ਇਸਲਾਮਿਕ ਨੇਤਾ ਅੰਜੇਮ ਚੌਧਰੀ ਨੂੰ ਬਰਤਾਨੀਆ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵੂਲਵਿਚ ਕ੍ਰਾਊਨ ਕੋਰਟ ਨੇ ਪਿਛਲੇ ਹਫਤੇ ਅੰਜੇਮ ਚੌਧਰੀ ਨੂੰ ਨਫਰਤ ਭਰੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਭੜਕਾਉਣ ਅਤੇ ਅੱਤਵਾਦੀ ਸੰਗਠਨ ਏ.ਐੱਲ.ਐੱਮ ਨੂੰ ਚਲਾਉਣ ਦਾ ਦੋਸ਼ੀ ਪਾਇਆ ਸੀ। ਬ੍ਰਿਟਿਸ਼ ਅਦਾਲਤ ਨੇ ਕਿਹਾ ਕਿ ਅੰਜੇਮ ਚੌਧਰੀ ਇਕ ਅੱਤਵਾਦੀ ਸੰਗਠਨ ਚਲਾਉਂਦਾ ਹੈ, ਜਿਸ ਦਾ ਉਦੇਸ਼ ਹਿੰਸਕ ਤਰੀਕਿਆਂ ਨਾਲ ਦੁਨੀਆ ਭਰ ਵਿਚ ਸ਼ਰੀਆ ਕਾਨੂੰਨ ਫੈਲਾਉਣਾ ਹੈ। ਅਲ-ਮੁਹਾਜੀਰੂਨ ‘ਤੇ ਬ੍ਰਿਟੇਨ ਵਿਚ ਇਕ ਦਹਾਕਾ ਪਹਿਲਾਂ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ ਉਹ ਵੱਖ-ਵੱਖ ਨਾਵਾਂ ਨਾਲ ਇਸ ਸੰਸਥਾ ਨੂੰ ਚਲਾ ਰਿਹਾ ਸੀ।
ਰਿਪੋਰਟ ਮੁਤਾਬਕ ਅੰਜੇਮ ਨੂੰ 85 ਸਾਲ ਦੇ ਹੋਣ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ। ਇਸ ਦਾ ਮਤਲਬ ਹੈ ਕਿ 57 ਸਾਲਾ ਅੰਜੇਮ ਨੂੰ 28 ਸਾਲ ਦੀ ਕੈਦ ਦੀ ਸਜ਼ਾ ਕੱਟਣੀ ਪਵੇਗੀ।
ਦੱਸਿਆ ਜਾ ਰਿਹਾ ਹੈ ਕਿ ਅੰਜੇਮ ਚੌਧਰੀ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਅਲ-ਮੁਹਾਜੀਰੂਨ ਦੇ ਪ੍ਰਮੁੱਖ ਮੈਂਬਰਾਂ ਵਿੱਚੋਂ ਇੱਕ ਰਿਹਾ ਹੈ ਅਤੇ ਇਸ ਸੰਗਠਨ ‘ਤੇ ਦਰਜਨਾਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇਸ ਨਾਲ ਜੁੜੇ ਅੱਤਵਾਦੀਆਂ ਨੇ ਬ੍ਰਿਟੇਨ ਤੋਂ ਇਲਾਵਾ ਹੋਰ ਦੇਸ਼ਾਂ ‘ਚ ਵੀ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਅੰਜੇਮ ਚੌਧਰੀ 2014 ਵਿੱਚ ਅਲ-ਮੁਹਾਜਿਰੂਨ ਦਾ ਮੁਖੀ ਬਣਿਆ। ਦਰਅਸਲ ਇਸ ਸੰਗਠਨ ਦੇ ਮੁਖੀ ਉਮਰ ਮੁਹੰਮਦ ਨੂੰ ਲੇਬਨਾਨ ਦੀ ਜੇਲ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਸੰਗਠਨ ਦੀ ਕਮਾਨ ਸੰਭਾਲ ਲਈ ਸੀ। ਅੰਜੇਮ ਨੂੰ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਲੜਾਕਿਆਂ ਦੀ ਮਦਦ ਕਰਨ ਲਈ 2016 ਵਿੱਚ ਅੱਤਵਾਦ ਦੇ ਦੋਸ਼ ਵਿੱਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਅੱਧੀ ਸਜ਼ਾ ਕੱਟਣ ਤੋਂ ਬਾਅਦ 2018 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਅੰਜੇਮ ਨੇ ਵਟਸਐਪ ਅਤੇ ਟੈਲੀਗ੍ਰਾਮ ‘ਤੇ ਆਪਣੇ ਫਾਲੋਅਰਸ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ।
ਪਾਕਿਸਤਾਨੀ ਮੂਲ ਦਾ ਅੰਜੇਮ ਆਪਣੇ ਭਾਸ਼ਣਾਂ ਵਿੱਚ ਆਪਣੇ ਪੈਰੋਕਾਰਾਂ ਨੂੰ ਜੇਹਾਦ ਦੀ ਗੱਲ ਕਰਦਾ ਸੀ ਅਤੇ ਉਨ੍ਹਾਂ ਨੂੰ ਹਿੰਸਾ ਲਈ ਉਕਸਾਉਂਦਾ ਸੀ। ਇਸ ਦੌਰਾਨ ਅਮਰੀਕਾ ਅਤੇ ਕੈਨੇਡਾ ਦੀਆਂ ਏਜੰਸੀਆਂ ਨੇ ਉਸ ਦੇ ਭਾਸ਼ਣ ਨੂੰ ਟਰੈਕ ਕਰਨਾ ਸ਼ੁਰੂ ਕੀਤਾ ਅਤੇ 2022 ਵਿੱਚ, ਚੌਧਰੀ ਨੇ ਇੱਕ ਔਨਲਾਈਨ ਲੈਕਚਰ ਵਿੱਚ ਕਿਹਾ ਕਿ ਜੇਹਾਦ ਮੁਸਲਮਾਨਾਂ ਦੀ ਜ਼ਿੰਮੇਵਾਰੀ ਹੈ।
ਉਸ ਨੂੰ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਦੀਆਂ ਏਜੰਸੀਆਂ ਵੱਲੋਂ ਗੁਪਤ ਜਾਂਚ ਤੋਂ ਬਾਅਦ ਕੈਨੇਡਾ ਦੇ ਹੀਥਰੋ ਹਵਾਈ ਅੱਡੇ ਤੋਂ ਫੜਿਆ ਗਿਆ ਸੀ। ਫਿਰ ਉਸ ‘ਤੇ ਝੂਠੇ ਨਾਵਾਂ ‘ਤੇ ਅਮਰੀਕਾ ਅਤੇ ਕੈਨੇਡਾ ਵਿਚ ਜੇਹਾਦ ਲਈ ਲੋਕਾਂ ਦੀ ਭਰਤੀ ਕਰਨ ਦਾ ਦੋਸ਼ ਲੱਗਾ ਸੀ।