ਲੇਖਕ : ਸਿਮਰਨਦੀਪ ਕੌਰ ਬੇਦੀ
ਆਲਮੀ ਤਪਸ਼ ਤੋਂ ਅੱਕ ਕੇ ਲੋਕ ਬੇਸਬਰੀ ਨਾਲ ਮੌਨਸੂਨ ਦਾ ਇੰਤਜ਼ਾਰ ਕਰ ਰਹੇ ਸਨ ਪਰ ਜਦ ਮੌਨਸੂਨ ਨੇ ਦਸਤਕ ਦਿੱਤੀ ਤਾਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਾਹਾਕਾਰ ਮਚ ਗਈ। ਪਹਿਲੀ ਬਾਰਿਸ਼ ਨਾਲ ਹੀ ਰਾਜਧਾਨੀ ਦਿੱਲੀ ਪਾਣੀ-ਪਾਣੀ ਹੋ ਗਈ। ਜੇ ਰਾਜਧਾਨੀ ਦਿੱਲੀ ਹੀ ਮੌਨਸੂਨ ਦੀ ਮਾਰ ਨਹੀਂ ਝੱਲ ਸਕਦੀ ਤਾਂ ਫਿਰ ਭਾਰਤ ਦੇ ਬਾਕੀ ਰਾਜਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ?
ਦਿੱਲੀ ਦਾ ਅੰਤਰਰਾਸ਼ਟਰੀ ਇੰਦਰਾ ਗਾਂਧੀ ਏਅਰਪੋਰਟ ਦੁਨੀਆ ਵਿਚ ਮੰਨਿਆ-ਪ੍ਰਮੰਨਿਆ ਹਵਾਈ ਅੱਡਾ ਹੈ ਜਿੱਥੇ ਰੋਜ਼ਾਨਾ 2 ਲੱਖ ਦੇ ਕਰੀਬ ਯਾਤਰੂ ਆਉਂਦੇ-ਜਾਂਦੇ ਹਨ। ਇਸ ਹਵਾਈ ਅੱਡੇ ‘ਤੇ 4 ਰਨਵੇਅ ਤੇ 3 ਟਰਮੀਨਲ ਹਨ। ਪਿਛਲੇ ਦਿਨੀਂ ਇਸ ਹਵਾਈ ਅੱਡੇ ‘ਤੇ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਜਿਸ ਨੇ ਸਭ ਦੇਸ਼ ਵਾਸੀਆਂ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ। ਦਿੱਲੀ ਹਵਾਈ ਅੱਡੇ ਦਾ ਟਰਮੀਨਲ 1 ਮੌਨਸੂਨ ਦੀ ਮਾਰ ਨਾ ਝੱਲ ਸਕਿਆ ਜਿਸ ਕਾਰਨ ਉਸ ਦੀ ਛੱਤ ਡਿੱਗ ਪਈ ਅਤੇ ਇਸ ਦੁਰਘਟਨਾ ਦਾ ਸ਼ਿਕਾਰ ਦਿੱਲੀ ਦਾ ਕਾਰ ਡਰਾਈਵਰ ਰਮੇਸ਼ ਕੁਮਾਰ ਹੋ ਗਿਆ।
ਟਰਮੀਨਲ ਦੀ ਛੱਤ ਡਿੱਗਣ ਨਾਲ ਹੋਰ ਕਈ ਲੋਕ ਜ਼ਖ਼ਮੀ ਵੀ ਹੋ ਗਏ। ਇਹ ਹਾਦਸਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਹ ਸ਼ਹਿਰ ਜਿੱਥੇ ਕੇਂਦਰ ਤੇ ਦਿੱਲੀ ਸਰਕਾਰਾਂ ਦੋਵੇਂ ਹੀ ਮੌਜੂਦ ਹੋਣ, ਉੱਥੇ ਇਸ ਤਰ੍ਹਾਂ ਦੇ ਹਾਦਸਿਆਂ ਦਾ ਵਾਪਰਨਾ ਹਜ਼ਮ ਨਹੀਂ ਹੁੰਦਾ। ਤ੍ਰਾਸਦੀ ਇਹ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਵਿਚ ਵਾਧਾ ਕਰਨ ਦੀ ਬਜਾਏ ਕੇਂਦਰ ਤੇ ਦਿੱਲੀ ਸਰਕਾਰ ਆਪਸੀ ਕਾਟੋ-ਕਲੇਸ਼ ਵਿਚ ਰੁੱਝੀਆਂ ਰਹਿੰਦੀਆਂ ਹਨ।
ਜਦ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਰਕਾਰਾਂ ਕੇਵਲ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਆਪਣਾ ਪੱਲਾ ਝਾੜ ਲੈਂਦੀਆਂ ਹਨ ਜਾਂ ਫਿਰ ਜਾਂਚ ਲਈ ਕਮੇਟੀ ਗਠਿਤ ਕਰ ਦਿੰਦੀਆਂ ਹੈ ਜਿਸ ਦਾ ਕੋਈ ਨਤੀਜਾ ਵੀ ਨਹੀਂ ਨਿਕਲਦਾ ਪਰ ਭਵਿੱਖ ਵਿਚ ਅਜਿਹੇ ਮੰਦਭਾਗੇ ਹਾਦਸੇ ਨਾ ਵਾਪਰਨ, ਉਸ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਜਾਂਦੀ। ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 1 ਸਾਲ 2009 ਵਿਚ ਉਸਾਰਿਆ ਗਿਆ ਸੀ ਪਰ ਪਿਛਲੇ 15 ਸਾਲਾਂ ਤੋਂ ਉਸ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਇਸ ਘਟਨਾ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਇਸ ਦੀ ਤਾਮੀਰ ਕਰਨ ਵਾਲਾ ਗਰੁੱਪ ਵੀ ਜ਼ਿੰਮੇਵਾਰ ਹੈ। ਵੱਡਾ ਸਵਾਲ ਇਹ ਹੈ ਕਿ ਪਿਛਲੇ 15 ਸਾਲਾਂ ਤੋਂ ਟਰਮੀਨਲ 1 ਦੀ ਲੋੜੀਂਦੀ ਮੁਰੰਮਤ ਕਿਉਂ ਨਹੀਂ ਕੀਤੀ ਗਈ। ਸੋ, ਸਰਕਾਰ ਨੂੰ ਅਪੀਲ ਹੈ ਕਿ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਪੁਰਾਣੀਆਂ ਇਮਾਰਤਾਂ ਦੀ ਦੇਖ-ਰੇਖ ਵੱਲ ਧਿਆਨ ਦਿੱਤਾ ਜਾਵੇ ਅਤੇ ਸਮੇਂ-ਸਮੇਂ ‘ਤੇ ਲੋੜ ਮੁਤਾਬਕ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇ। ਜਦ ਪ੍ਰਸ਼ਾਸਨ ਚੰਗੀ ਤਰ੍ਹਾਂ ਵਾਕਫ਼ ਹੈ ਕਿ ਜਨਤਕ ਥਾਵਾਂ ‘ਤੇ ਵਰਤੀ ਅਣਗਹਿਲੀ ਤਬਾਹੀ ਮਚਾ ਸਕਦੀ ਹੈ ਤਾਂ ਪ੍ਰਸ਼ਾਸਨ ਕਿਉਂ ਸੁੱਤਾ ਰਹਿੰਦਾ ਹੈ? ਜਦ ਤੱਕ ਸਰਕਾਰਾਂ ਆਪਸ ਵਿਚ ਇਕ-ਦੂਜੇ ਨੂੰ ਦੋਸ਼ੀ ਠਹਿਰਾਉਂਦੀਆਂ ਰਹਿਣਗੀਆਂ ਤਦ ਤੱਕ ਸਿਸਟਮ ‘ਚ ਸੁਧਾਰ ਨਹੀਂ ਆ ਸਕਦਾ।