ਸਰੀ (ਅਮਨਿੰਦਰ ਸਿੰਘ):ਵੈਨਕੂਵਰ ਵਿੱਚ ਬੀਤੇ ਦਿਨੀਂ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 2 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਇਹ ਹਾਦਸਾ ਵੈਸਟਪੋਰਟ ਰੋਡ ਦੇ ਨੇੜੇ ਰਾਤੀਂ ਕਰੀਬ 11:40 ਵਜੇ ਵਾਪਰਿਆ ਸੀ। ਪੁਲਿਸ ਅਨੁਸਾਰ ਇਹ ਟੱਕਰ ਆਹਮੋ-ਸਾਹਮਣਿਓਂ ਹੋਈ ਸੀ ਯਾਨੀ ਇੱਕ ਗੱਡੀ ਹਾਈਵੇਅ ਦੇ ਉਲਟ ਪਾਸੇ ਜਾ ਰਹੀ ਸੀ। ਪੱਛਮ ਵੱਲ ਨੂੰ ਜਾਂਦੀ ਲੇਨ ਵਿਚ ਇੱਕ ਵਾਹਨ ਪੂਰਬ ਵੱਲ ਨੂੰ ਜਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਪੱਛਮ ਵੱਲ ਜਾਂਦੇ ਵਾਹਨ ਵਿਚ 4 ਭਾਰਤੀ ਨੌਜਵਾਨ ਸਨ ਜੋ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਵਿਚ ਸਨ। ਉਨ੍ਹਾਂ ਵਿਚੋਂ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 20 ਅਤੇ 21 ਸਾਲ ਸੀ।
19 ਅਤੇ 20 ਸਾਲ ਦੀ ਉਮਰ ਦੇ ਦੋ ਹੋਰ ਭਾਰਤੀ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੁਲਿਸ ਦੇ ਅਨੁਸਾਰ, ਪੱਛਮ ਵੱਲ ਜਾਂਦੀਆਂ ਲੇਨਾਂ ਵਿੱਚ ਪੂਰਬ ਵੱਲ ਜਾ ਰਹੇ ਵਾਹਨ ਦੀ ਇਕਲੌਤੀ ਸਵਾਰ ਇੱਕ 26 ਸਾਲਾ ਔਰਤ ਸੀ, ਅਤੇ ਉਹ ਵੀ ਇੱਕ ਵਿਦੇਸ਼ੀ ਨਾਗਰਿਕ ਸੀ। ਔਰਤ ਦੀ ਹਾਲਤ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਗਈ।
ਵੈਸਟ ਵੈਨਕੂਵਰ ਪੁਲਿਸ ਦੇ ਸਾਰਜੈਂਟ ਕ੍ਰਿਸ ਬਿਗਲੈਂਡ ਨੇ ਕਿਹਾ, ਅਜਿਹਾ ਹਾਦਸਾ ਸੱਚਮੁੱਚ ਹਰੇਕ ਮਾਤਾ-ਪਿਤਾ ਲਈ ਸਭ ਤੋਂ ਡਰਾਉਣਾ ਸੁਪਨਾ ਹੁੰਦਾ ਹੈ, ਅਤੇ ਵੈਸਟ ਵੈਨਕੂਵਰ ਪੁਲਿਸ ਵਿਭਾਗ ਇਸ ਦੁਖਦਾਈ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਜਾਂ ਜ਼ਖਮੀ ਹੋਏ ਲੋਕਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ।
ਪੁਲਿਸ ਨੇ ਕਿਹਾ ਕਿ ਪੀੜਤਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪਰਿਵਾਰਾਂ ਦੀ ਗੋਪਨੀਯਤਾ ਲਈ ਉਨ੍ਹਾਂ ਦੇ ਨਾਮ ਜਾਰੀ ਨਹੀਂ ਕੀਤੇ ਜਾਣਗੇ। (Amninder Singh)