ਲੇਖਕ : ਪ੍ਰਭਜੀਤ ਸਿੰਘ ਰਸੂਲਪੁਰ
ਸੰਨ 1947 ਵਿੱਚ ਭਾਰਤ ਦੀ ਵੰਡ ਹੋਈ ਤਾਂ ਪੰਜਾਬ ਦੇ ਇਲਾਕਿਆਂ ਦੇ ਨਾਲ ਨਾਲ ਪੰਜਾਬੀ ਦੀ ਲਿੱਪੀ ਵੀ ਵੰਡੀ ਗਈ। ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਲਿਖਣ ਲਈ ਸ਼ਾਹਮੁਖੀ ਲਿਪੀ ਵਰਤੀ ਜਾਣ ਲੱਗੀ, ਹੌਲੀ ਹੌਲੀ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਬੰਦ ਹੋ ਗਈ। ਸਾਰਾ ਕੰਮਕਾਰ ਸ਼ਾਹਮੁਖੀ ਵਿੱਚ ਹੋਣ ਲੱਗਾ। ਅੱਜਕਲ੍ਹ ਭਾਰਤ ਵਿਚਲੇ ਪੰਜਾਬ ਵਾਲਿਆਂ ਨੂੰ ਸ਼ਾਹਮੁਖੀ ਦੀ ਕੋਈ ਜਾਣਕਾਰੀ ਨਾ ਹੋਣ ਕਰਕੇ ਉਹ ਪਾਕਿਸਤਾਨ ਵਿੱਚ ਲਿਖੀ ਜਾ ਰਹੀ ਪੰਜਾਬੀ ਨਹੀਂ ਪੜ੍ਹ ਸਕਦੇ ਤੇ ਪਾਕਿਸਤਾਨ ਵਾਲਿਆਂ ਪੰਜਾਬੀਆਂ ਨੂੰ ਗੁਰਮੁਖੀ ਦੀ ਜਾਣਕਾਰੀ ਨਾ ਹੋਣ ਕਰਕੇ ਉਹ ਚੜ੍ਹਦੇ ਪੰਜਾਬ ਵਿੱਚ ਲਿਖੀ ਗਈ ਪੰਜਾਬੀ ਨੂੰ ਸਮਝ ਨਹੀਂ ਸਕਦੇ। ਇਹ ਵੀ ਸਾਡੀ ਬੋਲੀ ਦਾ ਨੁਕਸਾਨ ਹੈ। ਬਹੁਤਾ ਨੁਕਸਾਨ ਲਿਪੀਆਂ ਦੇ ਵਖਰੇਵੇਂ ਕਾਰਨ ਵੀ ਹੋਇਆ। ਇਸ ਵਖਰੇਵੇਂ ਨਾਲ ਬਹੁਤਾ ਨੁਕਸਾਨ ਇਹ ਹੋਇਆ ਕਿ ਵੰਡ ਦੇ ਸੱਤ ਦਹਾਕੇ ਬੀਤਣ ਦੇ ਬਾਅਦ ਦੋਵੇਂ ਪੰਜਾਬ ਇੱਕ ਦੂਜੇ ਦਾ ਲਿਖਿਆ ਪੜ੍ਹਨ ਤੋਂ ਅਸਮਰੱਥ ਹੋ ਗਏ। ਇਸ ਤਰ੍ਹਾਂ ਪੰਜਾਬੀ ਦਾ ਵਿਕਾਸ ਇਸ ਖਿੱਤੇ ਵਿੱਚ ਰੁਕ ਗਿਆ। ਜੋ ਪੰਜਾਬੀ ਪੱਛਮ ਵਿੱਚ ਫੈਲ ਰਹੀ ਹੈ, ਉਹ ਪੰਜਾਬ ਅਤੇ ਪਾਕਿਸਤਾਨ ਵਿੱਚ ਨੁਕਸਾਨੀ ਜਾ ਰਹੀ ਹੈ।
ਹੁਣ ਪੰਜਾਬੀਆਂ ਵਿੱਚ ਪੈਦਾ ਹੋਈ ਨਵੀਂ ਚੇਤਨਾ ਲਹਿਰ ਦੇ ਕਾਰਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਇੱਕ ਦੂਜੇ ਦਾ ਲਿਖਿਆ ਸਾਹਿਤ ਪੜ੍ਹਨ ਦਾ ਰੁਝਾਨ ਪੈਦਾ ਹੋਇਆ ਹੈ। ਇਹ ਪਹਿਲਕਦਮੀ ਲੇਖਕਾਂ ਅਦੀਬਾਂ ਵੱਲੋਂ ਹੋਈ ਹੈ। ਨਵੇਂ ਪੋਚ ਦੇ ਲੇਖਕ ਪੰਜਾਬੀ ਸਾਹਿਤ ਨੂੰ ਸਮੁੱਚਤਾ ਵਿੱਚ ਵਾਚਣ ਦਾ ਸਿਹਤਮੰਦ ਰੁਝਾਨ ਰੱਖ ਰਹੇ ਹਨ। ਉਹ ਦੋਹਾਂ ਲਿੱਪੀਆਂ ਦਾ ਗਿਆਨ ਹਾਸਲ ਕਰ ਕੇ ਪਿਛਲੇ ਫ਼ਾਸਲੇ ਨੂੰ ਮੇਟਣ ਦਾ ਆਹਰ ਕਰ ਰਹੇ ਹਨ।
ਪੰਜਾਬੀ ਦੀਆਂ ਦੋਵੇਂ ਲਿੱਪੀਆਂ ਲਈ ਪੰਜਾਬੀਆਂ ਦੀ ਦਿਲਚਸਪੀ ਵਿੱਚ ਬਹੁਤ ਵਾਧਾ ਹੋਇਆ ਹੈ। ਚੜ੍ਹਦੇ ਪੰਜਾਬ ਵਿੱਚ ਸ਼ਾਹਮੁਖੀ ਵੀ ਸਿੱਖੀ ਜਾਣ ਲੱਗੀ ਹੈ। ‘ਜੀਵੇ ਸਾਂਝਾ ਪੰਜਾਬ’ ਸੰਸਥਾ ਫਰੀ ਆਨ ਲਾਈਨ ਸ਼ਾਹਮੁਖੀ ਸਿਖਲਾਈ, ਗੁਰਮੁਖੀ ਤੋਂ ਸ਼ਾਹਮੁਖੀ, ਅਤੇ ਸ਼ਾਹਮੁਖੀ ਤੋਂ ਗੁਰਮੁਖੀ ਦੇ ਨਾਲ ਨਾਲ ਅੰਗਰੇਜ਼ੀ ਤੋਂ ਗੁਰਮੁਖੀ ਵੀ ਸਿਖਾ ਰਹੀ ਹੈ। ਬੀਬੀ ਪੁਰਵਾ ਮਸੂਦ, ਦਲਜੀਤ ਸਿੰਘ, ਡਾ. ਤਰੁਨਜੀਤ ਸਿੰਘ ਬੁਤਾਲੀਆ ਆਦਿ ਦੇ ਉੱਦਮ ਨਾਲ ਉੱਧਰਲੇ ਲੋਕ ਗੁਰਮੁਖੀ ਅਤੇ ਇੱਧਰਲੇ ਲੋਕ ਸ਼ਾਹਮੁਖੀ ਸਿੱਖ ਰਹੇ ਹਨ। ਸ਼ਾਹਮੁਖੀ-ਗੁਰਮੁਖੀ ਦਾ ਸਾਂਝਾ ਪੁਲ ਨਵਾਂ ਅਤੇ ਸਾਂਝਾ ਪੰਜਾਬ ਭਾਈਚਾਰਾ ਉਸਾਰੇਗਾ। ਦੋਹਾਂ ਪੰਜਾਬਾਂ ਦੇ ਸਾਂਝੇ ਮੈਗਜ਼ੀਨ ਅਤੇ ਕਿਤਾਬਾਂ ਸਾਂਝਾ ਸੱਭਿਆਚਾਰ ਪੈਦਾ ਕਰਨਗੇ। ਸਾਡੀਆਂ ਵਿਸਰੀਆਂ ਵਿਰਾਸਤੀ ਇਮਾਰਤਾਂ, ਨਿਸ਼ਾਨੀਆਂ ਮੁੜ ਲਿਖਤਾਂ ਦਾ ਸ਼ਿੰਗਾਰ ਬਣਨਗੀਆਂ। ਦੋਹਾਂ ਦੇਸ਼ਾਂ ਦਰਮਿਆਨ ਵਿੱਦਿਅਕ ਅਤੇ ਸਾਹਿਤਕ ਸਾਂਝ ਵੀ ਵਧੇਗੀ।
ਕੀ ਹੈ ਸ਼ਾਹਮੁਖੀ ਲਿਪੀ?
ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਉੱਥੇ ਪੰਜਾਬੀ ਜਿਸ ਫਾਰਸੀ-ਅਰਬੀ ਲਿਪੀ ਵਿੱਚ ਲਿਖੀ ਜਾਂਦੀ ਹੈ, ਉਸ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ।
ਪੰਜਾਬ ਵਿੱਚ ਪੁਰਾਤਨ ਸਮੇਂ ਤੋਂ ਕਈ ਲਿੱਪੀਆਂ ਜਿਵੇਂ ਸ਼ਾਰਦਾ, ਲੰਡੇ, ਟਾਕਰੀ, ਮਹਾਜਨੀ ਆਦਿਕ ਮੌਜੂਦ ਸਨ, ਜੋ ਕਿ ਮੌਜੂਦਾ ਗੁਰਮੁਖੀ ਲਿਪੀ ਨਾਲ ਮਿਲਦੀਆਂ ਜੁਲਦੀਆਂ ਸਨ। ਫਾਰਸੀ ਦੀ ਪੰਜਾਬ ਵਿੱਚ ਆਮਦ ਤੋਂ ਬਾਅਦ ਫਾਰਸੀ ਜਾਣਨ ਵਾਲੇ ਲੋਕਾਂ ਵੱਲੋਂ ਫਾਰਸੀ ਅੱਖਰਾਂ ਦੀ ਵਰਤੋਂ ਕਰਕੇ ਪੰਜਾਬੀ ਲਿਖਣੀ ਸ਼ੁਰੂ ਕੀਤੀ ਗਈ। ਬਾਬਾ ਫ਼ਰੀਦ ਜੀ ਨੇ ਇਨ੍ਹਾਂ ਫਾਰਸੀ ਦੇ ਅੱਖਰਾਂ ਨੂੰ ਹੀ ਵਰਤਕੇ ਆਪਣੀ ਬਾਣੀ ਲਿਖੀ। ਸ਼ਾਹਮੁਖੀ ਲਿਪੀ ਦੀ ਸ਼ੁਰੂਆਤ ਇੱਥੋਂ ਹੀ ਮੰਨੀ ਜਾਂਦੀ ਹੈ। ਪੰਜਾਬੀ ਬੋਲੀ ਵਿੱਚ ਮੌਜੂਦ ਸਭ ਤੋਂ ਪੁਰਾਣਾ ਸਾਹਿਤ ਬਾਬਾ ਫ਼ਰੀਦ ਜੀ ਦੀ ਬਾਣੀ ਹੀ ਹੈ, ਅਤੇ ਇਹ ਮੂਲ ਰੂਪ ਵਿੱਚ ਸ਼ਾਹਮੁਖੀ ਲਿਪੀ ਵਿੱਚ ਹੀ ਲਿਖੀ ਹੋਈ ਹੈ। ਇਹ ਲਿਪੀ ਤਕਰੀਬਨ ਸਾਢੇ 8 ਸਦੀਆਂ ਪੁਰਾਣੀ ਹੈ। ਬਾਬਾ ਫ਼ਰੀਦ ਜੀ ਤੋਂ ਬਾਅਦ ਸ਼ਾਹ ਹੁਸੈਨ, ਵਾਰਿਸ਼ ਸ਼ਾਹ, ਬੁਲ੍ਹੇ ਸ਼ਾਹ, ਕਾਦਿਰ ਯਾਰ, ਗੁਲਾਮ ਫ਼ਰੀਦ ਵਰਗੇ ਅਨੇਕਾਂ ਸੂਫ਼ੀਆਂ ਅਤੇ ਸ਼ਾਇਰਾਂ ਨੇ ਇਸ ਲਿਪੀ ਦੀ ਵਰਤੋਂ ਕੀਤੀ ਅਤੇ ਸਾਹਿਤ ਦੇ ਖਜ਼ਾਨੇ ਮਾਂ ਬੋਲੀ ਪੰਜਾਬੀ ਦੀ ਝੋਲ਼ੀ ਪਾਏ। ਪਰ ਅੱਜ ਵੀ ਸਾਨੂੰ ਇਸ ਲਿਪੀ ਦਾ ਸੰਪੂਰਣ ਰੂਪ ਨਹੀਂ ਮਿਲਦਾ। ਇਸ ਲਿਪੀ ਨੂੰ ‘ਸ਼ਾਹਮੁਖੀ’ ਨਾਮ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਦੇ ਪੰਜਾਬੀਆਂ ਵੱਲੋਂ ਦਿੱਤਾ ਗਿਆ।
ਬਾਅਦ ਵਿੱਚ ਸ਼ਾਹਮੁਖੀ ਦੇ ਇਨ੍ਹਾਂ ਅੱਖਰਾਂ ਵਿੱਚ ਹੀ ਅਰਬੀ ਅਤੇ ਫਾਰਸੀ ਦੇ ਹੋਰ ਅੱਖਰ ਪਾ ਕੇ ਉਰਦੂ ਦੀ ਲਿਪੀ ਬਣਾਈ ਗਈ। ਉਰਦੂ ਅਤੇ ਸ਼ਾਹਮੁਖੀ ਦੋਵਾਂ ਦਾ ਪਿਛੋਕੜ ਹੀ ਫਾਰਸੀ ਨਾਲ ਜਾ ਜੁੜਦਾ ਹੈ। ਪਰ ਸ਼ਾਹਮੁਖੀ ਪੰਜਾਬ ਦੀ ਧਰਤੀ ‘ਤੇ ਪਹਿਲਾਂ ਹੋਂਦ ਵਿੱਚ ਆਈ ਅਤੇ ਉਰਦੂ ਜਮਨਾ ਪਾਰ ਦੇ ਖਿੱਤੇ ਵਿੱਚ ਸ਼ਾਹਮੁਖੀ ਤੋਂ ਕਈ ਸਦੀਆਂ ਬਾਅਦ। ਸ਼ਾਹਮੁਖੀ ਲਿਪੀ ਦੇ 38 ਅੱਖਰ ਹਨ, ਇਨ੍ਹਾਂ ਵਿੱਚੋਂ 36 ਅੱਖਰ ਉਰਦੂ ਵਿੱਚ ਵੀ ਹਨ ਅਤੇ 2 ਅੱਖਰ ਵੱਖਰੇ ਹਨ। ਇਨ੍ਹਾਂ ਵਿੱਚ ਹੋਰ ਅੱਖਰ ਜੋੜ ਕੇ ਉਰਦੂ ਬਣਦੀ ਹੈ, ਜਿਸਦੇ ਕੁੱਲ ਅੱਖਰਾਂ ਦੀ ਗਿਣਤੀ 53 ਹੈ। ਕਿਉਂਕਿ ਸ਼ਾਹਮੁਖੀ ਵਿੱਚ 2 ਅੱਖਰ ਅਜਿਹੇ ਹਨ ਜੋ ਉਰਦੂ ਵਿੱਚ ਨਹੀਂ, ਸੋ ਉਹ ਵੀ ਜੋੜ ਕੇ ਸ਼ਾਹਮੁਖੀ ਅਤੇ ਉਰਦੂ ਦੇ ਕੁੱਲ ਅੱਖਰਾਂ ਦੀ ਗਿਣਤੀ 55 ਬਣਦੀ ਹੈ। ਇਹ ਹਮੇਸ਼ਾ ਸਾਨੂੰ ਇਕੱਠੇ ਹੀ ਲਿਖੇ ਮਿਲਦੇ ਹਨ। ਉਰਦੂ ਅਤੇ ਸ਼ਾਹਮੁਖੀ ਦੇ ਅੱਖਰ ਇੱਕੋ ਜਿਹੇ ਹਨ ਪਰ ਇਨ੍ਹਾਂ ਦੀਆਂ ਅਵਾਜ਼ਾਂ ਵੱਖੋ ਵੱਖਰੀਆਂ ਹਨ। ਸ਼ਾਹਮੁਖੀ ਦੇ ਅੱਖਰਾਂ ਤੋਂ ਪੰਜਾਬੀ ਦੀਆਂ ਅਵਾਜ਼ਾਂ ਬਣਦੀਆਂ ਹਨ ਅਤੇ ਉਰਦੂ ਦੇ ਅੱਖਰਾਂ ਤੋਂ ਹਿੰਦੀ, ਉਰਦੂ ਦੀਆਂ।
ਗੂਗਲ ਨੇ ਆਪਣੇ ‘ਗੂਗਲ ਟ੍ਰਾਂਸਲੇਟ’ ਟੂਲ ਵਿੱਚ ਸ਼ਾਹਮੁਖੀ ਲਿਪੀ ਨੂੰ ਵੀ ਸ਼ਾਮਲ ਕਰ ਲਿਆ ਹੈ। ਕਿਸੇ ਦੂਜੀ ਭਾਸ਼ਾ ਨੂੰ ਪੜ੍ਹਨ ਤੇ ਸਮਝਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ‘ਗੂਗਲ ਟ੍ਰਾਂਸਲੇਟ’ ਦਾ ਇਹ ਵੱਡਾ ਉਪਰਾਲਾ ਮੰਨਿਆ ਜਾ ਰਿਹਾ ਹੈ। ਗੂਗਲ ਟ੍ਰਾਂਸਲੇਟ ਟੂਲ ਵਿੱਚ ਪੰਜਾਬੀ ਸ਼ਾਹਮੁਖੀ ਸਮੇਤ 100 ਤੋਂ ਵੱਧ ਲਿੱਪੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ।
ਇਹ ਹੁਣ ਤਕ ਦਾ ਸਭ ਤੋਂ ਵੱਡਾ ਵਿਸਥਾਰ ਮੰਨਿਆ ਜਾ ਰਿਹਾ ਹੈ। ਇਸ ਵਿੱਚ ਸ਼ਾਹਮੁਖੀ ਦਾ ਸ਼ਾਮਲ ਹੋਣਾ ਚੜ੍ਹਦੇ ਤੇ ਲਹਿੰਦੇ ਦੋਵਾਂ ਪੰਜਾਬਾਂ ਦੇ ਪੰਜਾਬੀਆਂ ਲਈ ਅਹਿਮ ਹੈ। ਵਿਦਵਾਨਾਂ ਨੇ ਗੂਗਲ ਟਰਾਂਸਲੇਟਰ ਦੇ ਇਸ ਨੇਕ ਉਪਰਾਲੇ ਨੂੰ ਸ਼ਾਹਮੁਖੀ ਅਤੇ ਗੁਰਮੁਖੀ ਦੀ ਗਲਵੱਕੜੀ ਪਵਾਉਣਾ ਕਿਹਾ ਹੈ।
ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਉੱਥੇ ਪੰਜਾਬੀ ਜਿਸ ਫਾਰਸੀ-ਅਰਬੀ ਲਿਪੀ ਵਿੱਚ ਲਿਖੀ ਜਾਂਦੀ ਹੈ, ਉਸ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ। ਇਸ ਲਈ ਗੂਗਲ ਟ੍ਰਾਂਸਲੇਟ ਵਿੱਚ ਸ਼ਾਹਮੁਖੀ ਦੇ ਸ਼ਾਮਲ ਹੋਣ ਨਾਲ ਕਰੋੜਾਂ ਪੰਜਾਬੀਆਂ ਨੂੰ ਫ਼ਾਇਦਾ ਹੋਵੇਗਾ। ਪੰਜਾਬੀ ਦਾ ਪਾਸਾਰ ਹੋਵੇਗਾ ਅਤੇ ਪੰਜਾਬੀ ਅਧਿਐਨ ਦਾ ਦਾਇਰਾ ਵੀ ਵਧੇਗਾ।