10.4 C
Vancouver
Saturday, November 23, 2024

ਓਲੰਪਿਕ ਖੇਡਾਂ ਲਈ ਤਿਆਰ ਪੈਰਿਸ

ਲੇਖਕ : ਪ੍ਰਿੰ. ਸਰਵਣ ਸਿੰਘ

ਓਲੰਪਿਕ ਖੇਡਾਂ ਦੀ ਮਸ਼ਾਲ ਪੈਰਿਸ ਪੁੱਜ ਚੁੱਕੀ ਹੈ ਜੋ ਫਰਾਂਸ ਵਿੱਚ ਘੁਮਾਈ ਜਾ ਰਹੀ ਹੈ। ਇਹ ਮਸ਼ਾਲ ਓਲੰਪਿਕ ਖੇਡਾਂ ਦੇ ਜਨਮਦਾਤਾ ਓਲੰਪੀਆ ਦੀ ਪਹਾੜੀ ਤੋਂ 16 ਅਪਰੈਲ 2024 ਨੂੰ ਸੂਰਜ ਦੀਆਂ ਕਿਰਨਾਂ ਨਾਲ ਜਗਾਈ ਗਈ ਸੀ। ਉੱਥੋਂ ਮਸ਼ਾਲ 14 ਜੁਲਾਈ ਨੂੰ ਪੈਰਿਸ ਪਹੁੰਚੀ ਜਿਸ ਦਾ ਸਵਾਗਤ ਵੱਡੇ ਪੱਧਰ ਕੀਤਾ ਜਾ ਰਿਹਾ ਹੈ। ਸੂਰਜੀ ਕਿਰਨਾਂ ਤੋਂ ਅਗਨੀ ਤੇ ਅਗਨੀ ਤੋਂ ਓਲੰਪਿਕ ਲਾਟ ਬਣੀ ਇਹ ਮਸ਼ਾਲ 26 ਜੁਲਾਈ 2024 ਨੂੰ ਓਲੰਪਿਕ ਸਟੇਡੀਅਮ ਵਿੱਚ ਪੁੱਜੇਗੀ। 33ਵੀਆਂ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦੀਆਂ ਰਸਮਾਂ ਅਨੁਸਾਰ ਚਬੂਤਰੇ ’ਤੇ ਬਣੇ ਕੁੰਡ ਵਿੱਚ ਇਸ ਮਸ਼ਾਲ ਨਾਲ ਓਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ ਜੋ ਖੇਡਾਂ ਦੌਰਾਨ ਦਿਨ ਰਾਤ ਜਗਦੀ ਰਹੇਗੀ।

ਲੱਖਾਂ ਦਰਸ਼ਕ ਸਟੇਡੀਅਮ ਤੇ ਖੇਡ ਭਵਨਾਂ ਵਿੱਚ ਬੈਠ ਕੇ ਖੇਡਾਂ ਦੇ ਨਜ਼ਾਰੇ ਤੱਕਣਗੇ ਤੇ ਕਰੋੜਾਂ ਲੋਕ ਬਿਜਲਈ ਸੰਚਾਰ ਸਾਧਨਾਂ ਰਾਹੀਂ ਖੇਡਾਂ ਵੇਖਣਗੇ। ਹੈਂਡਬਾਲ, ਫੁੱਟਬਾਲ ਤੇ ਰਗਬੀ ਦੇ ਮੁਕਾਬਲੇ 24 ਜੁਲਾਈ ਨੂੰ ਸ਼ੁਰੂ ਹੋ ਜਾਣਗੇ। ਤਿੰਨ ਕੁ ਹਫ਼ਤੇ ਦੁਨੀਆ ਭਰ ਦਾ ਮੀਡੀਆ ਪੈਰਿਸ ਦੀਆਂ ਓਲੰਪਿਕ ਖੇਡਾਂ ਦੇ ਨਜ਼ਾਰੇ ਦਿਖਾਉਂਦਾ ਨਜ਼ਰ ਆਵੇਗਾ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਹ ਨਜ਼ਾਰੇ ਮੈਲਬਰਨ 1956 ਦੀਆਂ ਓਲੰਪਿਕ ਖੇਡਾਂ ਤੋਂ ਵੇਖਣ ਤੇ ਉਨ੍ਹਾਂ ਬਾਰੇ ਪੜ੍ਹਨ ਲਿਖਣ ਦੇ ਮੌਕੇ ਮਿਲਦੇ ਆ ਰਹੇ ਹਨ।

ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਗਮ 26 ਜੁਲਾਈ ਨੂੰ ਫਰਾਂਸ ਦੇ ਸਥਾਨਕ ਸਮੇਂ ਅਨੁਸਾਰ 19:30 ਵਜੇ ਸੇਨ ਦਰਿਆ ਦੇ ਰਮਣੀਕ ਕੰਢੇ ਆਈਫਲ ਟਾਵਰ ਦੇ ਸਾਹਮਣੇ ਹੋਵੇਗਾ ਸ਼ੁਰੂ ਹੋਵੇਗਾ। ਆਈਫਲ ਟਾਵਰ ਉੱਪਰ ਪੰਜ ਰੰਗਾਂ ਦੇ ਆਪਸ ਵਿੱਚ ਪਰੋਏ ਪੰਜ ਗੋਲ ਚੱਕਰਾਂ ਵਾਲਾ ਝੂਲਦਾ ਓਲੰਪਿਕ ਪਰਚਮ ਮੇਲੀਆਂ ਨੂੰ ਜੀ ਆਇਆਂ ਕਹਿ ਰਿਹਾ ਹੋਵੇਗਾ। ਖਿਡਾਰੀਆਂ ਦਾ ਮਾਰਚ ਪਾਸਟ ਉਨ੍ਹਾਂ ਦੇ ਮੁਲਕਾਂ ਦੇ ਝੰਡਿਆਂ ਨਾਲ ਸਜਾਈਆਂ ਛੋਟੀਆਂ ਵੱਡੀਆਂ ਬੋਟਾਂ ’ਤੇ ਹੋਵੇਗਾ। ਛੇ ਕਿਲੋਮੀਟਰ ਦੀ ਪਰੇਡ ’ਚ ਫਰਾਂਸ ਦੀਆਂ ਸੱਭਿਆਚਾਰਕ ਝਲਕਾਂ ਵੀ ਵਿਖਾਈਆਂ ਜਾਣਗੀਆਂ। ਓਲੰਪਿਕ ਖੇਡਾਂ ’ਚ ਆਮ ਲੋਕਾਂ ਦੀ ਸ਼ਮੂਲੀਅਤ ਲਈ ਦੋ ਲੱਖ ਦਰਸ਼ਕਾਂ ਵਾਸਤੇ ਦਰਿਆ ਸੇਨ ਦੇ ਕੰਢਿਆਂ ’ਤੇ ਖਲੋਣ ਤੇ ਇੱਕ ਲੱਖ ਦਰਸ਼ਕਾਂ ਵਾਸਤੇ ਟਿਕਟਾਂ ਲੈ ਕੇ ਸੀਟਾਂ ’ਤੇ ਬੈਠਣ ਦਾ ਪ੍ਰਬੰਧ ਹੋਵੇਗਾ। ਲੱਖਾਂ ਦਰਸ਼ਕ ਸੇਨ ਦੁਆਲੇ ਦੀਆਂ ਇਮਾਰਤਾਂ ਤੋਂ ਝਾਕੀਆਂ ਵੇਖ ਸਕਣਗੇ। ਕਰੋੜਾਂ ਅਰਬਾਂ ਲੋਕ ਟੀਵੀ ਤੇ ਹੋਰ ਸੰਚਾਰ ਸਾਧਨਾਂ ਤੋਂ ਉਦਘਾਟਨੀ ਸਮਾਗਮ ਦੇ ਨਜ਼ਾਰੇ ਵੇਖਣਗੇ।

ਓਲੰਪਿਕ ਖੇਡਾਂ 26 ਜੁਲਾਈ ਤੋਂ 11 ਅਗਸਤ ਤਕ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ 16 ਹੋਰ ਸ਼ਹਿਰਾਂ ਦੇ 35 ਖੇਡ ਸਥਾਨਾਂ ’ਤੇ ਹੋਣਗੀਆਂ। ਉਨ੍ਹਾਂ ਵਿੱਚ ਓਲੰਪਿਕ ਖੇਡਾਂ ਲਈ ਮਿੱਥੇ ਮਿਆਰਾਂ ਨੂੰ ਪਾਰ ਕਰਨ ਵਾਲੇ 206 ਦੇਸ਼ਾਂ ਦੇ 10714 ਖਿਡਾਰੀ ਭਾਗ ਲੈਣਗੇ। ਐਤਕੀਂ ਪਹਿਲੀ ਵਾਰ ਔਰਤਾਂ ਤੇ ਮਰਦ ਖਿਡਾਰੀਆਂ ਦੀ ਗਿਣਤੀ ਬਰਾਬਰ ਹੋਵੇਗੀ ਜਦੋਂਕਿ ਪਹਿਲਾਂ ਔਰਤਾਂ ਦੀ ਗਿਣਤੀ ਘੱਟ ਹੁੰਦੀ ਸੀ। ਇਹ ਖੇਡਾਂ ਚਾਰ ਸਾਲਾਂ ਬਾਅਦ ਲੀਪ ਦੇ ਸਾਲ ਹੁੰਦੀਆਂ ਹਨ ਜਿਨ੍ਹਾਂ ਦਾ ਬਜਟ ਅਰਬਾਂ ਤਕ ਚਲਾ ਜਾਂਦਾ ਹੈ। ਪੈਰਿਸ ਦੀਆਂ ਓਲੰਪਿਕ ਖੇਡਾਂ ਦਾ ਬਜਟ 9 ਬਿਲੀਅਨ ਯੂਰੋ ਹੈ।

1896 ਤੋਂ 2021 ਤੱਕ ਸਵਾ ਸੌ ਸਾਲਾਂ ਦੇ ਸਫ਼ਰ ਦੌਰਾਨ 28 ਵਾਰ ਓਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਤੇ ਦੂਜੀ ਆਲਮੀ ਜੰਗ ਕਰਕੇ ਤਿੰਨ ਵਾਰ ਇਹ ਖੇਡਾਂ ਨਹੀਂ ਸਨ ਹੋ ਸਕੀਆਂ। 32ਵੀਆਂ ਓਲੰਪਿਕ ਖੇਡਾਂ 2020 ਵਿੱਚ 24 ਜੁਲਾਈ ਤੋਂ 9 ਅਗਸਤ ਤਕ ਹੋਣੀਆਂ ਸਨ ਜੋ ਕੋਵਿਡ ਕਰਕੇ ਮੁਲਤਵੀ ਹੋ ਗਈਆਂ ਸਨ। ਆਖ਼ਰ ਉਹ ਖੇਡਾਂ 23 ਜੁਲਾਈ 2021 ਤੋਂ 8 ਅਗਸਤ 2021 ਤਕ ਜਪਾਨ ਦੇ ਸ਼ਹਿਰ ਟੋਕੀਓ ਵਿੱਚ ਹੋਈਆਂ।

ਆਧੁਨਿਕ ਰੂਪ ਵਾਲੀਆਂ ਓਲੰਪਿਕ ਖੇਡਾਂ 1896 ਵਿੱਚ ਏਥਨਜ਼ ਤੋਂ ਸ਼ੁਰੂ ਹੋਈਆਂ। 1900 ਵਿੱਚ ਪੈਰਿਸ, 1904 ਸੇਂਟ ਲੂਈਸ, 1908 ਲੰਡਨ ਤੇ 1912 ਸਟਾਕਹੋਮ ਵਿੱਚ ਹੋਣ ਪਿੱਛੋਂ 1916 ’ਚ ਹੋ ਨਹੀਂ ਸਕੀਆਂ ਕਿਉਂਕਿ ਆਲਮੀ ਜੰਗ ਲੱਗ ਗਈ ਸੀ। 1920 ਵਿੱਚ ਐਂਟਵਰਪ, 1924 ਪੈਰਿਸ, 1928 ਐਮਸਟਰਡਮ, 1932 ਲਾਸ ਏਂਜਲਸ ਤੇ 1936 ਬਰਲਿਨ ਵਿੱਚ ਹੋਈਆਂ। 1940 ਤੇ 1944 ਦੀਆਂ ਖੇਡਾਂ ਦੂਜੀ ਆਲਮੀ ਜੰਗ ਦੀ ਭੇਟ ਚੜ੍ਹ ਗਈਆਂ। 1948 ਵਿੱਚ ਲੰਡਨ, 1952 ਹੇਲਸਿੰਕੀ, 1956 ਮੈਲਬਰਨ, 1960 ਰੋਮ ਤੇ 1964 ਵਿੱਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ ਵਿੱਚ ਹੋਈਆਂ। 1968 ਵਿੱਚ ਮੈਕਸਿਕੋ, 1972 ਮਿਊਨਿਖ, 1976 ਮੌਂਟਰੀਅਲ, 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ, 1992 ਬਾਰਸੀਲੋਨਾ, 1996 ਐਟਲਾਂਟਾ, 2000 ਸਿਡਨੀ, 2004 ਏਥਨਜ਼, 2008 ਪੇਈਚਿੰਗ, 2012 ਵਿੱਚ ਲੰਡਨ ਤੇ 2016 ਵਿੱਚ ਰੀਓ ਡੀ ਜਨੇਰੋ ਵਿੱਚ ਓਲੰਪਿਕ ਖੇਡਾਂ ਹੋਈਆਂ।

ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਮਹਾਂਦੀਪ ਏਸ਼ੀਆ ਵਿੱਚ ਓਲੰਪਿਕ ਖੇਡਾਂ ਮਹਿਜ਼ ਚਾਰ ਵਾਰ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ, ਤੀਜੀ ਵਾਰ ਪੇਈਚਿੰਗ ਤੇ ਚੌਥੀ ਵਾਰ ਟੋਕੀਓ। 2016 ਦੀਆਂ ਓਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਦੇ ਸ਼ਹਿਰ ਰੀਓ ਡੀ ਜਨੇਰੋ ਵਿੱਚ ਹੋਈਆਂ। 2028 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਤੇ 2032 ਦੀਆਂ ਖੇਡਾਂ ਬ੍ਰਿਸਬੇਨ ਵਿਖੇ ਹੋਣਗੀਆਂ। ਭਾਰਤ ਨੇ ਓਲੰਪਿਕ ਖੇਡਾਂ ਕਰਾਉਣ ਦੀ ਕਦੇ ਪੇਸ਼ਕਸ਼ ਨਹੀਂ ਕੀਤੀ ਹਾਲਾਂਕਿ ਆਬਾਦੀ ਪੱਖੋਂ ਹੁਣ ਇਹ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਵਿੱਚ ਦੁਨੀਆ ਦੀ ਛੇਵਾਂ ਹਿੱਸਾ ਮਨੁੱਖੀ ਆਬਾਦੀ ਵਸਦੀ ਹੈ।

ਲੰਡਨ, ਪੈਰਿਸ ਤੇ ਲਾਸ ਏਂਜਲਸ ਤਿੰਨ ਐਸੇ ਸ਼ਹਿਰ ਹਨ ਜਿੱਥੇ ਓਲੰਪਿਕ ਖੇਡਾਂ ਤਿੰਨ ਵਾਰ ਹੋਈਆਂ ਜਾਂ ਹੋਣ ਜਾ ਰਹੀਆਂ ਹਨ। ਓਲੰਪਿਕ ਖੇਡਾਂ ਦੁਨੀਆ ਦਾ ਸਭ ਤੋਂ ਸੋਹਣਾ, ਸਿਹਤਮੰਦ ਤੇ ਨਰੋਆ ਜੋੜ ਮੇਲਾ ਹੁੰਦੀਆਂ ਹਨ। ਇਸ ਮੇਲੇ ’ਚ ਦੁਨੀਆ ਭਰ ਦੀ ਜੁਆਨੀ ਦੇ ਜ਼ੋਰ ਤੇ ਜੁਗਤ ਦੇ ਦਰਸ਼ਨ ਹੁੰਦੇ ਹਨ। ਓਲੰਪਿਕ ਖੇਡਾਂ ਵਿੱਚ ਰੰਗ, ਨਸਲ, ਦੇਸ਼ ਤੇ ਕੌਮ ਜਾਂ ਜਾਤ ਕਿਸੇ ਵੀ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਜਾਂਦਾ।

ਪੇਈਚਿੰਗ ਓਲੰਪਿਕ 2008 ਦੀ ਤਗ਼ਮਾ ਸੂਚੀ ਵਿੱਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ 2012 ਵਿੱਚ 55ਵੇਂ ਥਾਂ ਰਿਹਾ ਤੇ ਰੀਓ 2016 ਦੀ ਮੈਡਲ ਸੂਚੀ ਵਿੱਚ 67ਵੇਂ ਥਾਂ ਜਾ ਪਿਆ ਸੀ। 2016 ਵਿੱਚ ਰੀਓ ਦੀ ਅੰਤਿਮ ਤਗ਼ਮਾ ਸੂਚੀ ਅਨੁਸਾਰ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ; ਬਰਤਾਨੀਆ ਨੇ 27, 13, 17; ਚੀਨ ਨੇ 26, 18, 26; ਰੂਸ 19, 18, 19; ਜਰਮਨੀ 17, 19, 15; ਜਾਪਾਨ 12, 8, 21; ਫਰਾਂਸ 10, 18, 14; ਦੱਖਣੀ ਕੋਰੀਆ 9, 3, 9; ਇਟਲੀ 8, 12, 8 ਤੇ ਆਸਟਰੇਲੀਆ ਨੇ 8, 11, 8 ਤਗਮੇ ਜਿੱਤੇ ਸਨ। ਭਾਰਤ ਨੇ ਸਿਰਫ਼ 1 ਚਾਂਦੀ ਤੇ 1 ਤਾਂਬੇ ਦਾ ਤਗ਼ਮਾ ਜਿੱਤਿਆ ਸੀ। 59 ਦੇਸ਼ ਐਸੇ ਸਨ ਜਿਨ੍ਹਾਂ ਨੇ ਇੱਕ ਜਾਂ ਵੱਧ ਸੋਨ ਤਗ਼ਮੇ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਦੇ ਖਿਡਾਰੀਆਂ ਨੇ ਕਾਂਸੀ ਦੇ ਮੈਡਲ ਜਿੱਤੇ। ਇਉਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ ’ਤੇ ਚੜ੍ਹੇ। ਦੁਨੀਆ ਦੇ 206 ਮੁਲਕਾਂ ਤੇ 1 ਰਿਿਫਊਜੀ ਦਲ ’ਚੋਂ 120 ਦੇਸ਼ ਖਾਲੀ ਹੱਥ ਰਹੇ। ਉੱਥੇ 48 ਫ਼ੀਸਦੀ ਤਗ਼ਮੇ ਯੂਰਪ, 22 ਫ਼ੀਸਦੀ ਅਮਰੀਕਾ, 21 ਫ਼ੀਸਦੀ ਏਸ਼ੀਆ, 5 ਫ਼ੀਸਦੀ ਅਫਰੀਕਾ ਤੇ 5 ਫ਼ੀਸਦੀ ਓਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਜਿੱਤੇ।

ਟੋਕੀਓ 2020 ਓਲੰਪਿਕ ਖੇਡਾਂ ’ਚ ਅਮਰੀਕਾ ਤੇ ਚੀਨ ਵਿਚਕਾਰ ਵਧੇਰੇ ਤਗ਼ਮੇ ਜਿੱਤਣ ਦਾ ਮੁਕਾਬਲਾ ਅਖ਼ੀਰਲੇ ਦਿਨ ਤਕ ਚਲਦਾ ਰਿਹਾ। ਆਖ਼ਰੀ ਦਿਨ ਅਮਰੀਕਾ ਬਾਜ਼ੀ ਮਾਰ ਗਿਆ ਸੀ। ਅਮਰੀਕਾ ਦੇ ਖਿਡਾਰੀਆਂ ਨੇ 39 ਸੋਨੇ, 41 ਚਾਂਦੀ, 33 ਤਾਂਬੇ; ਚੀਨ 38, 32, 18; ਜਾਪਾਨ 27, 14, 17; ਬਰਤਾਨੀਆ 22, 21, 22; ਰੂਸ 20, 28, 23; ਆਸਟਰੇਲੀਆ 17, 07, 22, ਨੈਦਰਲੈਂਡਜ਼ 10, 12, 14; ਫਰਾਂਸ 10, 12, 11; ਜਰਮਨੀ 10, 11, 16; ਇਟਲੀ 10, 10, 20 ਤੇ ਕੈਨੇਡਾ 7, 6, 11 ਜਦੋਂਕਿ ਭਾਰਤ ਨੇ 1 ਸੋਨੇ, 2 ਚਾਂਦੀ ਤੇ 4 ਤਾਂਬੇ ਦੇ ਤਗ਼ਮੇ ਜਿੱਤੇ ਸਨ। ਨੀਰਜ ਚੋਪੜਾ ਨੇ ਸੋਨ ਤਗ਼ਮਾ, ਮੀਰਬਾਈ ਚੰਨੂੰ ਤੇ ਰਵੀ ਦਾਹੀਆ ਨੇ ਚਾਂਦੀ, ਪੀਵੀ ਸਿੰਧੂ, ਲਵਲੀਨਾ, ਬਜਰੰਗ ਪੂਨੀਆ ਤੇ ਮਰਦਾਂ ਦੀ ਹਾਕੀ ਟੀਮ ਨੇ ਕਾਂਸੀ ਦੇ ਤਗ਼ਮੇ ਜਿੱਤੇ। ਇੰਜ ਭਾਰਤ ਪਹਿਲਾਂ ਨਾਲੋਂ ਵੱਧ ਤਗ਼ਮੇ ਜਿੱਤ ਸਕਿਆ ਜਿਸ ਦੀ ਖ਼ੁਸ਼ੀ ਵੀ ਵਧੇਰੇ ਮਨਾਈ। ਖ਼ਾਸ ਖ਼ੁਸ਼ੀ ਅਥਲੈਟਿਕਸ ਦਾ ਗੋਲਡ ਮੈਡਲ ਤੇ ਹਾਕੀ ਦਾ ਕਾਂਸੀ ਮੈਡਲ ਜਿੱਤਣ ਦੀ ਸੀ।

ਅਫਰੀਕਾ ਮਹਾਂਦੀਪ ਵਿੱਚ ਓਲੰਪਿਕ ਖੇਡਾਂ ਕਦੇ ਵੀ ਨਹੀਂ ਹੋਈਆਂ। ਉਂਜ ਓਲੰਪਿਕ ਖੇਡਾਂ ਦੇ ਆਪਸ ਵਿੱਚ ਪਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਪੇਈਚਿੰਗ ਦੀਆਂ ਓਲੰਪਿਕ ਖੇਡਾਂ 2008 ਵਿੱਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਲੰਡਨ ਵਿੱਚ 30, ਰੀਓ ਵਿੱਚ 19 ਜਦੋਂਕਿ ਟੋਕੀਓ ਵਿੱਚ 17 ਵਿਸ਼ਵ ਰਿਕਾਰਡ ਟੁੱਟੇ।

ਟੋਕੀਓ ਵਿੱਚ ਮਰਦਾਂ ਦੀਆਂ ਟੀਮ ਖੇਡਾਂ ਵਿੱਚੋਂ ਹਾਕੀ ਦਾ ਓਲੰਪਿਕ ਜੇਤੂ ਬੈਲਜੀਅਮ, ਫੁੱਟਬਾਲ ਦਾ ਬ੍ਰਾਜ਼ੀਲ, ਵਾਲੀਬਾਲ ਦਾ ਫਰਾਂਸ, ਬਾਸਕਟਬਾਲ ਦਾ ਅਮਰੀਕਾ, ਹੈਂਡਬਾਲ ਦਾ ਫਰਾਂਸ ਤੇ ਵਾਟਰ ਪੋਲੋ ਦਾ ਸਰਬੀਆ ਬਣਿਆ ਸੀ। ਔਰਤਾਂ ਦੀਆਂ ਟੀਮ ਖੇਡਾਂ ਵਿੱਚ ਬਾਸਕਟਬਾਲ, ਵਾਲੀਬਾਲ ਅਤੇ ਵਾਟਰ ਪੋਲੋ, ਤਿੰਨਾਂ ਦੀ ਜੇਤੂ ਅਮਰੀਕੀ ਟੀਮ ਬਣੀ। ਹਾਕੀ ਦੀ ਨੈਦਰਲੈਂਡਜ਼, ਫੁੱਟਬਾਲ ਦੀ ਕੈਨੇਡਾ ਤੇ ਹੈਂਡਬਾਲ ਦੀ ਫਰਾਂਸ। 1896 ਤੋਂ 2021 ਤੱਕ ਹੋਈਆਂ 29 ਓਲੰਪਿਕ ਖੇਡਾਂ ਵਿੱਚੋਂ ਅਮਰੀਕਾ ਨੇ 27 ਓਲੰਪਿਕ ਖੇਡਾਂ ਵਿੱਚ ਭਾਗ ਲੈਂਦਿਆਂ 1051 ਸੋਨੇ, 830 ਚਾਂਦੀ, 733 ਕਾਂਸੀ, ਕੁੱਲ 2614 ਤਗ਼ਮੇ ਜਿੱਤ ਕੇ ਵਿਸ਼ਵ ’ਤੇ ਝੰਡੀ ਕੀਤੀ ਹੋਈ ਹੈ। ਸੋਵੀਅਤ ਰੂਸ ਨੇ 10 ਓਲੰਪਿਕ ਖੇਡਾਂ ਵਿੱਚ ਭਾਗ ਲੈ ਕੇ ਕੁੱਲ 1010 ਤਗ਼ਮੇ, ਬਰਤਾਨੀਆ ਨੇ 28 ਖੇਡਾਂ ਵਿੱਚੋਂ 851 ਅਤੇ ਚੀਨ ਨੇ 10 ਖੇਡਾਂ ਵਿੱਚੋਂ 546 ਤਗ਼ਮੇ ਜਿੱਤੇ ਹਨ। ਫਰਾਂਸ ਦੇ 28 ਖੇਡਾਂ ਵਿੱਚੋਂ 716, ਇਟਲੀ ਨੇ 27 ਖੇਡਾਂ ’ਚੋਂ 577, ਜਰਮਨੀ ਨੇ 16 ਖੇਡਾਂ ’ਚੋਂ 615, ਹੰਗਰੀ ਨੇ 26 ਖੇਡਾਂ ’ਚੋਂ 491, ਪੂਰਬੀ ਜਰਮਨੀ ਨੇ 5 ਖੇਡਾਂ ’ਚੋਂ 409, ਆਸਟਰੇਲੀਆ ਨੇ 28 ਖੇਡਾਂ ’ਚੋਂ 554, ਰੂਸ ਨੇ 6 ਖੇਡਾਂ ’ਚੋਂ 426, ਜਾਪਾਨ ਨੇ 22 ਖੇਡਾਂ ’ਚੋਂ 439, ਦੱਖਣੀ ਕੋਰੀਆ ਨੇ 17 ਖੇਡਾਂ ’ਚੋਂ 267, ਕੈਨੇਡਾ ਨੇ 26 ਖੇਡਾਂ ’ਚੋਂ 302 ਅਤੇ ਗ਼ੁਲਾਮ ਹਿੰਦੋਸਤਾਨ ਤੇ ਆਜ਼ਾਦ ਭਾਰਤ ਨੇ 25 ਖੇਡਾਂ ’ਚੋਂ 35 ਤਗ਼ਮੇ ਜਿੱਤੇ ਹਨ। ਉਨ੍ਹਾਂ ਵਿੱਚੋਂ ਵੀ ਦੋ ਤਗ਼ਮੇ ਬਰਤਾਨਵੀ ਅਥਲੀਟ ਨਾਰਮਨ ਪ੍ਰਿਚਰਡ ਦੇ ਹਨ।

ਭਾਰਤ ਨੇ ਪੇਈਚਿੰਗ ’ਚ 3 ਮੈਡਲ ਜਿੱਤੇ ਸਨ, ਲੰਡਨ ’ਚ 6 ਪਰ ਰੀਓ ਓਲੰਪਿਕਸ ’ਚ 2 ਮੈਡਲ ਹੀ ਜਿੱਤ ਸਕਿਆ ਸੀ। ਟੋਕੀਓ ’ਚ ਜ਼ਰੂਰ 7 ਮੈਡਲ ਜਿੱਤੇ। ਬਰਤਾਨਵੀ ਹਿੰਦੋਸਤਾਨ ਤੇ ਆਜ਼ਾਦ ਭਾਰਤ ਨੇ ਓਲੰਪਿਕ ਖੇਡਾਂ ’ਚੋਂ ਹੁਣ ਤਕ 10 ਸੋਨੇ, 9 ਚਾਂਦੀ ਤੇ 16 ਕਾਂਸੀ ਦੇ ਤਗ਼ਮੇ ਜਿੱਤੇ ਹਨ। ਗੋਲਡ ਮੈਡਲਾਂ ਵਿੱਚ 8 ਹਾਕੀ ਦੇ ਹਨ ਅਤੇ 1-1 ਸ਼ੂਟਿੰਗ ਤੇ ਅਥਲੈਟਿਕਸ ਦਾ ਹੈ। ਬਾਕੀ ਮੈਡਲ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟ ਲਿਫਟਿੰਗ ਤੇ ਬੈਡਮਿੰਟਨ ’ਚ ਜਿੱਤੇ ਹਨ।

ਆਸਟਰੇਲੀਆ ਦੀ ਆਬਾਦੀ ਤਕਰੀਬਨ ਇੱਕ ਕਰੋੜ ਹੈ, ਪਰ ਉਹ 497 ਤਗ਼ਮੇ ਜਿੱਤ ਚੁੱਕਾ ਹੈ। ਸਾਢੇ ਤਿੰਨ ਕਰੋੜ ਲੋਕਾਂ ਦਾ ਮੁਲਕ ਕੈਨੇਡਾ 302 ਤਗ਼ਮਿਆਂ ’ਤੇ ਪਹੁੰਚ ਗਿਆ ਹੈ। ਹੁਣ ਤਕੜੇ ਮਾੜੇ ਦਾ ਨਿਰਣਾ ਮੈਦਾਨ-ਏ-ਜੰਗ ਦੀ ਥਾਂ ਖੇਡ ਮੈਦਾਨ ਵਿੱਚ ਹੁੰਦਾ ਹੈ। 29 ਵਾਰ ਹੋਈਆਂ ਓਲੰਪਿਕ ਖੇਡਾਂ ਰਾਹੀਂ ਅਮਰੀਕਾ ਨੇ 18 ਵਾਰ ਵਿਸ਼ਵ ’ਤੇ ਝੰਡੀ ਕੀਤੀ ਹੈ। ਸੱਤ ਵਾਰ ਸੋਵੀਅਤ ਦੇਸ਼ ਨੇ ਜੇਤੂ ਪਰਚਮ ਲਹਿਰਾਇਆ ਹੈ। ਇੱਕ-ਇੱਕ ਵਾਰ ਫਰਾਂਸ, ਬਰਤਾਨੀਆ, ਜਰਮਨੀ ਤੇ ਚੀਨ ਨੇ ਝੰਡੇ ਗੱਡੇ ਹਨ। ਖੇਡਾਂ ਦੇ ਰਿਕਾਰਡ ਹਰੇਕ ਓਲੰਪਿਕਸ ਵਿੱਚ ਟੁੱਟਦੇ ਆ ਰਹੇ ਹਨ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿੱਚ ਇੱਕ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਹੀ ਗੋਲਡ ਮੈਡਲ ਮਿਲ ਗਿਆ ਸੀ ਜੋ ਹੁਣ ਢਾਈ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਵੀ ਨਹੀਂ ਮਿਲਦਾ! ਟੋਕੀਓ ਵਿੱਚ ਜਾਰਜੀਆ ਦੇ ਲਾਸ਼ਾ ਤਲਖਾਡਜ਼ ਨੇ 265 ਕਿਲੋਗਰਾਮ ਦਾ ਬਾਲਾ ਕੱਢ ਕੇ ਸੋਨ ਤਗ਼ਮਾ ਜਿੱਤਿਆ ਸੀ। ਉਂਜ ਉਸ ਦਾ ਵਿਸ਼ਵ ਰਿਕਾਰਡ 267 ਕਿਲੋ ਵਜ਼ਨ ਦੀ ਜਰਕ ਲਾਉਣ ਦਾ ਹੈ। ਮਨੁੱਖ ਦਿਨੋ ਦਿਨ ਹੋਰ ਜ਼ੋਰਾਵਰ ਤੇ ਜੁਗਤੀ ਹੋ ਰਿਹਾ ਹੈ ਜਿਸ ਕਰਕੇ ਕੋਈ ਵੀ ਰਿਕਾਰਡ ਅਟੁੱਟ ਨਹੀਂ ਰਹਿੰਦਾ। ਓਲੰਪਿਕ ਖੇਡਾਂ ਦਾ ਤਾਂ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ!

ਸ੍ਰਿਸ਼ਟੀ ਬੜਾ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਸ ਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹਾ ਹੈ, ਕੋਈ ਹਾਰ ਰਿਹਾ ਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ, ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ, ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ।

Related Articles

Latest Articles