ਲੇਖਕ : ਡਾ. ਸੰਦੀਪ ਘੰਡ
ਸੰਪਰਕ : 94782 -31000
ਆਉ ਪਾਣੀ ਅਤੇ ਰਿਸ਼ਤਿਆਂ ਦੇ ਗੰਧਲੇਪਣ ਅਤੇ ਖਾਤਮੇ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਈਏ। ਸ਼੍ਰੀ ਗੁਰੂ ਗਠੰਥ ਸਾਹਿਬ ਵਿੱਚ ਦਰਜ ਇਹ ਸ਼ਬਦ ਸਾਡੇ ਮਨ, ਦਿਲ ਅਤੇ ਦਿਮਾਗ ਉੱਤੇ ਉੱਕਰੇ ਹੋਏ ਹਨ। ਰੋਜ਼ ਸਵੇਰੇ ਸ਼ਾਮ ਗੁਰਬਾਣੀ ਦੇ ਇਹ ਸ਼ਬਦ ਸਾਡੇ ਕੰਨਾਂ ਵਿੱਚ ਪੈਂਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਨੇ ਰਿਸ਼ਤਿਆਂ ਦੀ ਮਹੱਤਤਾ ਬਣਾਈ ਰੱਖਣ ਅਤੇ ਸਾਡੀ ਜ਼ਿੰਦਗੀ ਵਿੱਚ ਮਾਂ-ਬਾਪ ਅਤੇ ਗੁਰੂ ਦੀ ਮਹੱਤਤਾ ਦੱਸਦੇ ਹੋਏ ਕਿਹਾ ਹੈ ਕਿ ਸਾਡਾ ਜੀਵਨ ਇਹਨਾਂ ਰਿਸ਼ਤਿਆਂ ਅਤੇ ਤਿੰਨੇ ਲੋੜਾਂ ਹਵਾ-ਪਾਣੀ ਅਤੇ ਧਰਤੀ ਤੋਂ ਬਿਨਾਂ ਸੋਚਿਆ ਹੀ ਨਹੀਂ ਜਾ ਸਕਦਾ। ਸਾਡਾ ਦੇਸ਼ ਇੱਕ ਸੰਸਕਾਰੀ ਦੇਸ਼ ਹੈ। ਇੱਥੇ ਅਸੀਂ ਵਿਰਾਸਤ ਵਿੱਚ ਮਿਲੇ ਪਿਤਾ ਪੁਰਖੀ ਸੰਸਕਾਰਾਂ ਨਾਲ ਹੀ ਅੱਗੇ ਵਧ ਰਹੇ ਹਾਂ। ਜਿਵੇਂ ਸਾਨੂੰ ਆਪਣੇ ਸੰਸਕਾਰਾਂ ਅਤੇ ਰਿਸ਼ਤਿਆਂ ’ਤੇ ਮਾਣ ਹੈ, ਉਸੇ ਤਰ੍ਹਾਂ ਸਾਨੂੰ ਕੁਦਰਤ ਦੇ ਇਹ ਤਿੰਨ ਬਹੁਕੀਮਤੀ ਪਦਾਰਥਾਂ ’ਤੇ ਵੀ ਮਾਣ ਮਹਿਸੂਸ ਹੁੰਦਾ ਹੈ। ਪਰ ਅਫਸੋਸ ਕਿ ਅਸੀਂ ਆਪਣੀਆਂ ਗਲਤੀਆਂ ਕਾਰਣ ਅਸੀਂ ਇਨ੍ਹਾਂ ਤਿੰਨੇ ਜ਼ਰੂਰਤਾਂ/ਵਸਤਾਂ ਦੇ ਨਾਲ ਨਾਲ ਰਿਸ਼ਤਿਆਂ ਨੂੰ ਵੀ ਗੰਧਲਾ ਕਰਕੇ ਖਾਤਮੇ ਵੱਲ ਵਧ ਰਹੇ ਹਾਂ। ਜਦੋਂ ਅਸੀਂ ਰੋਜ਼ਾਨਾ ਮੀਡੀਆ ’ਤੇ ਪਿਤਾ ਵੱਲੋਂ ਆਪਣੀ ਧੀ ਨਾਲ ਗਲਤ ਸੰਬੰਧ ਬਣਾਉਣ ਜਾਂ ਧੀ ਵੱਲੋਂ ਆਪਣੇ ਮਾਂ-ਬਾਪ ਦੀ ਇੱਜ਼ਤ, ਮਾਣ ਸਨਮਾਨ ਬਣਾਉਣ ਦੀ ਥਾਂ ਰੋਲਣਾ ਬਾਰੇ ਸੁਣਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸੇ ਤਰ੍ਹਾਂ ਸਾਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਸਿੱਖਿਆ ਦੇਣ ਸਮੇਂ ਜੇ ਪੱਖਪਾਤ ਕਰਦਾ ਹੈ ਜਾਂ ਆਪਣੀ ਵਿਿਦਆਰਥਣ ਨਾਲ ਕਿਸੇ ਕਿਸਮ ਦਾ ਗਲਤ ਵਿਵਹਾਰ ਕਰਦਾ ਹੈ, ਜਾਂ ਵਿਿਦਆਰਥੀ ਆਪਣੇ ਅਧਿਆਪਕ ਦੇ ਮਾਣ ਸਨਮਾਨ ਦੀ ਥਾਂ ਉਸ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸੇ ਤਰ੍ਹਾਂ ਰੁਹਾਨੀ ਜਾਂ ਧਾਰਿਮਕ ਗੁਰੂਆਂ ਵੱਲ ਦੇਖਦੇ ਹਾਂ ਤਾਂ ਇੱਥੇ ਹਾਲਾਤ ਹੋਰ ਵੀ ਬਦਤਰ ਨਜ਼ਰ ਆਉਂਦੇ ਹਨ। ਰੋਜ਼ਾਨਾ ਮੀਡੀਆ ਵਿੱਚ ਧਾਰਮਿਕ ਗੁਰੂਆਂ ਦੀਆਂ ਕਰਤੂਤਾਂ ਬਾਰੇ ਪੜ੍ਹਦੇ ਹਾਂ।
ਹਵਾ ਜਿਸ ਤੋਂ ਬਿਨਾਂ ਅਸੀਂ ਆਪਣੇ ਜੀਵਨ ਬਾਰੇ ਸੋਚ ਹੀ ਨਹੀਂ ਸਕਦੇ। ਦਿਨੋ ਦਿਨ ਹਵਾ ਪ੍ਰਦੁਸ਼ਿਤ ਹੋ ਰਹੀ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਾਂ ਸਾਡੇ ਬੱਚੇ ਆਕਸੀਜਨ ਦਾ ਸਿਲੰਡਰ ਲਾਕੇ ਸਕੂਲ ਜਾਇਆ ਕਰਨਗੇ। ਦਫਤਰਾਂ ਵਿੱਚ ਵੀ ਰੁਤਬੇ ਅਨੁਸਾਰ ਆਮ ਹਵਾ, ਚੰਗੀ ਹਵਾ ਅਤੇ ਬਹੁਤ ਚੰਗੀ ਹਵਾ ਮਿਿਲਆ ਕਰੇਗੀ। ਇਹ ਸਭ ਕੁਝ ਸਾਡੀਆਂ ਗਲਤੀਆਂ ਕਾਰਣ ਹੀ ਹੋ ਰਿਹਾ ਹੈ। ਜੋ ਅਸਮਾਨ ਅਸੀਂ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਵਿੱਚ ਦੇਖਦੇ ਸੀ, ਉਹੋ ਜਿਹਾ ਅਸਮਾਨ ਹੁਣ ਅਸੀਂ ਕੇਵਲ ਵਿਦੇਸ਼ੀ ਧਰਤੀ ’ਤੇ ਹੀ ਦੇਖਦੇ ਹਾਂ। ਬਾਹਰਲੇ ਵਿਕਸਿਤ ਦੇਸ਼ਾਂ ਵਿੱਚ ਹੋ ਸਕਦਾ ਹੈ ਕਿ ਧਰਮ ਖਤਮ ਹੋ ਗਿਆ ਹੋਵੇ, ਜਿਸ ਤਰ੍ਹਾਂ ਕੈਨੇਡਾ ਅਮਰੀਕਾ ਵਿੱਚ ਮੈਨੂੰ ਦੇਖਣ ਦਾ ਮੌਕਾ ਵੀ ਮਿਿਲਆ ਕਿ ਬਹੁਤ ਸਾਰੇ ਚਰਚ ਬੰਦ ਹੋ ਗਏ ਹਨ। ਕਈ ਬੰਦ ਹੋ ਚੁੱਕੇ ਚਰਚ ਸਾਡੇ ਪੰਜਾਬੀਆਂ ਨੇ ਖਰੀਦ ਲਏ ਹਨ। ਪਰ ਵਾਤਾਵਰਣ ਪੱਖੋਂ ਵਿਕਸਿਤ ਦੇਸ਼ਾਂ ਦੇ ਲੋਕ ਜਾਗਰੂਕ ਹਨ। ਹਰ ਘਰ ਦੇ ਬਾਹਰ ਇੱਕ ਵੱਡਾ ਦਰਖ਼ਤ ਲੱਗਿਆ ਹੋਣਾ ਜ਼ਰੂਰੀ ਹੈ। ਦਰਖ਼ਤ ਨੂੰ ਕੱਟਣ ਦਾ ਜੁਰਮਾਨਾ ਦੇਣਾ ਪੈਂਦਾ ਹੈ, ਜਦੋਂ ਕਿ ਅਸੀਂ ਹਰ ਸਾਲ ਵੱਖ ਵੱਖ ਰੁੱਤਾਂ ਦਾ ਆਨੰਦ ਮਾਣਦੇ ਹਾਂ ਪਰ ਉੱਥੇ ਛੇ ਮਹੀਨੇ ਤਾਂ ਬਰਫ ਹੀ ਪੈਂਦੀ ਰਹਿੰਦੀ ਹੈ।
ਜੇਕਰ ਵਿਦੇਸ਼ਾਂ ਵਿੱਚ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉੱਥੇ ਹਰ ਵਿਅਕਤੀ ਦੀ ਆਪਣੀ ਨਿੱਜੀ ਜ਼ਿੰਦਗੀ ਹੈ ਪਰ ਸਾਡੇ ਵਾਂਗ ਰਿਸ਼ਤਿਆਂ ਵਿੱਚ ਗੰਧਲਾਪਣ ਨਹੀਂ ਆਇਆ। ਕੁਦਰਤ ਨੇ ਸਾਨੂੰ ਹਵਾ ਦਿੱਤੀ ਪਰ ਅਸੀਂ ਉਸ ਨੂੰ ਪ੍ਰਦੁਸ਼ਿਤ ਵੀ ਕਰ ਲਿਆ। ਅਸੀਂ ਵਿਕਾਸ ਦੇ ਨਾਮ ’ਤੇ ਸੜਕਾਂ ਅਤੇ ਪੁਲਾਂ ਦੀ ਉਸਾਰੀ ਕਰਕੇ ਵੱਡੇ ਪੱਧਰ ’ਤੇ ਦਰਖ਼ਤਾਂ ਦੀ ਕਟਾਈ ਕੀਤੀ। ਇਸ ਗੱਲ ਦਾ ਮੈਂ ਖੁਦ ਗਵਾਹ ਹਾਂ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਅਸੀਂ ਕਦੇ ਸਾਈਕਲ, ਬਾਈਕ ’ਤੇ ਟੂਰ ਜਾਂ ਕਿਸੇ ਲੰਮੇ ਸਫਰ ’ਤੇ ਜਾਂਦੇ ਹੁੰਦੇ ਸੀ ਤਾਂ ਰਸਤੇ ਵਿੱਚ ਖੜ੍ਹੇ ਵੱਡੇ ਵੱਡੇ ਦਰਖ਼ਤ ਇਸ ਤਰ੍ਹਾਂ ਲੱਗਦੇ ਸਨ, ਜਿਵੇਂ ਸਾਡੀ ਉਡੀਕ ਕਰ ਰਹੇ ਹੋਣ। ਜਦੋਂ ਅਸੀਂ ਲਿਸੇ ਦਰਖ਼ਤ ਥੱਲੇ ਜਾ ਬਹਿੰਦੇ ਤਾਂ ਸਾਡੀ ਥਕਾਵਟ ਮਿੰਟਾਂ ਸਕਿੰਟਾਂ ਵਿੱਚ ਚਲੀ ਜਾਂਦੀ। ਸੰਘਣੀ ਛਾਂ ਅਤੇ ਠੰਢੀ ਹਵਾ ਸਾਨੂੰ ਆਪਣੇ ਗੁਰੂ ਵਾਂਗ ਅਸ਼ੀਰਵਾਦ ਦਿੰਦੀ ਲਗਦੀ। ਪਰ ਅੱਜ ਵੱਡੇ ਵੱਡੇ ਹਾਈਵੇ ਬਣ ਗਏ ਹਨ, ਹੁਣ ਤਾਂ ਰਸਤੇ ਵਿੱਚ ਨਾ ਦਰਖ਼ਤ, ਕਿੱਤੇ ਨਲਕਾ। ਲਗਦਾ ਹੈ, ਅਸੀਂ ਵਿਕਾਸ ਕਰਦੇ ਕਰਦੇ ਬਹੁਤ ਕੁਝ ਗਵਾ ਲਿਆ ਹੈ। ਰਹਿੰਦੀ ਕਸਰ ਕਿਸਾਨ ਪਰਾਲੀ ਨੂੰ ਅੱਗ ਲਾਕੇ ਪੂਰੀ ਕਰ ਦਿੰਦੇ ਹਨ। ਕਈ ਵਾਰ ਸੜਕ ਉੱਤੇ ਧੂਏਂ ਦੇ ਅੰਬਾਰ, ਧਰਤੀ ਵਿੱਚੋਂ ਨਿਕਲਦੀ ਅੱਗ ਦੇਖ ਕੇ ਇਵੇਂ ਲਗਦਾ ਹੈ ਜਿਵੇਂ ਸਾਡੀ ਧਰਤੀ ਮਾਂ ਕਲਪ ਰਹੀ ਹੋਵੇ।
ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਹਰ ਸਾਲ ਧਰਤੀ ਹੇਠਲਾ ਪਾਣੀ 10 ਤੋਂ 20 ਫੁੱਟ ਤਕ ਥੱਲੇ ਚਲਾ ਜਾਂਦਾ ਹੈ। ਕੀਟਨਾਸ਼ਕ ਦਵਾਈਆਂ ਨਾਲ ਪਾਣੀ ਪੀਣ ਯੋਗ ਵੀ ਨਹੀਂ ਰਿਹਾ। ਪਾਣੀ ਦੀ ਤੁਲਨਾ ਗੁਰਬਾਣੀ ਵਿੱਚ ਪਿਤਾ ਨਾਲ ਕੀਤੀ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਬਹੁਤ ਅਸਾਨ ਤਾਰੀਖੇ ਨਾਲ ਪਾਣੀ ਦੀ ਮਹੱਤਤਾ ਨੂੰ ਦਰਸਾਇਆ ਹੈ ਕਿ ਜਿਵੇਂ ਇੱਕ ਪਰਿਵਾਰ ਨੂੰ ਚਲਾਉਣ ਲਈ ਪਿਤਾ ਸਾਰਾ ਦਿਨ ਅਤੇ ਰਾਤ ਪਰਿਵਾਰ ਲਈ ਕੰਮ ਕਰਦਾ ਪਰਿਵਾਰ ਨੂੰ ਪਾਲਦਾ ਹੈ, ਉਸੇ ਤਰ੍ਹਾਂ ਪਾਣੀ ਵੀ ਸਾਡੀ ਸਾਰੀ ਸ੍ਰਿਸ਼ਟੀ ਦੀ ਲੋੜ ਪੂਰੀ ਕਰਦਾ ਹੈ। ਮਨੁੱਖ ਨੂੰ ਸਾਫ ਸੁਥਰੇ ਪਾਣੀ ਦੀ ਜ਼ਰੂਰਤ ਹੈ। ਕੁਝ ਸਮਾਂ ਪਹਿਲਾਂ ਅਸੀਂ ਸੁਣਦੇ ਸੀ ਕਿ ਪਾਣੀ ਮੁੱਲ ਮਿਿਲਆ ਕਰੇਗਾ ਅਤੇ ਇਹ ਸਮਾਂ ਹੁਣ ਸਾਡੇ ਸਾਹਮਣੇ ਹੈ। ਆਉਣ ਵਾਲੀ ਪੀੜ੍ਹੀ ਸਾਨੂੰ ਕਸੂਰਵਾਰ ਠਹਿਰਾਵੇਗੀ। ਅਸੀਂ ਉਸ ਪੀੜ੍ਹੀ ਵਿੱਚੋਂ ਹਾਂ ਜਿਸ ਨੇ ਸਾਫ ਸਵੱਛ ਪਾਣੀ ਪੈਦਾਵਾਰ ਕਰਨ ਵਾਲੀ ਧਰਤੀ ਅਤੇ ਸਾਫ ਹਵਾ ਦਾ ਆਨੰਦ ਵੀ ਮਾਣਿਆ ਅਤੇ ਹੁਣ ਸਭ ਕੁਝ ਗੰਧਲ਼ਾ ਕਰ ਰਹੇ। ਹਰੀ ਕ੍ਰਾਂਤੀ ਲਿਆਉਣ ਅਤੇ ਫਸਲਾਂ ਦਾ ਝਾੜ ਵਧਾਉਣ ਹਿਤ ਅਸੀਂ ਫਸਲਾਂ ਵਿੱਚ ਲੋੜ ਤੋਂ ਵੱਧ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ। ਅੱਜ ਉਹੀ ਭਾਰਤ ਦੀ ਸਰਕਾਰ ਜਿਸ ਨੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਦੀ ਸਲਾਹ ਦਿੱਤੀ ਸੀ ਉਹ ਅੱਜ ਸਾਨੂੰ ਕੋਈ ਆਸਰਾ ਨਹੀਂ ਦੇ ਰਹੀ।
ਅਸੀਂ ਜਾਣਦੇ ਹਾਂ ਕਿ ਜੇ ਗੇਂਦ ਨੂੰ ਕੰਧ ਵਿੱਚ ਮਾਰੋਗੇ, ਉਹ ਦੁੱਗਣੇ ਜ਼ੋਰ ਨਾਲ ਵਾਪਸ ਸਾਡੇ ਵੱਲ ਆਵੇਗੀ। ਮਨੁੱਖ ਦੀਆਂ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਕੇਵਲ ਮਨੁੱਖ ਨੂੰ ਹੀ ਨਹੀਂ ਭਗਤ ਰਿਹਾ, ਇਸਦਾ ਮਾਰੂ ਅਸਰ ਪਸ਼ੂ, ਪੰਛੀਆਂ ਉੱਤੇ ਵੀ ਹੋ ਰਿਹਾ ਹੈ। ਫਸਲ ਦਾ ਵੱਧ ਝਾੜ ਲੈਣ ਲਈ ਧਰਤੀ ਵਿੱਚ ਖਤਰਨਾਕ ਕੀਟਨਾਸ਼ਕ, ਖਾਦਾਂ ਪਾਉਣ ਨਾਲ ਧਰਤੀ ’ਤੇ ਪੈਦਾ ਹੋਣ ਵਾਲੇ ਅਨਾਜ ਵੀ ਖਾਣ ਯੋਗ ਨਹੀਂ ਰਹੇ।
ਪਾਣੀ ਦੀ ਨਿਰੰਤਰ ਵਧ ਰਹੀ ਮੰਗ ਅਤੇ ਕਈ ਦੇਸ਼ਾਂ ਵਿੱਚ ਅਬਾਦੀ ਦਾ ਤੇਜ਼ੀ ਨਾਲ ਵਧਣਾ ਵੀ ਇੱਕ ਕਾਰਨ ਹੈ ਜਿਵੇਂ ਭਾਰਤ, ਚੀਨ, ਪਾਕਿਸਤਾਨ ਅਤੇ ਮੱਧਪੂਰਬੀ ਦੇਸ਼ਾਂ ਦੀ ਅਬਾਦੀ ਦੇ ਵਧਣ ਨਾਲ ਪਾਣੀ ਦੀ ਮੰਗ ਵਧੀ ਹੈ। ਬੇਸ਼ਕ ਪਾਣੀ ਦੀ ਸਮੱਸਿਆ ਅਜੇ ਵਿਸ਼ਵ ਪੱਧਰ ਦੀ ਸਮੱਸਿਆ ਨਹੀਂ ਹੋਈ ਪਰ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਹ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਦੇਸ਼ ਦੀ 1.2 ਬਿਲੀਅਨ ਜਨਸੰਖਿਆ ਅਜਿਹੀ ਹੈ ਜਿਸ ਕੋਲ ਪੀਣ ਵਾਲੇ ਪਾਣੀ ਦੀ ਕਮੀ ਹੈ। ਜੇਕਰ ਪਾਣੀ ਹੈ ਤਾਂ ਇਹ ਗੰਧਲਾ ਹੋ ਚੁੱਕਿਆ ਹੈ, ਜਿਸ ਨਾਲ ਕਈ ਕਿਸਮ ਦੀਆਂ ਅਜਿਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਜੋ ਕਿਸੇ ਸਮੇਂ ਵੀ ਮਹਾਂਮਾਰੀ ਦਾ ਰੂਪ ਲੈ ਸਕਦੀਆਂ ਹਨ। ਦੇਸ਼ ਦੀ ਅਬਾਦੀ ਵਧਣ ਨਾਲ ਪਾਣੀ ਲੋੜ ਵੀ ਵਧਦੀ ਜਾ ਰਹੀ ਹੈ। ਹਵਾ, ਪਾਣੀ ਅਤੇ ਧਰਤੀ ਨੂੰ ਸਾਂਭਣ ਲਈ ਵੱਡੇ ਉਪਰਾਲਿਆਂ ਦੀ ਜ਼ਰੂਰਤ ਹੈ। ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਇਹ ਪਾਣੀ ਖੇਤੀਬਾੜੀ ਅਤੇ ਸਾਡੇ ਰੋਜ਼ਾਨਾ ਦੀ ਵਰਤੋਂ ਦੇ ਕੰਮ ਵੀ ਆ ਸਕਦਾ ਹੈ। ਸਾਨੂੰ ਇਸ ਬਾਰੇ ਸੰਜੀਦਾ ਉਪਰਾਲੇ ਕਰਨੇ ਚਾਹੀਦੇ ਹਨ।