1.4 C
Vancouver
Saturday, January 18, 2025

ਵੈਸਟਜੈੱਟ ਦੀ ਹੜ੍ਹਤਾਲ ਕਾਰਨ 1 ਲੱਖ ਤੋਂ ਵੱਧ ਯਾਤਰੀ ਹੋਏ ਪ੍ਰਭਾਵਿਤ

ਔਟਵਾ : ਵੈਸਟਜੈੱਟ ਦੇ ਮਕੈਨਿਕਾਂ ਦੀ ਯੂਨੀਅਨ ਅਤੇ ਏਅਰਲਾਈਨ ਦਰਮਿਆਨ ਆਰਜ਼ੀ ਸਮਝੌਤਾ ਹੋਣ ਤੋਂ ਬਾਅਦ ਮਕੈਨਿਕਾਂ ਦੀ ਹੜਤਾਲ ਸਮਾਪਤ ਹੋ ਗਈ ਹੈ।
ਇਸ ਹੜਤਾਲ ਕਰਕੇ ਕੈਨੇਡਾ ਡੇਅ ਦੇ ਲੌਂਗ ਵੀਕੈਂਡ ਦੇ ਮੌਕੇ ਸੈਂਕੜੇ ਉਡਾਣਾਂ ਰੱਦ ਹੋਈਆਂ ਜਿਸ ਕਰਕੇ ਕਰੀਬ 1 ਲੱਖ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ।
ਵੈਸਟਜੈਟ ਦੇ ਪ੍ਰੈਜ਼ੀਡੈਂਟ ਡਾਇਡੈਰਿਕ ਪੈਨ ਨੇ ਇੱਕ ਬਿਆਨ ਵਿਚ ਕਿਹਾ, ਕੈਨੇਡੀਅਨਜ਼ ਅਤੇ ਸਾਡੀ ਏਅਰਲਾਈਨ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਇਐ, ਇਸ ਕਰਕੇ ਇੱਕ ਤੁਰੰਤ ਹੱਲ੍ਹ ਜ਼ਰੂਰੀ ਸੀ।
ਪੈਨ ਨੇ ਦੱਸਿਆ ਕਿ ਆਰਜ਼ੀ ਇਕਰਾਰਨਾਮੇ ਦੀ ਮਨਜ਼ੂਰੀ ਅਸਫਲ ਹੋਣ ਦੀ ਸਥਿਤੀ ਵਿਚ ਵੀ ਦੋਵੇਂ ਪਾਰਟੀ ਸਮਝੌਤਾ ਤਿਆਰ ਕਰਨ ਸਬੰਧੀ ਆਰਬਿਟ੍ਰੇਸ਼ਨ ਲਈ ਸਹਿਮਤ ਹਨ, ਇਸ ਕਰਕੇ ਇਸ ਸਬੰਧ ਵਿਚ ਅੱਗੇ ਕੋਈ ਹੋਰ ਹੜਤਾਲ ਨਹੀਂ ਹੋਵੇਗੀ। ਕਰੀਬ 670 ਵੈਸਟਜੈੱਟ ਮਕੈਨਿਕਾਂ ਦੀ ਨੁਮਾਇੰਦਗੀ ਕਰਦੀ ਏਅਰਕ੍ਰਾਫਟ ਮਕੈਨਿਕਸ ਫ਼੍ਰੇਟਰਨਲ ਐਸੋਸੀਏਸ਼ਨ ਨੇ ਕਿਹਾ ਕਿ ਸਮਝੌਤੇ ਵਿਚ ਉਨ੍ਹਾਂ ਦੀਆਂ ਮੌਜੂਦਾ ਕੰਮਕਾਜ ਦੀਆਂ ਸ਼ਰਤਾਂ ਵਿਚ ਕਾਫ਼ੀ ਸੁਧਾਰ ਕੀਤੇ ਗਏ ਹਨ।
ਸਮਝੌਤੇ ਵਿਚ ਤਨਖ਼ਾਹਾਂ ਵਿਚ 15.5% ਦਾ ਫ਼ੌਰੀ ਵਾਧਾ, ਅਗਲੇ ਸਾਲ ਤਨਖ਼ਾਹ ਵਿਚ 3.25% ਵਾਧਾ ਅਤੇ ਅਗਲੇ ਤਿੰਨ ਸਾਲਾਂ ਵਿਚ ਹਰ ਸਾਲ 2.5% ਦਾ ਵਾਧਾ ਸ਼ਾਮਲ ਹੈ।
ਸ਼ੁੱਕਰਵਾਰ ਨੂੰ ਸ਼ੁਰੂ ਹੋਈ ਹੜਤਾਲ ਕਾਰਨ ਸੈਕੜੇ ਉਡਾਣਾਂ ਰੱਦ ਹੋਈਆਂ ਜਿਸ ਕਰਕੇ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਘੜਮੱਸ ਦੀ ਸਥਿਤੀ ਬਣ ਗਈ ਸੀ। ਕੋਈ ਅਗਲੀ ਉਡਾਣ ਲਈ ਸੀਟ ਲੱਭ ਰਿਹਾ ਸੀ ਤਾਂ ਕੋਈ ਰਿਫ਼ੰਡ ਲਈ ਜੱਦੋ-ਜਿਹਦ ਕਰ ਰਿਹਾ ਸੀ।
ਇੱਕ ਬਿਆਨ ਵਿਚ ਵੈਸਟਜੈਟ ਨੇ ਦੱਸਿਆ ਸੀ ਕਿ ਹੜਤਾਲ ਕਰਕੇ ਉਨ੍ਹਾਂ ਦੀਆਂ 832 ਉਡਾਣਾਂ ਰੱਦ ਹੋ ਚੁੱਕੀਆਂ ਸਨ ਜਿਸ ਵਿਚ ਕਰੀਬ 100,000 ਯਾਤਰੀ ਪ੍ਰਭਾਵਿਤ ਹੋਏ ਸਨ। ਏਅਰਲਾਈਨ ਨੇ ਦੱਸਿਆ ਕਿ ਇਸ ਹੜਤਾਲ ਨੇ ਜਿਸ ਪੱਧਰ ਤੱਕ ਪੂਰੇ ਸੰਚਾਲਨ ਨੂੰ ਪ੍ਰਭਾਵਿਤ ਕੀਤਾ ਹੈ, ਉਸਨੂੰ ਪੂਰੀ ਤਰ੍ਹਾਂ ਨਾਲ ਹਵਾਈ ਸੇਵਾਵਾਂ ਬਹਾਲ ਕਰਨ ਵਿਚ ਕੁਝ ਸਮਾਂ ਲੱਗੇਗਾ।

Related Articles

Latest Articles