ਸਰੀ, (ਸਿਮਰਨਜੀਤ ਸਿੰਘ): ਜੈਸਪਰ ਨੈਸ਼ਨਲ ਪਾਰਕ ਵਿੱਚ ਭੜਕੀ ਹੋਈ ਅੱਗ ਬੁੱਧਵਾਰ ਨੂੰ ਕਾਬੂ ਤੋਂ ਬਾਹਰ ਹੋ ਗਈ ਜਿਸ ਬਾਰੇ ਗੱਲਬਾਤ ਕਰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਇੱਕ ਯੋਜਨਾ ਤਿਆਰ ਕੀਤੀ ਗਈ ਹੈ।
ਅਲਬਰਟਾ ਦੇ ਜਨਤਕ ਸੁਰੱਖਿਆ ਮੰਤਰੀ ਮਾਈਕ ਐਲਿਸ ਨੇ ਇੱਕ ਔਨਲਾਈਨ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ “ਜੰਗਲ ਦੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ ਜੋ ਕਿ ਚਿੰਤਾਅਜੇ ਵੀ ਬਹੁਤ ਸਰਗਰਮ ਹੈ। ਜਿਸ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਈ ਮੋਰਚਿਆਂ ‘ਤੇ ਕੰਮ ਜਾਰੀ ਹੈ। ਜ਼ਮੀਨੀ ਤੌਰ ‘ਤੇ ਅਤੇ ਹੈਲੀਕਾਪਟਰਾਂ ਰਾਹੀਂ ਅੱਗ ਦੀਆਂ ਲਪਟਾਂ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਏਅਰ ਟੈਂਕਰ ਸਟੈਂਡਬਾਏ ‘ਤੇ ਹਨ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਇੱਕ ਹੋਰ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਜਿਸ ਦੇ ਤਹਿਤ ਅਗਲੇ ਕੁਝ ਦਿਨਾਂ ਵਿੱਚ ਲੋਕਾਂ ਨੂੰ ਕੈਂਪਰਾਂ ਅਤੇ ਟ੍ਰੇਲਰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹਰ ਕਿਸੇ ਨੂੰ ਜੈਸਪਰ ਪਾਰਕ ਤੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ ਜਿਸ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।
ਅਲਬਰਟਾ ਦੇ ਜੰਗਲਾਤ ਮੰਤਰੀ ਟੌਡ ਲੋਵੇਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੱਗ ‘ਤੇ ਕਾਬੂ ਪਾਉਣ ਦੇ ਯਤਨ ਹੋਰ ਵੀ ਚੁਣੌਤੀਪੂਰਨ ਹੋ ਸਕਦੇ ਹਨ ਕਿਉਂਕਿ ਮੌਸਮ ਵਿਭਾਗ ਵਲੋਂ ਮੌਸਮ ਗਰਮ, ਸੁੱਕਾ ਅਤੇ ਹਵਾਦਾਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਜੈਸਪਰ ਟਾਊਨਸਾਈਟ ਦਾ ਤੀਜਾ ਹਿੱਸਾ ਜੰਗਲੀ ਅੱਗ ਦੀ ਲਪੇਟ ‘ਚ ਆ ਚੁੱਕਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 750 ਦੇ ਕਰੀਬ ਅਧਿਕਾਰੀ ਇਥੇ ਅੱਗ ਬੁਝਾਉਣ ਲਈ ਡਢੇ ਹੋਏ ਹਨ ਤਾਂ ਕਿ ਰੌਕੀ ਮਾਉਂਟੇਨ ਕਮਿਊਨਿਟੀ ਵਿੱਚ ਅੱਗ ਦੁਬਾਰਾ ਦਾਖਲ ਨਾ ਹੋਵੇ। ਜ਼ਿਕਰਯੌਗ ਹੈ ਕਿ 22 ਜੁਲਾਈ ਦੀ ਰਾਤ ਨੂੰ ਜਸਪਰ ਅਤੇ ਆਸ-ਪਾਸ ਦੇ 5,000 ਵਸਨੀਕਾਂ ਅਤੇ ਲਗਭਗ 20,000 ਸੈਲਾਨੀਆਂ ਨੂੰ ਨੋਟਿਸ ਜਾਰੀ ਕਰਕੇ ਇਲਾਕਾ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਜਿਸ ਤੋਂ ਦੋ ਦਿਨ ਬਾਅਦ, ਤੇਜ਼ ਹਵਾਵਾਂ ਨਾਲ ਫੈਲੀ ਅੱਗ ਨਾਲ 358 ਘਰ ਤਬਾਹ ਹੋ ਗਏ ਸਨ।