-0.3 C
Vancouver
Saturday, January 18, 2025

ਤਨਮਨ ਢੇਸੀ ਤੇ ਪ੍ਰੀਤ ਗਿੱਲ ਸਣੇ ਕਿਹੜੇ ਪੰਜਾਬੀ ਉਮੀਦਵਾਰ ਪਹੁੰਚ ਰਹੇ ਯੂਕੇ ਦੀ ਪਾਰਲੀਮੈਂਟ ਵਿੱਚ

ਲੇਬਰ ਪਾਰਟੀ 14 ਸਾਲਾਂ ਬਾਅਦ ਬ੍ਰਿਟੇਨ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਲੇਬਰ ਪਾਰਟੀ ਨੇ ਸਰਕਾਰ ਬਣਾਉਣ ਲਈ ਲੋੜੀਂਦੀਆਂ 326 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ।

ਕੀਅਰ ਸਟਾਰਮਰ ਦੀ ਅਗਵਾਈ ਵਿੱਚ ਲੇਬਰ ਪਾਰਟੀ 1997 ਤੋ ਬਾਅਦ ਸਭ ਤੋਂ ਵੱਡੀ ਜਿੱਤ ਵੱਲ ਵਧ ਰਹੀ ਹੈ।

ਲੇਬਰ ਪਾਰਟੀ ਨੇ ਹੁਣ ਤੱਕ 410 ਸੀਟਾਂ ਜਿੱਤੀਆਂ ਹਨ ਜਦਕਿ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਹੁਣ ਤੱਕ ਸਿਰਫ਼ 119 ਸੀਟਾਂ ਹੀ ਜਿੱਤ ਸਕੀ ਹੈ।

ਲੇਬਰ ਪਾਰਟੀ ਦੇ ਕੀਰ ਸਟਾਰਮਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਸਟਾਰਮਰ ਨੂੰ 2020 ਵਿੱਚ ਜੇਰੇਮੀ ਕੋਰਬੀਨ ਦੀ ਥਾਂ ਲੈ ਕੇ ਲੇਬਰ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਸੀ।

ਇਨ੍ਹਾਂ ਚੋਣਾਂ ਵਿੱਚ ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਲਈ ਨੁਮਾਇੰਦੇ ਚੁਣੇ ਗਏ ਹਨ। ਹਾਊਸ ਆਫ਼ ਕਾਮਨਜ਼ ਦੀਆਂ 650 ਸੀਟਾਂ ਹਨ।

ਇਨ੍ਹਾਂ ਚੋਣਾਂ ਵਿੱਚ ਕਈ ਪੰਜਾਬੀ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਹੈ।

ਯੂਕੇ ਚੋਣਾਂ ਦੇ ਅਹਿਮ ਜੇਤੂ ਪੰਜਾਬੀ ਉਮੀਦਵਾਰ

ਸਲੋਹ ਤੋਂ ਲੇਬਰ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਉਰਫ਼ ਤਨ ਢੇਸੀ ਜੇਤੂ ਰਹੇ ਹਨ। ਉਨ੍ਹਾਂ ਨੂੰ 14,666 ਅਤੇ ਦੂਜੇ ਨੰਬਰ ਉੱਤੇ ਰਹੇ ਅਜ਼ਾਦ ਉਮੀਦਵਾਰ ਅਜ਼ਹਰ ਕੋਹਨ ਨੂੰ 11,019 ਵੋਟਾਂ ਮਿਲੀਆਂ। ਇੱਥੇ ਕੰਜ਼ਰਵੇਟਿਵ ਉਮੀਦਵਾਰ ਮੋਨੀ ਕੌਰ ਨੰਦਾ ਤੀਜੇ ਨੰਬਰ ਉੱਤੇ ਰਹੇ।

ਬਰਮਿੰਘਮ ਅਜਬੈਸਟਨ ਤੋਂ ਲੇਬਰ ਉਮੀਦਵਾਰ ਪ੍ਰੀਤ ਗਿੱਲ ਜੇਤੂ ਰਹੇ ਹਨ। ਉਨ੍ਹਾਂ ਨੂੰ 16,599 ਅਤੇ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਅਸ਼ਵੀਰ ਸੰਘਾ ਨੂੰ 8,231 ਵੋਟਾਂ ਮਿਲੀਆਂ।

ਫੇਲਥਾਮ ਅਤੇ ਹੇਸਟੋਨ ਤੋਂ ਲੇਬਰ ਉਮੀਦਵਾਰ ਸੀਮਾ ਮਲਹੋਤਰਾ ਜੇਤੂ ਰਹੇ ਹਨ। ਉਨ੍ਹਾਂ ਨੂੰ 16,139 ਵੋਟਾਂ ਜਦਕਿ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਰਿਵਾ ਗੁੱਡੀ ਨੂੰ 8,195 ਵੋਟਾਂ ਮਿਲੀਆਂ। ਇੱਥੋਂ ਰਿਫੌਰਮ ਪਾਰਟੀ ਦੇ ਪ੍ਰਭਦੀਪ ਸਿੰਘ 5,130 ਵੋਟਾਂ ਲੈ ਕੇ ਤੀਜੇ ਨੰਬਰ ਉੱਤੇ ਰਹੇ।

ਸਾਊਥ ਵੈਸਟ ਹਰਟਫੋਰਡਸ਼ਾਇਰ ਤੋਂ ਕੰਜ਼ਰਵੇਟਿਵ ਉਮੀਦਵਾਰ ਗਗਨ ਮੋਹਿੰਦਰਾ ਜੇਤੂ ਰਹੇ ਹਨ। ਉਨ੍ਹਾਂ ਨੂੰ 16,458 ਅਤੇ ਦੂਜੇ ਨੰਬਰ ਉੱਤੇ ਰਹੇ ਲਿਬਰਲ ਡੈਮੋਕਰੇਟ ਪਾਰਟੀ ਦੇ ਸੈਲੀ ਸਿਿਮੰਗਟਨ ਨੂੰ 12,002 ਵੋਟਾਂ ਪਈਆਂ। ਲੇਬਰ ਪਾਰਟੀ ਇੱਥੇ ਤੀਜੇ ਨੰਬਰ ਉੱਤੇ ਰਹੀ।

ਗੁਰਿੰਦਰ ਸਿੰਘ ਜੋਸਨ, ਜੋ ਕਿ ਸਮਥਵਿਕ ਤੋਂ ਲੇਬਰ ਉਮੀਦਵਾਰ ਸਨ, ਜੇਤੂ ਰਹੇ ਹਨ। ਉਨ੍ਹਾਂ ਨੂੰ 16,858 ਵੋਟਾਂ ਪਈਆਂ। ਜਦਕਿ ਦੂਜੇ ਨੰਬਰ ਉੱਤੇ ਰਹਿਣ ਵਾਲੇ ਰਿਫੌਰਮ ਯੂਕੇ ਪਾਰਟੀ ਦੇ ਪੇਟੇ ਡਿਰਨੈਲ ਨੂੰ 5,670 ਵੋਟਾਂ ਪਈਆਂ।

ਡੁਡਲੇ ਤੋਂ ਲੇਬਰ ਉਮੀਦਵਾਰ ਸੋਨੀਆ ਕੁਮਾਰ ਜੇਤੂ ਰਹੇ ਹਨ। ਉਨ੍ਹਾਂ ਨੂੰ 12,215 ਵੋਟਾਂ ਪਈਆਂ ਜਦਕਿ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਮਾਰਕੋ ਲੋਂਘੀ ਨੂੰ 10,315 ਵੋਟਾਂ ਪਈਆਂ।

ਇਲਫੋਰਡ ਸਾਊਥ ਤੋਂ ਲੇਬਰ ਉਮੀਦਵਾਰ ਜੱਸ ਅਠਵਾਲ ਜੇਤੂ ਰਹੇ ਹਨ। ਉਨ੍ਹਾਂ ਨੂੰ 16,537 ਵੋਟਾਂ ਪਈਆਂ ਜਦਕਿ ਦੂਜੇ ਨੰਬਰ ਉੱਤੇ ਰਹਿਣ ਵਾਲੇ ਅਜ਼ਾਦ ਉਮੀਦਵਾਰ ਨੂਰ ਬੇਗਮ ਨੂੰ 9,643 ਵੋਟਾਂ ਪਈਆਂ। ਇੱਥੇ ਕੰਜ਼ਰਵੇਟਿਵ ਪਾਰਟੀ ਤੀਜੇ ਨੰਬਰ ਉੱਤੇ ਰਹੀ।

ਸਾਊਥੈਂਪਟਨ ਟੈਸਟ ਤੋਂ ਲੇਬਰ ਉਮੀਦਵਾਰ ਸਤਵੀਰ ਕੌਰ ਜੇਤੂ ਰਹੇ ਹਨ। ਉਨ੍ਹਾਂ ਨੂੰ 15,945 ਵੋਟਾਂ ਪਈਆਂ ਜਦਕਿ ਦੂਜੇ ਨੰਬਰ ਉੱਤੇ ਰਹੇ ਕੰਜ਼ਰਵੇਟਿਵ ਉਮੀਦਵਾਰ ਬੈਨ ਬਰਕੰਬਫਾਇਲਰ 6,612 ਵੋਟਾਂ ਲੈ ਸਕੇ।

ਹਡਰਸਫੀਲਡ ਤੋਂ ਲੇਬਰ ਉਮੀਦਵਾਰ ਹਰਪ੍ਰੀਤ ਉੱਪਲ ਜੇਤੂ ਰਹੇ ਹਨ। ਉਨ੍ਹਾਂ ਨੂੰ 15,101 ਅਤੇ ਦੂਜੇ ਨੰਬਰ ਉੱਤੇ ਰਹੇ ਗਰੀਨ ਪਾਰਟੀ ਦੇ ਐਂਡਰਿਊ ਕੂਪਰ ਨੂੰ 10,568 ਵੋਟਾਂ ਪਈਆਂ। ਕੰਜ਼ਰਵੇਟਿਵ ਪਾਰਟੀ ਇੱਥੇ ਵੀ ਤੀਜੇ ਨੰਬਰ ਉੱਤੇ ਰਹੀ।

ਵੁਲਵਰਹੈਂਪਟਨ ਵੈਸਟ ਤੋਂ ਲੇਬਰ ਉਮੀਦਵਾਰ ਵਰਿੰਦਰ ਜੱਸ ਜੇਤੂ ਰਹੇ ਹਨ। ਉਨ੍ਹਾਂ ਨੂੰ 19,331 ਜਦਕਿ ਕੰਜ਼ਰਵੇਟਿਵ ਉਮੀਦਵਾਰ ਮਾਈਕ ਨਿਊਟਨ ਨੂੰ 11,463 ਵੋਟਾਂ ਮਿਲੀਆਂ।

ਤਨਮਨਜੀਤ ਸਿੰਘ ਢੇਸੀ

ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਨੂੰ ਤਨ ਢੇਸੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਯੂਕੇ ਦੇ ਪਹਿਲੇ ਦਸਤਾਰਧਾਰੀ ਐੱਮਪੀ ਹਨ।

ਉਹ 2017 ਤੋਂ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਐੱਮਪੀ ਹਨ ਅਤੇ ਸੁਨਕ ਸਰਕਾਰ ਵਿੱਚ 2023 ਤੋਂ ਸ਼ੈਡੋ ਨਿਰਯਾਤ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।

ਬ੍ਰਿਟੇਨ ਵਿੱਚ ਸਰਕਾਰ ਦੇ ਬਰਾਬਰ ਵਿਰੋਧੀ ਧਿਰ ਦੀ ਵੀ ਇੱਕ ਕੈਬਨਿਟ ਹੁੰਦੀ ਹੈ, ਜਿਸ ਨੂੰ ਸ਼ੈਡੋ ਕੈਬਨਿਟ ਜਾਂ ਪਰਛਾਵਾਂ ਕੈਬਨਿਟ ਕਿਹਾ ਜਾਂਦਾ ਹੈ। ਇਸ ਕੈਬਨਿਟ ਦੇ ਮੰਤਰੀ ਬਾਰੀਕੀ ਨਾਲ ਸਬੰਧਿਤ ਵਿਭਾਗਾਂ ਦੇ ਕੰਮਕਾਜ ਉੱਤੇ ਨਿਗ੍ਹਾ ਰੱਖਦੇ ਹਨ।

ਉਹ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਚੇਅਰ ਵਜੋਂ ਕੰਮ ਕਰ ਰਹੇ ਹਨ ਅਤੇ ਉਹ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਲਈ ਮੁਹਿੰਮ ਦੀ ਅਗਵਾਈ ਕਰ ਰਹੇ ਹਨ।

ਹੁਣ 2024 ਦੀਆਂ ਆਮ ਚੋਣਾਂ ਵਿੱਚ ਵੀ ਲੇਬਰ ਪਾਰਟੀ ਨੇ ਸਲੋਹ ਤੋਂ ਤਨਮਨਜੀਤ ਸਿੰਘ ਢੇਸੀ ਨੂੰ ਉਮੀਦਵਾਰ ਚੁਣਿਆ ਸੀ ਅਤੇ ਉਹ ਜੇਤੂ ਰਹੇ ਹਨ।

ਤਨਮਨਜੀਤ ਸਿੰਘ ਢੇਸੀ ਪੰਜਾਬ ਦੇ ਜਲੰਧਰ ਤੋਂ ਹਨ। ਨੌਂ ਸਾਲ ਦੀ ਉਮਰ ਵਿੱਚ ਇੰਗਲੈਂਡ ਆਉਣ ਤੋਂ ਪਹਿਲਾਂ ਤਨ ਢੇਸੀ ਨੇ ਮੁੱਢਲੀ ਪੜ੍ਹਾਈ ਪੰਜਾਬ ਤੋਂ ਹੀ ਕੀਤੀ ਹੈ।

ਢੇਸੀ ਨੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਮੈਨੇਜਮੈਂਟ ਸਟੱਡੀਜ਼ ਦੇ ਨਾਲ ਗਣਿਤ ਵਿੱਚ ਬੈਚਲਰ ਡਿਗਰੀ ਪ੍ਰਾਪਤ ਕੀਤੀ। ਔਕਸਫੋਰਡ ਯੂਨੀਵਰਸਿਟੀ ਵਿੱਚ ਅਪਲਾਈਡ ਸਟੇਟਿਸਟਿਕਸ ਅਤੇ ਕੈਮਬ੍ਰਿਜ ਤੋਂ ਦੱਖਣੀ ਏਸ਼ੀਆ ਦੇ ਇਤਿਹਾਸ ਵਿੱਚ ਐਮ.ਫਿਲ. ਕੀਤੀ ਹੈ।

2007 ਵਿੱਚ ਤਨਮਨਜੀਤ ਸਿੰਘ ਢੇਸੀ ਨੇ ਗ੍ਰੇਵਸ਼ਮ ਤੋਂ ਕੌਂਸਲਰ ਬਣ ਕੇ ਸਿਆਸਤ ਵਿੱਚ ਪੈਰ ਰੱਖਿਆ ਸੀ। 2011 ਵਿੱਚ ਉਹ ਗ੍ਰੇਵਸ਼ਮ ਦੇ ਮੇਅਰ ਬਣੇ।

2017 ਦੀਆਂ ਆਮ ਚੋਣਾਂ ਵਿੱਚ ਉਹ ਸਲੋਹ ਹਲਕੇ ਤੋਂ ਲੜ੍ਹੇ ਅਤੇ 17,000 ਦੀ ਬਹੁਮਤ ਨਾਲ ਸਾਂਸਦ ਚੁਣੇ ਗਏ। ਸਾਲ 2019 ਦੀਆਂ ਆਮ ਚੋਣਾਂ ਵਿੱਚ ਉਹ ਦੂਜੀ ਵਾਰ ਸਲੋਹ ਤੋਂ ਸਾਂਸਦ ਚੁਣੇ ਗਏ ਸਨ।

ਪ੍ਰੀਤ ਕੌਰ ਗਿੱਲ

ਪ੍ਰੀਤ ਕੌਰ ਗਿੱਲ ਲੇਬਰ ਪਾਰਟੀ ਤੋਂ ਪੰਜਾਬੀ ਮੂਲ ਦੇ ਬ੍ਰਿਿਟਸ਼ ਸਿਆਸਤਦਾਨ ਹਨ। ਉਹ 2017 ਤੋਂ ਬਰਮਿੰਘਮ ਤੇ ਏਜਬਸਟਨ ਲਈ ਐੱਮਪੀ ਹਨ। ਉਹ ਯੂਕੇ ਦੀ ਸੰਸਦ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਹਨ।

2024 ਦੀਆਂ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਉਹ ਵਿਰੋਧੀ ਧਿਰ ਦੀ ਕੈਬਨਿਟ (ਸ਼ੈਡੋ ਕੈਬਨਿਟ) ਵਿੱਚ ਪ੍ਰਾਇਮਰੀ ਕੇਅਰ ਅਤੇ ਪਬਲਿਕ ਹੈਲਥ ਮੰਤਰੀ ਸਨ।

ਦਿ ਟ੍ਰਿਿਬਊਨ ਦੀ ਇੱਕ ਰਿਪੋਰਟ ਮੁਤਾਬਕ ਪ੍ਰੀਤ ਕੌਰ ਗਿੱਲ ਜਲੰਧਰ ਦੇ ਪਿੰਡ ਜਮਸ਼ੇਰ ਤੋਂ ਹਨ। ਉਨ੍ਹਾਂ ਦੇ ਪਿਤਾ ਇੰਗਲੈਂਡ ਦੇ ਪਹਿਲੇ ਗੁਰਦੁਆਰੇ, ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਹਨ।

ਪ੍ਰੀਤ ਕੌਰ ਗਿੱਲ ਸਿਆਸਤ ਵਿੱਚ ਆਉਣ ਦਾ ਸਿਹਰਾ ਆਪਣੇ ਪਿਤਾ ਸਿਰ ਦਿੰਦੇ ਹਨ।

ਪ੍ਰੀਤ ਕੌਰ ਗਿੱਲ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਈਸਟ ਲੰਡਨ ਤੋਂ ਸੋਸ਼ਲ ਵਰਕ ਦੇ ਨਾਲ ਸਮਾਜ ਸ਼ਾਸਤਰ ਵਿੱਚ ਬੀਐੱਸਸੀ ਦੀ ਡਿਗਰੀ ਹਾਸਲ ਕੀਤੀ। ਗਰੈਜੂਏਸ਼ਨ ਮਗਰੋਂ ਉਹ ਲੰਮਾ ਸਮਾਂ ਸਮਾਜਿਕ ਕੰਮਾਂ ਵਿੱਚ ਲੱਗੇ ਰਹੇ।

ਸੰਸਦ ਵਿੱਚ ਆਉਣ ਤੋਂ ਪਹਿਲਾਂ ਉਹ ਕੌਂਸਲਰ ਬਣੇ ਅਤੇ ਪਬਲਿਕ ਹੈਲਥ ਅਤੇ ਪ੍ਰੋਟੈਕਸ਼ਨ ਦੇ ਕੈਬਨਿਟ ਮੈਂਬਰ ਵੀ ਰਹੇ।

2017 ਦੀਆਂ ਆਮ ਚੋਣਾਂ ਵਿੱਚ ਪ੍ਰੀਤ ਕੌਰ ਗਿੱਲ ਨੂੰ ਲੇਬਰ ਪਾਰਟੀ ਵਲੋਂ ਬਰਮਿੰਘਮ ਏਜਬਸਟਨ ਤੋਂ ਉਮੀਦਵਾਰ ਵਜੋਂ ਚੁਣਿਆ ਗਿਆ। ਉਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਬਰਮਿੰਘਮ ਏਜਬਸਟਨ ਤੋਂ ਐੱਮਪੀ ਬਣੇ। 2017 ਵਿੱਚ ਉਹ ਗ੍ਰਹਿ ਮਾਮਲਿਆਂ ਦੀ ਚੋਣ ਕਮੇਟੀ ਦੇ ਮੈਂਬਰ ਵੀ ਚੁਣੇ ਗਏ।

ਜਨਵਰੀ 2018 ਵਿੱਚ ਉਨ੍ਹਾਂ ਨੂੰ ਸ਼ੈਡੋ ਕੈਬਨਿਟ ਵਿੱਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। 2019 ਦੀਆਂ ਆਮ ਚੋਣਾਂ ਵਿੱਚ ਉਹ ਦੁਬਾਰਾ ਬਰਮਿੰਘਮ ਏਜਬਸਟਨ ਤੋਂ ਐੱਮਪੀ ਬਣੇ। 2020 ਵਿੱਚ, ਉਨ੍ਹਾਂ ਨੂੰ ਪੈਚਵਰਕ ਫਾਊਂਡੇਸ਼ਨ ਦੁਆਰਾ ‘ਐਮਪੀ ਆਫ਼ ਦੀ ਈਅਰ’ ਚੁਣਿਆ ਗਿਆ ਸੀ।

ਪ੍ਰੀਤ ਕੌਰ ਗਿੱਲ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਉਹ ਕੋ-ਓਪ੍ਰੇਟਿਵ ਪਾਰਟੀ ਪਾਰਲੀਮੈਂਟਰੀ ਗਰੁੱਪ ਆਫ਼ ਐੱਮਪੀਸ ਦੇ ਚੇਅਰ ਵਜੋਂ ਸੇਵਾ ਨਿਭਾ ਰਹੇ ਹਨ। ਹੁਣ ਉਹ 2024 ਦੀਆਂ ਆਮ ਚੋਣਾਂ ਵਿੱਚ ਇੱਕ ਵਾਰ ਫਿਰ ਬਰਮਿੰਘਮ ਏਜਬਸਟਨ ਤੋਂ ਐੱਮਪੀ ਦੀ ਚੋਣ ਲੜ੍ਹੇ ਅਤੇ ਜਿੱਤ ਪ੍ਰਾਪਤ ਕੀਤੀ।

ਸੀਮਾ ਮਲਹੋਤਰਾ

ਸੀਮਾ ਮਲਹੋਤਰਾ 2011 ਤੋਂ ਲੇਬਰ ਪਾਰਟੀ ਵੱਲੋਂ ਫੇਲਥਾਮ ਅਤੇ ਹੇਸਟੋਨ ਲਈ ਸੰਸਦ ਮੈਂਬਰ ਹਨ, 6,203 ਦੀ ਬਹੁਮਤ ਨਾਲ ਜਿੱਤ ਕੇ ਉਹ ਸੰਸਦ ਵਿੱਚ ਪਹੁੰਚੇ।

ਸੀਮਾ ਮਲਹੋਤਰਾ ਪੰਜਾਬੀ ਮੂਲ ਦੇ ਹਨ। ਲੇਬਰ ਪਾਰਟੀ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਸੀਮਾ ਦਾ ਜਨਮ ਹੈਮਰਸਮਿਥ ਹਸਪਤਾਲ ਵਿੱਚ ਹੋਇਆ ਸੀ। ਉਹ ਹੇਸਟਨ ਇਨਫੈਂਟਸ ਸਕੂਲ ਗਏ, ਜਿੱਥੇ ਉਨ੍ਹਾਂ ਦੀ ਮਾਂ ਨੇ ਵੀ ਪੜ੍ਹਾਇਆ।

ਸਾਲ 2023 ਵਿੱਚ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਸ਼ੈਡੋ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ।

ਹੁਣ 2024 ਦੀਆਂ ਆਮ ਚੋਣਾਂ ਵਿੱਚ ਸੀਮਾ ਮਲਹੋਤਰਾ ਨੇ ਫੇਲਥਾਮ ਅਤੇ ਹੇਸਟੋਨ ਹਲਕੇ ਤੋਂ ਸੰਸਦ ਮੈਂਬਰ ਵਜੋਂ ਚੋਣ ਜਿੱਤ ਲਈ ਹੈ।

ਗਗਨ ਮੋਹਿੰਦਰਾ

ਗਗਨ ਮੋਹਿੰਦਰਾ ਕੰਜ਼ਰਵੇਟਿਵ ਪਾਰਟੀ ਤੋਂ ਪੰਜਾਬੀ ਮੂਲ ਦੇ ਬ੍ਰਿਿਟਸ਼ ਸਿਆਸਤਦਾਨ ਹਨ। ਉਹ 2019 ਤੋਂ ਸਾਊਥ ਵੈਸਟ ਹਰਟਫੋਰਡਸ਼ਾਇਰ ਲਈ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਉਹ ਸਤੰਬਰ 2023 ਤੋਂ ਸਹਾਇਕ ਸਰਕਾਰੀ ਵ੍ਹਿਪ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਸਾਲ 2017 ਵਿੱਚ ਉਹ ਏਸੇਕਸ ਕਾਉਂਟੀ ਕੌਂਸਲ ਵਿੱਚ ਚੁਣੇ ਗਏ ਸਨ। 2010 ਆਮ ਚੋਣਾਂ ਵਿੱਚ ਮੋਹਿੰਦਰਾ ਨੇ ਨੋਰਥ ਟਾਇਨਸਾਈਡ ਹਲਕੇ ਤੋਂ ਚੋਣ ਲੜੀ ਸੀ। ਫਿਰ 2019 ਦੀਆਂ ਆਮ ਚੋਣਾਂ ਵਿੱਚ ਉਹ ਸਾਊਥ ਵੈਸਟ ਹਰਟਫੋਰਡਸ਼ਾਇਰ ਤੋਂ ਸੰਸਦ ਮੈਂਬਰ ਚੁਣੇ ਗਏ।

ਸਾਲ 2019 ਵਿੱਚ ਭਾਰਤੀ ਮੂਲ ਦੇ ਕਈ ਉਮੀਦਵਾਰਾਂ ਨੇ ਚੋਣਾਂ ਲੜੀਆਂ ਸਨ ਅਤੇ ਗਗਨ ਮੋਹਿੰਦਰਾ ਵੀ ਉਨ੍ਹਾਂ ਵਿੱਚੋਂ ਇੱਕ ਸਨ।

2022 ਵਿੱਚ ਗਗਨ ਮੋਹਿੰਦਰਾ ਨੂੰ ਉਸ ਵੇਲੇ ਦੇ ਗ੍ਰਹਿ ਸਕੱਤਰ ਦੇ ਸੰਸਦੀ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਸੀ।

ਹੁਣ 2024 ਦੀਆਂ ਆਮ ਚੋਣਾਂ ਵਿੱਚ ਉਹ ਮੁੜ ਸਾਊਥ ਵੈਸਟ ਹਰਟਫੋਰਡਸ਼ਾਇਰ ਹਲਕੇ ਤੋਂ ਐੱਮਪੀ ਦੀ ਚੋਣ ਜਿੱਤ ਗਏ ਹਨ।

Related Articles

Latest Articles