ ਹੋਵੇਗਾ ਜਿਸ ਨਾਲ ਅੰਗਰੇਜ਼ੀ ਗੌਰਮਿੰਟ ਦੀ ਜੜ੍ਹ ਹਿੰਦੁਸਤਾਨ ਤੋਂ ਉਖੜ ਜਾਵੇਗੀ ਅਤੇ ਹਿੰਦੁਸਤਾਨੀਆਂ ਅਤੇ ਹਿੰਦੁਸਤਾਨ ਵਿਚ ਸੁੱਖ ਅਤੇ ਆਜ਼ਾਦੀ ਦਾ ਸੂਰਜ ਚਮਕੇਗਾ ਅਤੇ ਦੁਨੀਆ ਵਿਚ ਆਜ਼ਾਦੀ ਦਾ ਸੂਰਜ ਚਮਕੇਗਾ।

Exit mobile version