7.2 C
Vancouver
Friday, November 22, 2024

ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ਸਬੰਧੀ ਅਗਲਾ ਫੈਸਲਾ 24 ਜੁਲਾਈ ਨੂੰ

ਸਰੀ, (ਸਿਮਰਨਜੀਤ ਸਿੰਘ): ਜਿਥੇ ਕੈਨੇਡਾ ਦੀ ਮਹਿੰਗਾਈ ਦਰ ਵਿੱਚ ਇੱਕ ਵਾਰ ਫਿਰ ਉਛਾਲ ਵੇਖਣ ਨੂੰ ਮਿਲਿਆ ਹੈ। ਉਥੇ ਹੀ ਹੁਣ ਕੈਨੇਡੀਅਨ ਲੋਕਾਂ ਦੀ ਨਜ਼ਰ 24 ਜੁਲਾਈ ਨੂੰ ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ਸਬੰਧੀ ਲਏ ਜਾਣ ਵਾਲੇ ਅਗਾਮੀ ਫੈਸਲੇ ‘ਤੇ ਟਿਕੀਆਂ ਹਨ। ਸਰਕਾਰੀ ਏਜੰਸੀ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮਈ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਵਧ ਕੇ 2.9 % ਦਰਜ ਕੀਤੀ ਗਈ ਜੋ ਕਿ ਅਪ੍ਰੈਲ ਮਹੀਨੇ 2.7% ਸੀ। ਅਪ੍ਰੈਲ ਮਹੀਨੇ ਘਟ ਹੋਈ ਮਹਿੰਗਾਈ ਦਰ ਤੋਂ ਬਾਅਦ ਹੀ ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕਟੌਤੀ ਦਾ ਫੈਸਲਾ ਕੀਤਾ ਸੀ ਪਰ ਹੁਣ ਦੁਬਾਰਾ ਮਹਿੰਗਾਈ ਦਰ ਵਧਣ ਕਾਰਨ ਲੋਕਾਂ ‘ਚ ਵਿਆਜ਼ ਦਰਾਂ ਨੂੰ ਲੈ ਕੇ ਫਿਰ ਚਰਚਾ ਛਿੜ ਗਈ ਹੈ ਕਿਉਂਕਿ ਜੁਲਾਈ ਮਹੀਨੇ ਹੀ ਬੈਂਕ ਆਫ਼ ਕੈਨੇਡਾ ਵਲੋਂ ਦੁਬਾਰਾ ਵਿਆਜ਼ ਦਰਾਂ ਸਬੰਧੀ ਨਵਾਂ ਫੈਸਲਾ ਲਿਆ ਜਾਣਾ ਹੈ ਪਿਛਲੀ ਵਾਰ ਬੈਂਕ ਆਫ਼ ਕੈਨੇਡਾ ਦੇ ਗਵਰਨਰ ਨੇ ਕਿਹਾ ਸੀ ਕਿ ਵਿਆਜ਼ ਦਰਾਂ ‘ਚ ਕਟੌਤੀ ਮਹਿੰਗਾਈ ਦਰ ‘ਤੇ ਨਿਰਭਰ ਰਹੇਗੀ।
ਮਈ ਮਹੀਨੇ ਮਹਿੰਗਾਈ ਦਰ ਵਧਣ ਦਾ ਕਾਰਨ ਮਹਿੰਗੀਆਂ ਹੋਈਆਂ ਵੱਖ ਵੱਖ ਸੇਵਾਵਾਂ, ਕਿਰਾਇਆਂ ‘ਚ ਹੋਇਆ ਵਾਧਾ, ਟ੍ਰੈਵਲ ਅਤੇ ਹਵਾਈ ਆਵਾਜਾਈ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਦੱਸਿਆ ਗਿਆ ਹੈ। ਪਿਛਲੇ ਸਾਲ ਮਈ ਮਹੀਨੇ ਦੀ ਤੁਲਨਾ ਵਿਚ ਇਸ ਵਾਰ ਮਈ ਮਹੀਨੇ ਦੌਰਾਨ ਟ੍ਰੈਵਲ ਟੂਰ ਦੀਆਂ ਕੀਮਤਾਂ 6.9% ਅਤੇ ਹਵਾਈ ਸਫ਼ਰ ਦੀਆਂ ਕੀਮਤਾਂ 4.5% ਵਧੀਆਂ ਹਨ । ਸੈਲ ਫ਼ੋਨ ਸੇਵਾਵਾਂ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 19.4% ਵਾਧਾ ਦਰਜ ਹੋਇਆ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੀ ਮਹਿੰਗਾਈ ਦਰ ਬਾਰੇ ਰਿਪੋਰਟ 16 ਜੁਲਾਈ ਨੂੰ ਆਉਣੀ ਹੈ ਅਤੇ 24 ਜੁਲਾਈ ਨੂੰ ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ਬਾਰੇ ਅਗਲਾ ਫੈਸਲਾ ਲਿਆ ਜਾਣਾ ਹੈ।

Related Articles

Latest Articles