-0.3 C
Vancouver
Saturday, January 18, 2025

ਨੰਬਰਦਾਰੀ ਦਾ ਗ਼ਰੂਰ

ਰੱਖ ਲਵੇਂਗਾ ਕਿਵੇਂ ਪ੍ਰਧਾਨਗੀ ਨੂੰ,

ਨੇਤਾ ਥੋਕ ‘ਚ ਕੱਢ ਕੇ ਬਾਹਰ ਬੇਲੀ।

ਨਹੀਉਂ ਟਿਕਣਾ ਨਵਿਆਂ ਸੰਗ ਤੇਰੇ,

ਜਿਹੜੇ ਪਹਿਲਾਂ ਹੀ ਬਿਮਾਰ ਬੇਲੀ।

ਗੱਡਾ ਖੁੱਭਿਆ ਦਿੰਦੇ ਕੱਢ ਉਹੀ,

ਹੁੰਦੇ ਜੋ ਨੇ ਤਜਰਬੇਕਾਰ ਬੇਲੀ।

ਜੇ ਨਾ ਮੋੜੇ ਰੁੱਸ ਕੇ ਹੋਏ ਬਾਗੀ,

ਪੈ ਫਿੱਕਾ ਜਾਊ ਵਪਾਰ ਬੇਲੀ।

ਚੌਧਰ ਕਿਸੇ ਨਾ ਪਾਉਣੀ ਮੰਨ ਤੇਰੀ,

ਏਥੇ ਹਰ ਕੋਈ ਨੰਬਰਦਾਰ ਬੇਲੀ।

ਮੰਨੇ ਘੂਰ ਨਾ ਕਿਸੇ ਦੀ ਕੋਈ ਏਥੇ,

ਬਿਨ ਵਜ੍ਹਾ ਨਾ ਜੱਭਲੀਆਂ ਮਾਰ ਬੇਲੀ।

ਤਾਜ ਰੱਖਣਾ ਜੇ ਸਿਰ ਪ੍ਰਧਾਨਗੀ ਦਾ,

ਦਿਲ ਮਨ ‘ਚੋਂ ਕੱਢ ਹੰਕਾਰ ਬੇਲੀ।

ਜੇ ਨਾ ਰੁੱਸੇ ਮਨਾਏ ਗਏ ‘ਭਗਤਾ’,

ਕਿਵੇਂ ਜਿੱਤੇਂਗਾ ਕਾਬਲ ਕੰਧਾਰ ਬੇਲੀ।

ਲੇਖਕ :  ਬਰਾੜ-ਭਗਤਾ ਭਾਈ ਕਾ, ਸੰਪਰਕ : 001-604-751-1113

Related Articles

Latest Articles