ਨਾ ਸਾਹ ਲੈਣ ਲਈ ਹਵਾ ਬਚੀ, ਨਾ ਪੀਣ ਲਈ ਪਾਣੀ,
ਜੇ ਨਾ ਵਕਤ ਸਾਂਭਿਆ ਲੋਕੋ, ਹੋ ਜਾਊ ਖ਼ਤਮ ਕਹਾਣੀ।
ਬਾਪੂ ਫਿਰਦਾ ਲੀਡਰਾਂ ਖਾਤਰ ਉੱਚੀ ਨਾਹਰੇ ਲਾਉਂਦਾ,
ਇੱਥੇ ਕੁਝ ਨਹੀਂ ਜਾਓ ਕਨੇਡਾ, ਬੱਚਿਆਂ ਨੂੰ ਸਮਝਾਉਂਦਾ,
ਵਿੱਚ ਵਿਦੇਸ਼ਾਂ ਡਾਲਰਾਂ ਖਾਤਰ, ਰੁਲਦੀ ਫਿਰੇ ਜਵਾਨੀ।
ਜੇ ਨਾ ਵਕਤ ਸਾਂਭਿਆ ਲੋਕੋ…
ਲੀਡਰ ਮੁੱਕਰੇ ਵਾਅਦੇ ਕਰਕੇ, ਝੂਠੀਆਂ ਸਹੁੰਆਂ ਖਾ ਕੇ,
ਪੰਜ ਸਾਲਾਂ ਬਾਅਦ ਲੁੱਟ ਲੈਂਦੇ ਨੇ, ਸੁਪਨੇ ਨਵੇਂ ਦਿਖਾ ਕੇ,
ਤਾਂ ਹੀ ਹੱਕ ਲੈਣ ਲਈ ਸੜਕਾਂ ’ਤੇ ਆ ਬੈਠੀ ਕਿਰਸਾਨੀ।
ਜੇ ਨਾ ਵਕਤ ਸਾਂਭਿਆਂ ਲੋਕੋ…
ਧੀ ਬਚਾਓ-ਧੀ ਪੜ੍ਹਾਓ, ਨਾਹਰੇ ਕੰਧਾਂ ਉੱਤੇ ਰਹਿ ਗਏ,
ਰੂੜ੍ਹੀਆਂ ’ਤੇ ਭਰੂਣ ਮਿਲਦੇ, ਲੋਕੀਂ ਕਿਹੜੇ ਰਾਹੀਂ ਪੈ ਗਏ।
ਕੁੱਖਾਂ ਵਿੱਚ ਹੀ ਮਾਰ ਕੇ, ਕਰ ਦਿੰਦੇ ਖ਼ਤਮ ਕਹਾਣੀ।
ਜੇ ਨਾ ਵਕਤ ਸਾਂਭਿਆ ਲੋਕੋ…
ਥਾਂ-ਥਾਂ ਬੈਠੇ ਬਾਬੇ, ਜਾਂਦੇ ਕਾਵਾਂ-ਰੌਲੀ ਪਾਈ,
ਧਰਮ ਕਰਮ ਰਿਹਾ ਨਾ ਇੱਥੇ, ਜਾਂਦੇ ਕਰੀ ਕਮਾਈ,
ਕੋਈ ਸੱਚ ਆਖੇ ਨਾ, ਜੋ ਲਿਿਖਆ ਵਿੱਚ ਗੁਰਬਾਣੀ।
ਜੇ ਨਾ ਵਕਤ ਸਾਂਭਿਆ ਲੋਕੋ…
ਗੱਭਰੂ ਪੁੱਤ ਨਸ਼ਿਆਂ ਨੇ ਖਾ ਲਏ, ਬਾਕੀ ਜਹਾਜ਼ੀਂ ਚੜ੍ਹ ਗਏ,
ਬੁੱਢੇ ਮਾਪੇ ਪਏ ਕਰਨ ਉਡੀਕਾਂ, ਸਭ ਸੁੰਨੇ ਕਰ ਕੇ ਘਰ ਗਏ,
ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ, ਘਰਾਂ ’ਤੇ ਛਾਈ ਵੀਰਾਨੀ।
ਜੇ ਨਾ ਵਕਤ ਸਾਂਭਿਆ ਲੋਕੋ…
ਅਜੇ ਵੀ ਸੰਭਲੋ ਲੋਕੋ, ਹੱਥ ਅਕਲ ਨੂੰ ਮਾਰੋ,
ਕੀ ਕੁਝ ਗਵਾ ਲਿਆ, ਬਹਿ ਕੇ ਸੋਚ ਵਿਚਾਰੋ।
ਅਜਾਈਂ ਚਲੀ ਨਾ ਜਾਵੇ ਭਗਤ-ਸਰਾਭੇ ਦੀ ਕੁਰਬਾਨੀ।
ਜੇ ਨਾ ਵਕਤ ਸਾਂਭਿਆ ਲੋਕੋ…
ਲੇਖਕ : ਗੁਰਮੀਤ ਸਿੰਘ ਹਮੀਰਗੜ੍ਹ, ਸੰਪਰਕ: 98723-57814