6.3 C
Vancouver
Sunday, January 19, 2025

ਉਦਾਸ ਹੁੰਦੀ ਐ

ਜਦ ਵੀ ਮਿਲਦੀ ..ਬਿਖ਼ਰੀ ਮਿਲਦੀ

ਜਿਉਂ ਟੁੱਟੀ ਲਗ਼ਰ ਉਦਾਸ ਹੁੰਦੀ ਐ

ਨਾ ਸਾਲਾਂ ਤੋਂ  ਦੇਖੀ ਸੀਰਤ ਉਸਦੀ

ਉਂਝ  ਹਰ ਦਮ  ਪਾਸ ਹੁੰਦੀ ਐ

ਜਦ ਵੀ ਮਿਲਦੀ ਬਿਖ਼ਰੀ ਮਿਲਦੀ………

ਮਰ ਕੇ ਵੀ ਵੱਖ ਨਹੀਂ ਸੀ ਹੋਣਾ

ਨਜ਼ਰ ਕਲਿਹਣੀ ਤੋੜ ਗਈ ਸਾਨੂੰ

ਅਰਸ਼ੋ ਲਾਹ ਜਵਾਂ ਤਾਰਿਆਂ ਵਾਂਗੂੰ

ਹੰਝੂਆਂ ਦੇ ਵਿੱਚ ਰੋੜ ਗਈ ਸਾਨੂੰ

ਜਿਉਂ  ਬੇਗ਼ਮ ਦੇ ਪੱਤਿਆਂ ਬਾਝੋਂ

ਬੇਕਦਰ ਅਧੂਰੀ ਤਾਸ਼ ਹੁੰਦੀ ਐ

ਜਦ ਵੀ ਮਿਲਦੀ ਬਿਖ਼ਰੀ ਮਿਲਦੀ……..

ਕਿੱਥੇ ਹੈ ਕਿਸ ਹਾਲ  ਪਤਾ ਨਹੀਂ

ਨਾ ਹੁਣ ਖਬਰ ਹਵਾਵਾਂ ਦਿੰਦੀਆਂ

ਝਲਕ ਦਿਖੇ  ਬਸ ਸੁਪਨੇ ਵਿੱਚ ਹੀ

ਉਂਝ ਵੱਖਰੀਆਂ ਰਾਹਵਾਂ ਹੁੰਦੀਆਂ

ਵਾਂਗ ਪਰਾਇਆਂ ਬੇਚੈਨ ਦਿਸੇ

ਉਹ ਰੂਹ ਮੇਰੇ ਲਈ ਖਾਸ਼ ਹੁੰਦੀ ਐ

ਜਦ ਵੀ ਮਿਲਦੀ ਬਿਖ਼ਰੀ ਮਿਲਦੀ……..

ਸੀ ਰੂਪ ਮਤਾਬੀ  ਨੈਣ ਸ਼ਬਾਬੀ

ਸੀਰਤ ਪਰੀਆਂ ਤੋਂ ਪਿਆਰੀ

ਦਿਲਕਸ਼ ਸਤਰੰਗੀ  ਲਿਸ਼ਕੋਰ ਜਿਹੀ

ਮਨ ਮੋਹਣੀ ਹਰ ਅਦਾ ਨਿਆਰੀ

ਪਾਕਿ ਇਬਾਦਤ ਪਹੁ ਫੁੱਟਦੇ ਦੀ

ਰੂਹ ਦੀ ਜਿਉਂ ਅਰਦਾਸ ਹੁੰਦੀ ਐ

ਜਦ ਮਿਲਦੀ ਬਿਖ਼ਰੀ ਮਿਲਦੀ……..

ਅਸੀਂ ਤਾਂ ਕੁੱਝ ਵਫ਼ਾ ਦੇ ਵਾਅਦੇ

ਉਮਰਾਂ ਨਾਲ਼ ਨਿਭਾਉਂਦੇ ਜਾਣਾ

ਇਸ਼ਕ ਇਬਾਦਤ ਕਰਦੇ ” ਬਾਲੀ “

,ਲਿਖਦੇ “ਰੇਤਗੜੵ” ਗਾਉਂਦੇ ਜਾਣਾ

ਚਿੱਤ ਅਸੀਂ ਨਾ ਚੇਤੇ ਉਸਦੇ

ਪਰ ਉਹ ਸਾਡੇ ਜਿਗਰ ਦਾ ਮਾਸ ਹੁੰਦੀ ਐ

ਜਦ ਵੀ ਮਿਲਦੀ ਬਿਖ਼ਰੀ ਮਿਲਦੀ…….

ਜਿਉਂ ਟੁੱਟੀ ਲਗ਼ਰ ਉਦਾਸ ਹੁੰਦੀ ਐ….

ਲੇਖਕ : ਬਲਜਿੰਦਰ ਸਿੰਘ ” ਬਾਲੀ ਰੇਤਗੜ੍ਹ”  919465129168

Related Articles

Latest Articles