0.4 C
Vancouver
Saturday, January 18, 2025

ਸਲੀਕੇ ਨਾਲ ਜਿੰਦਗੀ ਜਿਊਣਾ ਆਉਣਾ ਬਹੁਤ ਅਹਿਮੀਅਤ ਰੱਖਦਾ ਹੈ

ਲੇਖਕ : ਪ੍ਰਿੰ. ਵਿਜੈ ਕੁਮਾਰ

ਜੇਕਰ ਹਰ ਇੱਕ ਨੂੰ ਜ਼ਿੰਦਗੀ ਜਿਊਣ ਦਾ ਢੰਗ, ਸਲੀਕਾ, ਗੁਰ ਜਾਂ ਫਿਰ ਅਦਬ ਆ ਜਾਂਦਾ ਤਾਂ ਇਸ ਦੁਨੀਆ ਦੀ ਤਸਵੀਰ ਹੀ ਹੋਰ ਹੋਣੀ ਸੀ। ਕਿਸੇ ਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੋਣੀ ਸੀ। ਹੁਣ ਤਾਂ ਸਥਿਤੀ ਇਹ ਹੈ ਕਿ ਅਕਲਮੰਦ ਲੱਭਣੇ ਪੈਂਦੇ ਹਨ, ਮੂਰਖਾਂ ਦੀ ਕਮੀ ਕੋਈ ਨਹੀਂ ਹੈ। ਪਰ ਜੇਕਰ ਹਰ ਕੋਈ ਜ਼ਿੰਦਗੀ ਜਿਊਣਾ ਜਾਣਦਾ ਹੁੰਦਾ ਤਾਂ ਸਥਿਤੀ ਇਸ ਤੋਂ ਉਲਟ ਹੋਣੀ ਸੀ। ਮੂਰਖ ਲੱਭਣੇ ਹੀ ਨਹੀਂ ਸਨ, ਸਾਰੇ ਅਕਲਮੰਦ ਹੀ ਹੋਣੇ ਸਨ। ਮਨੁੱਖੀ ਜ਼ਿੰਦਗੀ ਦੀ ਇਹ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਸੁਕਰਾਤ ਸਮਝਦਾ ਹੈ। ਕੋਈ ਵੀ ਆਪਣੇ ਆਪ ਨੂੰ ਘੱਟ ਅਕਲ ਵਾਲਾ ਮੰਨਣ ਲਈ ਤਿਆਰ ਹੀ ਨਹੀਂ। ਦੁਨੀਆ ਦਾ ਪ੍ਰਸਿੱਧ ਦਾਰਸ਼ਨਿਕ ਬੈਨ ਬਰਨਕੇ ਆਪਣੀ ਨਿਬੰਧਾਂ ਦੀ ਇੱਕ ਪੁਸਤਕ ਵਿੱਚ ਲਿਖਦਾ ਹੈ ਕਿ ਉਹ ਵਿਅਕਤੀ ਆਪਣੇ ਸਮਾਜਿਕ ਵਰਤਾਰੇ ਅਤੇ ਦਾਇਰੇ ਵਿੱਚ ਹਰਮਨ ਪਿਆਰੇ ਹੁੰਦੇ ਹਨ ਜਿਹੜੇ ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਤਕ ਇਹ ਸੋਚ ਲੈਕੇ ਚੱਲਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅਜੇ ਵੀ ਸਿੱਖਣ ਲਈ ਬਹੁਤ ਕੁਝ ਪਿਆ ਹੈ। ਜਿਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਹੁੰਦਾ ਹੈ, ਉਨ੍ਹਾਂ ਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਖੁੱਲ੍ਹੀ ਕਿਤਾਬ ਹੁੰਦੀ ਹੈ। ਉਹ ਸਪਸ਼ਟ ਕਹਿਣਾ ਜਾਣਦੇ ਹੁੰਦੇ ਨੇ ਤੇ ਉਹ ਦੂਜਿਆਂ ਦੀ ਗੱਲਬਾਤ ਵਿੱਚ ਵੀ ਸਪਸ਼ਟਤਾ ਦੇ ਚਾਹਵਾਨ ਹੁੰਦੇ ਹਨ। ਮੇਰੇ ਪਿੰਡ ਚਾਰ ਭਰਾਵਾਂ ਨੇ ਅੱਡ ਅੱਡ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਬੜੇ ਭਰਾ ਨੂੰ ਅਧਿਕਾਰ ਦਿੰਦੇ ਹੋਏ ਕਿਹਾ, “ਵੀਰ ਜੀ, ਤੁਸੀਂ ਸਾਡੇ ਵਿੱਚੋਂ ਸਭ ਤੋਂ ਵੱਡੇ ਹੋ, ਤੁਸੀਂ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਹੈ। ਤੁਸੀਂ ਸਾਨੂੰ ਜੋ ਕੁਝ ਦਿਓਗੇ, ਸਾਨੂੰ ਮਨਜ਼ੂਰ ਹੋਵੇਗਾ।”

ਵੱਡੇ ਭਰਾ ਨੇ ਉਨ੍ਹਾਂ ਨੂੰ ਕਿਹਾ, “ਪਹਿਲ ਤੁਹਾਡੀ ਹੈ, ਤੁਸੀਂ ਵੀ ਮੇਰੀ ਬਹੁਤ ਇੱਜ਼ਤ ਕੀਤੀ ਹੈ। ਮਾਂ ਨੂੰ ਛੱਡਕੇ, ਜਿਸ ਨੂੰ ਜੋ ਚਾਹੀਦਾ ਹੈ, ਲੈ ਲਵੋ। ਪਿੰਡ ਵਿੱਚ ਕਿਸੇ ਨੂੰ ਕੰਨੋ ਕੰਨ ਖ਼ਬਰ ਨਹੀਂ ਹੋਈ ਕਿ ਉਹ ਜੁਦਾ ਹੋ ਗਏ ਹਨ। ਉਨ੍ਹਾਂ ਦੇ ਮੁਹੱਲੇ ਵਿੱਚੋਂ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਪਤਾ ਹੀ ਨਹੀਂ ਲੱਗਾ ਕਿ ਉਹ ਜੁਦਾ ਹੋ ਗਏ ਹਨ। ਉਨ੍ਹਾਂ ਨੇ ਉਸ ਪੁੱਛਣ ਵਾਲੇ ਵਿਅਕਤੀ ਨੂੰ ਜਵਾਬ ਦਿੱਤਾ ਕਿ ਅਸੀਂ ਦੂਜਿਆਂ ਵਾਂਗ ਜੁਦਾ ਨਹੀਂ ਹੋਏ, ਇਸ ਲਈ ਤੁਹਾਨੂੰ ਸਾਡੇ ਜੁਦਾ ਹੋਣ ਦਾ ਪਤਾ ਨਹੀਂ ਲੱਗਾ।

ਭਰਾਵਾਂ ਦਾ ਇੱਕ ਦੂਜੇ ਤੋਂ ਅੱਡ ਹੋਣ ਦਾ ਇਹ ਢੰਗ ਹੀ ਜ਼ਿੰਦਗੀ ਜਿਊਣ ਦਾ ਸਲੀਕਾ ਹੈ। ਜ਼ਿੰਦਗੀ ਜਿਊਣ ਦੀਆਂ ਪਰਿਭਾਸ਼ਾਵਾਂ, ਪੁਸਤਕਾਂ, ਪ੍ਰਵਚਨ, ਸੈਮੀਨਾਰ ਅਤੇ ਉਪਦੇਸ਼ ਸਭ ਕੁਝ ਬੇਕਾਰ ਹਨ ਜੇਕਰ ਉਨ੍ਹਾਂ ਉੱਤੇ ਅਮਲ ਹੀ ਨਹੀਂ ਕਰਨਾ। ਜਿਹੜਾ ਵਿਅਕਤੀ ਇਹ ਕਹਿੰਦਾ ਹੈ ਕਿ ਮੈਂ ਕਿਸੇ ਤੋਂ ਚੰਗੇ ਅਤੇ ਇਮਾਨਦਾਰ ਹੋਣ ਦਾ ਸਰਟੀਫਿਕੇਟ ਨਹੀਂ ਲੈਣਾ, ਉਹ ਵਿਅਕਤੀ ਜ਼ਿੰਦਗੀ ਜਿਊਣ ਦੇ ਢੰਗ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਆਪਣੇ ਆਪ ਨੂੰ ਹਰ ਕੋਈ ਚੰਗਾ ਕਹਿੰਦਾ ਹੈ। ਅਸਲ ਵਿੱਚ ਚੰਗਾ ਤਾਂ ਉਹ ਹੈ, ਜਿਸਨੂੰ ਲੋਕ ਚੰਗਾ ਸਮਝਦੇ ਹੋਣ। ਰੱਬ ਨੂੰ ਚੇਤੇ ਰੱਖਣਾ ਵੀ ਜ਼ਿੰਦਗੀ ਦਾ ਇੱਕ ਗੁਣ ਹੀ ਹੈ। ਜਿਨ੍ਹਾਂ ਲੋਕਾਂ ਨੂੰ ਰੱਬ ਚੇਤੇ ਹੁੰਦਾ ਹੈ, ਹੰਕਾਰ ਉਨ੍ਹਾਂ ਦੇ ਨੇੜੇ ਨਹੀਂ ਢੁਕਦਾ। ਉਹ ਧਰਤੀ ਨਾਲ ਜੁੜਕੇ ਰਹਿੰਦੇ ਹਨ। ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ …, ਮੈਂ ਤਾਂ ਉਸ ਨੂੰ ਇੱਕ ਦੀਆਂ ਚਾਰ ਸੁਣਾਕੇ ਠੋਕ ਕੇ ਰੱਖ ਦਿੱਤਾ …, ਆਪਾਂ ਤਾਂ ਆਪਣਾ ਰਾਂਝਾ ਰਾਜ਼ੀ ਰੱਖੀਦਾ …, ਇਹ ਹੰਕਾਰ ਦੇ ਹੀ ਲੱਛਣ ਹੁੰਦੇ ਹਨ। ਇਹੋ ਜਿਹੇ ਲੋਕ ਜ਼ਿੰਦਗੀ ਜਿਊਣ ਦੇ ਅਦਬ ਤੋਂ ਕੋਹਾਂ ਦੂਰ ਹੁੰਦੇ ਹਨ। ਕਈ ਲੋਕਾਂ ਨੇ ਕਿਤਾਬੀ ਪੜ੍ਹਾਈ ਤਾਂ ਘੱਟ ਹੀ ਕੀਤੀ ਹੁੰਦੀ ਹੈ ਪਰ ਉਨ੍ਹਾਂ ਕੋਲ ਡੂੰਘੀ ਦਿਮਾਗੀ ਸੂਝਬੂਝ ਹੁੰਦੀ ਹੈ। ਉਹ ਜ਼ਿੰਦਗੀ ਜਿਊਣ ਦੇ ਅਰਥਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੁੰਦੇ ਹਨ। ਪਰ ਕਈ ਲੋਕ ਬਹੁਤ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਘੱਟ ਪੜ੍ਹੇ ਲਿਖੇ ਲੋਕਾਂ ਦੇ ਮੁਕਾਬਲੇ ਸਮਝਦਾਰ ਨਹੀਂ ਹੁੰਦੇ। ਇੱਕ ਪਿੰਡ ਵਿੱਚ ਕਾਫੀ ਪੜ੍ਹੇ ਲਿਖੇ, ਅਮੀਰ ਅਤੇ ਚੱਲਦੇ ਪੁਰਜੇ ਬੰਦੇ ਨੂੰ ਇੱਕ ਸਧਾਰਨ ਜਿਹੇ ਆਰਥਿਕ ਪੱਖੋਂ ਕਮਜ਼ੋਰ ਬੰਦੇ ਨੇ ਸਰਪੰਚੀ ਦੀ ਚੋਣ ਵਿੱਚ ਹਰਾ ਦਿੱਤਾ। ਉਸ ਜਿੱਤੇ ਹੋਏ ਬੰਦੇ ਨੇ ਹਾਰੇ ਹੋਏ ਬੰਦੇ ਨੂੰ ਕਿਹਾ, ਆਪਾਂ ਜਿੱਤ ਹਾਰ ਦੀ ਗੱਲ ਭੁੱਲਕੇ ਪਿੰਡ ਦਾ ਵਿਕਾਸ ਕਰਨਾ ਹੈ। ਉਸ ਹਾਰੇ ਹੋਏ ਬੰਦੇ ਕੋਲ ਪੈਸੇ ਅਤੇ ਪੜ੍ਹਾਈ ਦੀ ਕਮੀ ਨਹੀਂ ਸੀ ਪਰ ਉਸ ਕੋਲ ਜ਼ਿੰਦਗੀ ਜਿਊਣ ਦੇ ਗੁਰਾਂ ਦੀ ਘਾਟ ਸੀ।

ਉਸ ਹਾਰੇ ਹੋਏ ਬੰਦੇ ਨੇ ਆਪਣੇ ਪਿੰਡ ਦੇ ਆਪਣੇ ਇੱਕ ਖਾਸ ਬੰਦੇ ਨੂੰ ਸਵਾਲ ਕੀਤਾ, ਯਾਰ ਮੈਂ ਸਰਪੰਚੀ ਦੀ ਚੋਣ ਉੱਤੇ ਐਨਾ ਪੈਸਾ ਵੀ ਖਰਚ ਕੀਤਾ ਪਰ ਪਿੰਡ ਦੇ ਲੋਕਾਂ ਨੇ ਮੈਨੂੰ ਕਿਉਂ ਹਰਾ ਦਿੱਤਾ, ਇਸਦਾ ਕਾਰਨ ਮੈਨੂੰ ਸਮਝ ਨਹੀਂ ਆਇਆ? ਉਸ ਵਿਅਕਤੀ ਨੇ ਉਸ ਨੂੰ ਕਿਹਾ, “ਮਿੱਤਰਾ, ਤੈਨੂੰ ਤੇਰੀ ਅਮੀਰੀ ਅਤੇ ਪੜ੍ਹਾਈ ਦੀ ਆਕੜ ਨੇ ਹਰਾਇਆ ਹੈ। ਤੇਰੇ ਵਿੱਚ ਉਹ ਗੁਣ ਨਹੀਂ ਹਨ, ਜਿਹੜੇ ਤੇਰੇ ਵਿਰੁੱਧ ਸਰਪੰਚੀ ਲਈ ਖੜ੍ਹੇ ਵਿਅਕਤੀ ਵਿੱਚ ਹਨ।”

ਫੁਕਰੇ, ਹੋਛੇ, ਆਕੜ ਖੋਰ, ਤੰਗ ਦਿਲ, ਮਤਲਬ ਪ੍ਰਸਤ ਅਤੇ ਦੂਜਿਆਂ ਨੂੰ ਆਪਣੇ ਤੋਂ ਨੀਵਾਂ ਸਮਝਣ ਵਾਲੇ ਲੋਕ ਸਦਾ ਹੀ ਆਲੋਚਨਾ ਦੇ ਪਾਤਰ ਇਸ ਲਈ ਬਣੇ ਰਹਿੰਦੇ ਹਨ ਕਿਉਂਕਿ ਉਹ ਜ਼ਿੰਦਗੀ ਜਿਊਣ ਦੇ ਗੁਣਾਂ ਤੋਂ ਵਿਹੂਣੇ ਹੁੰਦੇ ਹਨ। ਇੱਕ ਅਧਿਆਪਕ ਦੀ ਕਾਲਜ ਵਿੱਚੋਂ ਬਦਲੀ ਹੋਣ ‘ਤੇ ਕਾਲਜ ਦੇ ਅਧਿਆਪਕਾਂ ਅਤੇ ਬੱਚਿਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਕਿਉਂਕਿ ਉਹ ਨਾ ਤਾਂ ਕਾਲਜ ਦੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਂਦਾ ਸੀ ਤੇ ਨਾ ਹੀ ਆਪਣੇ ਅਧਿਆਪਕ ਸਾਥੀਆਂ ਨੂੰ ਸਿੱਧੇ ਮੂੰਹ ਬੁਲਾਉਂਦਾ ਸੀ। ਜਿਸ ਕਾਲਜ ਵਿੱਚ ਉਹ ਬਦਲਕੇ ਗਿਆ, ਉਸ ਕਾਲਜ ਦੇ ਅਧਿਆਪਕਾਂ ਨੇ ਇਹ ਸੋਚਕੇ ਦੁੱਖ ਮਨਾਇਆ ਕਿ ਉਹ ਉਨ੍ਹਾਂ ਦੇ ਕਾਲਜ ਦਾ ਚੰਗਾ ਭਲਾ ਮਾਹੌਲ ਖਰਾਬ ਕਰੇਗਾ। ਉਸ ਨਾਲ ਇਹੋ ਜਿਹਾ ਵਰਤਾਓ ਇਸ ਲਈ ਹੋਇਆ ਕਿਉਂਕਿ ਉਹ ਜ਼ਿੰਦਗੀ ਜਿਊਣ ਦੇ ਗੁਣਾ ਤੋਂ ਨਿਗੂਣਾ ਸੀ।

ਕਹਿਣ ਅਤੇ ਕਰਨ ਵਿੱਚ ਫਰਕ ਕਰਨ ਵਾਲੇ, ਸਭ ਕੁਝ ਹੁੰਦੇ ਹੋਏ ਵੀ ਹੋਰ ਕੁਝ ਆਉਣ ਦੀ ਇੱਛਾ ਰੱਖਣ ਵਾਲੇ, ਦੂਜਿਆਂ ਦੀ ਤਰੱਕੀ ਨੂੰ ਵੇਖਕੇ ਸੜਨ ਵਾਲੇ ਅਤੇ ਦੂਜਿਆਂ ਦਾ ਬੁਰਾ ਤੱਕਣ ਵਾਲੇ ਲੋਕਾਂ ਨੂੰ ਜ਼ਿੰਦਗੀ ਜਿਊਣ ਦੀ ਸੂਝ ਬੂਝ ਹੋ ਹੀ ਨਹੀਂ ਸਕਦੀ। ਇੱਕ ਵਾਰ ਇੱਕ ਪਿੰਡ ਦੇ ਕੁਝ ਮੋਹਤਬਰ ਲੋਕ ਇੱਕ ਸੰਤ ਕੋਲ ਜਾਕੇ ਕਹਿਣ ਲੱਗੇ, “ਮਹਾਰਾਜ, ਅਸੀਂ ਤੁਹਾਡੀ ਬਹੁਤ ਮਹਿਮਾ ਸੁਣੀ ਹੈ, ਸਾਡੇ ਪਿੰਡ ਦਾ ਠਾਕੁਰਦਵਾਰਾ ਬਹੁਤ ਵੱਡਾ ਹੈ, ਸਾਡੇ ਠਾਕੁਰ ਦਵਾਰੇ ਨੂੰ ਆਮਦਨ ਵੀ ਬਹੁਤ ਹੈ। ਤੁਸੀਂ ਇਸ ਛੋਟੇ ਜਿਹੇ ਸਥਾਨ ਨੂੰ ਛੱਡਕੇ ਸਾਡੇ ਠਾਕੁਰ ਦਵਾਰੇ ਵਿੱਚ ਚੱਲੋ।”

ਉਹ ਸੰਤ ਹੱਸਕੇ ਬੋਲੇ, “ਭਲੇ ਪੁਰਖੋ, ਜੇਕਰ ਮੈਂ ਛੋਟਾ ਵੱਡਾ ਠਾਕੁਰ ਦੁਆਰਾ ਹੀ ਵੇਖਣਾ ਸੀ ਤਾਂ ਮੈਂ ਆਪਣਾ ਘਰ ਕਿਉਂ ਛੱਡਣਾ ਸੀ? ਮੈਂ ਤਾਂ ਰੱਬ ਦਾ ਨਾ ਲੈਣਾ ਹੈ। ਰੱਬ ਤਾਂ ਸਾਰੇ ਥਾਵਾਂ ‘ਤੇ ਇੱਕੋ ਜਿਹਾ ਹੈ।” ਉਹ ਬੰਦੇ ਨਿਰਾਸ਼ ਹੋਕੇ ਆਪਣੇ ਪਿੰਡ ਨੂੰ ਮੁੜ ਗਏ।

ਜ਼ਿੰਦਗੀ ਜਿਊਣ ਦਾ ਸਿੱਧਾ ਹੀ ਮੰਤਰ ਹੈ, ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹੋ। ਮਨ ਸਾਫ ਰੱਖੋ, ਧਰਤੀ ਨਾਲ ਜੁੜਕੇ ਰਹੋ। ਮੌਤ ਨੂੰ ਚੇਤੇ ਰੱਖੋ। ਸਭ ਦਾ ਭਲਾ ਤੱਕੋ, ਨੇਕੀ ਕਰੋ, ਹੇਰਾ ਫੇਰੀਆਂ ਅਤੇ ਛਲਾਵਿਆਂ ਦੇ ਜਾਲ਼ ਵਿੱਚ ਨਾ ਫਸੋ।

Related Articles

Latest Articles