10.9 C
Vancouver
Wednesday, May 14, 2025

ਨਾਕਾਮੀਆਂ

ਕੰਧਾਂ ਉੱਤੇ ਲਿਿਖਆ, ਪੜ੍ਹਿਆ ਨਾ ਗਿਆ,

ਹੱਡ ਬੀਤੀ ਦਾ ਦੁੱਖ ਵੀ, ਜਰਿਆ ਨਾ ਗਿਆ।

ਸੁਪਨੇ ਸੀ ਬੜੇ, ਪਰ ਸਾਕਾਰ ਨਾ ਹੋਏ,

ਤਾਬੀਰ ਦਾ ਦਰਸ ਵੀ, ਕਰਿਆ ਨਾ ਗਿਆ।

ਨਾ ਅੱਖਰ ਹੀ ਜੁੜੇ, ਨਾ ਬੰਦ ਹੀ ਬਣੇ,

ਪਿਆਰ ਦਾ ਕੋਈ ਗੀਤ, ਘੜਿਆ ਨਾ ਗਿਆ।

ਨਾ ਬਣੀ ਤਹਿਰੀਰ, ਕੋਈ ਮਨ ਭਾਉਂਦੀ,

ਬਹਿਰ ਦਾ ਲੜ ਕੋਈ, ਫੜਿਆ ਨਾ ਗਿਆ।

ਲਹਿਰਾਂ ‘ਤੇ ਛੱਲਾਂ ਦੇ, ਬੜੇ ਝੱਲੇ ਦੁਫੇੜੇ,

‘ਤੇ ਕਿਨਾਰੇ ਤਰਫ਼ ਕਦੀ, ਤਰਿਆ ਨਾ ਗਿਆ।

ਸ਼ਿਕਸ਼ਤਾਂ ਦੀਆਂ ਕੰਧਾਂ, ਦਰ ਕੰਧਾਂ ਹੀ ਮਿਲੀਆਂ,

ਮੰਜ਼ਿਲ ‘ਤੇ ਪੈਰ ਕਦੀ, ਧਰਿਆ ਨਾ ਗਿਆ।

ਕਈ ਤਰੀਕੇ ‘ਤੇ ਹਰਬੇ, ਲੱਖ ਵਰਤ ਕੇ ਦੇਖੇ,

ਕਾਮਯਾਬੀ ਦਾ ਕੋਈ ਪੌਡਾ, ਚੜ੍ਹਿਆ ਨਾ ਗਿਆ।

ਤੀਲੇ ‘ਤੇ ਡੱਖੇ ਕਈ, ਰੱਖ ਬੁਣ ਕੇ ਤੱਕੇ,

ਸਿਰ ਢਕਣ ਲਈ ਆਲ੍ਹਣਾ, ਸਰਿਆ ਨਾ ਗਿਆ।

ਚੜ੍ਹਦੀਆਂ ‘ਤੇ ਢਹਿੰਦੀਆਂ, ਸੋਚਾਂ ਦੇ ਸਹਾਰੇ,

ਰਿਸ਼ਤਾ ਸਫਲਤਾਵਾਂ ਨਾਲ, ਵਰਿਆ ਨਾ ਗਿਆ।

ਕੰਧਾਂ ਉੱਤੇ ਲਿਿਖਆ, ਪੜ੍ਹਿਆ ਨਾ ਗਿਆ,

ਹੱਡ ਬੀਤੀ ਦਾ ਦੁੱਖ ਵੀ, ਜਰਿਆ ਨਾ ਗਿਆ।

ਲੇਖਕ  : ਰਵਿੰਦਰ ਸਿੰਘ ਕੁੰਦਰਾ

ਕਵੈਂਟਰੀ ਯੂ ਕੇ

Related Articles

Latest Articles