ਕੈਲਗਰੀ (ਸਿਮਰਨਜੀਤ ਸਿੰਘ): ਐਡਮਿੰਟਨ ਪੁਲਿਸ ਨੇ ਜ਼ਬਰਦਸਤੀ ਵਸੂਲੀ ਦੇ ਦੋਸ਼ ਹੇਠ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ 34 ਸਾਲਾ ਮਨਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਵੀ ਵਾਰੰਟ ਵੀ ਜਾਰੀ ਕੀਤਾ ਹੈ।
ਐਡਮਿੰਟਨ ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ ਦੀ ਜਾਂਚ ਦੌਰਾਨ 40 ਘਟਨਾਵਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਸ ਵਿਚ ਐਡਮਿੰਟਨ ਵਿਚ ਇਕ ਅਪਾਰਟਮੈਂਟ ਨੂੰ ਅੱਗ ਲਗਾਉਣ ਦਾ ਮਾਮਲਾ ਵੀ ਸ਼ਾਮਲ ਹੈ।
ਪੁਲਿਸ ਮੁਖੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਜ਼ਬਰਦਸਤੀ ਵਸੂਲੀ ਦੇ ਮਾਮਲਿਆਂ ਕਾਰਨ ਪੂਰੇ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਡਰ ਦਾ ਮਾਹੌਲ ਸੀ ਪਰ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾਵੇ। ਹੁਣ ਪੁਲਿਸ ਅਜਿਹੀਆਂ ਘਟਨਾਵਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ। ਪੁਲਿਸ ਦਾ ਕਹਿਣਾ ਹੈ ਕਿ ਧਾਲੀਵਾਲ ਸਮੇਤ 6 ਹੋਰਾਂ ਖ਼ਿਲਾਫ਼ ਕੁੱਲ 54 ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿਚ ਜਬਰੀ ਵਸੂਲੀ, ਜਾਣਬੁੱਝ ਕੇ ਅੱਗ ਲਗਾਉਣਾ, ਭੰਨ-ਤੋੜ ਕਰਨਾ, ਨਿਜੀ ਥਾਂ ਵਿੱਚ ਘੁਸਪੈਠ ਕਰਨਾ ਅਤੇ ਹਥਿਆਰਾਂ ਨਾਲ ਹਮਲਾ ਕਰਨਾ ਅਤੇ ਵਰਗੇ ਦੋਸ਼ ਸ਼ਾਮਲ ਹਨ। ਫੜੇ ਗਏ ਨੌਜਨਾਵਾਂ ਦੀ ਉਮਰ 17 ਤੋਂ 21 ਸਾਲ ਦਰਮਿਆਨ ਹੈ।