ਸਭ ਤੋਂ ਵੱਧ 172 ਵਿਦਿਆਰਥੀਆਂ ਦੀ ਕੈਨੇਡਾ ਵਿੱਚ ਮੌਤ
ਸਰੀ, (ਸਿਮਰਨਜੀਤ ਸਿੰਘ): ਵਿਦੇਸ਼ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪਿਛਲੇ ਪੰਜ ਸਾਲਾਂ ਦੌਰਾਨ 41 ਦੇਸ਼ਾਂ ਵਿੱਚ ਘੱਟੋ ਘੱਟ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਸਭ ਤੋਂ ਵੱਧ 172 ਮੌਤਾਂ ਕੈਨੇਡਾ ਵਿੱਚ ਹੋਈਆਂ ਹਨ। ਹਿੰਸਕ ਹਮਲਿਆਂ ਵਿੱਚ 19 ਵਿਦਿਆਰਥੀਆਂ ਦੀ ਜਾਨ ਜਾ ਚੁੱਕੀ ਹੈ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਦਿੱਤੀ।
ਵਿਦੇਸ਼ ਮੰਤਰੀ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਕੈਨੇਡਾ ਵਿੱਚ ਸਭ ਤੋਂ ਵੱਧ 172 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਉਸ ਤੋਂ ਬਾਅਦ ਅਮਰੀਕਾ ਵਿੱਚ 108 ਵਿਦਿਆਰਥੀਆਂ ਦੀ ਮੌਤ ਹੋ ਗਈ। ਬ੍ਰਿਟੇਨ ਵਿਚ 58, ਆਸਟ੍ਰੇਲੀਆ ਵਿਚ 57, ਰੂਸ ਵਿਚ 37 ਅਤੇ ਜਰਮਨੀ ਵਿਚ 24 ਵਿਦਿਆਰਥੀਆਂ ਦੀ ਮੌਤ ਪਿਛਲੇ 5 ਸਾਲਾਂ ਦੌਰਾਨ ਹੋਈ ਹੈ।
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਇੱਕ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਹਿੰਸਕ ਹਮਲਿਆਂ ਵਿੱਚ 19 ਵਿਦਿਆਰਥੀ ਆਪਣੀ ਜਾਨ ਗੁਆ ਚੁੱਕੇ ਹਨ। ਅੰਕੜਿਆਂ ਅਨੁਸਾਰ ਹਿੰਸਕ ਹਮਲਿਆਂ ਦੌਰਾਨ ਕੈਨੇਡਾ ਵਿੱਚ ਸਭ ਤੋਂ ਵੱਧ 9 ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਅਮਰੀਕਾ ਵਿਚ 6 ਵਿਦਿਆਰਥੀ ਅਤੇ ਆਸਟ੍ਰੇਲੀਆ, ਬ੍ਰਿਟੇਨ, ਚੀਨ ਅਤੇ ਕਿਰਗਿਸਤਾਨ ਵਿਚ ਇਕ-ਇਕ ਵਿਦਿਆਰਥੀ ਦੀ ਜਾਨ ਜਾ ਚੁੱਕੀ ਹੈ।