ਅੱਜ ਤਾਣਕੇ ਲੰਮੀਆਂ ਨੂੰ , ਸਦਾ ਲਈ ਸੌਂ ਗਿਆ ਸ਼ੇਰ ਪੰਜਾਬੀ ।
ਪੰਥਕ ਫ਼ੁਲਵਾੜੀ ਦੇ , ਝੰਉਂ ਗਏ ਸੱਜਰੇ ਫ਼ੁੱਲ ਗੁਲਾਬੀ ।
ਪਾਏ ਵੈਣ ਬੁਲਬੁਲਾਂ ਨੇ , ਬਾਗ ‘ਚੋਂ ਕੀਤਾ ਕੂਚ ਬਹਾਰਾਂ ।
ਔਹ ਮੌਤ ਦੀ ਸੇਜ ਉਤੇ , ਜਾਕੇ ਸੌਂ ਗਈਆਂ ਸਰਕਾਰਾਂ ।
ਕੱਢ ਅਟਕਾਂ ਸੀਨੇ ‘ਚੋਂ , ਜਿਸਨੇ ਅਟਕਾਂ ਨੂੰ ਅਟਕਾਇਆ ।
ਜਿਹਦੇ ਵੀਰ ਯੋਧਿਆਂ ਨੇ , ਕੇਸਰੀ ਜਾ ਜਮਰੌਦ ਝੁਲਾਇਆ ।
ਸਿੰਘ ਬਾਜ਼ਾਂ ਦੇ ਸਾਹਵੇਂ ਜਾਪਦੇ ਮੁਗਲ ਪਠਾਨ ਗੁਟਾਰਾਂ ।
ਔਹ ਮੌਤ ਦੀ ਸੇਜ ਉਤੇ ,
ਉਸ ਵੀਰ ਬਹਾਦਰ ਨੇ , ਜਦ ਵੀ ਕੀਤੀ ਕਿਤੇ ਚੜ੍ਹਾਈ ।
ਗੁਰੂ ਬਖਸ਼ਿਸ਼ ਦਾ ਸਦਕਾ , ਹਰ ਥਾਂਹ ਫਤਹਿ ਓਸ ਨੇ ਪਾਈ ।
ਰਣ ਦੇ ਉਸ ਜੇਤੂੰ ਨੇ , ਜ਼ਿੰਦਗੀ ਵਿਚ ਨਾ ਤੱਕੀਆਂ ਹਾਰਾਂ ।
ਔਹ ਮੌਤ ਦੀ ਸੇਜ ਉਤੇ ,
ਭਾਵੇਂ ਉਹ ਅਨਪੜ੍ਹ ਸੀ , ਪਰ ਸੀ ਯਾਦ ਬੜੀ ਗੁਰਬਾਨੀ ।
ਮਾਂ ਵਿਰਲਾ ਜੰਮਦੀ ਏ , ਐਸਾ ਭਗਤ ਸੂਰਮਾ ਦਾਨੀ ।
ਉਹਦੀ ਮੌਤ ਉਤੇ ਕੇਰੇ , ਹੰਝੂ ਸਭ ਸਿੰਘਾਂ ਸਰਦਾਰਾਂ ,
ਔਹ ਮੌਤ ਦੀ ਸੇਜ ਉਤੇ ,
ਖਾ ਪੱਥਰ ਬੱਚਿਆਂ ਤੋਂ , ਵੰਡੀਆਂ ਜਿਸ ਸੋਨੇ ਦੀਆਂ ਮੋਹਰਾਂ ।
ਅੱਜ ਚੜ੍ਹੀ ਪੰਗ ਦੀਆਂ , ਕੱਟੀਆਂ ਮੌਤ ਡੈਣ ਨੇ ਡੋਰਾਂ ।
ਉਹਦੀ ਮੌਤ ਉਤੇ ਬਾਲ਼ੇ , ਘਿਉ ਦੇ ਦੀਵੇ ਘਰੀਂ ਗ਼ਦਾਰਾਂ ।
ਅੱਜ ਮੌਤ ਦੀ ਸੇਜ ਉਤੇ ,
ਉਸ ਸ਼ੇਰ ਪੰਜਾਬੀ ਦਾ , ਮਿਲਦਾ ਨਾ ਇਤਹਾਸ ‘ਚ ਹਾਣੀ ।
ਨਿਰਦੋਸ਼ ਮਨੁੱਖਤਾ ਵੀ , ਰੋਈ ਬਣ ਬੱਦਲਾਂ ਦਾ ਪਾਣੀ ।
ਸਿਰ ਤੇ ਚੁੱਕ ਗੰਢੜੀ ਨੂੰ , ਲੈਣੀਆਂ ਕਿਸ ਬੁੱਢਿਆਂ ਦੀਆਂ ਸਾਰਾਂ ।
ਔਹ ਮੌਤ ਦੀ ਸੇਜ ਉਤੇ , ਸਦਾ ਲਈ ਸੌਂ ਗਈਆਂ ਸਰਕਾਰਾਂ ।
ਲੇਖਕ “ ਲਲਤ-ਪਦਾ ਛੰਦ