ਵਾਸ਼ਿੰਗਟਨ : ਅਮਰੀਕਾ ਨੇ ਆਖਿਰਕਾਰ ਰੂਸ ਨਾਲ ਕਈ ਮਹੀਨਿਆਂ ਤੋਂ ਜੰਗ ਲੜ ਰਹੇ ਯੂਕਰੇਨ ਦੀ ਮੰਗ ਪੂਰੀ ਕਰ ਦਿੱਤੀ ਹੈ। ਅਮਰੀਕਾ ਨੇ ਯੂਕਰੇਨ ਨੂੰ ਪਹਿਲਾ ਐਫ਼-16 ਲੜਾਕੂ ਜਹਾਜ਼ ਸੌਂਪ ਦਿੱਤਾ ਹੈ। ਰੂਸੀ ਮਿਜ਼ਾਈਲ ਹਮਲਿਆਂ ਨਾਲ ਨਜਿੱਠਣ ਲਈ ਯੂਕਰੇਨ ਕਈ ਮਹੀਨਿਆਂ ਤੋਂ ਇਸ ਦੀ ਮੰਗ ਕਰ ਰਿਹਾ ਸੀ। ਇਕ ਅਮਰੀਕੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਕਈ ਮਹੀਨਿਆਂ ਤੋਂ ਆਪਣੇ ਪੱਛਮੀ ਸਹਿਯੋਗੀਆਂ ਤੋਂ ਐੱਫ-16 ਲੜਾਕੂ ਜਹਾਜ਼ ਮੁਹੱਈਆ ਕਰਵਾਉਣ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਵੱਲੋਂ ਉਸ ਵਿਰੁੱਧ ਦਾਗੀਆਂ ਜਾ ਰਹੀਆਂ ਮਿਜ਼ਾਈਲਾਂ ਨਾਲ ਨਜਿੱਠਣ ਲਈ ਐੱਫ-16 ਲੜਾਕੂ ਜਹਾਜ਼ਾਂ ਦੀ ਬਹੁਤ ਲੋੜ ਹੈ ਕਿਉਂਕਿ ਇਹ ਦੁਸ਼ਮਣ ਦੇ ਹਵਾਈ ਹਮਲਿਆਂ ਨੂੰ ਨਾਕਾਮ ਕਰਨ ਦੇ ਸਮਰੱਥ ਹੈ।
ਪੱਛਮੀ ਦੇਸ਼ਾਂ ਨੂੰ ਪਹਿਲਾਂ ਡਰ ਸੀ ਕਿ ਆਧੁਨਿਕ ਹਥਿਆਰਾਂ ਦੀ ਸਪਲਾਈ ਨਾਲ ਜੰਗ ਦਾ ਘੇਰਾ ਵਧ ਜਾਵੇਗਾ ਅਤੇ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਤੋਂ ਵੀ ਝਿਜਕ ਦਿਖਾਈ ਦਿੱਤੀ ਸੀ। ਅਮਰੀਕਾ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਉਡਾਉਣ ਲਈ ਯੂਕਰੇਨੀ ਪਾਇਲਟਾਂ ਨੂੰ ਸਿਖਲਾਈ ਵੀ ਦੇ ਰਿਹਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਪਹਿਲੇ ਪੜਾਅ ਵਿੱਚ ਯੂਕਰੇਨ ਨੂੰ ਕਿੰਨੇ ਲੜਾਕੂ ਜਹਾਜ਼ ਮੁਹੱਈਆ ਕਰਵਾਏ ਗਏ ਸਨ ਜਾਂ ਕਿਹੜੇ ਦੇਸ਼ਾਂ ਨੇ ਮੁਹੱਈਆ ਕਰਵਾਏ ਸਨ।
ਯੂਕਰੇਨ ਦੀ ਸਰਕਾਰ ਨੇ ਵੀ ਲੜਾਕੂ ਜਹਾਜ਼ ਦੀ ਪ੍ਰਾਪਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਨਾਟੋ ਦੇ ਮੈਂਬਰ ਬੈਲਜੀਅਮ, ਡੈਨਮਾਰਕ, ਨੀਦਰਲੈਂਡ ਅਤੇ ਨਾਰਵੇ ਨੇ ਯੂਕਰੇਨ ਨੂੰ 60 ਤੋਂ ਵੱਧ ਜਹਾਜ਼ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ। ਹਾਲਾਂਕਿ, ਇਹ ਸੰਖਿਆ ਰੂਸ ਦੇ ਹਵਾਈ ਬੇੜੇ ਦੇ ਮੁਕਾਬਲੇ ਬਹੁਤ ਘੱਟ ਹੈ। ਯੂਕਰੇਨ ਦੇ ਇਕ ਅਧਿਕਾਰੀ ਮੁਤਾਬਕ ਰੂਸੀ ਹਵਾਈ ਹਮਲਿਆਂ ਨੂੰ ਨਾਕਾਮ ਕਰਨ ਲਈ ਯੂਕਰੇਨ ਨੂੰ ਘੱਟੋ-ਘੱਟ 130 ਐੱਫ-16 ਲੜਾਕੂ ਜਹਾਜ਼ਾਂ ਦੀ ਲੋੜ ਹੈ।