ਸਰੀ, (ਸਿਮਰਨਜੀਤ ਸਿੰਘ): ਕੰਜ਼ਰਵੇਟਿਵ ਹਾਊਸ ਦੇ ਨੇਤਾ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਲੋਕ ਇਹ ਜਾਨਣਾਂ ਚਾਹੁੰਦੇ ਹਨ ਕਿ ਕਿਵੇਂ ਵਿਦੇਸ਼ੀ ਅੱਤਵਾਦੀ ਸਮੂਹ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੇ ਕੈਨੇਡਾ ‘ਚ ਆਵਾਸ ਕੀਤਾ ਅਤੇ ਨਾਗਰਿਕ ਬਣਨ ਲਈ ਕੈਨੇਡਾ ਦੀ ਸਕ੍ਰੀਨਿੰਗ ਪ੍ਰਕਿਰਿਆ ਤੋਂ ਕਿਵੇਂ ਬਚ ਨਿਲਿਆ।
ਐਂਡਰਿਊ ਸ਼ੀਅਰ ਨੇ ਮੰਗ ਕੀਤੀ ਕਿ ਹਾਊਸ ਆਫ਼ ਕਾਮਨਜ਼ ਸਥਿਤੀ ਦਾ ਪਤਾ ਲਗਾਉਣ ਲਈ ਆਪਣੀ ਜਨਤਕ ਸੁਰੱਖਿਆ ਕਮੇਟੀ ਨੂੰ ਵਾਪਸ ਬੁਲਾਵੇ, ਬਲਾਕ ਕਿਊਬੇਕੋਇਸ ਅਤੇ ਐਨਡੀਪੀ ਨੂੰ ਵੀ ਇਸ ਮੰਗ ‘ਤੇ ਸਮਰਥਨ ਕਰਨ ਲਈ ਬੁਲਾਇਆ ਜਾਵੇ।
ਜ਼ਿਕਰਯੋਗ ਹੈ ਕਿ ਅਹਿਮਦ ਫੂਆਦ ਮੁਸਤਫਾ ਏਲਦੀਦੀ (62) ਅਤੇ ਉਸਦੇ ਪੁੱਤਰ, ਮੁਸਤਫਾ ਅਲਦੀਦੀ (26) ਨੂੰ ਰਿਚਮੰਡ ਹਿੱਲ, ਓਨਟਾਰੀਓ ਵਿੱਚ 28 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ‘ਤੇ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੇਵੈਂਟ ਵਲੋਂ ਕਤਲ ਕਰਨ ਦੀ ਸਾਜ਼ਿਸ਼ ਸਮੇਤ ਨੌਂ ਵੱਖ-ਵੱਖ ਅੱਤਵਾਦ ਦੇ ਦੋਸ਼ ਲਗਾਏ ਗਏ ਹਨ।
ਜ਼ਿਆਦਾਤਰ ਦੋਸ਼ ਕੈਨੇਡਾ ਵਿੱਚ ਕਥਿਤ ਤੌਰ ‘ਤੇ ਹੋਣ ਵਾਲੀਆਂ ਗਤੀਵਿਧੀਆਂ ਨਾਲ ਸਬੰਧਤ ਹਨ, ਪਰ ਏਲਦੀਦੀ ‘ਤੇ ਕੈਨੇਡਾ ਤੋਂ ਬਾਹਰ ਇੱਕ ਗੰਭੀਰ ਹਮਲੇ ਦਾ ਵੀ ਦੋਸ਼ ਹੈ।
ਪਿਛਲੇ ਹਫ਼ਤੇ ਅਦਾਲਤ ਵਿੱਚ ਦੋਵਾਂ ਵਿਅਕਤੀਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਦੋਵਾਂ ਨੇ ਰਸਮੀ ਪਟੀਸ਼ਨ ਦਾਖਲ ਨਹੀਂ ਕੀਤੀ।
ਸ਼ੀਅਰ ਦਾ ਕਹਿਣਾ ਹੈ ਕਿ ਕਿਵੇਂ ਇੱਕ ਅੱਤਵਾਦੀ ਸਮੂਹ ਨਾਲ ਸਬੰਧ ਰੱਖਣ ਵਾਲੇ ਦੋ ਵਿਅਕਤੀ ਕੈਨੇਡਾ ਵਿੱਚ ਸਫਲਤਾਪੂਰਵਕ ਆਵਾਸ ਕਰ ਗਏ, ਇਸ ਬਾਰੇ ਸਰਕਾਰ ਦੀ ਚੁੱਪੀ ਅਸਵੀਕਾਰਨਯੋਗ ਹੈ। ਸ਼ੀਅਰ ਨੇ ਪਾਰਲੀਮੈਂਟ ਹਿੱਲ ‘ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ “ਇਹ ਟਰੂਡੋ ਦੀ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਦੀ ਇੱਕ ਵੱਡੀ ਅਸਫਲਤਾ ਹੈ, ਕੈਨੇਡੀਅਨਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਗਲਤ ਹੋਇਆ ਹੈ। ਇਸ ਵਿਅਕਤੀ ਨੇ ਕੈਨੇਡਾ ਵਿੱਚ ਕਿਵੇਂ ਦਾਖਲਾ ਲਿਆ ਅਤੇ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕੀਤੀ। ਕੈਨੇਡੀਅਨਾਂ ਨੂੰ ਇਹ ਜਾਣਨ ਦਾ ਵੀ ਹੱਕ ਹੈ ਕਿ ਕੀਕੈਨੇਡਾ ਵਿੱਚ ਅਜਿਹਾ ਕੋਈ ਹੋਰ ਵੀ ਹੈ ਜਿਸ ਨੂੰ ਸਾਡੇ ਦੇਸ਼ ਵਿੱਚ ਦਾਖਲਾ ਦਿੱਤਾ ਗਿਆ ਹੈ।” ਸ਼ੀਅਰ ਨੇ ਕਿਹਾ ਕਿ ਕੰਜ਼ਰਵੇਟਿਵ ਐਮਪੀ ਅਤੇ ਜਨਤਕ ਸੁਰੱਖਿਆ ਆਲੋਚਕ ਫ੍ਰੈਂਕ ਕੈਪੂਟੋ ਨੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਪੱਤਰ ਲਿਖ ਕੇ ਕਥਿਤ ਅੱਤਵਾਦੀ ਸਾਜ਼ਿਸ਼ ਦੇ ਸਾਰੇ ਵੇਰਵੇ ਜਨਤਕ ਕਰਨ ਲਈ ਕਿਹਾ ਹੈ।