ਚੰਡੀਗੜ੍ਹ : ਪੰਜਾਬ ਵਿਚ ਨਸ਼ੇੜੀ ਹੁਣ ‘ਮੁਫ਼ਤ ਦੀ ਗੋਲੀ’ ਦੇ ਸ਼ੌਂਕ ’ਤੇ ਲੱਗ ਗਏ ਹਨ। ਸਿਹਤ ਵਿਭਾਗ ਵੱਲੋਂ ਖੋਲ੍ਹੇ ਓਟ ਕਲੀਨਿਕਾਂ ਵਿਚ ਲੱਖਾਂ ਨੌਜਵਾਨ ਆ ਰਹੇ ਹਨ ਪਰ ਉਨ੍ਹਾਂ ਵਿੱਚੋਂ ਨਸ਼ਾ ਛੱਡਣ ਵਾਲੇ ਟਾਵੇਂ ਹੀ ਹਨ। ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕੇਂਦਰਾਂ ਵਿੱਚੋਂ ਲੰਘੇ ਸਾਢੇ ਪੰਜ ਵਰ੍ਹਿਆਂ ਵਿੱਚ 127.64 ਕਰੋੜ ਗੋਲੀਆਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ ਜਿਸ ’ਤੇ ਕਰੀਬ 550 ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਸਰਕਾਰ ਵੱਲੋਂ 282.51 ਕਰੋੜ ਰੁਪਏ ਪੰਜ ਵਰ੍ਹਿਆਂ ਵਿਚ ਬੁਪਰੋਨੋਰਫਿਨ ਜੋ ਮੁਫ਼ਤ ਦੀ ਗੋਲੀ ਵਜੋਂ ਮਸ਼ਹੂਰ ਹੈ, ’ਤੇ ਖ਼ਜ਼ਾਨੇ ਵਿੱਚੋਂ ਖ਼ਰਚ ਕੀਤੇ ਜਾ ਚੁੱਕੇ ਹਨ।
ਪੰਜਾਬ ’ਚ ਨਸ਼ੇੜੀਆਂ ਵੱਲੋਂ ਟੀਕੇ ਲਗਾ ਕੇ ਨਸ਼ਾ ਲਏ ਜਾਣ ਨਾਲ ਹੋਈਆਂ ਮੌਤਾਂ ਦੇ ਕੇਸ ਸਾਹਮਣੇ ਆਏ ਤਾਂ ਸਰਕਾਰ ਨੇ ਓਟ ਕਲੀਨਿਕਾਂ ਵਿੱਚ ਨਸ਼ਾ ਛੱਡਣ ਵਾਲੀ ਦਵਾਈ ਮੁਫ਼ਤ ਦੇਣੀ ਸ਼ੁਰੂ ਕੀਤੀ ਸੀ ਜਿਸ ਵਿਚ ਬੁਪਰੋਨੋਰਫਿਨ ਗੋਲੀ ਮੁੱਖ ਹੈ। ਸ਼ੁਰੂ ਵਿੱਚ ਓਟ ਕਲੀਨਿਕਾਂ ਵਿੱਚ ਇਹ ਗੋਲੀ ਡਾਕਟਰਾਂ ਦੀ ਹਾਜ਼ਰੀ ਵਿੱਚ ਨਸ਼ੇੜੀ ਨੂੰ ਦਿੱਤੀ ਜਾਂਦੀ ਸੀ। ਮਗਰੋਂ ਹਫ਼ਤੇ-ਹਫ਼ਤੇ ਦੀ ਦਵਾਈ ਇਕੱਠੀ ਦਿੱਤੀ ਜਾਣ ਲੱਗੀ। ਫੇਰ ਨਸ਼ੇੜੀ ਗੋਲੀ ਨੂੰ ਅੱਗੇ ਬਲੈਕ ਵਿੱਚ ਵੇਚਣ ਲੱਗੇ। ਪ੍ਰਾਈਵੇਟ ਕੇਂਦਰਾਂ ਦਾ ਇਹ ਵਪਾਰ ਚੰਗਾ ਨਿਖਰਨ ਲੱਗਿਆ ਹੈ।
ਪੰਜਾਬ ਵਿੱਚ ਇਸ ਵੇਲੇ 529 ਸਰਕਾਰੀ ਓਟ ਕਲੀਨਿਕ, ਨਸ਼ਾ ਛੁਡਾਊ ਕੇਂਦਰ ਹਨ ਜਦੋਂਕਿ 2019 ਵਿੱਚ ਇਨ੍ਹਾਂ ਦੀ ਗਿਣਤੀ 193 ਸੀ। 2019 ਵਿੱਚ ਪ੍ਰਾਈਵੇਟ ਕੇਂਦਰ 105 ਸਨ, ਜਿਹੜੇ ਹੁਣ 177 ਹੋ ਗਏ ਹਨ। ਓਟ ਕਲੀਨਿਕਾਂ ਦੇ ਬਾਹਰ ਹਫ਼ਤੇ ਵਿੱਚੋਂ ਛੇ ਦਿਨ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ।
ਪੰਜਾਬ ਵਿਚ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। ਓਟ ਕਲੀਨਿਕਾਂ ਅਤੇ ਕੇਂਦਰਾਂ ’ਚ ਨਸ਼ੇੜੀਆਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਮਾਹਿਰ ਆਖਦੇ ਹਨ ਕਿ ਨਸ਼ੇੜੀਆਂ ਦੇ ਇਲਾਜ ਲਈ ਜੋ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਉਸ ਨਾਲ ਨਸ਼ੇੜੀ ਨਸ਼ਿਆਂ ਵਿੱਚੋਂ ਬਾਹਰ ਤਾਂ ਆਉਂਦੇ ਹਨ ਪਰ ਕਈ ਵਾਰ ਨਸ਼ੇੜੀ ਇਸ ਗੋਲੀ ਦੀ ਚਾਟ ’ਤੇ ਲੱਗ ਜਾਂਦੇ ਹਨ। ਸੂਤਰ ਦੱਸਦੇ ਹਨ ਕਿ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ’ਤੇ ਲੱਗ ਗਏ ਹਨ ਅਤੇ ਮੁਫ਼ਤ ਦੀ ਗੋਲੀ ਹੁਣ ਮਾਰਕੀਟ ਵਿੱਚ ਵੇਚੀ ਵੀ ਜਾਣ ਲੱਗੀ ਹੈ। ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਅੰਕੜਾ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਲੰਘੇ ਸਵਾ ਛੇ ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ ਪਰ ਇਨ੍ਹਾਂ ਵਿੱਚੋਂ ਸਿਰਫ਼ 4106 ਨਸ਼ੇੜੀਆਂ ਨੇ ਹੀ ਨਸ਼ਾ ਛੱਡਿਆ। 26 ਅਕਤੂਬਰ 2017 ਤੋਂ ਨਸ਼ਾ ਛੁਡਾਊ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖਿਆ ਜਾਣ ਲੱਗਿਆ ਹੈ। ਤਾਜ਼ਾ ਵੇਰਵਿਆਂ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਗੋਲੀਆਂ ’ਤੇ 2019 ਵਿੱਚ 20.97 ਕਰੋੜ, ਜਦੋਂਕਿ 2023 ਵਿੱਚ 85.95 ਕਰੋੜ ਰੁਪਏ ਖਰਚੇ ਗਏ। ਸਰਕਾਰ ਔਸਤਨ ਰੋਜ਼ਾਨਾ 23.54 ਲੱਖ ਰੁਪਏ ਨਸ਼ੇੜੀਆਂ ’ਤੇ ਖ਼ਰਚ ਰਹੀ ਹੈ। ਸਰਕਾਰ ਜਨਵਰੀ 2019 ਤੋਂ ਜੂਨ 2024 ਤੱਕ 46.73 ਕਰੋੜ ਬੁਪਰੋਨੋਰਫਿਨ ਗੋਲੀ ਦੀ ਸਪਲਾਈ ਕਰ ਚੁੱਕੀ ਹੈ। ਉਧਰ, ਪ੍ਰਾਈਵੇਟ ਕੇਂਦਰਾਂ ਵੱਲੋਂ ਇਨ੍ਹਾਂ ਸਾਢੇ ਪੰਜ ਵਰ੍ਹਿਆਂ ਵਿੱਚ 80.91 ਕਰੋੜ ਗੋਲੀਆਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦਾ ਕਹਿਣਾ ਸੀ ਕਿ ਓਟ ਕਲੀਨਿਕਾਂ ਦੀ ਦਵਾਈ ਨਾਲ ਟੀਕਿਆਂ ਜ਼ਰੀਏ ਨਸ਼ਾ ਲੈਣ ਨੂੰ ਠੱਲ੍ਹ ਪਈ ਹੈ ਅਤੇ ਜਾਨੀ ਨੁਕਸਾਨ ਘਟਿਆ ਹੈ। ਇਸ ਨਾਲ ਕਾਲਾ ਪੀਲੀਆ ਵਗ਼ੈਰਾ ਦਾ ਪਸਾਰ ਵੀ ਘਟਿਆ ਹੈ।
ਗੋਲੀ ਦੀ ਦੁਰਵਰਤੋਂ ਫੌਰੀ ਰੋਕਣ ਦੀ ਮੰਗ ਉਠੀ
ਲੋਕਾਂ ਦਾ ਕਹਿਣਾ ਹੈ ਕਿ ਓਟ ਕਲੀਨਿਕਾਂ ਵਿੱਚ ਮਿਲਦੀ ਗੋਲੀ ਦੀ ਦੁਰਵਰਤੋਂ ਵਧ ਗਈ ਹੈ ਅਤੇ ਇਸ ਗੋਲੀ ਦੀ ਵਿਕਰੀ ਹੋਣ ਲੱਗੀ ਹੈ। ਬਹੁਤੇ ਨਸ਼ੇੜੀ ਤਾਂ ਹੁਣ ਗੋਲੀ ਨੂੰ ਟੀਕੇ ਨਾਲ ਲੈਣ ਲੱਗੇ ਹਨ। ਲੋਕਾਂ ਮੰਗ ਕੀਤੀ ਕਿ ਇਸ ਦੀ ਦੁਰਵਰਤੋਂ ਫ਼ੌਰੀ ਰੋਕੀ ਜਾਣੀ ਚਾਹੀਦੀ ਹੈ।
ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਬਾਰੇ ਅੰਕੜੇ
ਪੰਜਾਬ ਪੁਲਿਸ ਦੇ ਅੰਕੜਿਆਂ ਮੁੁਤਾਬਕ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੀ ਓਵਰਡੋਜ਼ ਕਾਰਨ ਕਥਿਤ ਤੌਰ ਤੇ ਲਗਭਗ 242 ਮੌਤਾਂ ਹੋਈਆਂ ਹਨ।
ਜਦੋਂਕਿ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ 144 ਸਨ, ਜਦਕਿ ਰਾਜਸਥਾਨ ਵਿੱਚ 117 ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਈਆਂ ਜੋ ਦੂਸਰੇ ਸਥਾਨ ‘ਤੇ ਸੀ।
ਐੱਨਸੀਆਰਬੀ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 2022 ਵਿੱਚ ਦੇਸ਼ ਵਿੱਚ ਕੁੱਲ 737 ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਰਜ ਕੀਤੀਆਂ ਗਈਆਂ ਸਨ।
ਇਸੇ ਤਰ੍ਹਾਂ ਇਸ ਕੇਂਦਰੀ ਏਜੰਸੀ ਦੇ ਅੰਕੜਿਆਂ ਮੁੁਤਾਬਕ ਸਾਲ 2021 ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਲਗਭਗ 737 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਦਕਿ ਪੰਜਾਬ 78 ਮੌਤਾਂ ਨਾਲ ਤੀਜੇ ਸਥਾਨ ‘ਤੇ ਸੀ।
ਪੰਜਾਬ ਪੁਲਿਸ ਮੁਤਾਬਿਕ ਸੂਬੇ ਵਿਚ ਸਾਲ 2022 ਵਿਚ 168 ਡਰੱਗ ਓਵਰਡੋਜ਼ ਨਾਲ ਮੌਤਾਂ ਹੋਈਆਂ ਤੇ 2023 ਵਿਚ ਕੁਲ 66 ਮੌਤਾਂ ਹੋਈਆਂ ਹਨ।
ਆਪ’ ਸਰਕਾਰ ਦੌਰਾਨ ਕਿੰਨਾ ਨਸ਼ਾ ਫੜਿਆ ਗਿਆ
ਪੰਜਾਬ ਪੁਲਿਸ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਾਰਚ 2022 ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਆਉਣ ਤੋਂ ਬਾਅਦ 2100 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ।
ਪੰਜਾਬ ਨੇ ਨਸ਼ਿਆਂ ਨਾਲ ਸਬੰਧਤ 23483 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਹਨ ਅਤੇ 32000 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਕੁੱਲ ਨਸ਼ੀਲੇ ਪਦਾਰਥਾਂ ਦੇ 87% ਕੇਸ ਗੈਰ-ਵਪਾਰਕ ਮਾਤਰਾ ਨਾਲ ਸਬੰਧਤ ਦਰਜ ਕੀਤੇ ਗਏ ਸਨ, ਜਦਕਿ ਵਪਾਰਕ ਮਾਤਰਾ ਦੇ ਸਬੰਧ ਵਿੱਚ 2861 ਕੇਸ ਦਰਜ ਕੀਤੇ ਗਏ ਸਨ।
ਇਹ ਅੰਕੜੇ ਅੱਗੇ ਦੱਸਦੇ ਹਨ ਕਿ ਪੁਲਿਸ ਨੇ ‘ਆਪ’ ਸਰਕਾਰ ਦੇ ਸ਼ਾਸਨ ਦੌਰਾਨ ਲਗਭਗ 1800 ਕਿਲੋਗ੍ਰਾਮ ਅਫੀਮ, 14.5 ਕਰੋੜ ਗੋਲੀਆਂ, ਕੈਪਸੂਲ ਜਾਂ ਟੀਕੇ ਜ਼ਬਤ ਕੀਤੇ ਹਨ। ਪੰਜਾਬ ਨੇ 355 ਨਸ਼ਿਆਂ ਦੇ ਕੇਸਾਂ ਵਿੱਚ 142 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ, ਜਦੋਂ ਕਿ 31 ਕੇਸਾਂ ਵਿੱਚ ਸਮਰੱਥ ਅਧਿਕਾਰੀ ਕੋਲ 26 ਕਰੋੜ ਰੁਪਏ ਦੀ ਜਾਇਦਾਦ ਬਕਾਇਆ ਪਈ ਹੈ। ਦਿਲਚਸਪ ਗੱਲ ਇਹ ਹੈ ਕਿ ਨਸ਼ੇ ਦੇ ਮਾਮਲਿਆਂ ਵਿੱਚ 2500 ਤੋਂ ਵੱਧ ਲੋਕ ਭਗੌੜੇ ਜਾਂ ਫਰਾਰ ਹਨ।