ਸਰੀ, (ਸਿਮਰਨਜੀਤ ਸਿੰਘ): ਸਟੈਟਿਸਟਿਕਸ ਕੈਨੇਡਾ ਦੇ ਬੁੱਧਵਾਰ ਨੂੰ ਜਾਰੀ ਹੋਏ ਅੰਕੜਿਆਂ ਅਨੁਸਾਰ, ਮਈ ਮਹੀਨੇ ਕੈਨੇਡਾ ਦੀ ਅਰਥ-ਵਿਵਸਥਾ ਵਿਚ 0.2% ਦਾ ਵਾਧਾ ਹੋਇਆ ਹੈ ਜਦੋਂ ਕਿ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੀ ਅਰਥ-ਵਿਵਸਥਾ 1.7 ਦੀ ਦਰ ਨਾਲ ਵਧੀ ਸੀ। ਸਾਲ ਦੀ ਦੂਜੀ ਤਿਮਾਹੀ ਦੇ ਅੰਤਿਮ ਅੰਕੜੇ ਅਗਸਤ ਦੇ ਅੰਤ ਵਿੱਚ ਜਾਰੀ ਕੀਤੇ ਜਾਣਗੇ।
ਮਈ ਦੀ ਵਾਧਾ ਦਰ ਅਪ੍ਰੈਲ ਵਿੱਚ 0.3 ਪ੍ਰਤੀਸ਼ਤ ਦੇ ਵਾਧੇ ਤੋਂ ਕੁਝ ਹੱਦ ਤੱਕ ਘੱਟ ਗਈ ਹੈ। ਜਦੋਂ ਕਿ ਅਰਥਸ਼ਾਸਤਰੀਆਂ ਨੇ ਤਕਰੀਬਨ ਇੰਨੇ ਹੀ ਵਾਧੇ ਦਾ ਅਨੁਮਾਨ ਲਗਾਇਆ ਸੀ।
ਅੰਕੜਾ ਏਜੰਸੀ ਅਨੁਸਾਰ, ਨਿਰਮਾਣ ਖੇਤਰ ਲਗਾਤਾਰ ਦੂਸਰੇ ਕੁਲ ਜੀਡੀਪੀ ਵਿਚ ਵਾਧੇ ਦਾ ਮੁੱਖ ਕਾਰਨ ਰਿਹਾ। ਪਰ ਦੂਸਰੇ ਪਾਸੇ ਖਣਨ, ਖੁਦਾਈ ਅਤੇ ਤੇਲ ਤੇ ਗੈਸ ਸੈਕਟਰ 0.6% ਸੁੰਘੜਿਆ। ਅਪ੍ਰੈਲ ਮਹੀਨੇ 1.4% ਵਧਣ ਤੋਂ ਬਾਅਦ ਮਈ ਵਿਚ ਥੋਕ ਵਪਾਰ 0.8% ਨਿੱਘਰਿਆ।
ਟ੍ਰਾਂਸ ਮਾਊਨਟੇਨ ਪਾਈਪਲਾਈਨ ਦਾ ਸੰਚਾਲਨ ਸ਼ੁਰੂ ਹੋਣ ਕਰਕੇ ਮਈ ਦੌਰਾਨ ਪਾਈਪਲਾਈਨ ਆਵਾਗੌਣ 0.6% ਵਧੀ। ਹਾਲਾਂਕਿ, ਰਿਟੇਲ ਸੈਕਟਰ ਮਈ ਵਿਚ ਆਰਥਿਕ ਵਿਕਾਸ ਵਿਚ ਸਭ ਤੋਂ ਥੱਲੇ ਰਿਹਾ। ਜ਼ਿਆਦਾਤਰ ਰਿਟੇਲ ਸਬ-ਸੈਕਟਰ ਵੀ ਹੇਠਾਂ ਰਹੇ, ਜਿਸ ਵਿਚ ਭੋਜਨ ਅਤੇ ਪੀਣ ਵਾਲੇ ਸਟੋਰ, ਸਿਹਤ ਅਤੇ ਹੈਲਥ ਕੇਅਰ ਸਟੋਰਾਂ, ਅਤੇ ਆਮ ਵਪਾਰਕ ਸਟੋਰਾਂ ਤੋਂ ਖਰੀਦਦਾਰੀ ਸ਼ਾਮਲ ਹੈ।
ਸਟੈਟਕੈਨ ਨੇ ਜੂਨ ਦੌਰਾਨ ਜੀਡੀਪੀ ਵਿਚ 0.1% ਦਾ ਮਾਮੂਲੀ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਹੈ। ਕੈਨੇਡੀਅਨ ਚੈਂਬਰ ਔਫ਼ ਕੌਮਰਸ ਦੇ ਸੀਨੀਅਰ ਅਰਥਸ਼ਾਸਤਰੀ, ਐਂਡਰੂ ਡਿਕੈਪੁਆ ਨੇ ਕਿਹਾ, ਕੈਨੇਡੀਅਨ ਆਰਥਿਕਤਾ ਉੱਚ ਵਿਆਜ ਦਰਾਂ ਦਾ ਸੇਕ ਮਹਿਸੂਸ ਕਰ ਰਹੀ ਹੈ, ਜੋ ਕਿ ਖਾਸ ਤੌਰ ‘ਤੇ ਰਿਟੇਲ ਸੈਕਟਰ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸ ਦੇ ਬਾਵਜੂਦ, ਨਿਰਮਾਣ ਅਤੇ ਪਾਈਪਲਾਈਨ ਆਵਾਜਾਈ ਵਰਗੇ ਪ੍ਰਮੁੱਖ ਉਦਯੋਗਾਂ ਨੇ ਦੂਸਰੀ ਤਿਮਾਹੀ ਦੇ ਜੀਡੀਪੀ ਅਨੁਮਾਨ ਨੂੰ ਬੈਂਕ ਔਫ਼ ਕੈਨੇਡਾ ਦੇ ਪੂਰਵ ਅਨੁਮਾਨ ਤੋਂ ਉੱਚਾ ਕਰ ਦਿੱਤਾ ਹੈ।