7.8 C
Vancouver
Friday, November 22, 2024

ਦੁਨੀਆਂ ਦਾਰੀ

ਦੁਨੀਆਂ ਦਾਰੀ ਵਿੱਚ ਹਰ ਬੰਦਾ,

ਅਪਣਾ ਫ਼ਾਇਦਾ ਲੱਭੇ ।

ਸੌ ਦੇ ਚੱਕਰ ਵਿੱਚ ਪੈ ਜਾਵੇ,

ਜਦ ਬਣ ਜਾਵਣ ਨੱਬੇ ।

ਰੂਪ ਜਵਾਨੀ ਅਤੇ ਸੁਹੱਪਣ,

ਮੂੰਹ ਧੋਇਆਂ ਨਹੀਂ ਲਹਿੰਦਾ,

ਇਕਨਾਂ ਨੂੰ ਨਾ ਜਚਦਾ ਰੇਸ਼ਮ,

ਇਕ ਨੂੰ ਖੱਦਰ ਫੱਬੇ ।

ਗੁਣਗੀਣਾਂ ਖਾਵਣ ਵਾਲੇ ਨੂੰ,

ਫ਼ਰਕ ਨਹੀਂ ਕੁੱਝ ਪੈਂਦਾ,

ਢਿਡੀਂ ਪੀੜਾਂ ਹੋਵਣ ਜੀਹਨੇ,

ਕੱਚੇ ਛੋਲੇ ਚੱਬੇ ।

ਨੰਦਾ ਨੌਂ ਦਿਨ, ਨੰਦੇ ਦੇ ਨੌਂ,

ਲੇਖਾ ਇੱਕੋ ਜੇਹਾ,

ਮੰਜੀ ‘ਤੇ ਸਿਰ ਕਿਧਰੇ ਕਰ ਲਓ,

ਲੱਕ ਆਉਂਦਾ ਏ ਗੱਭੇ ।

ਖ਼ੌਰੇ ਇਸ ਨੂੰ ਕਿਹੜਾ ਦੁੱਖ ਹੈ,

ਕਿਸ ਗੱਲ ਦਾ ਪਛਤਾਵਾ,

ਯਾਰੋ ਇਸ ਨੂੰ ਪਿਆਰ ਕਰੋ ਜੇ,

ਕਿਤੇ ‘ਦੀਵਾਨਾ’ ਲੱਭੇ ।

ਲੇਖਕ : ਇਕਬਾਲ ਦੀਵਾਨਾ

Related Articles

Latest Articles