5.7 C
Vancouver
Friday, November 22, 2024

ਬ੍ਰਿਟੇਨ ‘ਚ ਨਾਬਾਲਗ ਵਲੋਂ ਬੱਚਿਆਂ ’ਤੇ ਚਾਕੂ ਨਾਲ ਹਮਲਾ, 3 ਬੱਚਿਆਂ ਦੀ ਮੌਤ

ਲੰਡਨ : ਬ੍ਰਿਟੇਨ ‘ਚ ਲਿਵਰਪੂਲ ਨੇੜੇ ਸਾਊਥਪੋਰਟ ‘ਚ ਇੱਕ ਨਾਬਾਲਗ ਨੇ ਕਈ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਰਿਪੋਰਟ ਅਨੁਸਾਰ ਇਸ ਘਟਨਾ ਦੌਰਾਨ 3 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 1 ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਚਿਲਡਰਨ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਹੀ ਸ਼ਾਮਲ ਹਨ।

ਇਹ ਹਮਲਾ ਬੱਚਿਆਂ ਦੀ ਡਾਂਸ ਵਰਕਸ਼ਾਪ ਦੌਰਾਨ ਹੋਇਆ। ਪੁਲਸ ਨੇ ਦੱਸਿਆ ਕਿ 17 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਵਿੱਚ ਵਰਤਿਆ ਗਿਆ ਚਾਕੂ ਵੀ ਜ਼ਬਤ ਕਰ ਲਿਆ ਗਿਆ ਹੈ। ਹਮਲਾਵਰ ਦੇ ਇਰਾਦਿਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟੋਰਮਰ ਨੇ ਇਸ ਘਟਨਾ ਨੂੰ ‘ਭਿਆਨਕ ਅਤੇ ਦਰਦਨਾਕ’ ਕਰਾਰ ਦਿੱਤਾ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਪੀਐਮ ਸਟਾਰਮਰ ਨੇ ਲਿਖਿਆ ਕਿ ਸਾਊਥਪੋਰਟ ਤੋਂ ਭਿਆਨਕ ਅਤੇ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਆਈ ਹੈ। ਉਨ੍ਹਾਂ ਨੇ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਤੋਂ ਇਲਾਵਾ ਬ੍ਰਿਟੇਨ ਦੇ ਗ੍ਰਹਿ ਮੰਤਰੀ ਕੂਪਰ ਅਤੇ ਲਿਵਰਪੂਲ ਦੇ ਮੇਅਰ ਸਟੀਵ ਰੋਥਰਮ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।

ਪੁਲਿਸ ਨੇ ਇਸ ਨੂੰ ਇੱਕ ਵੱਡੀ ਘਟਨਾ ਦੱਸਿਆ ਹੈ ਪਰ ਨਾਲ ਹੀ ਕਿਹਾ ਹੈ ਕਿ ਹੁਣ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ। ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਨੇ ਬੱਚਿਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਇਸ ਭਿਆਨਕ ਹਮਲੇ ਦੇ ਸਾਰੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟਾਈ

ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ 6 ਤੋਂ 11 ਸਾਲ ਦੀ ਉਮਰ ਦੇ ਬੱਚੇ ਡਾਂਸ ਅਤੇ ਯੋਗਾ ਪ੍ਰੋਗਰਾਮ ਲਈ ਵਰਕਸ਼ਾਪ ਵਿਚ ਆਏ ਸਨ। ਅਚਾਨਕ ਉਸ ਨੇ ਦੇਖਿਆ ਕਿ 8 ਤੋਂ 10 ਬੱਚੇ ਖੂਨ ਨਾਲ ਲੱਥਪੱਥ ਭੱਜ ਰਹੇ ਸਨ। ਉਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਅੰਦਰ ਕੀ ਹੋਇਆ।

ਪੁਲਿਸ ਇਸ ਨੂੰ ਅੱਤਵਾਦ ਨਾਲ ਜੁੜੀ ਘਟਨਾ ਨਹੀਂ ਮੰਨ ਰਹੀ, ਪੁਲਸ ਮੁਤਾਬਕ ਹਮਲਾਵਰ ਘਟਨਾ ਵਾਲੀ ਥਾਂ ਤੋਂ 8 ਕਿਲੋਮੀਟਰ ਦੂਰ ਇਕ ਪਿੰਡ ‘ਚ ਰਹਿੰਦਾ ਸੀ। ਜਿਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

Related Articles

Latest Articles