10.4 C
Vancouver
Saturday, November 23, 2024

ਵਧ ਰਹੇ ਜਲਵਾਯੂ ਸੰਕਟ ਨੂੰ ਰੋਕਣਾ ਬੇਹੱਦ ਜ਼ਰੂਰੀ

ਲੇਖਕ : ਨਰਿੰਦਰ ਸਿੰਘ ਜ਼ੀਰਾ ਸੰਪਰਕ : 98146 – 62260

ਜਲਵਾਯੂ ਪਰਿਵਰਤਨ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ। ਜਲਵਾਯੂ ਪਰਿਵਰਤਨ ਦਾ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਪ੍ਰਭਾਵ ਪੈਂਦਾ ਹੈ। ਜਲਵਾਯੂ ਪਰਿਵਤਰਨ ਸਿਹਤ ਲਈ ਖ਼ਤਰਨਾਕ ਹੈ। ਇਸ ਪਰਿਵਰਤਨ ਕਾਰਨ ਹੀ ਬੱਚੇ, ਨਵਜੰਮੇ ਬੱਚੇ, ਕਿਸ਼ੋਰ ਅਤੇ ਬਜ਼ੁਰਗ ਲੋਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਤੇਜ਼ੀ ਨਾਲ ਜਲਵਾਯੂ ਵਿੱਚ ਆ ਰਹੇ ਪਰਿਵਰਤਨ ਕਾਰਨ ਨਵੇਂ-ਨਵੇਂ ਕਿਸਮ ਦੇ ਜੀਵਾਣੂ ਪੈਦਾ ਹੋ ਰਹੇ ਹਨ। ਜੇਕਰ ਸਮੇਂ ਸਿਰ ਕਾਬੂ ਨਾ ਪਾਇਆ ਗਿਆ, ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਸੰਸਾਰ ਅੰਦਰ ਭਿਆਨਕ ਜਾਨਲੇਵਾ ਬਿਮਾਰੀਆਂ ਲੋਕਾਂ ਨੂੰ ਚਿੰਬੜ ਜਾਣਗੀਆਂ। ਜਲਵਾਯੂ ਪਰਿਵਤਰਨ ਕਾਰਨ ਕੁਝ ਆਬਾਦੀ ਪਹਿਲਾਂ ਹੀ ਭਾਰੀ ਕੀਮਤ ਅਦਾ ਕਰ ਰਹੀ ਹੈ। ਜਲਵਾਯੂ ਪਰਿਵਰਤਨ ਬਹੁਤ ਵੱਡੀ-ਵੱਡੀ ਪੱਧਰ ’ਤੇ ਸਿਹਤ ਲਈ ਖ਼ਤਰਾ ਪੈਦਾ ਕਰ ਰਹੇ ਹਨ। ਜਲਵਾਯੂ ਸੰਬੰਧਤ ਵਿਸਥਾਪਨ ਅਤੇ ਵਿਘਨ ਉਨ੍ਹਾਂ ਲੋਕਾਂ ਲਈ ਗੰਭੀਰ ਨਤੀਜੇ ਹਨ, ਜਿਨ੍ਹਾਂ ਨੂੰ ਸਿਹਤ ਸੇਵਾਵਾਂ ਅਤੇ ਸਮਾਜਿਕ ਸਹਾਇਤਾ ਤਕ ਨਿਯਮਤ ਪਹੁੰਚ ਦੀ ਲੋੜ ਹੁੰਦੀ ਹੈ। ਤਾਪਮਾਨ ਵਿੱਚ ਲਗਾਤਾਰ ਹੋ ਰਿਹਾ ਅਥਾਹ ਵਾਧਾ ਸਾਡੀ ਸਿਹਤ ਉੱਤੇ ਖ਼ਤਰਨਾਕ ਢੰਗ ਨਾਲ ਅਸਰ ਪਾ ਰਿਹਾ ਹੈ। ਜ਼ਿਆਦਾ ਗਰਮੀ ਕਾਰਨ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮਣਾ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਜਾਂ ਦਿਲ ਦੇ ਦੌਰੇ ਹੋਣ ਦੀਆਂ ਸੰਭਾਵਨਾਵਾਂ ਹਨ। ਉੱਚ ਤਾਪਮਾਨ ਜਾਨਲੇਵਾ ਰੋਗਾਂ ਨੂੰ ਸੱਦਾ ਦਿੰਦਾ ਹੈ। ਗਰਮੀ ਦੀਆਂ ਲਹਿਰਾਂ ਬੱਚਿਆਂ ਅਤੇ ਕਿਸ਼ੋਰਾਂ ਲਈ ਸਿੱਖਣ ਨੂੰ ਪ੍ਰਭਾਵਿਤ ਕਰਦੀਆਂ ਹਨ।

ਵਧ ਰਿਹਾ ਤਾਪਮਾਨ ਸਿਹਤ ਦੀਆਂ ਸਥਿਤੀਆਂ ਨੂੰ ਵਿਗਾੜਦਾ ਹੈ। ਧਰਤੀ ’ਤੇ ਵਧ ਰਹੇ ਤਾਪਮਾਨ ਕਾਰਨ ਹੀ ਗਲੇਸ਼ੀਅਰ ਖ਼ਤਰਨਾਕ ਹੱਦ ਤਕ ਪਿਘਲ ਰਹੇ ਹਨ। ਗਲੇਸ਼ੀਅਰਾਂ ਨੂੰ ਸੰਸਾਰ ਪੱਧਰ ’ਤੇ ਹੀ ਖੋਰਾ ਲੱਗਿਆ ਹੋਇਆ ਹੈ। ਇਨ੍ਹਾਂ ਦਾ ਵਾਧੂ ਪਾਣੀ ਸਮੁੰਦਰੀ ਤਲ ਨੂੰ ਉੱਪਰ ਚੱਕ ਰਿਹਾ ਹੈ। ਇਹ ਤਬਦੀਲੀਆਂ ਸਾਡੇ ਮੌਨਸੂਨ ਚੱਕਰ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਸਥਿਤੀ ਇਵੇਂ ਜਾਰੀ ਰਹੀ ਤਾਂ ਸਮੁੰਦਰ ਕਈ ਤੱਟੀ ਸ਼ਹਿਰਾਂ ਨੂੰ ਨਿਗਲ ਲਏਗਾ। ਤਾਪਮਾਨ ਵਿੱਚ ਡੇਢ ਡਿਗਰੀ ਸੈਲਸੀਅਸ ਵਾਧੇ ਕਾਰਨ ਕਿਤੇ ਤਾਂ ਗਰਮੀ ਵਧ ਰਹੀ ਹੈ ਤੇ ਕਈ ਥਾਵਾਂ ’ਤੇ ਮੌਸਮ ਲੰਬਾ ਹੋ ਰਿਹਾ ਹੈ। ਦੁਨੀਆਂ ਦਾ ਤਾਪਮਾਨ ਵਧਣ ਕਾਰਨ ਮੌਸਮਾਂ ਵਿੱਚ ਤਬਦੀਲੀ ਆਉਣੀ ਲਾਜ਼ਮੀ ਹੈ।

ਵਾਤਾਵਰਣ ਵਿੱਚ ਪੈਦਾ ਹੋਈਆਂ ਗੈਸਾਂ ਦੇ ਰਿਸਾਅ ਕਾਰਨ ਤਾਪਮਾਨ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਕਿਉਂਕਿ ਪੂੰਜੀਵਾਦੀ ਸਿਸਟਮ ਵਾਲੀਆਂ ਸਰਕਾਰਾਂ 2015 ਵਿੱਚ ਪੈਰਿਸ ਵਿੱਚ ਵਾਤਾਵਰਣ ਸੰਬੰਧੀ ਚੋਟੀ ਦੀ ਵਾਰਤਾ ਦੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਕੋਹਾਂ ਦੂਰ ਰਹੀਆਂ ਹਨ, ਜਿਸ ਕਾਰਨ ਕਾਰਬਨ ਡਾਇਔਕਸਾਈਡ ਦੀ ਮਾਤਰਾ ਘੱਟ ਕਰਨ ’ਤੇ ਕੌਮਾਂਤਰੀ ਤਾਪਮਾਨ ਨੂੰ ਡੇਢ ਡਿਗਰੀ ਹੇਠਾਂ ਲਿਆਉਣ ਲਈ ਮਿਥੇ ਟੀਚੇ ਪੂਰੇ ਨਹੀਂ ਹੋ ਰਹੇ ਹਨ ਕਿਉਂਕਿ ਪੂੰਜੀਵਾਦ ਦੁਆਰਾ ਕੁਦਰਤੀ ਸਰੋਤਾਂ ਦੀ ਬੇਕਿਰਕੀ ਨਾਲ ਬੇਹਿਸਾਬੀ ਲੁੱਟ ਹੋ ਰਹੀ ਹੈ।

ਪੈਰਿਸ ਸਮਝੌਤੇ ਤਹਿਤ ਕਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੇ ਜ਼ਹਿਰੀਲੀਆਂ ਗਰੀਨ ਹਾਊਸ ਗੈਸਾਂ ਦੀ ਦਰ ਘਟਾਉਣ ਦਾ ਹਲਫ਼ ਲਿਆ ਸੀ। ਜੰਗਲਾਂ ਦੀ ਬੇਤਹਾਸਾ ਕਟਾਈ, ਜ਼ਹਿਰੀਲੀਆਂ ਗੈਸਾਂ ਕਾਰਨ ਵਿਸ਼ਵ ਪਿੰਡ ਅੱਗ ਦੀਆਂ ਲਪੇਟਾਂ ਵਿੱਚ ਘਿਿਰਆ ਹੋਇਆ ਹੈ। ਅੰਨ੍ਹੇਵਾਹ ਰੁੱਖਾਂ ਦੀ ਕਟਾਈ ਨਾਲ ਹੀ ਨੌਬਤ ਆਈ ਹੈ। ਧਰਤੀ ਦੀ ਹਿੱਕ ਸਾੜਨ ਅਤੇ ਰੁੱਖਾਂ ਦੀ ਕਟਾਈ ਕਰਨ ਨਾਲ ਜਿੱਥੇ ਤਪਸ਼ ਵਿੱਚ ਵਾਧਾ ਹੋਇਆ ਹੈ, ਉੱਥੇ ਠੰਢੀਆਂ ਹਵਾਵਾਂ ਤੋਂ ਵੀ ਵਿਰਵੇ ਹੋਏ ਹਾਂ। ਭਾਰਤ ਵਿੱਚ ਪ੍ਰਤੀ ਵਿਅਕਤੀ ਹਿੱਸੇ 28 ਰੁੱਖ ਆਉਂਦੇ ਹਨ ਜਦਕਿ ਚੀਨ ਵਿੱਚ ਇਨ੍ਹਾਂ ਦੀ ਗਿਣਤੀ 102, ਬ੍ਰਾਜ਼ੀਲ ਵਿੱਚ 1494 ਅਤੇ ਕੈਨੇਡਾ ਵਿੱਚ 8953 ਹੈ। ਭਵਿੱਖ ਬਚਾਉਣ ਲਈ ਵਧੇਰੇ ਰੁੱਖ ਲਾਉਣ ਦੀ ਲੋੜ ਹੈ। ਭਾਰਤ ਵਿੱਚ ਧੂੰਏਂ ਦੀ ਸਮੱਸਿਆ ਹਮੇਸ਼ਾ ਤੋਂ ਗੰਭੀਰ ਬਣੀ ਰਹੀ ਹੈ। ਨਾੜ ਅਤੇ ਪਰਾਲੀ ਨੂੰ ਅੱਗ, ਜੰਗਲਾਂ ਦੀ ਅੱਗ, ਉਦਯੋਗਾਂ ਤੋਂ ਉਪਜੇ ਧੂੰਏਂ, ਨਿਰਮਾਣ ਸਰਗਰਮੀਆਂ ਤੋਂ ਪੈਦਾ ਹੋਈ ਧੂੜ ਅਤੇ ਕੂੜੇ-ਕਚਰੇ ਦੀ ਸਮੱਸਿਆ ਹਵਾ ਗੁਣਵੱਤਾ ਨੂੰ ਖਰਾਬ ਕਰਨ ਦਾ ਕਾਰਨ ਬਣਦੇ ਹਨ। ਵਧ ਰਹੀ ਆਬਾਦੀ ਕਾਰਨ ਦੇਸ਼ ਦੇ ਜੰਗਲ ਅਤੇ ਹਰੇ ਭਰੇ ਖੇਤਰ ਲਗਾਤਾਰ ਘੱਟ ਹੁੰਦੇ ਗਏ ਅਤੇ ਕੰਕਰੀਟ ਦੇ ਜੰਗਲ ਦਾ ਦਾਇਰਾ ਲਗਾਤਾਰ ਵਧਦਾ ਗਿਆ। ਗਰੀਨ ਹਾਊਸ ਗੈਸਾਂ ਨੇ ਹਵਾ ਪ੍ਰਦੂਸ਼ਨ ਦੀਆਂ ਸਥਿਤੀਆਂ ਨੂੰ ਲਗਾਤਾਰ ਗੰਭੀਰ ਬਣਾਇਆ ਹੋਇਆ ਹੈ। ਚਾਲੂ ਸਾਲ ਵਿੱਚ ਵੀ ਹਵਾ ਪ੍ਰਦੂਸ਼ਣ ਅਤੇ ਵਿਸ਼ਵ ਪੱਧਰ ’ਤੇ ਅਚਾਨਕ ਦਿਖਾਈ ਦਿੱਤੀਆਂ ਜਲਵਾਯੂ ਤਬਦੀਲੀਆਂ ਨਾਲ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੇਸ਼ ਦੇ ਪੌਣ-ਪਾਣੀ ’ਤੇ ਉਲਟ ਤਬਦੀਲੀਆਂ ਅਕਸਰ ਮਨੁੱਖੀ ਲਾਪਰਵਾਹੀਆਂ ਕਾਰਨ ਵੀ ਹੁੰਦੀਆਂ ਹਨ।

ਸਾਲ 2021 ਵਿੱਚ ਵਿਸ਼ਵ ਭਰ ਵਿੱਚੋਂ ਹਵਾ ਪ੍ਰਦੂਸ਼ਨ ਕਾਰਨ ਹੋਈਆਂ 81 ਲੱਖ ਮੌਤਾਂ ਵਿੱਚ 23 ਲੱਖ ਤੋਂ ਵਧੇਰੇ ਇਕੱਲੇ ਭਾਰਤ ਵਿੱਚ ਹੋਈਆਂ ਸਨ। ਵਾਤਾਵਰਣ ਵਿੱਚ ਆਏ ਵਿਗਾੜ ਕਾਰਨ ਜੋ ਹਵਾ, ਪਾਣੀ, ਧਰਤੀ ਤੇ ਸੂਰਜ ਮਨੁੱਖ ਨੂੰ ਜੀਵਨ ਦਾਨ ਦਿੰਦੇ ਸਨ, ਅੱਜ ਅਚਾਨਕ ਉਸਦੇ ਦੁਸ਼ਮਣ ਬਣ ਗਏ ਹਨ। ਇਹ ਬਿਪਤਾਵਾਂ ਮਨੁੱਖ ਵੱਲੋਂ ਕੁਦਰਤ ਦੇ ਨੇਮਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਦਾ ਸਿੱਟਾ ਹਨ। ਵਾਤਾਵਰਣ ਦੀ ਮੌਜੂਦਾ ਸਥਿਤੀ ’ਤੇ ਜੇਕਰ ਝਾਤ ਮਾਰੀਏ ਤਾਂ ਜੋ ਤਸਵੀਰ ਸਾਡੇ ਜ਼ਿਹਨ ਵਿੱਚ ਉੱਭਰਦੀ ਹੈ, ਉਹ ਅਤਿ ਨਿਰਾਸ਼ਾਜਨਕ ਹੈ। ਸਾਨੂੰ ਨਾ ਤਾਂ ਸਾਹ ਲੈਣ ਲਈ ਸ਼ੁੱਧ ਹਵਾ ਮਿਲ ਰਹੀ ਹੈ ਅਤੇ ਨਾ ਹੀ ਪੀਣ ਲਈ ਸ਼ੁੱਧ ਪਾਣੀ।

ਵਾਤਾਵਰਣ ਦੀ ਤਬਦੀਲੀ ਮਨੁੱਖ ਲਈ ਘਾਤਕ ਸਾਬਤ ਹੋ ਸਕਦੀ ਹੈ ਅਤੇ ਇਹ ਧਰਤੀ ਉਤਲੇ ਜੀਵਨ ਲਈ ਹੀ ਖ਼ਤਰਾ ਪੈਦਾ ਕਰ ਸਕਦੀ ਹੈ। ਗਰੀਨ ਹਾਊਸ ਗੈਸਾਂ ਦੀ ਨਿਕਾਸੀ ਪਹਿਲਾਂ ਵਾਂਗ ਹੀ ਜਾਰੀ ਹੈ। ਹਾਲਤ ਇਹ ਬਣੀ ਹੋਈ ਹੈ ਕਿ ਕੋਲਾ ਫੂਕਣ ਨਾਲ ਹੋਣ ਵਾਲੀ ਕਾਰਬਨ ਦੀ ਨਿਕਾਸੀ ਬਾਰੇ ਵੀ ਹਾਲੇ ਤਕ ਕੋਈ ਸਮਝੌਤਾ ਸਿਰੇ ਨਹੀਂ ਲੱਗ ਸਕਿਆ। ਵਧ ਰਹੀ ਗਰਮੀ ਦਾ ਮੁੱਖ ਕਾਰਨ ਵਾਤਾਵਰਣ ਦੀ ਤਬਦੀਲੀ ਹੀ ਲਗਦਾ ਹੈ। ਵਾਤਾਵਰਣ ਦੀ ਤਬਦੀਲੀ ਨਾਲ ਗਰਮੀ ਦੇ ਮੌਸਮ ਦੇ ਵਧੇਰੇ ਗਰਮ ਹੋਣ ਦਾ ਨਤੀਜਾ ਨਿਕਲਿਆ ਹੈ। ਉਸ ਨੂੰ ਵਿਿਗਆਨੀਆਂ ਨੇ ਹਕੀਕਤ ਵਜੋਂ ਪ੍ਰਵਾਨ ਕਰ ਲਿਆ ਹੈ। ਮੌਸਮ ਵਿਿਗਆਨੀਆਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਹੁਣ ਸਾਨੂੰ ਵਧੇਰੇ ਗਰਮੀਆਂ ਵਾਲੇ ਮੌਸਮਾਂ ਵਿੱਚ ਰਹਿਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਵਿਿਗਆਨੀਆਂ ਦਾ ਕਹਿਣਾ ਹੈ ਕਿ ਆਦਮੀ 50 ਡਿਗਰੀ ਸੈਲਸੀਅਸ ਤਕ ਦੀ ਗਰਮੀ ਹੀ ਮੁਸ਼ਕਿਲ ਨਾਲ ਬਰਦਾਸ਼ਤ ਕਰ ਸਕਦਾ ਹੈ। ਇਸ ਤੋਂ ਜ਼ਿਆਦਾ ਦੀ ਗਰਮੀ ਮਨੁੱਖ ਦੀ ਹੋਂਦ ਲਈ ਇੱਕ ਖ਼ਤਰਾ ਖੜ੍ਹਾ ਕਰ ਸਕਦੀ ਹੈ। ਆਲਮੀ ਤਪਸ਼ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਅਤੇ ਇਹ ਤਪਸ਼ ਤਬਾਹੀ ਮਚਾ ਰਹੀ ਹੈ। ਜੇਕਰ ਆਲਮੀ ਤਪਸ਼ ਦਾ ਹੱਲ ਨਾ ਨਿਕਲਿਆ ਤਾਂ ਇਹ 2030 ਤਕ ਮਨੱਖ ਦੇ ਵੱਸੋਂ ਬਾਹਰ ਹੋ ਜਾਵੇਗੀ।

ਵਾਤਾਵਰਣ ਦੀ ਵਿਗੜ ਰਹੀ ਸਥਿਤੀ ’ਤੇ ਸਮੱਸਿਆ ਦੇ ਉਸਾਰੂ ਹੱਲ ਵੀ ਨਾ ਕੇਵਲ ਸਰਕਾਰ ਬਲਕਿ ਹਰ ਵਿਅਕਤੀ ਨੂੰ ਆਪਣੇ ਪੱਧਰ ’ਤੇ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ। ਸਰਕਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਇਸਦੇ ਮਾਰੂ ਸਿੱਟਿਆਂ ਬਾਰੇ ਪੂਰੀ ਤਰ੍ਹਾਂ ਸੁਚੇਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਣ ਦਿੱਤਾ ਜਾ ਸਕੇ। ਜਿਵੇਂ-ਜਿਵੇਂ ਅਸੀਂ ਵਾਤਾਵਰਣ ਨੂੰ ਸਹਿਜੇ-ਸਹਿਜੇ ਵਿਗਾੜਨ ਦਾ ਗੁਨਾਹ ਕੀਤਾ ਹੈ, ਇਸੇ ਤਰ੍ਹਾਂ ਸਹਿਜੇ-ਸਹਿਜੇ ਵਾਤਾਵਰਣ ਨੂੰ ਸਵਾਰਨ ਦਾ ਸਾਂਝਾ ਉੱਦਮ ਕਰੀਏ।

ਜਲਵਾਯੂ ਤਬਦੀਲੀ ਨੂੰ ਤੁਰੰਤ ਘਟਾਉਣ ਦੀ ਲੋੜ ਹੈ। ਜੀਵਨ ਦੇ ਵੱਖ ਵਿੱਖ ਪੜਾਵਾਂ ਅਤੇ ਸਿਹਤ ਦੀ ਰੱਖਿਆ ਕਰਨ ਵਾਲੀਆਂ ਖ਼ਾਸ ਕਾਰਵਾਈਆਂ ਕਰਨ ਲਈ ਅਤੇ ਮੌਸਮੀ ਆਫਤਾਂ ਦੇ ਵਾਪਰਨ ਵੇਲੇ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਲਈ ਸਿਹਤ ਸੇਵਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਾਣਾਉਣ ਲਈ ਕਦਮ ਪੁੱਟਣ ਦੀ ਲੋੜ ਹੈ। ਵਧ ਰਹੇ ਜਲਵਾਯੂ ਸੰਕਟ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਜਿੱਥੇ ਭਾਰਤ ਪੂਰੇ ਵਿਸ਼ਵ ਵਿੱਚ ਜਲਵਾਯੂ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਸਕੇਗਾ, ਉੱਥੇ ਹੀ ਆਪਣੇ ਲੋਕਾਂ ਨੂੰ ਵਿਨਾਸ਼ਕਾਰੀ ਅੰਤ ਵੱਲ ਵਧਣ ਤੋਂ ਰੋਕਿਆ ਜਾ ਸਕੇਗਾ। ਆਪਣੇ ਦੇਸ਼ ਵਿੱਚ ਹਰੇ-ਭਰੇ ਖੇਤਰਾਂ ਨੂੰ ਵਧਾਉਣ, ਧੂੰਏਂ ਦੀ ਸਮੱਸ਼ਿਆ ’ਤੇ ਕਾਬੂ ਪਾਉਣ ਅਤੇ ਜਲਵਾਯੂ ਤਬਦੀਲੀ ਨੂੰ ਰੋਕਣ ਦੇ ਪੱਧਰ ’ਤੇ ਸਰਕਾਰ ਨੂੰ ਸਾਰਥਿਕ ਕਦਮ ਜ਼ਰੂਰ ਚੁੱਕਣੇ ਪੈਣਗੇ। ਇਸ ਦਿਸ਼ਾ ਵਿੱਚ ਜਿੰਨੀ ਜਲਦੀ ਦੇਸ਼ ਅੱਗੇ ਵਧੇਗਾ, ਓਨਾ ਹੀ ਇਹ ਮਾਨਵਤਾ ਦੀ ਸੁਰੱਖਿਆ ਦੇ ਹਿਤਾਂ ਵਿੱਚ ਹੋਵੇਗਾ।

Related Articles

Latest Articles