6.3 C
Vancouver
Sunday, January 19, 2025

ਨਸ਼ਿਆਂ ਵਿੱਚ ਗਰਕਦਾ ਜਾ ਰਿਹਾ ਪੰਜਾਬ

ਲੇਖਕ : ਅਮਰਜੀਤ ਸਿੰਘ ਫ਼ੌਜੀ

ਸੰਪਰਕ : 94174 – 04804

ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਦੀ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਖਾਸ ਕਰਕੇ ਚਿੱਟੇ ਦੇ ਨਸ਼ੇ ਨੇ ਪੰਜਾਬ ਦੇ ਹਰ ਸ਼ਹਿਰ, ਪਿੰਡ, ਗਲ਼ੀ-ਮੁਹੱਲੇ ਨੂੰ ਆਪਣੀ ਜਕੜ ਵਿੱਚ ਲੈ ਰੱਖਿਆ ਹੈ। ਪੰਜਾਬ ਦੀ ਬਹੁਤੀ ਨੌਜਵਾਨੀ ਜਿਸ ਵਿੱਚ ਮੁੰਡੇ ਹੀ ਨਹੀਂ, ਸਗੋਂ ਬਹੁਤ ਕੁੜੀਆਂ ਵੀ ਇਸਦੇ ਜਾਲ਼ ਵਿੱਚ ਫਸ ਚੁੱਕੀਆਂ ਹਨ ਅਤੇ ਆਪਣੀ ਜਵਾਨੀ, ਪੈਸਾ ਅਤੇ ਭਵਿੱਖ ਬਰਬਾਦ ਕਰ ਚੁੱਕੇ ਹਨ। ਨਸ਼ੇ ਦੇ ਵਪਾਰੀ ਹਰ ਥਾਂ ਸ਼ਰੇਆਮ ਬੇਝਿਜਕ ਹੋ ਕੇ ਨਸ਼ਾ ਵੇਚ ਰਹੇ ਹਨ।

ਹੁਣ ਪੰਜਾਬ ਦੀ ਕੋਈ ਥਾਂ ਅਜਿਹੀ ਨਹੀਂ ਬਚੀ, ਜਿੱਥੇ ਚਿੱਟੇ ਦਾ ਨਸ਼ਾ ਨਾ ਮਿਲਦਾ ਹੋਵੇ, ਬੱਸ ਸਿਰਫ਼ ਪੈਸਾ ਹੋਣਾ ਚਾਹੀਦਾ ਹੈ। ਨਸ਼ੇ ਦਾ ਇਹ ਕਾਰੋਬਾਰ ਪੰਜਾਬ ਪੁਲਿਸ, ਅਫਸਰਸ਼ਾਹੀ ਅਤੇ ਸਰਕਾਰ ਦੇ ਨੱਕ ਹੇਠ ਸ਼ਰੇਆਮ ਚੱਲ ਰਿਹਾ ਹੈ। ਜੇਬ ਵਿੱਚ ਪੈਸੇ ਹੋਣੇ ਚਾਹੀਦੇ ਹਨ, ਨਸ਼ੇ ਦੇ ਵਪਾਰੀ ਜਿੱਥੇ ਚਾਹੋਂ, ਉੱਥੇ ਹੀ ਚਿੱਟਾ ਪਹੁੰਚਾ ਦਿੰਦੇ ਹਨ ਅਤੇ ਪਹੁੰਚਾਉਣ ਦੇ ਢੰਗ ਵੀ ਉਹ ਇਹੋ ਜਿਹੇ ਵਰਤਦੇ ਹਨ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਅਤੇ ਆਪ ਸੁਰੱਖਿਅਤ ਰਹਿੰਦੇ ਹਨ। ਜੇਕਰ ਕੋਈ ਫੜਿਆ ਵੀ ਜਾਂਦਾ ਹੈ ਤਾਂ ਉਹ ਬੇਕਸੂਰ ਹੀ ਫੜਿਆ ਜਾਂਦਾ ਹੈ, ਜਿਸ ਵਿੱਚ ਉਸ ਬੇਕਸੂਰ ਦਾ ਕੋਈ ਦੋਸ਼ ਨਹੀਂ ਹੁੰਦਾ। ਹੁਣ ਤਾਂ ਚਿੱਟਾ ਪੰਜਾਬ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਤਕ ਵੀ ਪਹੁੰਚ ਰਿਹਾ ਹੈ, ਜਿਸਦਾ ਪਤਾ ਮੈਨੂੰ ਪਿਛਲੇ ਦਿਨੀਂ ਬੀਤੀ ਇੱਕ ਹੈਰਾਨੀਜਨਕ ਘਟਨਾ ਤੋਂ ਲੱਗਿਆ।

ਹੋਇਆ ਇਸ ਤਰ੍ਹਾਂ ਕਿ ਮੇਰਾ ਇੱਕ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਗੰਭੀਰ ਬਿਮਾਰ ਹੋ ਗਿਆ। ਉਸ ਨੂੰ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਦੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਮਰੀਜ਼ ਇੱਕ ਔਰਤ ਸੀ, ਇਸ ਲਈ ਉਸ ਦੀ ਦੇਖਭਾਲ ਕਰਨ ਲਈ ਉਸ ਕੋਲ ਉਨ੍ਹਾਂ ਦੀ ਨੌਜਵਾਨ ਬੇਟੀ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਹੀ ਰਹੀ। ਲੰਮਾ ਸਮਾਂ ਹਸਪਤਾਲ ਵਿੱਚ ਰਹਿਣ ਕਰਕੇ ਨਾਲ ਦੇ ਮਰੀਜ਼ਾਂ ਨਾਲ ਜਾਂ ਉਨ੍ਹਾਂ ਦੇ ਨਾਲ ਆਏ ਦੇਖਭਾਲ ਕਰਨ ਵਾਲਿਆਂ ਨਾਲ ਉਸ ਲੜਕੀ ਦੀ ਜਾਣ ਪਛਾਣ ਅਤੇ ਹਮਦਰਦੀ ਹੋਣੀ ਸੁਭਾਵਿਕ ਹੀ ਸੀ। ਕਦੇ ਕਿਸੇ ਮਰੀਜ਼ ਨੇ ਕਹਿਣਾ ਕਿ ਭੈਣੇ ਮੈਨੂੰ ਕੰਟੀਨ ਤੋਂ ਚਾਹ ਲਿਆ ਦੇ, ਕਿਸੇ ਨੇ ਕਹਿਣਾ ਟੁੱਥਪੇਸਟ ਲਿਆ ਦੇ, ਕਿਸੇ ਨੇ ਕੁਛ, ਕਿਸੇ ਨੇ ਕੁਛ ਮੰਗਵਾ ਲੈਣਾ ਤਾਂ ਉਹ ਲਿਆ ਦਿੰਦੀ ਸੀ। ਇੱਕ ਦਿਨ ਕੀ ਹੋਇਆ ਕਿ ਨਾਲ ਦੇ ਬੈੱਡ ਵਾਲੇ ਮਰੀਜ਼ ਦੀ ਦੇਖ ਭਾਲ ਕਰਨ ਲਈ ਨਾਲ ਆਈ ਉਸ ਦੀ ਪਤਨੀ ਨੇ ਉਸ ਲੜਕੀ ਨੂੰ ਕਿਹਾ ਕਿ ਭੈਣੇ ਮੈਂ ਇੱਕ ਰਾਤ ਲਈ ਪਿੰਡ ਘਰ ਜਾ ਆਵਾਂ, ਤੂੰ ਸਾਡੇ ਮਰੀਜ਼ ਦਾ ਧਿਆਨ ਰੱਖੀਂ। ਜੇਕਰ ਉਹਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬਾਹਰੋਂ ਲਿਆ ਦੇਵੀਂ ਕਿਉਂਕਿ ਦਾਖਲ ਹੋਏ ਮਰੀਜ਼ਾਂ ਨੂੰ ਬਾਹਰ ਜਾਣ ਦੀ ਮਨਾਹੀ ਹੈ। ਉਸ ਲੜਕੀ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਬੇਫਿਕਰ ਹੋ ਕੇ ਘਰ ਜਾ ਆਓ।

ਉਸੇ ਦਿਨ ਸ਼ਾਮ ਨੂੰ ਕੀ ਹੋਇਆ ਕਿ ਉਸ ਮਰੀਜ਼ ਨੇ ਲੜਕੀ ਨੂੰ ਕਿਹਾ, “ਭੈਣੇ ਬਾਹਰ ਗੱਡੀ ਤੇ ਮੇਰਾ ਦੋਸਤ ਆ ਰਿਹਾ ਹੈ, ਮੈਂ ਉਸ ਦੇ ਕੁਝ ਪੈਸੇ ਦੇਣੇ ਹਨ, ਜੋ ਮੈਂ ਉਸ ਤੋਂ ਉਧਾਰ ਲਏ ਸਨ। ਮੈਨੂੰ ਤਾਂ ਗੇਟ ਤੋਂ ਬਾਹਰ ਜਾਣ ਨਹੀਂ ਦੇਣਾ, ਮਿਹਰਬਾਨੀ ਕਰਕੇ ਤੂੰ ਉਸ ਨੂੰ ਪੈਸੇ ਫੜਾ ਦੇਵੀਂ।”

ਉਸ ਮਰੀਜ਼ ਉਸ ਨੇ ਕੁਝ ਪੈਸੇ ਉਸ ਲੜਕੀ ਨੂੰ ਫ਼ੜਾ ਦਿੱਤੇ। ਪੈਸੇ ਲੈ ਕੇ ਉਹ ਲੜਕੀ ਹਸਪਤਾਲ ਦੇ ਬਾਹਰ ਸੜਕ ’ਤੇ ਗਈ ਤਾਂ ਉੱਥੇ ਆ ਕੇ ਇੱਕ ਕਾਰ ਰੁਕੀ, ਜਿਸ ਵਿੱਚ ਇੱਕ ਆਦਮੀ, ਇੱਕ ਔਰਤ ਤੇ ਨਾਲ ਬੱਚਾ ਬੈਠਾ ਸੀ। ਲੜਕੀ ਨੇ ਉਸ ਨੂੰ ਪੈਸੇ ਫੜਾਏ ਅਤੇ ਵਾਪਸ ਮੁੜੀਪਈ। ਜਿਵੇਂ ਹੀ ਲੜਕੀ ਵਾਪਸ ਮੁੜੀ ਤਾਂ ਕਾਰ ਵਿੱਚ ਬੈਠੀ ਨੌਜਵਾਨ ਔਰਤ ਨੇ ਆਵਾਜ਼ ਦਿੱਤੀ, “ਭੈਣੇ ਸਾਡੇ ਮਰੀਜ਼ ਲਈ ਆਹ ਕੇਲੇ ਲੈ ਜਾ।”

ਕੇਲਿਆਂ ਨਾਲ ਭਰਿਆ ਲਿਫਾਫ ਕੁੜੀ ਨੇ ਫੜਿਆ ਅਤੇ ਵਾਪਸ ਆ ਕੇ ਉਸ ਮਰੀਜ਼ ਬੰਦੇ ਨੂੰ ਫੜਾ ਦਿੱਤਾ ਅਤੇ ਉਹ ਖੁਦ ਆਪਣੇ ਮਰੀਜ਼ ਕੋਲ ਜਾ ਬੈਠ ਗਈ। ਅਸਲ ਵਿੱਚ ਉਸ ਕੇਲਿਆਂ ਦੇ ਲਿਫਾਫੇ ਵਿੱਚ ਚਿੱਟਾ ਲੁਕੋਇਆ ਹੋਇਆ ਸੀ, ਜਿਸ ਤੋਂ ਉਹ ਲੜਕੀ ਬਿਲਕੁਲ ਅਣਜਾਣ ਸੀ।

ਰਾਤ ਨੂੰ ਦਸ ਕੁ ਵਜੇ ਉਹ ਚਿੱਟਾ ਹਸਪਤਾਲ ਵਿੱਚ ਦਾਖ਼ਲ ਦੋ ਬੰਦਿਆਂ ਨੇ ਅੱਧਾ ਅੱਧਾ ਵੰਡ ਲਿਆ। ਇੱਕ ਦੇ ਘਰ ਵਾਲੀ ਤਾਂ ਘਰ ਗਈ ਹੋਈ ਸੀ, ਦੂਸਰੇ ਨੂੰ ਚਿੱਟਾ ਪੀਣ ਲੱਗੇ ਨੂੰ ਉਸ ਦੀ ਪਤਨੀ ਨੇ ਦੇਖ ਲਿਆ ਅਤੇ ਉਸਨੇ ਰੌਲ਼ਾ ਪਾ ਦਿੱਤਾ ਅਤੇ ਕਹਿਣ ਲੱਗੀ ਕਿ ਹਸਪਤਾਲ ਵਿੱਚ ਚਿੱਟਾ ਕਿਵੇਂ ਆ ਗਿਆ। ਹੱਲਾਗੁੱਲਾ ਹੋਣ ’ਤੇ ਹਸਪਤਾਲ ਦਾ ਸਾਰਾ ਸਟਾਫ ਅਤੇ ਡਾਕਟਰ ਉਸ ਵਾਰਡ ਵਿੱਚ ਇਕੱਠੇ ਹੋ ਗਏ। ਛਾਣਬੀਣ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਕੇਲਿਆਂ ਦੇ ਲਿਫਾਫੇ ਵਿੱਚ ਚਿੱਟਾ ਆਇਆ ਹੈ। ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਹ ਬੇਕਸੂਰ ਲੜਕੀ ਲਿਫਾਫਾ ਫੜਾਉਂਦੀ ਹੋਈ ਨਜ਼ਰ ਆਈ। ਉਸ ਵਿਚਾਰੀ ਨੇ ਸਾਰੀ ਕਹਾਣੀ ਹਸਪਤਾਲ ਦੇ ਉੱਚ ਅਧਿਕਾਰੀਆਂ ਨੂੰ ਸੱਚੋ ਸੱਚ ਦੱਸੀ ਦਿੱਤੀ।

ਅਧਿਕਾਰੀ ਲੜਕੀ ਨੂੰ ਕਹਿਣ ਕਿ ਤੂੰ ਸਾਨੂੰ ਲਿਖ ਕੇ ਦੇ ਕਿ ਮੇਰੇ ਤੋਂ ਗਲਤੀ ਹੋਈ ਹੈ। ਪਰ ਉਹ ਲੜਕੀ ਕਹਿਣ ਲੱਗੀ ਕਿ ਮੈਂ ਗਲਤੀ ਕੀਤੀ ਹੀ ਨਹੀਂ, ਮੈਂ ਸਿਰਫ਼ ਹਮਦਰਦੀ ਕਰਕੇ ਕੇਲਿਆਂ ਦਾ ਲਿਫਾਫਾ ਲਿਆ ਕੇ ਫੜਾਇਆ ਹੈ, ਜੋ ਇਨ੍ਹਾਂ ਦਾ ਰਿਸ਼ਤੇਦਾਰ ਦੇ ਗਿਆ ਸੀ। ਉਸ ਤੋਂ ਬਾਅਦ ਉਸ ਲੜਕੀ ਨੇ ਸਾਰੀ ਘਟਨਾ ਆਪਣੇ ਘਰਦਿਆਂ ਨੂੰ ਦੱਸੀ ਜੋ ਸਵੇਰੇ ਪਿੰਡ ਦੀ ਪੰਚਾਇਤ ਲੈ ਕੇ ਹਸਪਤਾਲ ਪਹੁੰਚੇ ਕਿ ਕਿਤੇ ਬੇਕਸੂਰ ਲੜਕੀ ਨੂੰ ਖਾਹਮਖਾਹ ਨਾ ਚਿੱਟੇ ਦੇ ਕੇਸ ਵਿੱਚ ਫਸਾ ਦੇਣ।

ਅਗਲੇ ਦਿਨ ਚਿੱਟਾ ਮੰਗਵਾਉਣ ਵਾਲੇ ਦੇ ਘਰਦਿਆਂ ਨੇ ਹਸਪਤਾਲ ਦੇ ਸਟਾਫ ਨੂੰ ਦੱਸਿਆ ਕਿ ਇਸ ਲੜਕੀ ਦਾ ਕੋਈ ਕਸੂਰ ਨਹੀਂ, ਇਹ ਬੇਕਸੂਰ ਹੈ, ਸਾਡੇ ਬੰਦੇ ਨੇ ਇਸ ਨੂੰ ਧੋਖੇ ਵਿੱਚ ਰੱਖ ਕੇ ਇਹ ਸਾਰੀ ਚਾਲ ਚੱਲੀ ਹੈ ਤਾਂ ਜਾ ਕੇ ਉਸ ਬੇਕਸੂਰ ਲੜਕੀ ਦਾ ਖਹਿੜਾ ਛੁੱਟਿਆ।

ਜਿੱਥੇ ਇਸ ਘਟਨਾ ਨੇ ਹਸਪਤਾਲ ਦੇ ਅਨੇਕਾਂ ਸਕਿਉਰਟੀ ਗਾਰਡ ਮੁਲਾਜ਼ਮਾਂ ਦਾ ਪੋਲ ਖੋਲ੍ਹਿਆ ਹੈ, ਉੱਥੇ ਹੀ ਸਰਕਾਰ ਦੀ ਨਸ਼ਾ ਰੋਕੂ ਮੁਹਿੰਮ ਨੂੰ ਵੀ ਵੱਡੀ ਚੁਣੌਤੀ ਦਿੱਤੀ ਹੈ, ਸਰਕਾਰ ਦੇ ਨਸ਼ਾ ਰੋਕਣ ਦੇ ਝੂਠੇ ਦਾਵਿਆਂ ਦੀ ਖਿੱਲੀ ਉਡਾਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਖੁਫੀਆ ਤੰਤਰ ਨੂੰ ਮਜ਼ਬੂਤ ਅਤੇ ਚੁਸਤ ਦਰੁਸਤ ਕਰੇ, ਨਸ਼ੇ ਦੇ ਵਪਾਰੀਆਂ ਨੂੰ ਜਲਦੀ ਤੋਂ ਜਲਦੀ ਠੱਲ੍ਹ ਪਾਵੇ ਤਾਂ ਕਿ ਕੋਈ ਬੇਕਸੂਰ ਐਵੇਂ ਹੀ ਜੇਲ੍ਹ ਵਿੱਚ ਨਾ ਸੜੇ, ਪੰਜਾਬ ਦੀ ਬਰਬਾਦ ਹੋ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ, ਪੰਜਾਬ ਤਰੱਕੀ ਦੇ ਰਾਹ ਚੱਲ ਕੇ ਪਹਿਲਾਂ ਵਾਲਾ ਹੱਸਦਾ ਵਸਦਾ ਨੱਚਦਾ ਖੇਡਦਾ ਪੰਜਾਬ ਨਜ਼ਰ ਆਵੇ, ਬੁੱਢੇ ਮਾਪਿਆਂ ਦਾ ਰੁਲਦਾ ਖੁਲ਼ਦਾ ਬੁਢਾਪਾ ਖੁਸ਼ਹਾਲ ਨਜ਼ਰ ਆਵੇ।

Related Articles

Latest Articles