ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਹਾਜ਼ਾਰਾਂ ਅਜਿਹੇ ਘਰਾਂ ਦਾ ਪਤਾ ਲਗਾਇਆ ਗਿਆ ਜੋ ਗੈਰ-ਕਾਨੂੰਨੀ ਢੰਗ ਨਾਲ ਕਿਰਾਏ ‘ਤੇ ਚੜ੍ਹਾਏ ਗਏ ਹਨ।
ਬੀ. ਸੀ. ਸਰਕਾਰ ਵਲੋਂ ਜਾਰੀ ਕੀਤੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਹਜ਼ਾਰਾਂ ਛੋਟੀ ਮਿਆਦ ਦੇ ਘਰ ਗੈਰ-ਕਾਨੂੰਨੀ ਢੰਗ ਨਾਲ ਕਿਰਾਏ ‘ਤੇ ਚੜ੍ਹਾਏ ਜਾ ਰਹੇ ਹਨ। ਸੂਬਾ ਸਰਕਾਰ ਅਨੁਸਾਰ 22,000 ਸੂਚੀਆਂ ਲਿਸਟ ਹਨ ਪਰ ਲਗਭਗ 11,000 ਬਿਨਾਂ ਪਰਮਿਟ ਦੇ ਹੀ ਘਰਾਂ ਨੂੰ ਕਿਰਾਏ ਦੇ ਚੜ੍ਹਾ ਰਹੇ ਹਨ ।
ਇਹ ਡੇਟਾ ਨਵੇਂ ਕਾਨੂੰਨ ਤੋਂ ਬਾਅਦ ਜਾਰੀ ਕੀਤਾ ਗਿਆ ਹੈ ਜਿਸ ਲਈ ਏਅਰਬੀਐਨਬੀ ਵਰਗੇ ਪਲੇਟਫਾਰਮਾਂ ਨੂੰ ਸੂਚੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੀਆਂ ਜਾਇਦਾਦਾਂ ਜਾਂ ਘਰ ਸ਼ਹਿਰ ‘ਚ ਅਜਿਹੇ ਦੇਖ ਰਹੇ ਹਾਂ ਜੋ ਨਿਵੇਸ਼ਕਾਂ ਦੁਆਰਾ ਖਰੀਦੀਆਂ ਗਈਆਂ ਹਨ ਅਤੇ ਥੋੜ੍ਹੇ ਸਮੇਂ ਲਈ ਕਿਰਾਏ ਵਜੋਂ ਵਰਤੀਆਂ ਜਾ ਰਹੀਆਂ ਹਨ ਜੋ ਕਿ ਗੈਰ-ਕਾਨੂੰਨੀ ਹੈ ਅਤੇ ਇਸ ਤਰ੍ਹਾਂ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਪ੍ਰਤੀ ਦਿਨ $5,000 ਤੱਕ ਦਾ ਜੁਰਮਾਨਾ ਹੈ, ਅਤੇ ਪਲੇਟਫਾਰਮਾਂ ਲਈ $10,000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਕਿਰਾਏ ਦੀਆਂ ਜਾਇਦਾਦਾਂ ਨੂੰ ਟਰੈਕ ਕਰਨ ਲਈ ਇੱਕ ਸੂਬਾ ਵਿਆਪੀ ਰਜਿਸਟਰੀ ਸਾਲ ਦੇ ਅੰਤ ਤੱਕ ਲਾਈਵ ਕਰ ਦਿੱਤੀ ਜਾਵੇਗੀ।