ਲੇਖਕ : ਦਰਬਾਰਾ ਸਿੰਘ ਕਾਹਲੋਂ
ਸੰਪਰਕ : 289 – 829 – 2929
14 ਸਾਲਾ ਅੰਦਰੂਨੀ ਖਾਨਾਜੰਗੀ ਭਰੇ ਕੰਜ਼ਰਵੇਟਿਵ ਪਾਰਟੀ ਸ਼ਾਸਨ ਨੇ ਵਿਸ਼ਵ ਦੇ ਸ਼ਾਨਾਮੱਤੇ ਇਤਿਹਾਸ ਦੇ ਲਖਾਇਕ ਅਤੇ ਗਲੋਬਲ ਮਹਾਂਸ਼ਕਤੀ ਵਜੋਂ ਇੱਕ ਛਤਰ ਰਾਜ ਦੇ ਮਾਲਿਕ ਗ੍ਰੇਟ ਬ੍ਰਿਟੇਨ ਨੂੰ, ਜਿਸਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ, ਬੁਰੀ ਤਰ੍ਹਾਂ ਲਗਾਤਾਰ ਪਸਰਦੀ ਗੁਰਬਤ, ਮੁਢਲੇ ਢਾਂਚੇ ਦੇ ਕਬਾੜਖਾਨੇ, ਨਿੱਘਰਦੀ ਆਰਥਿਕਤਾ, ਤਾਰ ਤਾਰ ਹੁੰਦੀ ਰਾਸ਼ਟਰੀ ਸਿਹਤ ਸੇਵਾ ਦੀ ਨਿਗਲਦੀ ਦਲਦਲ ਵੱਲ ਧਕੇਲ ਦਿੱਤਾ, ਬ੍ਰਿਿਟਸ਼ ਜਨਤਾ ਦਾ ਵਿਸ਼ਵਾਸ ਛੱਲਣੀ ਛੱਲਣੀ ਕਰਕੇ ਰੱਖ ਦਿੱਤਾ। ਨਤੀਜੇ ਵਜੋਂ 4 ਜੁਲਾਈ, 2024 ਦੀਆਂ ਆਮ ਚੋਣਾਂ ਵਿੱਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਅਗਵਾਈ ਹੇਠ ਚੋਣ ਮੈਦਾਨ ਵਿੱਚ ਉੱਤਰੀ ਕੰਜ਼ਰਵੇਟਿਵ ਪਾਰਟੀ ਨਾਲ ਅਤਿ ਸ਼ਰਮਨਾਕ ਇਤਿਹਾਸਕ ਜੱਗੋਂ ਤੇਰ੍ਹਵੀਂ ਹੋ ਗਈ ਹੈ। ਪਿਛਲੇ ਸਦੀ ਦੇ ਸ਼ੁਰੂ ਵਿੱਚ ਆਪਣੇ ਕੁਸ਼ਾਸਨ ਕਰਕੇ ਸੰਨ 1906 ਵਿੱਚ ਹੋਈਆਂ ਚੋਣਾਂ ਸਮੇਂ ਕੰਜ਼ਰਵੇਟਿਵ ਸਿਰਫ 156 ਸੀਟਾਂ ਜਿੱਤ ਸਕੇ ਸਨ। ਪਰ ਐਂਤਕੀ ਤਾਂ ਹੱਦ ਹੀ ਹੋ ਗਈ। ਕੰਜ਼ਰਵੇਟਿਵ ਸਿਰਫ 121 ਸੀਟਾਂ ’ਤੇ ਜਿੱਤ ਪ੍ਰਾਪਤ ਕਰ ਸਕੇ। ਕਸੂਰ ਤਾਂ 6 ਸਾਲਾਂ ਵਿੱਚ ਕੱਪੜਿਆਂ ਵਾਂਗ ਬਦਲੇ 5 ਪ੍ਰਧਾਨ ਮੰਤਰੀਆਂ ਦਾ ਸਮੂਹਿਕ ਹੈ, ਜਿਨ੍ਹਾਂ ਵਿੱਚੋਂ 49 ਦਿਨ ਪ੍ਰਧਾਨ ਮੰਤਰੀ ਲਿੱਜ਼ ਟਰੱਸ ਤਾਂ ਆਪਣੀ ਸੀਟ ਤੋਂ ਹਾਰ ਗਈ, ਪਰ ਕਲੰਕ ਭਾਰਤੀ ਮੂਲ ਦੇ ਪਿਛੋਕੜ ਨਾਲ ਜੁੜੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਮੱਥੇ ਮੜ੍ਹਿਆ ਗਿਆ।
ਪ੍ਰਸਿੱਧ ਚਿੰਤਕ ਐਨਥਨੀ ਸੈਲਡਨ ‘ਕੰਜ਼ਰਵੇਟਿਵ ਈਫੈਕਟ 2010 ਤੋਂ 2024’ ਵਿੱਚ ਬੇਬਾਕੀ ਨਾਲ ਦਰਸਾਉਂਦੇ ਹਨ ਕਿ ਨਿਕੰਮੇ ਕੰਜ਼ਰਵੇਟਿਵਾਂ ਨੇ ਆਪਣੇ ਅਤੇ ਰਾਸ਼ਟਰ ਦੇ 14 ਸਾਲ ਬਰਬਾਦ ਕਰਕੇ ਰੱਖ ਦਿੱਤੇ। ਦੇਸ਼ ਹਰ ਪੱਖੋਂ ਵਿਸ਼ਵ ਪੈਮਾਨੇ ’ਤੇ ਥੱਲੇ ਗਿਿਰਆ, ਸੰਨ 2010 ਨਾਲੋਂ ਯੂਨੀਅਨ ਦੀ ਸ਼ਕਤੀ ਲਗਾਤਾਰ ਘਟਦੀ ਚਲੀ ਗਈ। ਆਰਥਿਕ ਅਤੇ ਸਮਾਜਿਕ ਬਰਾਬਰੀ ਰੁੜ੍ਹਦੀ ਚਲੀ ਗਈ। ਬ੍ਰਿਿਟਸ਼ ਨਾਗਰਿਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਗੁਰਬਤ ਵੱਲ ਧਕੇਲ ਕੇ ਰੱਖ ਦਿੱਤਾ। ਟੋਨੀ ਬਲੇਅਰ ਅਤੇ ਗੌਰਡਨ ਬਰਾਊਨ ਲੇਬਰ ਸਰਕਾਰਾਂ ਦੇ 13 ਸਾਲ ਸ਼ਾਸਨ ਬਾਅਦ ਡੇਵਿਡ ਕੈਮਰੌਨ ਨੇ ਸੰਨ 2010 ਵਿੱਚ ਕੰਜ਼ਰਵੇਟਿਵਾਂ ਅਤੇ ਕੇਂਦਰਵਾਦੀ ਲਿਬਰਲ ਡੈਮੋਕਰੈਟਾਂ ਨਾਲ ਮਿਲੀਜੁਲੀ ਸਰਕਾਰ ਗਠਿਤ ਕੀਤੀ। ਇਵੇਂ ਸੱਤਾ ਵਿੱਚ ਰਹਿੰਦੇ ਅੰਦਰੂਨੀ ਖਾਨਾਜੰਗੀ ਸਬੱਬ 14 ਸਾਲ ਸੱਤਾ ਵਿੱਚ ਰਹੇ। ਪਿਛਲੇ 6 ਸਾਲਾਂ ਵਿੱਚ 5 ਪ੍ਰਧਾਨ ਮੰਤਰੀ ਬਦਲੇ। ਇਸ ਦੌਰਾਨ ਕਦੇ ਵੀ ਸਥਿਰ ਸਰਕਾਰ ਨਾ ਦੇ ਸਕੇ। ਕੋਵਿਡ 19 ਅਤੇ ਬ੍ਰੈਗਜ਼ਿਟ ਕਰਕੇ ਹਾਲਾਤ ਹੋਰ ਬਦਤਰ ਹੁੰਦੇ ਚਲੇ ਗਏ। ਜਨਤਕ ਖਰਚ ਜੀ. ਡੀ. ਪੀ. ਦੇ 41 ਪ੍ਰਤੀਸ਼ਤ ਤੋਂ ਗਿਰ ਕੇ 35 ਪ੍ਰਤੀਸ਼ਤ ਤਕ ਪਹੁੰਚ ਗਿਆ।
ਸ਼ਾਨਦਾਰ ਜਿੱਤ: ਲੇਬਰ ਪਾਰਟੀ ਨੇ ਆਪਣੇ 61 ਸਾਲਾ ਆਗੂ ਕੀਅਰ ਸਟਾਰਮਰ ਜੋ ਇੱਕ ਟੂਲ ਮੇਕਰ ਪਿਤਾ ਅਤੇ ਨਰਸ ਮਾਤਾ ਦਾ ਪੁੱਤਰ ਹੈ, ਦੀ ਅਗਵਾਈ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ। 650 ਮੈਂਬਰੀ ਹਾਊਸ ਆਫ ਕੌਮਨਜ਼ ਵਿੱਚ ਸੰਨ 1997 ਵਾਂਗ ਜਦੋਂ ਲੇਬਰ ਪਾਰਟੀ ਨੇ ਟੋਨੀ ਬਲੇਅਰ ਦੀ ਅਗਵਾਈ ਵਿੱਚ 418 ਸੀਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ, ਉਵੇਂ ਐਤਕੀਂ 412 ਸੀਟਾਂ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ ਹੈ।
ਦਰਅਸਲ ਕੀਅਰ ਸਟਾਰਮਰ ਬ੍ਰਿਿਟਸ਼ ਲੋਕਾਂ ਦੀ ਬਦਹਾਲੀ ਦੀ ਨਬਜ਼ ਨੂੰ ਭਲੀਭਾਂਤ ਪਛਾਣ ਗਿਆ। ਉਸ ਨੇ ਸ਼ਹਿਰਾਂ, ਕਸਬਿਆਂ, ਹਟਵੀਆਂ ਆਬਾਦੀਆਂ ਵਿੱਚ ਆਮ ਲੋਕਾਂ ਦਾ ਮਹਿੰਗਾਈ ਕਰਕੇ ਜਿਊਣਾ ਮੁਹਾਲ ਹੁੰਦਾ ਮਹਿਸੂਸ ਕੀਤਾ। ਗੁਰਬਤ ਦਾ ਪਸਾਰਾ ਹੁੰਦਾ ਕਰੀਬ ਤੋਂ ਤੱਕਿਆ। ਲੋਕ ਨਿੱਤ ਦੀ ਲੋੜਾਂ ਪੂਰੀਆਂ ਨਾ ਹੋਣ ਖੁਣੋ ਨਢਾਲ ਵੇਖੇ, ਸਵੇਰੇ ਟੁੱਟੇ ਸਲੀਪਰਾਂ ਨੂੰ ਘਸੀਟਦੇ ਗਰਾਸਰੀ ਜਾਂ ਹੋਰ ਦੁਕਾਨਾਂ ’ਤੇ ਕਤਾਰਾਂ ਵਿੱਚ ਲੱਗਦੇ ਵੇਖੇ। ਲੋਕਾਂ ਦੀ ਵਿਚਾਰ ਪ੍ਰਗਟ ਕਰਨੀ ਦੀ ਅਜ਼ਾਦੀ ਖੁੱਸਦੀ ਤੱਕੀ। ਪ੍ਰਵਾਸੀ ਘੱਟੋ ਘੱਟ ਸਲਾਨਾ 29000 ਪੌਂਡ ਆਮਦਨ ਨਾ ਹੋਣ ਕਰਕੇ ਆਪਣੇ ਜੀਵਨ ਸਾਥੀ ਬੁਲਾਉਣ ਤੋਂ ਬਿਹਬਲ ਤੱਕੇ। ਸ਼ਰਨਾਰਥੀਆਂ ਦੀ 86719 ਸੂਚੀ ਲਟਕਦੀ ਤੱਕੀ। ਉਸ ਨੇ ਲੇਬਰ ਪਾਰਟੀ ਮੈਨੀਫੈਸਟੋ ਵਿੱਚ ਦੇਸ਼ ਦੀਆਂ ਨੀਤੀਆਂ ਵਿੱਚ ਜਨਤਕ ਹਿਤਾਂ ਵਿੱਚ ਤਿੱਖੀਆਂ ਤਬਦੀਲੀਆਂ, ਆਧੁਨਿਕਤਾ ਅਤੇ ਨਵੀਨਤਾ ਦਾ ਵਾਅਦਾ ਕੀਤਾ, ਜੋ ਇਸ ਗਲੋਬ ਦੇ ਬੁੱਢੇ ਆਗੂ ਜਿਵੇਂ ਅਮਰੀਕਾ ਵਿੱਚ 81 ਸਾਲਾ ਰਾਸ਼ਟਰਪਤੀ ਜੋਅ ਬਾਈਡਨ, ਰੂਸ ਵਿੱਚ 71 ਸਾਲ ਪੂਤਿਨ, ਚੀਨ ਵਿੱਚ 71 ਸਲ ਜਿਨਪਿੰਗ ਸ਼ੀ, ਈਰਾਨ ਵਿੱਚ 85 ਸਾਲ ਆਇਤੁਲਾ ਖੋਮੀਨੀ, ਇਸਰਾਈਲ ਵਿੱਚ 76 ਸਾਲਾ ਬੈਂਜਾਮਿਨ ਨੇਤਨਯਾਹੂ, ਭਾਰਤ ਵਿੱਚ 74 ਸਾਲਾ ਨਰਿੰਦਰ ਮੋਦੀ ਆਦਿ ਨਹੀਂ ਕਰ ਸਕੇ। ਰਾਜ ਸ਼ਕਤੀ ਹਮੇਸ਼ਾ ਬੁਢਾਪੇ ਨੂੰ ਨਕਾਰਦੀ ਹੈ, ਉਹ ਰੁੱਤ ਨਵਿਆਂ ਦੀ ਨਾਲ ਠੁਮਕਦੀ ਹੈ। ਕੀਅਰ ਨੇ ਜਨਤਕ ਭਲਾਈ ਸਕੀਮਾਂ ਵਿੱਚ ਸੁਧਾਰਾਂ, ਘੱਟ ਆਮਦਨ ਵਾਲੇ ਪਰਿਵਾਰਾਂ ਲਈ ਵਿਕਾਸ ਪ੍ਰੋਗਰਾਮਾਂ, ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧੇ, ਆਰਥਿਕ ਨੀਤੀਆਂ ਵਿੱਚ ਗੁਣਾਤਮਿਕ ਸੁਧਾਰਾਂ ਦਾ ਐਲਾਨ ਕੀਤਾ। ਬ੍ਰਿਿਟਸ਼ ਲੋਕਾਂ ਨੇ ਉਸ ਦੀ ਅਗਵਾਈ ਦੇ ਭਰੋਸੇ ਹੂੰਝਾ ਫੇਰੂ ਜਿੱਤ ਦਾ ਫਤਵਾ ਦਿੱਤਾ। ਕੀਅਰ ਬ੍ਰਿਟੇਨ ਦੇ 58ਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਉਹ ਚੌਥੇ ਅਜਿਹੇ ਲੇਬਰ ਪਾਰਟੀ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਹਾਊਸ ਆਫ ਕੌਮਨਜ਼ ਵਿੱਚ ਬਹੁਮਤ ਪ੍ਰਾਪਤ ਕੀਤਾ ਹੈ।
ਹਾਊਸ ਆਫ਼ ਕੌਮਨਜ਼: ਐਤਕੀਂ ਹਾਊਸ ਆਫ ਕੌਮਨਜ਼ ਦੀ ਬਣਤਰ ਵਿੱਚ ਇਨਕਲਾਬੀ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ। ਬ੍ਰਿਿਟਸ਼ ਵੋਟਰਾਂ ਨੇ ਆਪਣੇ ਮੁੜ ਤੋਂ ਸੁਨਹਿਰੇ ਭਵਿੱਖ ਦੀ ਕਾਮਨਾ ਦਾ ਪ੍ਰਗਟਾਵਾ ਕਰਦੇ ਅਜਿਹਾ ਕੀਤਾ ਹੈ। ਲੇਬਰ ਪਾਰਟੀ ਨੂੰ 412, ਕੰਜ਼ਰਵੇਟਿਵ ਨੂੰ 121, ਲਿਬਰਲ ਡੈਮੋਕ੍ਰੈਟਾਂ ਨੂੰ 72, ਐੱਸਐੱਨਪੀ (ਸਕਾਟਿਸ਼ ਪਾਰਟੀ) ਨੂੰ 9, ਐੱਸ. ਐੱਫ 7, ਹੋਰਨਾਂ ਨੂੰ 7, ਰਿਫਾਰਮ ਯੂ. ਕੇ. ਨੂੰ 5, ਡੂਪ 5, ਗਰੀਨ ਪਰਟੀ 5, ਪੀਸੀ ਨੂੰ 4, ਐੱਸਡੀਐੱਲਪੀ 2, ਯੂ ਯੂ ਪੀ 1, ਅਲਾਇੰਸ ਪਾਰਟੀ ਨੂੰ 1 ਸੀਟ ਦਾ ਫਤਵਾ ਦਿੱਤਾ। ਪ੍ਰਵਾਸੀਆਂ ਦੇ ਘੋਰ ਵਿਰੋਧੀ ਨੀਗਲ ਫਾਰੇਜ਼ ਦੀ ਰਿਫਾਰਮ ਯੂਕੇ ਨੂੰ ਭਾਵੇਂ 5 ਸੀਟਾਂ ਪ੍ਰਾਪਤ ਹੋਈਆਂ ਪਰ ਵੋਟ ਪ੍ਰਤੀਸ਼ਤ 14 ਪ੍ਰਤੀਸ਼ਤ ਪ੍ਰਾਪਤ ਹੋਇਆ।
ਇਸ ਵਾਰ 334 ਨਵੇਂ ਸਾਂਸਦ ਚੁਣੇ ਗਏ ਹਨ। ਪਹਿਲੀ ਵਾਰ ਰਿਕਾਰਡ 264 ਔਰਤਾਂ ਚੁਣੀਆਂ ਗਈਆਂ ਹਨ। ਨਸਲੀ ਘੱਟ ਗਿਣਤੀਆਂ ਦੇ ਪਿਛਲੀਆਂ ਚੋਣਾਂ ਨਾਲੋਂ 23 ਵੱਧ ਭਾਵ 89 ਸੰਸਦ ਚੁਣੇ ਗਏ। ਇਨ੍ਹਾਂ ਵਿੱਚ 50 ਔਰਤਾਂ ਸ਼ਾਮਿਲ ਹਨ। ਭਾਰਤੀ ਮੂਲ ਦੇ 29 ਸਾਂਸਦ ਚੁਣੇ ਗਏ ਹਨ। 6 ਕੁ ਲੱਖ ਆਬਾਦੀ ਵਾਲੇ ਭਾਵ 0.9 ਪ੍ਰਤੀਸ਼ਤ ਸਿੱਖਾਂ ਵਿੱਚੋਂ 12 ਸਾਂਸਦ ਚੁਣੇ ਗਏ। ਸਭ ਲੇਬਰ ਪਾਰਟੀ ਨਾਲ ਸੰਬੰਧਿਤ ਹਨ। ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਤੀਸਰੀ ਵਾਰ ਚੁਣੇ ਗਏ ਹਨ। ਉਹ ਸ਼ੈਡੋ ਸਰਕਾਰ ਦੇ ਮੈਂਬਰ ਸਨ। ਪਰ ਕੀਅਰ ਨੇ ਆਪਣੀ ਕੈਬਨਿਟ ਵਿੱਚ ਉਨ੍ਰਾਂ ਨੂੰ ਅਜੇ ਕੋਈ ਸਥਾਨ ਨਹੀਂ ਦਿੱਤਾ। ਦੂਸਰਿਆਂ ਵਿੱਚ ਕਿਰਥ ਆਹਲੂਵਲੀਆ, ਸੋਨੀਆ ਕੁਮਾਰ, ਹਰਪ੍ਰੀਤ ਕੌਰ ਉੱਪਲ, ਸਤਵੀਰ ਕੌਰ, ਡਾ. ਜੀਵਨ ਸੰਧੇਰ, ਗੁਰਿੰਦਰ ਸਿੰਘ ਜੋਸ਼ਨ, ਵਰਿੰਦਰ ਜੱਸ, ਭਗਤ ਸਿੰਘ ਸ਼ੰਕਰ, ਨਾਦੀਆਂ ਵਿਟੋਮ 23 ਸਾਲਾ ਕੈਥੋਲਿਕ ਸਿੱਖ, ਜੱਸ ਅਟਵਾਲ। ਇਨ੍ਹਾਂ ਵਿੱਚ 6 ਔਰਤਾਂ ਹਨ। ਸਕਾਟਲੈਂਡ ਦੀ ਆਜ਼ਾਦੀ ਨੂੰ ਵੱਡੀ ਸੱਟ ਵੱਜੀ ਹੈ। ਐੱਸਐੱਨਪੀ ਸਿਰਫ 9 ਸੀਟਾਂ ਜਿੱਤ ਸਕੀ, 38 ’ਤੇ ਹਾਰੀ। ਲੇਬਰ 37, ਕੰਜ਼ਰਵੇਟਿਵ 5, ਲਿਬਰਲ ਡੈਮੋਕੈਟ 5 ਸੀਟਾਂ ’ਤੇ ਜਿੱਤੇ।
ਕੈਬਨਿਟ: ਕੀਅਰ ਦੀ ਅਜੋਕੀ ਕੈਬਨਿਟ 24 ਸਕੱਤਰਾਂ (ਕੈਬਨਿਟ ਮੰਤਰੀਆਂ) ’ਤੇ ਆਧਾਰਿਤ ਹੈ ਜਿਨ੍ਹਾਂ ਵਿੱਚ ਉਪ ਪ੍ਰਧਾਨ ਮੰਤਰੀ ਐਂਜਲਾ ਰੇਨਰ ਸਮੇਤ 11 ਔਰਤਾਂ ਸ਼ਾਮਿਲ ਹਨ। ਭਾਰਤੀ ਮੂਲ ਦੀ ਲਿਜ਼ਾ ਨੰਦੀ ਸੱਭਿਆਚਾਰ ਸਕੱਤਰ ਬਣਾਈ ਗਈ। ਸਿੱਖ ਤਨਮਨਜੀਤ ਸਿੰਘ ਅਤੇ ਪ੍ਰੀਤ ਕੌਰ ਗਿੱਲ ਵੀ ਕੈਬਨਿਟ ਉਮੀਦਵਾਰਾਂ ਵਿੱਚੋਂ ਸਨ ਪਰ ਹਾਲ ਦੀ ਘੜੀ ਉਨ੍ਹਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਖਜ਼ਾਨਾ ਵਿਭਾਗ ਰੈਚਲ ਰਵੀਜ਼ ਨੂੰ ਦਿੱਤਾ ਹੈ, ਜਿਨ੍ਹਾਂ ਬ੍ਰਿਟੇਨ ਨੂੰ ਜੀ7 ਦੇਸ਼ਾਂ ਵਿੱਚ ਜੀ. ਡੀ. ਪੀ ਵਿਕਾਸ ਦਰ ਪੱਖੋਂ ਨੰਬਰ ਇੱਕ ਬਣਾਉਣ ਦਾ ਐਲਾਨ ਕੀਤਾ ਹੈ। ਸਥਿਰਤਾ, ਨਿਵੇਸ਼ ਅਤੇ ਸੁਧਾਰਾਂ ਨੂੰ ਨਿਸ਼ਾਨਾ ਮਿਿਥਆ ਹੈ। ਡੇਵਡ ਲੈਮੇ ਨੂੰ ਵਿਦੇਸ਼ ਸਕੱਤਰ ਨਿਯੁਕਤ ਕੀਤਾ ਹੈ।
ਕੀਅਰ ਨੇ ਆਪਣੇ ਪੂਰਵਧਿਕਾਰੀ ਪ੍ਰਧਾਨ ਮੰਤਰੀ ਗੌਰਡਨ ਬਰਾਉਨ ਦੀ ਤਰਜ਼ ’ਤੇ ‘ਹਰ ਹੁਨਰ ਦੀ ਸਰਕਾਰ’ ਗਠਿਤ ਕਰਨ ਦਾ ਨਿਰਣਾ ਲਿਆ ਹੈ। ਸਰਕਾਰ ਵਿੱਚ ਗੈਰ ਰਾਜਨੀਤਕ ਮਾਹਿਰ ਅਤੇ ਤਜ਼ਰਬਾਕਾਰ ਲੋਕ ਸ਼ਾਮਿਲ ਕੀਤੇ ਹਨ। ਪੈਟਰਿਕ ਵੈਲਿਸ ਨੂੰ ਸਾਇੰਸ, ਨਵੀਨੀਕਰਨ, ਤਕਨੀਕੀ ਸਕੱਤਰ, ਡੇਵਿਡ ਲੈਮੇ ਨੂੰ ਵਿਦੇਸ਼ ਸਕੱਤਰ, ਕੌਮਾਂਤਰੀ ਕਾਨੂੰਨ ਦੇ ਮਾਹਿਰ ਰਿਚਰਡ ਹਰਮਰ ਕੇ. ਸੀ ਨੂੰ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਡੇਵਿਡ ਲੈਮੇ ਦੇਸ਼ ਨੂੰ ਖਤਰਨਾਕ ਅਤੇ ਵੰਡੇ ਹੋਏ ਵਿਸ਼ਵ ਭਾਈਚਾਰੇ ਨਾਲ ਜੋੜੇਗਾ। ਬ੍ਰੈਗਜ਼ਿਟ ਪਿੱਛੇ ਛੱਡ ਬ੍ਰਿਟੇਨ ਨੂੰ ਯੂਰਪ ਦੇ ਸਭ ਦੇਸ਼ਾਂ ਨਾਲ ਜੋੜੇਗਾ। ਅਮਰੀਕਾ ਨਾਲ ਸੰਬੰਧਾਂ ’ਤੇ ਤਿੱਖੀ ਨਜ਼ਰਸਾਨੀ ਕੀਤੀ ਜਾਵੇਗੀ। ਜੇ ਨਵੰਬਰ ਚੋਣਾਂ ਬਾਅਦ ਡੌਨਾਲਡ ਟਰੰਪ ਰਾਸ਼ਟਰਪਤੀ ਬਣਦੇ ਹਨ ਤਾਂ ਉਸ ਸੰਦਰਭ ਵਿੱਚ ਵੀ ਵਿਦੇਸ਼ ਨੀਤੀ ਤਿਆਰ ਕਰਨੀ ਆਰੰਭ ਦਿੱਤੀ ਹੈ। 18 ਜੁਲਾਈ ਨੂੰ ‘ਯੂਰਪੀਨ ਰਾਜਨੀਤਕ ਭਾਈਚਾਰਾ’ ਸਿਖਰ ਸੰਮੇਲਨ ਬੁਲਾਇਆ ਹੈ। ਸਿੱਖਿਆ, ਸਿਹਤ, ਜਲਵਾਯੂ, ਫੌਜੀ ਵਕਾਰ ਬਹਾਲੀ, ਕਿਰਤੀਆਂ ਦੇ ਹੱਕਾਂ ਦੀ ਬਹਾਲੀ, ਭ੍ਰਿਸ਼ਟਾਚਾਰ, ਫਜ਼ੂਲ ਖਰਚੀ, ਵਪਾਰ ਆਦਿ ਕਾਰਜ ਏਜੰਡੇ ’ਤੇ ਹਨ।
ਹਥਲੀਆਂ ਚੁਣੌਤੀਆਂ: ਅਮਰੀਕਾ, ਯੂਰਪੀਨ ਦੇਸ਼ਾਂ, ਗਾਜ਼ਾ, ਫਲਸਤੀਨ ਰਾਜ ਨੂੰ ਮਾਨਤਾ, ਯੂਕਰੇਨ, ਨਾਟੋ ਮਸਲਿਆਂ ਵੱਲ ਤਵਜੋਂ ਦਿੱਤੀ ਜਾਏਗੀ। ਕਾਰਬਨ ਮਸਲਾ ਅਤੇ ਦੋ ਪਲਾਂਟ ਬੰਦ ਹੋਣ ਨਾਲ 2800 ਕਾਮਿਆਂ ਦੀ ਛਾਂਟੀ ਦੇ ਹੱਲ ਲਈ ਟਾਟਾ ਸਟੀਲ ਕੰਪਨੀ ਨਾਲ 500 ਮਿਲੀਅਨ ਪੌਂਡ ਦਾ ‘ਲੋਅਰ ਕਾਰਬਨ ਇਲੈਕਟ੍ਰਿਕ ਫਰਨੈਂਸ’ ਸਮਝੌਤਾ ਸਿਰੇ ਚੜ੍ਹਾਇਆ ਜਾਵੇਗਾ। ਸੀਵਰੇਜ ਪ੍ਰਦੂਸ਼ਣ ਰੋਕਣ ਲਈ ਨਵੀਨਤਮ ਮੁਢਲਾ ਢਾਂਚਾ ਲਗਾਉਣ ਸੰਬੰਧੀ ਟੈਕਸ ਦਰਾਂ ਦੇ ਮਸਲੇ ਨੂੰ ਨਿੱਜੀ ਵਾਟਰ ਕੰਪਨੀਆਂ ਨਾਲ 11 ਜੁਲਾਈ ਤਕ ਹੱਲ ਕੀਤਾ ਜਾਵੇਗਾ। ਜੂਨੀਅਰ ਡਾਕਟਰਾਂ ਵੱਲੋਂ 35 ਪ੍ਰਤੀਸ਼ਤ ਤਨਖਾਹ ਵਾਧੇ ਨੂੰ ਲੈ ਕੇ ਹੜਤਾਲ ’ਤੇ ਜਾਣ ਦੇ ਐਲਾਨ ਨੂੰ ਹੱਲ ਕੀਤਾ ਜਾਵੇਗਾ। ਗਰਕ ਹੋ ਰਹੇ ਰਾਸ਼ਟਰੀ ਸਿਹਤ ਸਿਸਟਮ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇਗਾ। ਚੀਨੀ ਫੈਸ਼ਨ ਰੀਟੇਲਰ ਕੰਪਨੀ ਜੋ ਬ੍ਰਿਿਟਸ਼ ਮਾਰਕੀਟ ਨੂੰ ਹੁਲਾਰਾ ਦੇਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ, ਨੂੰ ਦਿੱਤੀ ਜਾਂਦੀ ਟੈਕਸ ਰਿਆਇਤ ’ਤੇ ਨਜ਼ਰਸਾਨੀ ਕੀਤੀ ਜਾਵੇਗੀ। ਇਵੇਂ ਹੀ ਚੈੱਕ ਖਰਬਪਤੀ ਦਾਨੀਅਲ ਕਰੀਟਿੰਕਸਕੀ ਵੱਲੋਂ 3.57 ਬਿਲੀਅਲ ਪੌਂਡ ਵਿੱਚ ਮਈ ਵਿੱਚ ਖਰੀਦੀ 500 ਸਾਲਾ ਰਾਇਲ ਮੇਲ ਬਾਰੇ ਰਾਸ਼ਟਰੀ ਸੁਰੱਖਿਆ ਅਤੇ ਨਿਵੇਸ਼ ਐਕਟ ‘ਤੇ ਨਜ਼ਰਸਾਨੀ ਕੀਤੀ ਜਾਵੇਗੀ। ਰਿਸ਼ੀ ਸੂਨਕ ਕੰਜ਼ਰਵੇਟਿਵ ਸਰਕਾਰ ਨੇ ਇਸੇ ਸਾਲ ਦੇ ਸ਼ੁਰੂ ਵਿੱਚ ਚੀਨੀ ਰਾਜਦੂਤ ਨੂੰ ਬੁਲਾ ਕੇ ਸਾਈਬਰ ਹਮਲਿਆਂ ਅਤੇ ਜਾਸੂਸੀ ਕਰਤੂਤਾਂ ਸੰਬੰਧੀ ਚਿਤਾਵਨੀ ਦਿੱਤੀ ਸੀ, ਹੁਣ ਕੀਰ ਸਰਕਾਰ ਯਤਨ ਕਰੇਗੀ ਕਿ ਚੀਨ ਨਾਲ ਬਿਹਤਰ ਅਤੇ ਦੂਰ ਰਸ ਸੰਬੰਧ ਸਥਾਪਿਤ ਕੀਤੇ ਜਾਣ। ਭਾਰਤ ਨਾਲ ਸੁਰੱਖਿਆ, ਸਿੱਖਿਆ, ਤਕਨਾਲੋਜੀ ਅਤੇ ਜਲਵਾਯੂ ਖੇਤਰਾਂ ਵਿੱਚ ਸੰਬੰਧ ਮਜ਼ਬੂਤ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦਾ ਵਿਸ਼ਵਾਸ ਹੈ ਕਿ ਬ੍ਰਿਟੇਨ ਦੀ ਬੁਰੀ ਤਰ੍ਹਾਂ ਗਿਰ ਰਹੀ ਸਾਖ ਨੂੰ ਮੁੜ ਤੋਂ ਬਹਾਲ ਕਰਨ ਲਈ ਉਨ੍ਹਾਂ ਪਾਸ ਕੋਈ ਜਾਦੂ ਦੀ ਛੜੀ ਨਹੀਂ ਹੈ, ਉਹ ਇੱਕ ਇੱਕ ਇੱਟ ਮਜ਼ਬੂਤੀ ਨਾਲ ਜੋੜ ਕੇ ਮੁੜ ਦੇਸ਼ ਦੀ ਉਸਾਰੀ ਅਤੇ ਸਾਖ਼ ਬਹਾਲੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।