-0.3 C
Vancouver
Saturday, January 18, 2025

ਰਿਪਬਲੀਕਨ ਪਾਰਟੀ ਵੱਲੋਂ ਰਸਮੀ ਤੌਰ ‘ਤੇ ਡੋਨਲਡ ਟਰੰਪ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਨਾਮਜ਼ਦ

ਜੇ.ਡੀ.ਵੈਂਸ ਉੱਪ-ਰਾਸ਼ਟਰਪਤੀ ਲਈ ਉਮੀਦਵਾਰ ਨਾਮਜ਼ਦ, ਟਰੰਪ ਨੂੰ ਰਿਪਬਲੀਕਨ ਪਾਰਟੀ ਵਿਚਲੇ ਸਾਰੇ ਵਿਰੋਧੀਆਂ ਨੇ ਦਿੱਤੀ ਹਿਮਾਇਤ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਰਿਪਬਲੀਕਨ ਪਾਰਟੀ ਨੇ ਇਸ ਸਾਲ ਦੇ ਅੰਤ ਵਿਚ ਹੋ ਰਹੀਆਂ ਆਮ ਚੋਣਾਂ ਲਈ ਰਸਮੀ ਤੌਰ ‘ਤੇ ਆਪਣੇ ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਦੇ ਅਹੁੱਦਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਮਿਲਵੌਕੀ (ਵਿਸਕਾਨਸਿਨ) ਵਿਚ ਹੋਈ ਰਾਸ਼ਟਰੀ ਕਨਵੈਨਸ਼ਨ ਵਿਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਉਹੀਓ ਰਾਜ ਦੇ ਪ੍ਰਤੀਨਿੱਧ ਜੇ ਡੀ ਵੈਂਸ ਉੱਪ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਉੱਪ ਰਾਸ਼ਟਰਪਤੀ ਦੇ ਅਹੁੱਦੇ ਲਈ ਵੈਂਸ ਦੇ ਹੱਕ ਵਿਚ ਹਨ ਜਿਸ ਤੋਂ ਬਾਅਦ ਵੈਂਸ ਨੂੰ ਨਾਮਜ਼ਦ ਕੀਤਾ ਜਾਣਾ ਨਿਸ਼ਚਤ ਸਮਝਿਆ ਜਾ ਰਿਹਾ ਸੀ। 39 ਸਾਲਾ ਵੈਂਸ ਇਕ ਨੌਜਵਾਨ ਸੈਨੇਟਰ ਹਨ ਤੇ ਕੰਜ਼ਰਵੇਟਿਵ ਪਾਰਟੀ ਵਿਚ ਉਨਾਂ ਦਾ ਪੂਰਾ ਮਾਣ ਸਨਮਾਣ ਹੈ।

ਡੋਨਲਡ ਟਰੰਪ ਉਪਰ ਪੈਨਸਿਲਵਾਨੀਆ ਰਾਜ ਵਿਚ ਬਟਲਰ ਵਿਖੇ ਹੋਈ ਰੈਲੀ ਦੌਰਾਨ ਹੋਏ ਹਮਲੇ ਦੇ ਦੋ ਦਿਨਾਂ ਬਾਅਦ ਪਾਰਟੀ ਵੱਲੋਂ ਉਨਾਂ ਦੀ ਰਸਮੀ ਤੌਰ ‘ਤੇ ਉਮੀਦਵਾਰ ਵਜੋਂ ਚੋਣ ਕੀਤੀ ਗਈ ਹੈ। ਇਸ ਹਮਲੇ ਵਿਚ ਉਹ ਵਾਲ ਵਾਲ ਬਚ ਗਏ ਸਨ ਤੇ ਇਕ ਗੋਲੀ ਉਨਾਂ ਦੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ। ਹਮਲੇ ਉਪਰੰਤ ਟਰੰਪ ਨੇ ਅਮਰੀਕੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਟਰੰਪ ਦੇ ਨਾਂ ‘ਤੇ ਪਾਰਟੀ ਉਮੀਦਵਾਰ ਵਜੋਂ ਮੋਹਰ ਲਾਏ ਜਾਣ ਤੋਂ ਪਹਿਲਾਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੈਨੇਟਰ ਟਿਮ ਸਕਾਟ ਸਾਊਥ ਕੈਰੋਲੀਨਾ ਨੇ ਕਿਹਾ ਕਿ ” ਜੇਕਰ ਸ਼ਨਿਚਰਵਾਰ ਦੀ ਘਟਨਾ ਤੋਂ ਪਹਿਲਾਂ ਤੁਸੀਂ ਚਮਤਕਾਰ ਵਿਚ ਵਿਸ਼ਵਾਸ਼ ਨਹੀਂ ਰਖਦੇ ਸੀ ਤਾਂ ਹੁਣ ਵਿਸ਼ਵਾਸ਼ ਕਰਨ ਲਈ ਉਚਿੱਤ ਸਮਾਂ ਹੈ।” ਸਕਾਟ ਨੇ ਸ਼ਨਿਚਰਵਾਰ ਹੋਈ ਰੈਲੀ ਜਿਸ ਵਿਚ ਟਰੰਪ ਉਪਰ ਗੋਲੀਆਂ ਚਲਾਈਆਂ ਗਈਆਂ ਸਨ, ਦਾ ਹਵਾਲਾ ਦਿੰਦਿਆਂ ਕਿਹਾ ” ਸਾਡਾ ਰੱਬ ਅਜੇ ਵੀ ਸਾਨੂੰ ਬਚਾ ਰਿਹਾ ਹੈ, ਉਹ ਸਾਡੇ ਉਪਰ ਬਖਸ਼ਿਸ਼ਾਂ ਕਰ ਰਿਹਾ ਹੈ।” ਉਨਾਂ ਕਿਹਾ ”ਸ਼ਨਿਚਰਵਾਰ ਨੂੰ ਇਕ ਸ਼ੈਤਾਨ ਪੈਨਸਿਲਵਾਨੀਆ ਰਾਈਫਲ ਲੈ ਕੇ ਆਇਆ ਪਰੰਤੂ ਅਮਰੀਕੀ ਸ਼ੇਰ ਮੁੜ ਆਪਣੇ ਪੈਰਾਂ ਉਪਰ ਖੜਾ ਹੋ ਗਿਆ ਹੈ ਤੇ ਉਹ ਦਹਾੜ ਰਿਹਾ ਹੈ।” ਆਪਣਾ ਨਾਂ ਵਾਪਿਸ ਲੈਣ ਤੋਂ ਪਹਿਲਾਂ ਸਕਾਟ ਨੇ ਵੀ ਰਾਸ਼ਟਰਪਤੀ ਵਜੋਂ ਸੰਭਾਵੀ ਉਮੀਦਵਾਰ ਵਜੋਂ ਆਪਣੀ ਮੁਹਿੰਮ ਚਲਾਈ ਸੀ ਤੇ ਉਸ ਸਮੇ ਸਮਝਿਆ ਜਾਂਦਾ ਸੀ ਕਿ ਟਰੰਪ ਉਨਾਂ ਦਾ ਉੱਪ ਰਾਸ਼ਟਰਪਤੀ ਵਜੋਂ ਸਮਰਥਨ ਕਰ ਸਕਦੇ ਹਨ। ਕਨਵੈਨਸ਼ਨ ਵਿਚ ਬੁਲਾਰਿਆਂ ਨੇ ਬਾਈਡਨ ਪ੍ਰਸਾਸ਼ਨ ਤਹਿਤ ਅਮਰੀਕੀ ਅਰਥਵਿਵਸਥਾ ਦੇ ਨਿਘਾਰ ਦੀ ਗੱਲ ਜੋਰਦਾਰ ਢੰਗ ਨਾਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅਮਰੀਕੀ ਪਹਿਲਾਂ ਹੀ ਜੀਣ ਲਈ ਜਦੋਜਹਿਦ ਕਰ ਰਹੇ ਸਨ ਪਰੰਤੂ ਜੋ ਬਾਈਡਨ ਤੇ ਕਮਲਾ ਹੈਰਿਸ ਨੇ ਉਨਾਂ ਦੀ ਜੀਣਾ ਹੋਰ ਵੀ ਔਖਾ ਕਰ ਦਿੱਤਾ ਹੈ। ਬੁਲਾਰਿਆਂ ਨੇ ਬਾਈਡਨ ਪ੍ਰਸਾਸ਼ਨ ਦੀਆਂ ਵਿਦੇਸ਼ ਨੀਤੀ ਸਮੇਤ ਹੋਰ ਮੁਹਾਜ਼ਾਂ ਉਪਰ ਨਾਕਾਮੀਆਂ ਗਿਣਾਈਆਂ ਤੇ ਅਮਰੀਕੀਆਂ ਨੂੰ ਇਕਜੁੱਟਤਾ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਡੋਨਲਡ ਟਰੰਪ ਉਪਰ ਹੋਏ ਜਾਨ ਲੇਵਾ ਹਮਲੇ ਤੋਂ ਬਾਅਦ ਇਕਜੁੱਟਤਾ ਸਮੇ ਦੀ ਮੰਗ ਹੈ।

ਟਰੰਪ ਨੂੰ ਰਿਪਬਲੀਕਨ ਪਾਰਟੀ ਵਿਚਲੇ ਸਾਰੇ ਵਿਰੋਧੀਆਂ ਨੇ ਦਿੱਤੀ ਹਿਮਾਇਤ

ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਆਗੂ ਨਿੱਕੀ ਹੇਲੀ ਨੇ ਰਾਸ਼ਟਰਪਤੀ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਕੀਤੀ ਹੈ। ਇਸ ਨਾਲ ਦੋਹਾਂ ਵਿਚਕਾਰ ਪ੍ਰਾਇਮਰੀ ਚੋਣਾਂ ਦੌਰਾਨ ਚੱਲ ਰਹੀ ਕੁੜੱਤਣ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਹੇਲੀ ਨੇ ਰਿਪਬਲਿਕਨ ਪਾਰਟੀ ਵੱਲੋਂ 2024 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਟਰੰਪ ਨੂੰ ਚੁਣੌਤੀ ਦਿੱਤੀ ਸੀ ਅਤੇ ਕਈ ਮਹੀਨਿਆਂ ਤੱਕ ਉਨ੍ਹਾਂ ਖ਼ਿਲਾਫ਼ ਪ੍ਰਚਾਰ ਕੀਤਾ ਸੀ ਪਰ ਬਾਅਦ ’ਚ ਉਸ ਨੇ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ। ਹੇਲੀ ਨੇ ਆਪਣੇ 97 ਡੈਲੀਗੇਟਾਂ ਨੂੰ ਕੌਮੀ ਕਨਵੈਨਸ਼ਨ ਦੌਰਾਨ ਟਰੰਪ ਨੂੰ ਵੋਟ ਪਾਉਣ ਦੇ ਨਿਰਦੇਸ਼ ਦਿੰਦਿਆਂ ਪਾਰਟੀ ’ਚ ਏਕੇ ਦਾ ਹੋਕਾ ਦਿੱਤਾ। ਹੇਲੀ ਨੇ ਮਿਲਵਾਕੀ ’ਚ ਹੋਈ ਕਨਵੈਨਸ਼ਨ ਦੌਰਾਨ ਕਿਹਾ, ‘‘ਮੈਂ ਇਕ ਗੱਲ ਸਪੱਸ਼ਟ ਆਖਾਂਗੀ ਕਿ ਡੋਨਲਡ ਟਰੰਪ ਨੂੰ ਮੇਰੀ ਪੂਰੀ ਹਮਾਇਤ ਹੈ।’’ ਇਸ ਸੰਮੇਲਨ ’ਚ ਡੈਲੀਗੇਟਾਂ ਦੇ ਵੋਟ ਹਾਸਲ ਕਰਨ ਮਗਰੋਂ ਟਰੰਪ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਅਧਿਕਾਰਤ ਉਮੀਦਵਾਰ ਬਣ ਗਏ ਹਨ। ਉਹ ਵੀਰਵਾਰ ਨੂੰ ਨਾਮਜ਼ਦਗੀ ਕਬੂਲ ਕਰਦਿਆਂ ਭਾਸ਼ਣ ਦੇਣਗੇ। ਹੇਲੀ ਨੇ ਹਜ਼ਾਰਾਂ ਡੈਲੀਗੇਟਾਂ ਅਤੇ ਪਾਰਟੀ ਆਗੂਆਂ ਨੂੰ ਕਿਹਾ ਕਿ ਟਰੰਪ ਦੇਸ਼ ਲਈ ਸਭ ਤੋਂ ਵਧੀਆ ਉਮੀਦਵਾਰ ਹਨ ਅਤੇ ਉਹ ਜੋਅ ਬਾਇਡਨ ਨੂੰ ਹਰਾਉਣ ਦੇ ਕਾਬਿਲ ਹਨ। ਉਨ੍ਹਾਂ ਆਪਣੇ ਭਾਸ਼ਣ ’ਚ ਸਾਬਕਾ ਰਾਸ਼ਟਰਪਤੀ ਦੀ ਵਿਦੇਸ਼ ਨੀਤੀ ਦਾ ਬਚਾਅ ਕੀਤਾ ਅਤੇ ਕੁਝ ਮੁੱਦਿਆਂ ’ਤੇ ਅਸਹਿਮਤੀ ਰੱਖਣ ਵਾਲੇ ਵੋਟਰਾਂ ਨੂੰ ਕਿਹਾ ਕਿ ਉਹ ਅਮਰੀਕਾ ਨੂੰ ਬਚਾਉਣ ਖ਼ਾਤਰ ਟਰੰਪ ਨੂੰ ਵੋਟ ਪਾਉਣ।

Related Articles

Latest Articles