ਚੌਦੇਂ ਮੱਸਿਆ

ਠੂੰਹੇਂ ਵਾਂਗ ਕਿਉਂ ਫਿਰਦੇ ਪੂਛ ਚੁੱਕੀ,

ਆਕੜ ਫੋਕੀ ਹੈ ਇਹ ਢਹਿ ਜਾਣੀ,

ਅੱਡ ਹੋਣ ਦੀ ਚੜ੍ਹੀ ਵਿਓਹ ਜਿਹੜੀ,

ਆਖ਼ਰ ਉਹ ਵੀ ਇੱਕ ਦਿਨ ਲਹਿ ਜਾਣੀ।

ਰਹੇ ਦਮ ਨਾ ਟੱਬਰ ‘ਚ ਵੰਡ ਭਾਂਡੇ,

ਮਾੜੀ ਘਰ ‘ਚ ਲੜਾਈ ਪੈ ਜਾਣੀ।

ਜੀ ਜਿਉਂਦਿਆਂ ਮਰਨ ਹੋ ਜਾਂਦਾ,

ਗੱਲ ਸਭਾ ‘ਚ ਕਿਸੇ ਨੂੰ ਕਹਿ ਜਾਣੀ।

ਬੈਠੇ ਦੋਵੇਂ ਖਿੱਚ ਲਕੀਰ ‘ਭਗਤਾ’,

ਬੇੜੀ ਇੱਕ ਦੀ ਤਾਂ ਬਹਿ ਜਾਣੀ।

ਜੇ ਨਾ ਰਲ਼ ਕੇ ਹੋਏ ਘਿਓ ਖਿਚੜੀ,

ਬਾਗੀ ਦਾਗ਼ੀਆਂ ‘ਚ ਦੂਰੀ ਪੈ ਜਾਣੀ।

ਬੁੱਲ੍ਹਾਂ ਨਾਲ ਨਾ ਪਤਾਸੇ ਭੋਰ ਹੋਣੇ,

ਆਖ਼ਰ ਸਭ ਦੀ ਲੱਗ ਤਹਿ ਜਾਣੀ।

ਪੈਣਾ ਮੀਂਹ ਨਾ ਗੁੱਡੀ ਬਿਨਾਂ ਫੂਕੇ,

ਵਾਂਗ ਤੀਆਂ ਦੇ ਬੱਲ੍ਹੋ ਪੈ ਜਾਣੀ।

ਲੇਖਕ :  ਬਰਾੜ-ਭਗਤਾ ਭਾਈ ਕਾ, ਸੰਪਰਕ : 001-604-751-1113

Exit mobile version