2.7 C
Vancouver
Sunday, January 19, 2025

ਬੈਂਕ ਆਫ਼ ਕੈਨੇਡਾ ਵਲੋਂ ਲਗਾਤਾਰ ਦੂਜੇ ਮਹੀਨੇ ਵਿਆਜ਼ ਦਰਾਂ ‘ਚ ਕੀਤੀ ਗਈ ਕਟੌਤੀ

ਸਰੀ, (ਸਿਮਰਨਜੀਤ ਸਿੰਘ): ਬੈਂਕ ਆਫ ਕੈਨੇਡਾ ਦੇ ਵੱਲੋਂ ਲਗਾਤਾਰ ਦੂਸਰੇ ਮਹੀਨੇ ਵਿਆਜ ਦਰ ਨੂੰ ਘੱਟ ਕੀਤਾ ਗਿਆ ਹੈ। ਬੀਤੇ ਕੱਲ੍ਹ ਬੈਂਕ ਆਫ ਕੈਨੇਡਾ ਕੈਨੇਡਾ ਨੇ ਵਿਆਜ਼ ਦਰਾਂ ‘ਚ 0.25 ਦੀ ਕਟੌਤੀ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ ਖਾਸ ਤੌਰ ਤੇ ਉਨ੍ਹਾਂ ਲੋਕਾਂ ਨੇ ਜਿਨ੍ਹਾਂ ਦੀਆਂ ਮੋਰਗੇਜ ਦੀਆਂ ਕਿਸ਼ਤਾਂ ਭਰਨੀਆਂ ਬੇਹੱਦ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਹਿਸੂਸ ਹੋਵੇਗੀ। 

ਪਿਛਲੇ ਇੱਕ ਸਾਲ ਤੋਂ ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ 5 ਫੀਸਦੀ ‘ਤੇ ਬਰਕਰਾਰ ਰੱਖੀਆਂ ਗਈਆਂ ਸਨ ਅਤੇ ਇੱਕ ਸਾਲ ਬਾਅਦ ਜੂਨ ਮਹੀਨੇ ਪਹਿਲੀ ਕਟੌਤੀ ਕੀਤੀ ਗਈ ਸੀ ਅਤੇ ਹੁਣ ਦੁਬਾਰਾ .25 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ ਵਿਆਜ਼ ਦਰਾਂ ਘਟ ਕੇ 4.5 ਫੀਸਦੀ ਹੋ ਗਈ ਹੈ। ਇਸ ਦੌਰਾਨ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਹਿੰਗਾਈ ਦਰ ਹੇਠਾਂ ਆਉਣ ਤੋਂ ਬਾਅਦ ਹੀ ਬੈਂਕ ਆਫ਼ ਕੈਨੇਡਾ ਵਲੋਂ ਇਹ ਫੈਸਲਾ ਲਿਆ ਗਿਆ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਵੱਲੋਂ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਉਹਨਾਂ ਵੱਲੋਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਮਹਿੰਗਾਈ ਦਰ ਅਗਲੇ ਕੁੁਝ ਮਹੀਨਿਆਂ ਦੌਰਾਨ ਇਸੇ ਤਰ੍ਹਾਂ ਘਟੇਗੀ ਜਿਸ ਦੇ ਬਾਰੇ ਉਹਨਾਂ ਵੱਲੋਂ ਕਿਆਸ ਲਾਏ ਜਾ ਰਹੇ ਕਿ ਜੇਕਰ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਜਲਦ ਹੀ ਵਿਆਜ਼ ਦਰਾਂ ਵਿੱਚ ਅਗਲੀ ਕਟੌਤੀ ਵੀ ਵੇਖਣ ਨੂੰ ਮਿਲ ਸਕਦੀ ਹੈ।

ਮਈ ਵਿੱਚ ਮਹਿੰਗਾਈ ਦਰ ਵੱਧ ਕੇ 2.9 ਪ੍ਰਤੀਸ਼ਤ ਤੱਕ ਪਹੁੰਚਣ ਤੋਂ ਬਾਅਦ ਕੁਝ ਮਾਹਰਾਂ ਨੂੰ ਸ਼ੱਕ ਸੀ ਕਿ ਬੈਂਕ ਜੁਲਾਈ ਵਿੱਚ ਦੁਬਾਰਾ ਦਰਾਂ ਵਿੱਚ ਕਟੌਤੀ ਕਰੇਗਾ ਜਾਂ ਨਹੀਂ। ਪਰ ਜੂਨ ਦੀ 2.7 ਪ੍ਰਤੀਸ਼ਤ ਮਹਿੰਗਾਈ ਦਰ ਨੇ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ। ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ਸਬੰਧੀ ਹੁਣ ਅਗਲਾ ਫੈਸਲਾ 4 ਸਤੰਬਰ ਨੂੰ ਲਿਆ ਜਾਵੇਗਾ।  ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਉਨ੍ਹਾਂ ਵਲੋਂ ਮਹਿੰਗਾਈ ਦਰ ਨੂੰ ਕਾਬੂ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਮਹਿੰਗਾਈ ਦਰ ਨੂੰ ਜਲਦ ਤੋਂ ਜਲਦ ਮਿਥੇ ਗਏ ਟੀਚੇ ‘ਤੇ ਲਿਆਂਦਾ ਜਾ ਸਕੇ। ਪਰ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦਰ ਨੂੰ 2 ਫੀਸਦੀ ‘ਤੇ ਲਿਆਉਣ ਲਈ ਅਜੇ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

Related Articles

Latest Articles