1.4 C
Vancouver
Saturday, January 18, 2025

ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਤੇ ਪੰਥਕ ਵਿਦਵਾਨ ਜਸਪਾਲ ਸਿੰਘ ਹੇਰਾਂ ਨਹੀਂ ਰਹੇ

ਜਗਰਾਓਂ : ਇਹ ਖਬਰ ਸਭ ਦੇ ਨਾਲ ਬਹੁਤ ਹੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਉੱਘੇ ਪੰਥਕ ਵਿਦਵਾਨ ਤੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਸ ਜਸਪਾਲ ਸਿੰਘ ਹੇਰਾਂ ਇਸ ਦੁਨੀਆਂ ਉੱਤੇ ਨਹੀਂ ਰਹੇ। ਸੰਪਾਦਕ ਸਾਹਿਬ ਦੀ ਸਿਹਤ ਪਿਛਲੇ ਦੋ ਤਿੰਨ ਮਹੀਨੇ ਤੋਂ ਲਗਾਤਾਰ ਡਾਵਾਂਡੋਲ ਚੱਲ ਰਹੀ ਸੀ। ਪੰਜਾਬ ਤੋਂ  ਰਿਸ਼ਪਦੀਪ ਸਿੰਘ ਸਪੁੱਤਰ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨੇ ਪੰਜਾਬ ਦੇ ਸਮੇਂ ਅਨੁਸਾਰ 18 ਜੁਲਾਈ ਦਿਨ ਵੀਰਵਾਰ (ਕੈਨੇਡਾ ਦੀ 17 ਜੁਲਾਈ ਬੁੱਧਵਾਰ ਦੀ ਰਾਤ) ਨੂੰ ਸਵੇਰੇ 11 ਵਜੇ ਦੇ ਕਰੀਬ ਆਖਰੀ ਸਵਾਸ ਲਏ। ‘ਪਹਿਰੇਦਾਰ’ ਅਖਬਾਰ ਦੇ ਬਾਨੀ ਅਤੇ ਸੰਪਾਦਕ ਜਸਪਾਲ ਸਿੰਘ ਹੇਰਾਂ ਦਿਮਾਗ ਦੇ ਪਿਛਲੇ ਹਿੱਸੇ ਦੇ ਨੁਕਸਾਨ ਅਤੇ ਲਿਵਰ ਦੇ 70 ਫੀਸਦੀ ਤੋਂ ਵੱਧ ਖਰਾਬ ਹੋਣ ਸਮੇਤ, ਗੰਭੀਰ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ। ਉਹ ਪਿਛਲੇ ਕੁਝ ਹਫਤਿਆਂ ਤੋਂ ਜ਼ੇਰੇ ਇਲਾਜ ਸਨ ਅਤੇ ਮੈਕਸ ਹਸਪਤਾਲ ਮੋਹਾਲੀ ਵਿਖੇ ਸਨ।   

 ਪੰਥ ਦਾ ਦਰਦ ਲਿਖਣ ਵਾਲੀ ਕਲਮ ਦੇ ਮਾਲਕ ਸ. ਜਸਪਾਲ ਸਿੰਘ ਹੇਰਾਂ ਮੋਹਾਲੀ ਹਸਪਤਾਲ ਵਿੱਚ ਦਾਖਲ ਕਰਵਾਏ ਸਨ। ਸ. ਹੇਰਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਸੀ। ਦਰਅਸਲ ਸੰਨ 2020 ਵਿੱਚ ਸ. ਜਸਪਾਲ ਸਿੰਘ ਹੇਰਾਂ ਦੀ ਬਾਈਪਾਸ ਸਰਜਰੀ ਤੋਂ ਮਗਰੋਂ ਉਹਨਾਂ ਦੀ ਸਿਹਤ ਸਮੇਂ-ਸਮੇਂ ਵਿਗੜਦੀ ਰਹੀ।ਜਸਪਾਲ ਸਿੰਘ ਹੇਰਾਂ ਦੇ ਤੰਦਰੁਸਤ ਨਾ ਹੋਣ ਕਾਰਨ ਅਦਾਰਾ ਪਹਿਰੇਦਾਰ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹਰ ਚੁਣੌਤੀ ਦੇ ਬਾਵਜੂਦ ਉਹਨਾਂ ਨੇ ਅਖਬਾਰ ‘ਪਹਿਰੇਦਾਰ’ ਨੂੰ ਹਕੂਮਤ ਦੀ ਅਧੀਨਗੀ ਤੋਂ ਤੋਂ ਬਚਾ ਕੇ ਚੜਦੀ ਕਲਾ ਵਿੱਚ ਰੱਖਿਆ।

 ਸ. ਜਸਪਾਲ ਸਿੰਘ ਆਪਣੇ ਪਿੱਛੇ ਆਪਣੇ ਇਕਲੌਤੇ ਸਪੁੱਤਰ ਅਤੇ ਧਰਮ ਪਤਨੀ ਸਮੇਤ ਲੱਖਾਂ ਪਾਠਕਾਂ ਨੂੰ ਵਿਛੋੜਾ ਦੇ ਗਏ ਹਨ। ਉਹਨਾਂ ਲਈ ਪੰਥ ਦਰਦੀਆਂ ਅਤੇ ਪਹਿਰੇਦਾਰ ਨਾਲ ਪਿਆਰ ਰੱਖਣ ਵਾਲੇ ਸਨੇਹੀਆਂ ਨੇ, ਤਨੋਂ ਮਨੋਂ ਧਨੋਂ ਸਹਿਯੋਗ ਦਿੱਤਾ ਅਤੇ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ, ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਹ ਠੀਕ ਨਾ ਹੋ ਸਕੇ।ਦੁਨੀਆਂ ਉਤੋਂ ਤੁਰ ਜਾਣ ਦੀ ਖਬਰ ਨੇ ਪੰਥਕ ਹਲਕਿਆਂ ਖਾਸ਼ ਕਰ ਅਖਬਾਰੀ ਜਗਤ ਦੇ ਵਿਹੜਿਆਂ ਵਿੱਚ ਸੋਗ ਪਾ ਦਿੱਤਾ। ਜਸਪਾਲ ਸਿੰਘ ਹੇਰੂ ਵੱਖ ਵੱਖ ਅਖਬਾਰੀ ਅਦਾਰਿਆਂ ਦੇ ਵਿੱਚ ਮੋਹਰੀ ਹੋ ਕੇ ਤਨਦੇਹੀ ਨਾਲ ਨਿੱਡਰ ਪੱਤਰਕਾਰੀ ਕਰਦੇ ਰਹੇ। ਉਹਨਾਂ ਨੇ ਆਪਣੇ ਹੱਥੀ ਪਹਿਰੇਦਾਰ ਅਖਬਾਰ ਨੂੰ ਸ਼ੁਰੂ ਕੀਤਾ, ਪੰਥਕ ਸੋਚ ਦੇ ਧਾਰਨੀ ਪਹਿਰੇਦਾਰ ਨੇ ਵਧੀਆ ਝੰਡੇ ਗੱਡੇ। ਜਸਪਾਲ ਸਿੰਘ ਹੇਰਾਂ ਦੀਆਂ ਸੰਪਾਦਕੀਆਂ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਹੁੰਦੀਆਂ ਸਨ ਜਿਨਾਂ ਵਿੱਚ ਪੰਜਾਬ ਪੰਥ ਦੀ ਗੱਲ ਵਿਸ਼ੇਸ਼ ਤੌਰ ਉਤੇ ਕੀਤੀ ਜਾਂਦੀ ਸੀ। ਉਨ੍ਹਾਂ ਨੇ ਪੰਥਕ ਕਿਤਾਬਾਂ ਵੀ ਲਿਖੀਆਂ। ਜਸਪਾਲ ਸਿੰਘ ਹੇਰਾਂ ਦੇ ਤੁਰ ਜਾਣ ਉੱਤੇ ਦੇਸ਼ ਵਿਦੇਸ਼ ਵਿੱਚੋਂ ਉਹਨਾਂ ਦੇ ਪ੍ਰਸ਼ੰਸਕਾਂ ਪਾਠਕਾਂ ਪੱਤਰਕਾਰ ਭਾਈਚਾਰਾ ਸੰਪਾਦਕ ਬੁੱਧੀਜੀਵੀ ਵਰਗ ਤੇ ਅਨੇਕਾਂ ਧਾਰਮਿਕ ਜਥੇਬੰਦੀਆਂ ਪੰਥਕ ਜਥੇਬੰਦੀਆਂ ਤੇ ਰਾਜਨੀਤਿਕ ਆਗੂਆਂ ਨੇ ਜਸਪਾਲ ਸਿੰਘ ਹੇਰਾਂ ਦੇ ਤੁਰ ਜਾਣ ਉਤੇ ਦੁੱਖ ਦਾ ਇਜ਼ਹਾਰ ਕੀਤਾ।

Related Articles

Latest Articles