6.3 C
Vancouver
Sunday, January 19, 2025

ਲੋਕਤੰਤਰ ਵਿੱਚ ਹਿੰਸਾ

ਲੇਖਕ : ਗੁਰਮੀਤ ਸਿੰਘ ਪਲਾਹੀ

ਸੰਪਰਕ : 98158 – 02070

ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਹੋਏ ਹਮਲੇ ਦੇ ਬਾਅਦ ਸੁਭਾਵਿਕ ਤੌਰ ’ਤੇ ਉੱਥੇ ਦੀਆਂ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਉੱਤੇ ਸਵਾਲ ਉੱਠਣ ਲੱਗੇ ਹਨ। ਟਰੰਪ ਇਸ ਵਾਰ ਵੀ ਰਾਸ਼ਟਰਪਤੀ ਚੋਣਾਂ ਵਿੱਚ ਰੀਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਹਨ। ਅਮਰੀਕਾ ਦੇ 78 ਸਾਲਾ ਸਾਬਕਾ ਰਾਸ਼ਟਰਪਤੀ ਟਰੰਪ ਨੇ ਪੈਨਸਿਲਵੇਨੀਆ ਵਿੱਚ ਹਮਲੇ ਤੋਂ ਬਾਅਦ ਪਹਿਲੀ ਇੰਟਰਵੀਊ ਵਿੱਚ ਕਿਹਾ-“ਮੈਂ ਮਰ ਚੁੱਕਾ ਹੋਣਾ ਸੀ। ਇਹ ਹਮਲਾ ਇੱਕ ਅਸਲ ਅਨੁਭਵ ਸੀ। … ਰੱਬ ਨੇ ਮੈਨੂੰ ਬਚਾਇਆ ਹੈ।”

ਟਰੰਪ ਉੱਤੇ ਇਹ ਹਮਲਾ ਇੱਕ ਨੌਜਵਾਨ ਵੱਲੋਂ ਅਮਰੀਕਾ ਦੇ ਸ਼ਹਿਰ ਬਟਲਰ (ਪੈਨਸਿਲਵੇਨੀਆ ਸਟੇਟ) ਵਿਖੇ ਕੀਤਾ ਗਿਆ। ਗੋਲੀ ਉਹਨਾਂ ਦੇ ਕੰਨ ਕੋਲੋਂ ਸ਼ੂਕਦੀ ਲੰਘ ਗਈ। ਨਿਸ਼ਾਨਾ ਖੁੰਝ ਗਿਆ। ਟਰੰਪ ਬਚ ਗਿਆ। ਸੁਰੱਖਿਆ ਕਰਮਚਾਰੀਆਂ ਨੇ ਮੌਕੇ ’ਤੇ ਹੀ ਨੌਜਵਾਨ ਨੂੰ ਮਾਰ ਦਿੱਤਾ।

ਇਸ ਹਮਲੇ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ। ਰੀਪਬਲਿਕਨ ਪਾਰਟੀ ਦੇ ਕੁਝ ਨੇਤਾ ਦੋਸ਼ ਲਾ ਰਹੇ ਹਨ ਕਿ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੇ ਬਿਆਨਾਂ ਕਾਰਨ ਇਹ ਸਭ ਕੁਝ ਵਾਪਰਿਆ ਹੈ। ਉਹਨਾਂ ਕਿਹਾ ਕਿ ਅਮਰੀਕਾ ਵਿੱਚ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਂਜ ਅਮਰੀਕਾ ਵਿੱਚ ਇਹੋ ਜਿਹੀ ਇਹ ਪਹਿਲੀ ਘਟਨਾ ਨਹੀਂ ਹੈ। ਪਹਿਲਾਂ ਵੀ ਸਾਬਕਾ ਰਾਸ਼ਟਰਪਤੀਆਂ, ਤਤਕਾਲੀ ਰਾਸ਼ਟਰਪਤੀਆਂ ਉੱਤੇ ਇਹੋ ਜਿਹੇ ਹਮਲੇ ਹੁੰਦੇ ਰਹੇ ਹਨ। ਸਵਾਲ ਉੱਠਦਾ ਹੈ ਕਿ ਇਹ ਹਮਲਾ ਕੀ ਨੌਜਵਾਨ ਵੱਲੋਂ ਆਪਣੇ ਤੌਰ ’ਤੇ ਇਕੱਲਿਆਂ ਕੀਤਾ ਗਿਆ ਜਾਂ ਇਸ ਪਿੱਛੇ ਕਿਸੇ ਹੋਰ ਦਾ ਹੱਥ ਸੀ? 20 ਸਾਲ ਦੇ ਇਸ ਨੌਜਵਾਨ ਵੱਲੋਂ, ਜੋ ਹਾਈ ਸਕੂਲ ਤਕ ਪੜ੍ਹਿਆ ਸੀ, ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਸੀ, ਇਹੋ ਜਿਹਾ ਹਮਲਾ ਅਮਰੀਕਾ ਵਸਦੇ ਨੌਜਵਾਨਾਂ ਦੇ ਮਨਾਂ ਵਿੱਚ ਸਿਆਸੀ ਲੋਕਾਂ ਪ੍ਰਤੀ ਪੈਦਾ ਹੋਏ ਗੁੱਸੇ ਦਾ ਇਜ਼ਹਾਰ ਹੋ ਸਕਦਾ ਹੈ।

ਅਮਰੀਕਾ ਵਿੱਚ ਮਹਿੰਗਾਈ ਵਧ ਰਹੀ ਹੈ। ਬੇਰੁਜ਼ਗਾਰੀ ਦਾ ਅੰਤ ਨਹੀਂ ਹੈ। ਰੂਸ ਅਤੇ ਯੂਕਰੇਨ ਦੇ ਆਪਸੀ ਯੁੱਧ ਕਾਰਨ ਅਮਰੀਕਾ ਵਿੱਚ ਤੇਲ ਕੀਮਤਾਂ ਦੇ ਵਾਧੇ ਕਾਰਨ ਉੱਥੋਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਗੜਬੜ ਹੋ ਚੁੱਕੀ ਹੈ। ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਵਿੱਚ ਵੱਡਾ ਅਸੰਤੋਸ਼ ਹੈ। ਉਹਨਾਂ ਦੇ ਮਨਾਂ ਵਿੱਚ ਨਰਾਜ਼ਗੀ ਹੈ। ਉਹ ਆਮ ਹੀ ਹਿੰਸਕ ਵਰਤਾਅ ਕਰਦੇ ਦੇਖੇ ਜਾ ਰਹੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਇਹੋ ਜਿਹੀਆਂ ਘਟਨਾਵਾਂ ਕਾਰਨ ਜੇਲ੍ਹਾਂ ਵਿੱਚ ਹਨ। ਇਹ ਘਟਨਾ ਅਮਰੀਕਾ ਵਰਗੇ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਨੌਜਵਾਨਾਂ ਵਿੱਚ ਹਿੰਸਕ ਪ੍ਰਵਿਰਤੀ ਪਣਪ ਰਹੀ ਹੈ, ਜੋ ਬਿਨਾਂ ਸ਼ੱਕ ਅਮਰੀਕੀ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ।

ਪਿਛਲੀ ਵਾਰ ਜਦੋਂ ਟਰੰਪ ਰਾਸ਼ਟਰਪਤੀ ਦੀ ਚੋਣ ਹਾਰੇ ਸਨ ਤਾਂ ਉਹਨਾਂ ਦੇ ਹੱਕ ਵਿੱਚ ਅਮਰੀਕਾ ਵਿੱਚ ਵੱਡੀ ਭੰਨ-ਤੋੜ ਹੋਈ ਸੀ। ਉਸਦੇ ਹਿਮਾਇਤੀ ਅਮਰੀਕੀ ਸੰਸਦ ਵਿੱਚ ਜ਼ਬਰਦਸਤੀ ਵੜ ਗਏ ਸਨ। ਅਮਰੀਕਾ ਵਿੱਚ ਨਸਲੀ ਹਿੰਸਾ ਵੀ ਵੇਖਣ ਨੂੰ ਮਿਲੀ। ਦੂਜੇ ਦੇਸ਼ਾਂ ਦੇ ਨਾਗਰਿਕਾਂ ਖਿਲਾਫ਼ ਵੀ ਗੁੱਸਾ ਅਤੇ ਨਫ਼ਰਤ ਵੇਖਣ ਨੂੰ ਮਿਲੀ ਸੀ, ਕਿਉਂਕਿ ਟਰੰਪ ਆਪ ਵੀ ਅਮਰੀਕਾ ਦੇ ‘ਅਸਲੀ ਨਾਗਰਿਕਾਂ’ ਦੇ ਹੱਕ ਵਿੱਚ ਖੜ੍ਹਦਾ ਹੈ ਅਤੇ ਵਿਦੇਸ਼ਾਂ ਤੋਂ ਜਿਹੜੇ ਲੋਕ ਸ਼ਰਨਾਰਥੀਆਂ ਵਜੋਂ ਜਾਂ ਲੁਕ ਛਿਪਕੇ ਪੁੱਜਦੇ ਹਨ, ਉਹ ਉਹਨਾਂ ਦੇ ਹੱਕ ਵਿੱਚ ਨਹੀਂ। ਉਹ ਖੁਲ੍ਹੇਆਮ ਕਹਿੰਦਾ ਹੈ ਕਿ ਅਮਰੀਕਾ ਉੱਤੇ ਸਿਰਫ਼ ਅਮਰੀਕੀਆਂ ਦਾ ਹੱਕ ਹੈ।

ਅਮਰੀਕਾ ਦੁਨੀਆ ਭਰ ਵਿੱਚ ਆਪਣੇ ਆਪ ਨੂੰ ਲੋਕਤੰਤਰ, ਲੋਕਤੰਤਰੀ ਕਦਰਾਂ-ਕੀਮਤਾਂ ਦਾ ਮੋਹਰੀ, ਮੁਦਈ ਸਮਝਦਾ ਹੈ। ਆਪਣੇ ਆਪ ਨੂੰ ਦੁਨੀਆ ਦੇ ‘ਵੱਡਾ ਠਾਣੇਦਾਰ’ ਕਹਾਉਣ ਵਾਲੇ ਦੇਸ਼ ਅਮਰੀਕਾ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਉੱਥੋਂ ਦੇ ਸ਼ਾਸਨ, ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।

ਇਸ ਗੱਲ ਵਿੱਚ ਵੱਡੀ ਸਚਾਈ ਹੈ ਕਿ ਦਿਖਾਵੇ ਦੇ ਤੌਰ ’ਤੇ ਵੱਡੇ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿੱਚ ਇਹੋ ਜਿਹੀਆਂ ਹਿੰਸਕ ਘਟਨਾਵਾਂ ਵਾਪਰਦੀਆਂ ਹਨ। ਦੇਸ਼ ਦੇ ਹਾਕਮ ਵਿਰੋਧੀਆਂ ਨੂੰ ਠਿੱਠ ਕਰਨ ਲਈ ਉਹਨਾਂ ’ਤੇ ‘ਚੰਗੇ-ਮੰਦੇ’ ਮੁਕੱਦਮੇ ਦਰਜ਼ ਕਰਦੇ ਹਨ। ਉਦਾਹਰਣ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੀ ਵੀ ਹੈ। ਦੋ ਮੁੱਖ ਮੰਤਰੀਆਂ ਅਤੇ ਦਰਜਨਾਂ ਹੋਰ ਲੋਕਾਂ ਉੱਤੇ ‘ਸਿਆਸਤ-ਪ੍ਰੇਰਿਤ’ ਮੁਕੱਦਮੇ ਦਰਜ਼ ਹੋਏ ਹਨ, ਉਹਨਾਂ ਨੂੰ ਜੇਲ੍ਹੀ ਡੱਕਿਆ ਗਿਆ। ਨੀਤੀਆਂ ਦਾ ਵਿਰੋਧ ਕਰਨ ਵਾਲੇ ਲੋਕ ਹੁਣ ਵੀ ਜੇਲ੍ਹਾਂ ਵਿੱਚ ਬੰਦ ਹਨ। “ਉਮਰ ਖਾਲਿਦ” ਵਰਗਾ ਚਿੰਤਕ ਵਿਿਦਆਰਥੀ ਅਤੇ ਕਈ ਹੋਰ ਚਿੰਤਕ, ਲੇਖਕ, ਬੁੱਧੀਜੀਵੀ ਵਰ੍ਹਿਆਂ ਤੋਂ ਜੇਲ੍ਹਾਂ ਵਿੱਚ ਬਿਨਾਂ ਮੁਕੱਦਮਾ ਤਾੜੇ ਹੋਏ ਹਨ।

ਗੁਆਂਢੀ ਦੇਸ਼ ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਵਿੱਚ ਬੈਠਾ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਉਸਦੀ ਪਾਰਟੀ ਤਹਿਰੀਕ-ਏ-ਇਨਸਾਫ ਪਾਰਟੀ ਉੱਤੇ ਪਾਕਿਸਤਾਨ ਸਰਕਾਰ ਵੱਲੋਂ ਪਾਬੰਦੀ ਲਗਾਉਣ ਦੀ ਯੋਜਨਾ ਹੈ। ਪਹਿਲਾਂ ਇਮਰਾਨ ਖਾਨ ਨੇ ਵੀ ਆਪਣੇ ਸਿਆਸੀ ਵਿਰੋਧੀਆਂ ਨੂੰ ਨਹੀਂ ਸੀ ਬਖ਼ਸ਼ਿਆ।

ਸਿਆਸੀ ਲੋਕ ਲੋਕਤੰਤਰ ਦੇ ਨਾਮ ਉੱਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹਨ, ਲੋਕਾਂ ਦੇ ਮਸਲਿਆਂ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਿਆਸੀ ਸ਼ਰੀਕੇਬਾਜ਼ੀ ਵਿੱਚ ਲੋਕਾਂ ਨੂੰ ਉਲਝਾਈ ਰੱਖਦੇ ਹਨ ਅਤੇ ਲਗਭਗ ਤਾਨਾਸ਼ਾਹ ਬਣਕੇ ਜਿਵੇਂ ਰੂਸ ਦਾ ਸ਼ਾਸਕ ਪੁਤਿਨ ਲੋਕ ਵਿਖਾਵੇ ਲਈ ਚੋਣਾਂ ਕਰਵਾਉਂਦਾ ਹੈ, ਆਪਣੇ ‘ਪਾਰਟੀ ਦੇ ਕਾਰਕੁੰਨਾਂ’ ਜਾਂ ਪੁਲਿਸ ਪ੍ਰਸ਼ਾਸਨ ਰਾਹੀਂ ਵਿਰੋਧੀਆਂ ਨੂੰ ਗੁੱਠੇ ਲਾਉਂਦਾ ਹੈ, ਇਹੋ ਕੁਝ ਯੂ.ਪੀ. ਵਿੱਚ, ਇਹੋ ਕੁਝ ਪੱਛਮੀ ਬੰਗਾਲ ਵਿੱਚ ਅਤੇ ਹੋਰ ਸੂਬਿਆਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ, ਜਿੱਥੇ ਵਿਰੋਧੀਆਂ ਨੂੰ ਦਬਾਉਣ ਕਈ ਬੁਲਡੋਜ਼ਰ ਨੀਤੀ ਵਰਤੀ ਗਈ।

ਇਹੋ ਜਿਹੀਆਂ ਹਾਲਤਾਂ ਜਦੋਂ ਦੇਸ਼ ਵਿੱਚ ਚੇਤੰਨ ਵਰਗ ਜਾਂ ਨੌਜਵਾਨ ਵੇਖਦੇ, ਭਾਂਪਦੇ ਹਨ, ਉਹਨਾਂ ਦੇ ਮਨਾਂ ਵਿੱਚ ਰੋਸ ਪੈਦਾ ਹੋਣਾ ਸੁਭਾਵਿਕ ਹੈ। ਇਹ ਰੋਸ ਕਈ ਹਾਲਤਾਂ ਵਿੱਚ ਵੱਡੀ ਹਿੰਸਾ ਦਾ ਕਾਰਨ ਬਣਦਾ ਹੈ, ਫਿਰਕੂ ਫਸਾਦ ਹੁੰਦੇ ਹਨ, ਵਿਰੋਧੀਆਂ ਨਾਲ ਝੜਪਾਂ ਹੁੰਦੀਆਂ ਹਨ।

ਕਦੇ ਕਦੇ ਇਹ ਹਿੰਸਾ ਘੱਟ ਗਿਣਤੀਆਂ ਉੱਤੇ ਵੱਡੇ ਹਮਲਿਆਂ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਕਾਰਨ ਬਣਿਆ, ਜਿਸ ਵਿੱਚ ਸੈਂਕੜੇ ਨਿਰਦੋਸ਼ ਸਿੱਖ ਮਾਰ ਦਿੱਤੇ ਗਏ। ਲੋਕਤੰਤਰ ਵਿੱਚ ਦੇਸ਼ ਦੀ 1947 ਦੀ ਵੰਡ ਨੇ ਹੈਵਾਨੀਅਤ ਦੀਆਂ ਸਿਖ਼ਰਾਂ ਛੋਹੀਆਂ। ਲੱਖਾਂ ਲੋਕ ਉਜਾੜੇ ਗਏ, ਮਾਰੇ ਗਏ, ਇਹ ਸਿਰਫ਼ ਫਿਰਕੂ ਫਸਾਦ ਨਹੀਂ ਸਨ, ਲੋਕਤੰਤਰ ਦੇ ਮੱਥੇ ਉੱਤੇ ਵੱਡਾ ਕਲੰਕ ਸਨ, ਜਿਸ ਨੂੰ ਸਿਆਸੀ ਨੇਤਾ ਚੁੱਪ ਚਾਪ ਵੇਖਦੇ ਰਹੇ ਅਤੇ ਹਕੂਮਤ ਆਪਣਾ ਖੇਡ ਖੇਡਦੀ ਰਹੀ।

ਲੋਕਤੰਤਰੀ ਭਾਰਤ ਵਿੱਚ ਜੰਮੂ ਕਸ਼ਮੀਰ, ਮਨੀਪੁਰ ਵਿੱਚ ਵਪਾਰ ਰਹੀਆਂ ਹਿੰਸਾ ਦੀਆਂ ਘਟਨਾਵਾਂ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਨਾਗਰਿਕ ਬਿੱਲ ਪਾਸ ਹੋਣ ਵੇਲੇ ਹੋਏ ਦੰਗੇ, ਗੁਜਰਾਤ ਦੇ ਦੰਗਿਆਂ ਵਿੱਚ ਸਿਆਸੀ ਨੇਤਾਵਾਂ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਸ਼ਮੂਲੀਅਤ ਸ਼ਰਮਨਾਕ ਵਰਤਾਰਾ ਹੈ। ਇਸ ਕਿਸਮ ਦੀ ਹਿੰਸਾ ਲੋਕਾਂ ਦੇ ਮਨਾਂ ਵਿੱਚ ਵਖਰੇਵੇਂ ਪੈਦਾ ਕਰਦੀ ਹੈ, ਮਨਾਂ ਵਿੱਚ ਰੋਸ ਪੈਦਾ ਕਰਦੀ ਹੈ।

ਬਿਨਾਂ ਸ਼ੱਕ ਚੋਣਾਂ ਵੇਲੇ ਹੋਈ ਹਿੰਸਾ ਦਾ ਮਕਸਦ ਵਕਤੀ ਤੌਰ ’ਤੇ ਵੋਟਾਂ ਦੀ ਪ੍ਰਾਪਤੀ ਹੋ ਸਕਦਾ ਹੈ, ਪਰ ਇਹ ਬਹੁਤੀ ਵਾਰ ਮਿੱਥਕੇ ਕੀਤਾ ਜਾਂਦਾ ਸਮਝਿਆ ਜਾਂਦਾ ਹੈ ਤਾਂ ਕਿ ਕਿਸੇ ਵਿਸ਼ੇਸ਼ ਸ਼ਖਸ ਜਾਂ ਧਿਰ ਨੂੰ ਉਭਾਰਿਆ ਜਾਵੇ। ਸਿਆਸੀ ਲੋਕਾਂ ਦੀ ਇਹੋ ਭੁੱਖ ਹੀ ਹਿੰਸਕ ਘਟਨਾਵਾਂ ਦਾ ਵੱਡਾ ਕਾਰਨ ਵੀ ਬਣਦੀ ਹੈ। ਅੱਜ ਸਿਆਸੀ ਹਿੰਸਾ ਦਾ ਇਹ ਵਰਤਾਰਾ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਵਧ ਰਿਹਾ ਹੈ।

ਇਹ ਹਿੰਸਾ ਦੇਸ਼ਾਂ ਵਿਚਕਾਰ ਜੰਗ ਦੇ ਰੂਪ ਵਿੱਚ ਵੀ ਦਿਸਦੀ ਹੈ, ਜਿਵੇਂ ਰੂਸ ਤੇ ਯੂਕਰੇਨ ਦਾ ਯੁੱਧ। ਇਹ ਹਿੰਸਾ ਕਿਸੇ ਦੇਸ਼ ਵਿੱਚ ਕਬੀਲਿਆਂ ਵਿੱਚ ਆਪਸੀ ਟੱਕਰ ਵੀ ਹੋ ਸਕਦੀ ਹੈ। ਇਹ ਹਿੰਸਾ ਅਤੰਕਵਾਦ, ਸਿਵਲ ਵਾਰ, ਮਿਲਟਰੀ ਵੱਲੋਂ ਤਖਤਾ ਪਲਟ, ਵੱਡੇ ਰੋਸ ਮੁਜਹਾਰਿਆਂ ਸਮੇਂ ਹਿੰਸਾ, ਫਿਰਕਿਆਂ ਵਿਚਕਾਰ ਦੰਗੇ, ਕਤਲੇਆਮ, ਕਿਸੇ ਫਿਰਕੇ ਦਾ ਖ਼ਾਤਮਾ ਅਤੇ ਹਕੂਮਤ ਵੱਲੋਂ ਕੀਤੀ ਕਿਰਦਾਰਕੁਸ਼ੀ ਵੀ ਹੋ ਸਕਦੀ ਹੈ।

ਪਰ ਅੱਜ ਦੇ ਯੁਗ ਵਿੱਚ ਹਾਕਮਾਂ ਵੱਲੋਂ ਜਾਮਾ ਲੋਕਤੰਤਰ ਦਾ ਪਹਿਿਨਆ ਜਾ ਰਿਹਾ ਹੈ ਅਤੇ ਦਰਸਾਇਆ ਜਾ ਰਿਹਾ ਹੈ ਕਿ ਇਹ ਵਰਤਾਰਾ ਡਿਕਟੇਟਰਾਨਾ ਨਹੀਂ ਹੈ, ਭਾਵੇਂ ਕਿ ਇਸ ਪਿੱਛੇ ਸੋਚ, ਲੋਕਾਂ ਨੂੰ ਸਾਮ, ਦਾਮ, ਦੰਡ ਰਾਹੀਂ ਆਪਣੇ ਕਾਬੂ ਵਿੱਚ ਕਰਨਾ ਹੀ ਹੁੰਦਾ ਹੈ।

ਮੌਜੂਦਾ ਦੌਰ ਵਿੱਚ ਲੋਕਤੰਤਰ ਦੇ ਅਰਥ ਹੀ ਬਦਲੇ ਗਏ ਹਨ। ਲੋਕਤੰਤਰ ਵਿੱਚ ਸਰਕਾਰੀ, ਸਹਿਕਾਰੀ ਅਦਾਰਿਆਂ ਦੀ ਥਾਂ ਨਿੱਜੀਕਰਨ, ਖੁਦਮੁਖਤਿਆਰ ਸੰਸਥਾਵਾਂ ਦੀ ਥਾਂ ਹਕੂਮਤੀ ਕਬਜ਼ਾ, ਆਜ਼ਾਦ ਖਿਆਲਾਂ ਤੇ ਆਜ਼ਾਦ ਪ੍ਰੈੱਸ ਮੀਡੀਆ ਉੱਤੇ ਵੱਡ ਦਬਾਅ ਅਤੇ ਕੁਦਰਤੀ ਵਸੀਲਿਆਂ ਉੱਤੇ ਸਰਕਾਰ ਦੀ ਥਾਂ ਕਾਰਪੋਰੇਟਾਂ ਦੀ ਤੂਤੀ ਬੋਲਣਾ, ਲੋਕਤੰਤਰ ਦੇ ਥੰਮ੍ਹਾਂ ਨੂੰ ਕਮਜ਼ੋਰ ਕਰਨ ਦਾ ਕਾਰਨ ਬਣਿਆ ਹੈ। ਇੱਥੋਂ ਤਕ ਕਿ ਆਜ਼ਾਦ ਚੋਣ ਕਮਿਸ਼ਨ ਵੀ ਹੁਣ ਆਜ਼ਾਦ ਨਹੀਂ ਰਹੇ।

ਇੱਥੇ ਹੀ ਬੱਸ ਨਹੀਂ, ਕਾਨੂੰਨ ਘੜਨੀ ਸਭਾ ਪਾਰਲੀਮੈਂਟ ਵਿੱਚ ਵੱਡੀ ਗਿਣਤੀ ਵਿੱਚ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦਾ ਜਾ ਬੈਠਣਾ ਅਤੇ ਲੋਕ ਨੁਮਾਇੰਦੇ ਬਣਕੇ ਕੰਮ ਕਰਨਾ ਲੋਕਤੰਤਰ ਵਿੱਚ ਹਿੰਸਕ ਵਰਤਾਰੇ ਵਿੱਚ ਵਾਧੇ ਦਾ ਵੱਡਾ ਕਾਰਨ ਹੈ। ਇਸ ਕਰਕੇ ਚੋਣਾਂ ਤੋਂ ਪਹਿਲਾਂ ਹਿੰਸਾ ਦਾ ਤਾਂਡਵ, ਚੋਣਾਂ ਦੇ ਦੌਰਾਨ ਮਾਰ-ਵੱਢ ਅਤੇ ਫਿਰ ਨਤੀਜਿਆਂ ਦੇ ਬਾਅਦ ਬਦਲੇ ਦੀ ਭਾਵਨਾ ਨਾਲ ਅੱਗ ਜ਼ਨੀ ਅਤੇ ਤੋੜ-ਫੋੜ ਦੀਆਂ ਘਟਨਾਵਾਂ ਵਿੱਚ ਵਾਧਾ ਵੇਖਣ ਨੂੰ ਮਿਲਦਾ ਹੈ।

ਲੋਕਤੰਤਰ ਵਿੱਚ ਹਿੰਸਾ ਦਾ ਮੁੱਖ ਕਾਰਨ ਹੀ ਸਿਆਸੀ ਹਿੰਸਾ ਹੈ, ਜੋ ਹੁਣ ਅਪਰਾਧਿਕ ਹਿੰਸਾ ਦੇ ਨਾਲ ਰਲ਼ਗਡ ਹੋ ਚੁੱਕੀ ਹੈ। ਹਿੰਸਾ ਅਸਲ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਹੈ। ਸਿਆਸੀ ਲੋਕ ਆਪਣੀ ਤਾਕਤ ਵਧਾਉਣ ਲਈ ਸਰੀਰਕ ਹਿੰਸਾ ਦੀ ਵਰਤੋਂ ਕਰਦੇ ਹਨ, ਇਵੇਂ ਹੀ ਜਿਵੇਂ ਅਪਰਾਧੀ ਗ੍ਰੋਹ ਹਥਿਆਰਾਂ ਦੀ ਵਰਤੋਂ ਕਰਦੇ ਹਨ, ਲੁੱਟ-ਮਾਰ ਕਰਦੇ ਹਨ, ਗੋਲੀਬਾਰੀ ਕਰਦੇ ਹਨ, ਸਰੀਰਕ ਤਾਕਤ ਦਾ ਮੁਜ਼ਾਹਰਾ ਕਰਦੇ ਹਨ।

ਸਿਆਸੀ ਹਿੰਸਾ ਕਈ ਰੂਪਾਂ ਵਿੱਚ ਇਸੇ ਤਰ੍ਹਾਂ ਨਜ਼ਰ ਵਿੱਚ ਆਉਂਦੀ ਹੈ। ਸਿਆਸੀ ਹਿੰਸਾ ਉਦੋਂ ਹੁੰਦੀ ਹੈ ਜਦੋਂ ਸਰੀਰਕ ਨੁਕਸਾਨ ਦਾ ਇਸਤੇਮਾਲ ਸਿਆਸੀ ਇਰਾਦਿਆਂ ਨਾਲ ਪ੍ਰੇਰਿਤ ਹੁੰਦਾ ਹੈ। ਉਦਾਹਰਣ ਲਈ ਜਦੋਂ ਹਿੰਸਾ ਦੀ ਵਰਤੋਂ ਕਿਸੇ ਸਮਾਜਿਕ ਵਿਵਸਥਾ ਨੂੰ ਨਸ਼ਟ ਕਰਨ ਲਈ ਜਾਂ ਦਿਖਾਵੇ ਦੇ ਤੌਰ ’ਤੇ ਸਮਾਜਿਕ ਵਿਵਸਥਾ ਨੂੰ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ, ਤਾਂ ਉਸ ਨੂੰ ਸਿਆਸੀ ਹਿੰਸਾ ਮੰਨਿਆ ਜਾਂਦਾ ਹੈ। ਦੇਸ਼ ਵਿਦੇਸ਼ ਵਿੱਚ ਇਹ ਵਰਤਾਰਾ ਲਗਾਤਾਰ ਵਧ ਰਿਹਾ ਹੈ, ਜੋ ਲੋਕਤੰਤਰ ਸਥਾਪਤੀ ਜਾਂ ਲੋਕਤੰਤਰ ਕਦਰਾਂ-ਕੀਮਤਾਂ ਬਣਾਈ ਰੱਖਣ ਲਈ ਇੱਕ ਵੱਡੀ ਚੁਣੌਤੀ ਹੈ।

Related Articles

Latest Articles