ਲੇਖਕ : ਜਯੋਤੀ ਮਲਹੋਤਰਾ
ਪਿਛਲੇ ਹਫ਼ਤੇ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਮੌਕੇ ਜਦੋਂ ਜੇਡੀ ਵੈਂਸ ਨੇ ਡੋਨਲਡ ਟਰੰਪ ਦੇ ਲਫਟੈਣ ਵਜੋਂ ਚੋਣ ਲੜਨ ਦੀ ਪੇਸ਼ਕਸ਼ ਸਵੀਕਾਰ ਕੀਤੀ ਸੀ ਤਾਂ ਉਨ੍ਹਾਂ ਦੀ ਪਤਨੀ ਊਸ਼ਾ ਚਿਲੁਕੁਰੀ ਵੈਂਸ ਦੇ ਨਾਨ-ਡਿਜ਼ਾਈਨਰ ਪਹਿਰਾਵਿਆਂ, ਅੱਡੀ ਵਾਲੇ ਸੈਂਡਲਾਂ, ਉਸ ਦੇ ਕਾਲੇ ਵਾਲਾਂ ਤੇ ਇਨ੍ਹਾਂ ਵਿੱਚ ਘਿਰੀਆਂ ਕੁਝ ਸਫੇਦ ਲਿਟਾਂ ਸਣੇ ਉਸ ਦੀ ਦਿੱਖ ਦੇ ਹਰ ਪੱਖ ਬਾਰੇ ‘ਨਿਊਯਾਰਕ ਟਾਈਮਜ਼’ ਵਿੱਚ ਐਨਾ ਕੁਝ ਛਾਪਿਆ ਗਿਆ ਹੈ ਕਿ ਅਮਰੀਕਾ ਦੇ ਸਭ ਤੋਂ ਪੁਰਾਤਨ ਅਖ਼ਬਾਰ ਨੂੰ ਯਕੀਨ ਹੋ ਗਿਆ ਹੋਵੇਗਾ ਕਿ ਸੰਭਾਵੀ ਤੌਰ ’ਤੇ ਦੁਨੀਆ ਦੀ ਇਹ ਦੂਜੀ ਸਭ ਤੋਂ ਪ੍ਰਭਾਵਸ਼ਾਲੀ ਪਤਨੀ ਆਪਣਾ ਸਾਰਾ ਸਮਾਂ ਪੁਰਸ਼ਾਂ ਦੀਆਂ ਨਜ਼ਰਾਂ ਦਾ ਮਰਕਜ਼ ਬਣਨ ਦੇ ਲੇਖੇ ਨਹੀਂ ਲਾਉਂਦੀ ਹੋਵੇਗੀ।
ਊਸ਼ਾ ਦਾ ਪੇਸ਼ੇਵਰ ਬਿਓਰਾ ਇਸ ਤੋਂ ਕਿਤੇ ਵੱਧ ਦਿਲਕਸ਼ ਜਾਪਦਾ ਹੈ ਜੋ ਸਾਂ ਫਰਾਂਸਿਸਕੋ ਦੀ ਲਾਅ ਫਰਮ ‘ਕੂਲ, ਵੋਕ’ ਵਿੱਚ ਕੰਮ ਕਰਦੀ ਹੈ। ਉਹ ਯੇਲ ਯੂਨੀਵਰਸਿਟੀ ਵਿੱਚ ਜੇਡੀ ਵੈਂਸ ਨੂੰ ਮਿਲੀ ਸੀ ਅਤੇ ਉਸ ਨੇ ਕੈਂਬ੍ਰਿਜ ਵਿੱਚ ਗੇਟਸ ਫੈਲੋਸ਼ਿਪ ਹਾਸਿਲ ਕੀਤੀ ਸੀ। 2014 ਤੱਕ ਉਸ ਦਾ ਨਾਂ ਡੈਮੋਕਰੈਟਿਕ ਪਾਰਟੀ ਦੀ ਹਮਾਇਤੀ ਵਜੋਂ ਦਰਜ ਸੀ। ਸੰਨ 2021 ਵਿੱਚ ਜਦੋਂ ਉਸ ਨੇ ‘ਦਿ ਯੂਨੀਵਰਸਿਟੀਜ਼ ਆਰ ਦਿ ਐਨੇਮੀ’ (ਯੂਨੀਵਰਸਿਟੀਆਂ ਇਸ ਦੀਆਂ ਦੁਸ਼ਮਣ ਹਨ) ਦੇ ਸਿਰਲੇਖ ਵਾਲਾ ਭਾਸ਼ਣ ਦਿੱਤਾ ਸੀ ਤਾਂ ਉਨ੍ਹਾਂ ਦੇ ਵਿਆਹ ਨੂੰ ਸੱਤ ਸਾਲ ਬੀਤ ਚੁੱਕੇ ਸਨ। ਅੱਜ ਕੱਲ੍ਹ ਅਮਰੀਕਾ ਇੰਨੀ ਜ਼ਿਆਦਾ ਉਥਲ-ਪੁਥਲ ਚੱਲ ਰਹੀ ਹੈ ਕਿ ਉੱਥੇ ‘ਲਾਲ’ ਅਤੇ ‘ਨੀਲੇ’ (ਰਿਪਬਲਿਕਨ ਤੇ ਡੈਮੋਕਰੈਟ ਪਾਰਟੀ ਦੇ ਰੰਗ) ਬਾਰੇ ਬਣੀਆਂ ਪੁਰਾਣੀਆਂ ਮਿੱਥਾਂ ਫਿੱਕੀਆਂ ਪੈਂਦੀਆਂ ਜਾ ਰਹੀਆਂ ਹਨ। ਟਰੰਪ ਹੁਣ ਦੇਸ਼ ਦੇ ਅੱਧੇ ਰਿਪਬਲਿਕਨਾਂ ਦੀ ਨਹੀਂ ਸਗੋਂ ਸਮੁੱਚੇ ਅਮਰੀਕਾ ਦੀ ਗੱਲ ਕਰਨ ਦਾ ਤਲਬਗਾਰ ਹੈ। ਵੈਂਸ ਨੇ ਕਦੇ ਟਰੰਪ ਨੂੰ ‘ਸੱਭਿਆਚਾਰਕ ਹੈਰੋਇਨ’ ਕਹਿ ਕੇ ਭੰਡਿਆ ਸੀ ਪਰ ਹੁਣ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਸ ਦਾ ਸਾਥੀ ਉਮੀਦਵਾਰ ਬਣਨ ਲਈ ਤਿਆਰ ਹੋ ਗਿਆ ਹੈ। ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਹੈ।
ਸੰਭਾਵਨਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਜੋਅ ਬਾਇਡਨ ਸ਼ਾਇਦ ਚੋਣ ਮੈਦਾਨ ਤੋਂ ਪਿਛਾਂਹ ਹਟ ਜਾਣ, ਤਦ ਉਨ੍ਹਾਂ ਦੀ ਥਾਂ ਕਮਲਾ ਹੈਰਿਸ ਭਰ ਦੇਵੇਗੀ ਜਾਂ ਫਿਰ ਡੈਮੋਕਰੈਟਾਂ ਨੂੰ ਕਿਸੇ ਹੋਰ ਆਗੂ ਦੀ ਤਲਾਸ਼ ਕਰਨੀ ਪਵੇਗੀ। ਜਿਹੜੇ ਭਾਰਤੀ ਸੱਤਾ ਦੀ ਧੜਕਣ ਦੇ ਸਭ ਤੋਂ ਨੇੜੇ ਰਹਿਣ ਵਾਲੀ ਇਸ ‘ਭਾਰਤੀ ਅਮਰੀਕਨ’ ਬਾਰੇ ਹੁੱਬ-ਹੁੱਬ ਕੇ ਗੱਲਾਂ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਕਮਲਾ ਹਮੇਸ਼ਾ ਆਪਣੇ ਆਪ ਨੂੰ ‘ਭੂਰੀ’ ਦੀ ਬਜਾਇ ‘ਸਿਆਹ ਔਰਤ’ ਵਜੋਂ ਪੇਸ਼ ਕਰਦੀ ਰਹੀ ਹੈ। ਊਸ਼ਾ ਹਿੰਦੂ ਹੈ ਤੇ ਸ਼ਾਕਾਹਾਰੀ ਵੀ ਪਰ ਉਹ ਵੀ ਸ਼ਾਇਦ ਆਪਣੇ ਪਤੀ ਨੂੰ ‘ਭਾਰਤ ਪੱਖੀ’ ਨੀਤੀ ਅਪਣਾਉਣ ਲਈ ਮਜਬੂਰ ਨਹੀਂ ਕਰ ਸਕੇਗੀ। ਉਂਝ, ਇਹ ਪਤਾ ਲੱਗਿਆ ਹੈ ਕਿ ਉਸ ਦਾ ਦਾਦਾ ਕਿਸੇ ਸਮੇਂ ਆਂਧਰਾ ਪ੍ਰਦੇਸ਼ ਵਿਚ ਆਰਐੱਸਐੱਸ ਦੀ ਸੂਬਾਈ ਇਕਾਈ ਦੀ ਅਗਵਾਈ ਕਰਦਾ ਸੀ।
ਚੰਡੀਗੜ੍ਹੀਆਂ ਦੀ ਜ਼ਬਾਨ ਵਿੱਚ ਇਨ੍ਹਾਂ ਲੋਕਾਂ ਨੂੰ ‘ਕੋਕੋਨਟ’ (ਨਾਰੀਅਲ) ਆਖਿਆ ਜਾਂਦਾ ਹੈ ਜਿਨ੍ਹਾਂ ਦੀ ਚਮੜੀ ਦਾ ਰੰਗ ਭੂਰਾ ਹੁੰਦਾ ਹੈ ਪਰ ਅੰਦਰੋਂ ਇਹ ‘ਗੋਰੇ’ ਹੁੰਦੇ ਹਨ। ਦਲੀਪ ਸਿੰਘ ਯਾਦ ਹੈ? ਦੋ ਸਾਲ ਪਹਿਲਾਂ ਅਮਰੀਕਾ ਦੇ ਸਾਬਕਾ ਡਿਪਟੀ ਕੌਮੀ ਸੁਰੱਖਿਆ ਸਲਾਹਕਾਰ- ਅਤੇ ਦਲੀਪ ਸਿੰਘ ਸੌਂਦ (ਅਮਰੀਕੀ ਕਾਂਗਰਸ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਤੇ ਪਹਿਲੇ ਭਾਰਤੀ-ਅਮਰੀਕੀ) ਦੇ ਪੋਤਰੇ ਨੇ ਮੋਦੀ ਸਰਕਾਰ ਨੂੰ ਆਖਿਆ ਸੀ ਕਿ ਜੇ ਯੂਕਰੇਨ ’ਤੇ ਰੂਸੀ ਹਮਲੇ ਦੇ ਮੱਦੇਨਜ਼ਰ ਉਨ੍ਹਾਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰ ਕੇ ਸਸਤਾ ਰੂਸੀ ਤੇਲ ਖਰੀਦਿਆ ਤਾਂ ਭਾਰਤ ਨੂੰ ਇਸ ਦੇ ‘ਸਿੱਟੇ’ ਭੁਗਤਣੇ ਪੈਣਗੇ। ਉਸ ਵਕਤ ਦਲੀਪ ਸਿੰਘ ਦੀਆਂ ਟਿੱਪਣੀਆਂ ਤੋਂ ਭਾਰਤੀ ਅਧਿਕਾਰੀ ਖਾਸੇ ਪ੍ਰੇਸ਼ਾਨ ਹੋ ਗਏ ਸਨ ਅਤੇ ਅਮਰੀਕੀਆਂ ਨੂੰ ਇਹ ਕਹਿਣ ਲਈ ਮਜਬੂਰ ਹੋਏ ਸਨ ਕਿ ਜੇ ਉਹ ‘ਖੁੱਲ੍ਹ’ ਕੇ ਗੱਲਾਂ ਕਰਨਾ ਚਾਹੁੰਦੇ ਹਨ ਤਾਂ ਇਹ ਕੰਮ ਪ੍ਰਾਈਵੇਟ ਤੌਰ ’ਤੇ ਕਰਨਾ ਪਵੇਗਾ। ਬਿਨ੍ਹਾਂ ਸ਼ੱਕ, ਦਲੀਪ ਸਿਰੇ ਦਾ ‘ਕੋਕੋਨਟ’ ਅਖਵਾਉਣ ਦਾ ਹੱਕਦਾਰ ਹੈ ਜੋ ਆਪਣੇ ਵਰਗੇ ਦਿਸਦੇ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਵਰਤਣ ਤੋਂ ਅਸਮੱਰਥ ਹੈ।
ਬਿਨਾਂ ਸ਼ੱਕ, ਸਾਨੂੰ ਵਿਦੇਸ਼ ਵਿੱਚ ਭਾਰਤੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ। 1917 ਦਾ ਏਸ਼ਿਆਟਿਕ ਬਾਰਡ ਜ਼ੋਨ ਐਕਟ ਜਿਸ ਤਹਿਤ ਅਮਰੀਕਾ ਵਿਚ ਭਾਰਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਈ ਗਈ ਸੀ, ਹਟਣ ਤੋਂ ਬਾਅਦ ਪਿਛਲੇ 100 ਕੁ ਸਾਲਾਂ ਦੌਰਾਨ ਭਾਰਤੀ-ਅਮਰੀਕੀ ਭਾਈਚਾਰਾ ਉੱਥੋਂ ਦਾ ਸਭ ਤੋਂ ਸਫਲ ਭਾਈਚਾਰਾ ਬਣ ਗਿਆ ਹੈ ਜਿਸ ਦੀ ਸੰਖਿਆ 50 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਜਦੋਂ ਐਕਸ ’ਤੇ ੍ਠਹੲ੍ਰੳਬਬਿਟ੍ਹੋਲੲ84 ਨਾਂ ਦੇ ਹੈਂਡਲ ਨੇ ਇਹ ਟਿੱਪਣੀ ਕੀਤੀ ਸੀ ਕਿ ਭਾਰਤੀ ਅਮਰੀਕੀਆਂ ਦੀ ਔਸਤਨ ਆਮਦਨ 119,858 ਡਾਲਰ ’ਤੇ ਪਹੁੰਚ ਗਈ ਹੈ ਜੋ ਚੀਨੀਆਂ, ਜਪਾਨੀਆਂ ਤੇ ਪਾਕਿਸਤਾਨੀਆਂ ਸਣੇ ਸਾਰੇ ਏਸ਼ਿਆਈ ਭਾਈਚਾਰਿਆਂ ਨਾਲੋਂ ਵੱਧ ਹੈ ਤਾਂ ਐਲਨ ਮਸਕ ਨੇ ਵੀ ਇਸ ਨੂੰ ਰੀਟਵੀਟ ਕੀਤਾ ਸੀ। ਸੁੰਦਰ ਪਿਚਾਈ ਦੀ ਅਲਫਾਬੈੱਟ ਅਤੇ ਸਤਿਆ ਨਾਡੇਲਾ ਦੀ ਮਾਈਕਰੋਸਾਫਟ ਅਮਰੀਕਾ ਦੀਆਂ ਦਸ ਸਭ ਤੋਂ ਵੱਡੀਆਂ ਅਮਰੀਕੀ ਕੰਪਨੀਆਂ ਵਿੱਚ ਸ਼ੁਮਾਰ ਹਨ।
ਪਰਵਾਸੀ ਭਾਈਚਾਰੇ ਦੀ ਕਹਾਣੀ ਕਾਫ਼ੀ ਪੇਚੀਦਾ ਬਣੀ ਹੋਈ ਹੈ। ਪਰਵਾਸੀਆਂ ਦੇ ਮਨਾਂ ਵਿੱਚ ਭਾਵੇਂ ਮਾਦਰੇ-ਵਤਨ ਲਈ ਬਹੁਤ ਜ਼ਿਆਦਾ ਪਿਆਰ ਉਮੜਦਾ ਹੈ ਪਰ ਉਨ੍ਹਾਂ ਦੇ ਪੈਰ ਅਮਰੀਕੀ ਜ਼ਮੀਨ ’ਚ ਪੂਰੀ ਤਰ੍ਹਾਂ ਜੰਮੇ ਹੋਏ ਹਨ। ਬਹੁਤੇ ਪਰਵਾਸੀ ਆਪਣੀਆਂ ਦੋਵੇਂ ਕਿਸਮ ਦੀਆਂ ਪਛਾਣਾਂ ਅਤੇ ਭਾਵਨਾਵਾਂ ਨੂੰ ਦਰਸਾਉਣ ਵਿੱਚ ਕਾਮਯਾਬ ਹੁੰਦੇ ਹਨ ਜਿਸ ਦਾ ਪ੍ਰਮਾਣ ਕਰਨ ਜੌਹਰ ਦੀਆਂ ਕਈ ਫਿਲਮਾਂ ਤੋਂ ਮਿਲਦਾ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਭਾਰਤੀ ਵਿਦੇਸ਼ ਵਿੱਚ ਬੈਠੇ ਆਪਣੇ ਹਮਵਤਨੀਆਂ ਨਾਲ ਆਪਣੇ ਆਪ ਨੂੰ ਜੋੜਨ ਲੱਗ ਪੈਂਦੇ ਹਨ ਅਤੇ ਇਹ ਸੋਚਣ ਲੱਗ ਪੈਂਦੇ ਹਨ ਕਿ ਉਹ ਅਜੇ ਵੀ ਉਨ੍ਹਾਂ ਦੇ ਆਪਣੇ ਪਿੰਡ ਦਾ ਹੀ ਹਿੱਸਾ ਹਨ- ਫਿਰ ਭਾਵੇਂ ਉਹ ਪਿੰਡ ਦੇਸ਼ ਦੇ ਕਿਸੇ ਵੀ ਹਿੱਸੇ ਜਾਂ ਸ਼ਾਇਦ ਕਿਸੇ ਵੱਖਰੇ ਦੌਰ ਦਾ ਹੀ ਕਿਉਂ ਨਾ ਹੋਵੇ।
ਇਹ ਉਵੇਂ ਹੀ ਹੈ ਜਿਵੇਂ ਕੋਈ ਪੇਂਡੂ ਬੰਦਾ ਇਹ ਆਖੇ ਕਿ ਉਸ ਨੂੰ ਸ਼ਹਿਰ ਵਿੱਚ ਆਪਣੇ ‘ਜਾਤ ਭਾਈ’ ਦੇ ਘਰ ਵਿੱਚ ਰਹਿਣ ਦਾ ਹੱਕ ਹੈ। ਦਰਅਸਲ, ਜਿਵੇਂ ਇਸ ਵੇਲੇ ਊਸ਼ਾ ਵੈਂਸ ਅਤੇ ਇਸ ਤੋਂ ਪਹਿਲਾਂ ਕਮਲਾ ਹੈਰਿਸ ਦੇ ਵੱਡ-ਵਡੇਰਿਆਂ ਨੂੰ ਭਾਲਣ ਲਈ ਪੱਤਰਕਾਰ ਜੁਟੇ ਹੋਏ ਹਨ, ਉਹ ਹੋਰ ਕੁਝ ਵੀ ਨਹੀਂ ਸਗੋਂ ਉਸ ਪੇਂਡੂ ਆਦਮੀ ਦੀ ਭਾਵਨਾ ਦਾ ਹੀ ਵਿਸਥਾਰ ਹੈ। ਬਿਨਾਂ ਸ਼ੱਕ, ਅਸੀਂ ਜਜ਼ਬਾਤੀ ਲੋਕ ਹਾਂ ਅਤੇ ਜਜ਼ਬਿਆਂ ਤੇ ਉਤਸਾਹ ਤੋਂ ਬਗ਼ੈਰ ਜ਼ਿੰਦਗੀ ਦੇ ਮਾਇਨੇ ਵੀ ਕੀ ਹਨ; ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸਾਡੇ ਨਿਰਖ ਪਰਖ ਤੇ ਫ਼ੈਸਲਿਆਂ ਉੱਪਰ ਭਾਵੁਕਤਾ ਭਾਰੂ ਹੋ ਜਾਂਦੀ ਹੈ।
ਇਵੇਂ ਹੀ ਰਿਸ਼ੀ ਸੂਨਕ ਲੰਡਨ ਵਿਚ ‘ਸਾਡਾ ਬੰਦਾ’ ਬਣ ਜਾਂਦਾ ਹੈ ਹਾਲਾਂਕਿ ਉਸ ਦੇ ਦਾਦੇ ਹੁਰੀਂ ਭਾਰਤ ਛੱਡ ਕੇ ਪਹਿਲਾਂ ਕੀਨੀਆ ਚਲੇ ਗਏ ਸਨ। ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਾਨਮੁਗਾਰਤਨਮ ਭਾਵੇਂ ਜਾਫਨਾ ਦੇ ਤਮਿਲ ਮੂਲ ਦੇ ਹਨ ਪਰ ਉਨ੍ਹਾਂ ਦਾ ਵੀ ਭਾਰਤ ਨਾਲ ਖ਼ਾਸ ਰਿਸ਼ਤਾ ਹੈ; ਤੇ ਆਇਰਲੈਂਡ ਦੇ ਸਾਬਕਾ ਤਾਓਸੀਚ (ਪ੍ਰਧਾਨ ਮੰਤਰੀ) ਲੀਓ ਵਰਾਡਕਰ ਦਾ ਤਾਣਾ ਪੇਟਾ ‘ਆਮਚੀ ਮੁੰਬਈ’ ਨਾਲ ਜੁੜਦਾ ਹੈ।
ਕਈ ਵਾਰ ਗੱਲ ਬੇਸੁਆਦੀ ਵੀ ਹੋ ਜਾਂਦੀ ਹੈ। ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫ਼ਾਨ ਅਲੀ ਜਾਂ ਸੂਰੀਨਾਮ ਦੇ ਰਾਸ਼ਟਰਪਤੀ ਚੰਦ੍ਰਿਕਾਪ੍ਰਸ਼ਾਦ ਸੰਤੋਖੀ ਜਾਂ ਸੈਸ਼ੇਲਜ਼ ਦੇ ਰਾਸ਼ਟਰਪਤੀ ਵੇਵਲ ਰਾਮਕਲਾਵਨ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਹੈ ਜੋ ਅੰਗਰੇਜ਼ਾਂ ਦੀਆਂ ਬਸਤੀਆਂ ਵਿਚ ਭੇਜੇ ਗਏ ਭਾਰਤੀ ਬੰਧੂਆਂ ਮਜ਼ਦੂਰਾਂ ਦੇ ਵੰਸ਼ਜ ਹਨ। ਸਰਕਾਰੀ ਅੰਕਡਿ਼ਆਂ ਮੁਤਾਬਿਕ ਭਾਰਤੀ ਮੂਲ ਦੇ 3.2 ਕਰੋੜ ਲੋਕ ਵਿਦੇਸ਼ਾਂ ਵਿੱਚ ਵਸੇ ਹੋਏ ਹਨ ਪਰ ਇਨ੍ਹਾਂ ’ਚੋਂ ਦੱਖਣੀ ਏਸ਼ੀਆ ਦੇ ਹੋਰਨਾਂ ਦੇਸ਼ਾਂ ਵਿੱਚ ਵੱਸਣ ਵਾਲੇ ਲੋਕ ਸ਼ਾਮਿਲ ਨਹੀਂ ਹਨ ਪਰ ਸਚਾਈ ਇਹ ਹੈ ਕਿ ਅਸੀਂ ਉਦੋਂ ਹੀ ਕੱਛਾਂ ਵਜਾਉਂਦੇ ਹਾਂ ਜਦੋਂ ਪੱਛਮ ਦੇ ਕਿਸੇ ਦੇਸ਼ ਤੋਂ ਉਨ੍ਹਾਂ ਦੀ ਸਫਲਤਾ ਜਾਂ ਪ੍ਰਾਪਤੀ ਦੀ ਖ਼ਬਰ ਆਉਂਦੀ ਹੈ।
ਸਚਾਈ ਦਾ ਉਲਟ ਪਾਸਾ ਵੀ ਹੈ। ਅਸੀਂ ਆਪਣੀ 5000 ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ ਨੂੰ ਹਥਿਆਰ ਦੇ ਤੌਰ ’ਤੇ ਇਸਤੇਮਾਲ ਕਰ ਕੇ ਕਿਸੇ ‘ਵਿਦੇਸ਼ੀ’ ਖ਼ਾਸਕਰ ਜੇ ਕੋਈ ਗੋਰਾ ਹੋਵੇ, ਦੀ ਨੁਕਤਾਚੀਨੀ ਕਰਨ ਦਾ ਮਜ਼ਾ ਲੈਂਦੇ ਰਹਿੰਦੇ ਹਾਂ ਤੇ ਸਹਿਜ ਹੀ ਇਸ ਤੋਂ ਮੁਨਕਰ ਹੋ ਜਾਂਦੇ ਹਾਂ ਕਿ ਅਸਲ ਵਿਚ ਇਸ ਤਰ੍ਹਾਂ ਦੁਨੀਆ ਅੰਦਰ ਆਪਣੇ ਮੁਕਾਮ ਪ੍ਰਤੀ ਆਪਣੀ ਅਸੁਰੱਖਿਆ ਨੂੰ ਨੰਗਾ ਕਰ ਰਹੇ ਹੁੰਦੇ ਹਾਂ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇੱਕ ਵਾਰ ਇਸ ਧਰਮ ਸੰਕਟ ਨੂੰ ਬਾਖ਼ੂਬੀ ਚਿਤਰਿਆ ਸੀ। ਉਸ ਦਾ ਤੁਣਕਾ ਸੀ, “ਯੈਂਕੀ ਗੋਅ ਹੋਮ, ਬਟ ਟੇਕ ਮੀ ਵਿਦ ਯੂ” (ਭਾਵ ਅਮਰੀਕਨੋ ਆਪਣੇ ਦੇਸ਼ ਵਾਪਸ ਜਾਓ ਪਰ ਜਾਂਦੇ ਹੋਏ ਸਾਨੂੰ ਆਪਣੇ ਨਾਲ ਲੈ ਜਾਓ)। ਕਹਾਣੀ ਦਾ ਸਾਰ ਇਹ ਹੈ ਕਿ ਊਸ਼ਾ ਵੈਂਸ ਅਤੇ ਕਮਲਾ ਹੈਰਿਸ ਦੀ ਵਡਿਆਈ ’ਚ ਦਾਗ਼ ਹੈ ਪਰ ਅਸੀਂ ਉਸ ਨੂੰ ਇਸ ਲਿਹਾਜ਼ ਤੋਂ ਦੇਖ ਹੀ ਨਹੀਂ ਰਹੇ।