ਕਾਠਮੰਡੂ, ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ‘ਤੇ ਉਡਾਣ ਭਰਨ ਮੌਕੇ ਨਿੱਜੀ ਨੇਪਾਲੀ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਫੌਰੀ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ। ਹਾਦਸੇ ਵਿਚ ਇਕ ਵਿਦੇਸ਼ੀ ਨਾਗਰਿਕ ਸਣੇ ਜਹਾਜ਼ ਵਿਚ ਸਵਾਰ 18 ਵਿਅਕਤੀਆਂ ਦੀ ਮੌਤ ਹੋ ਗਈ। ਹਾਲਾਂਕਿ ਗੰਭੀਰ ਸੱਟਾਂ ਦੇ ਬਾਵਜੂਦ ਜਹਾਜ਼ ਦੇ ਪਾਇਲਟ ਦੀ ਜਾਨ ਬਚ ਗਈ। ਸੌਰਿਆ ਏਅਰਲਾਈਨਜ਼ ਦੇ ਪ੍ਰਾਈਵੇਟ ਜਹਾਜ਼ ਐੱਨ9ਏਐੱਮਈ ਨੇ ਨਿਯਮਤ ਮੈਂਟੇਨੈਂਸ ਸਰਵਿਸ ਖ਼ਾਤਰ ਪੋਖਰਾ ਲਈ ਉਡਾਣ ਭਰਨੀ ਸੀ ਜਦੋਂ ਸਵੇਰੇ 11:11 ਵਜੇ ਦੇ ਕਰੀਬ ਇਹ ਹਾਦਸਾਗ੍ਰਸਤ ਹੋ ਗਿਆ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਖੋਜ ਤੇ ਰਾਹਤ ਕੇਂਦਰ ਨੇ ਇਕ ਬਿਆਨ ਵਿਚ ਕਿਹਾ ਕਿ ਬੰਬਾਰਡੀਅਰ ਸੀਆਰਜੇ-200 ਜਹਾਜ਼ ਉਡਾਣ ਭਰਨ ਦੌਰਾਨ ਹਵਾਈ ਪੱਟੀ ਤੋਂ ਖਿਸਕ ਗਿਆ ਤੇ ਇਸ ਨੂੰ ਫੌਰੀ ਅੱਗ ਲੱਗ ਗਈ। ਆਨਲਾਈਨ ਪੋਸਟ ਕੀਤੀਆਂ ਵੀਡੀਓਜ਼ ਵਿਚ ਜਹਾਜ਼ ਅੱਗ ਦੀਆਂ ਲਪਟਾਂ ਵਿਚ ਘਿਿਰਆ ਤੇ ਇਸ ਵਿਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਹਾਦਸੇ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਐਂਬੂਲੈਂਸਾਂ ਮੌਕੇ ‘ਤੇ ਭੇਜੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਸਹਿ-ਪਾਇਲਟ ਐੱਸ. ਕਾਤੂਵਾਲ ਤੇ ਸੌਰਿਆ ਏਅਰਲਾਈਨਜ਼ ਦੇ 17 ਮੁਲਾਜ਼ਮਾਂ ਵਜੋਂ ਹੋਈ ਹੈ। ਮ੍ਰਿਤਕਾਂ ਵਿਚ ਇਕ ਨੇਪਾਲੀ ਮਹਿਲਾ ਤੇ ਯਮਨੀ ਨਾਗਰਿਕ ਵੀ ਸ਼ਾਮਲ ਹਨ। ਪਾਇਲਟ ਕਪਤਾਨ ਮਨੀਸ਼ ਸ਼ਾਕਿਆ (37) ਕਾਠਮੰਡੂ ਦੇ ਮਾਡਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਏਅਰਪੋਰਟ ਅਥਾਰਿਟੀਜ਼ ਨੇ ਕਿਹਾ ਕਿ ਪੀੜਤਾਂ ਵਿਚੋਂ 15 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਨੇ ਸਥਾਨਕ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸੌਰਿਆ ਏਅਰਲਾਈਨਜ਼ ਨੇਪਾਲ ਵਿਚ ਪੰਜ ਸੈਲਾਨੀ ਕੇਂਦਰਾਂ ਲਈ ਉਡਾਣਾਂ ਚਲਾਉਂਦੀ ਹੈ ਤੇ ਕੰਪਨੀ ਦੀ ਵੈੱਬਸਾਈਟ ਮੁਤਾਬਕ ਏਅਰਲਾਈਨ ਕੋਲ ਤਿੰਨ ਬੰਬਾਰਡੀਅਰ ਸੀਆਰਜੇ-200 ਜੈੱਟਾਂ ਦੀ ਫਲੀਟ ਹੈ। ਹਾਲੀਆ ਸਾਲਾਂ ਵਿਚ ਮਾੜੇ ਹਵਾਈ ਸੁਰੱਖਿਆ ਰਿਕਾਰਡ ਕਰਕੇ ਨੇਪਾਲ ਦੀ ਨੁਕਤਾਚੀਨੀ ਹੁੰਦੀ ਰਹੀ ਹੈ ਹਾਲਾਂਕਿ ਹਵਾਈ ਹਾਦਸਿਆਂ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਚਾਣਚੱਕ ਮੌਸਮ ਦੀ ਤਬਦੀਲੀ, ਪਹਾੜੀ ਇਲਾਕਿਆਂ ਵਿਚ ਬਣੀਆਂ ਹਵਾਈ ਪੱਟੀਆਂ ਤੇ ਮਨੁੱਖੀ ਗ਼ਲਤੀ ਸ਼ਾਮਲ ਹਨ।