9.9 C
Vancouver
Saturday, November 23, 2024

ਕਰਮਾਂ ਵਾਲੀ

ਲੇਖਕ : ਬਰਜਿੰਦਰ ਕੌਰ ਬਿਸਰਾਓ

ਸੰਪਰਕ: 99889-01324

ਪ੍ਰਗਟ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੇ ਪੜ੍ਹਦੇ ਪੜ੍ਹਦੇ ਨੇ ਹੀ ਆਪਣੇ ਬਾਪੂ ਨਾਲ ਖੇਤੀਬਾੜੀ ਦਾ ਕੰਮ ਸੰਭਾਲ ਲਿਆ ਕਿਉਂਕਿ ਜ਼ਮੀਨ ਜ਼ਿਆਦਾ ਸੀ। ਉਹ ਪਿੰਡ ਵਿੱਚ ਪੁਰਾਣੇ ਘਰ ਵਿੱਚ ਹੀ ਰਹਿੰਦੇ ਸਨ। ਕਈ ਵਾਰ ਨਵਾਂ ਘਰ ਬਣਾਉਣ ਦੀ ਸਲਾਹ ਕਰਦੇ ਪਰ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ। ਪਹਿਲਾਂ ਇਸ ਦਾ ਵਿਆਹ ਕਰਨ ਕਰਕੇ ਨਵੇਂ ਘਰ ਦੀ ਉਸਾਰੀ ਦਾ ਮੁੱਢ ਨਾ ਬੰਨ੍ਹਿਆ, ਫੇਰ ਅੱਗੜ-ਪਿੱਛੜ ਕੁੜੀਆਂ ਲਈ ਵਧੀਆ ਬਾਹਰਲੇ ਮੁੰਡੇ ਮਿਲ ਗਏ, ਉਨ੍ਹਾਂ ਦੇ ਵਿਆਹਾਂ ਕਾਰਨ ਇਸ ਕੰਮ ਨੂੰ ਹੱਥ ਨਾ ਪਿਆ। ਫਿਰ ਉਸ ਦੇ ਬੇਬੇ ਬਾਪੂ ਬਿਮਾਰ ਰਹਿਣ ਲੱਗੇ। ਉਨ੍ਹਾਂ ਦੀ ਸਾਂਭ ਸੰਭਾਲ ਤੇ ਦਵਾਈ ਬੂਟੀ ਕਰਦਿਆਂ ਨਵੀਂ ਕੋਠੀ ਬਣਾਉਣ ਦੀ ਰੀਝ ਮਨ ਵਿੱਚ ਹੀ ਰਹਿੰਦੀ। ਹੁਣ ਪ੍ਰਗਟ ਸਿੰਘ ਦਾ ਵੱਡਾ ਮੁੰਡਾ ਨੌਂ ਸਾਲ ਦਾ ਹੋ ਗਿਆ ਸੀ ਤੇ ਕੁੜੀ ਸੱਤਵੇਂ ਸਾਲ ਵਿੱਚ ਸੀ। ਬੇਬੇ ਬਾਪੂ ਛੇ ਮਹੀਨੇ ਦੇ ਫ਼ਰਕ ਨਾਲ ਦੁਨੀਆ ਤੋਂ ਤੁਰ ਗਏ। ਪਿੱਛੇ ਪ੍ਰਗਟ ਲਈ ਇੰਨੀ ਜ਼ਮੀਨ ਜਾਇਦਾਦ ਛੱਡ ਕੇ ਗਏ ਸਨ ਕਿ ਉਨ੍ਹਾਂ ਦਾ ਮਰਨਾ ਵੀ ਖ਼ੂਬ ਖ਼ਰਚ ਕਰਕੇ ਕੀਤਾ। ਪ੍ਰਗਟ ਦੀ ਬੇਬੇ ਬਾਪੂ ਤੋਂ ਛੇ ਕੁ ਮਹੀਨੇ ਪਹਿਲਾਂ ਪੂਰੀ ਹੋ ਗਈ ਸੀ। ਉਦੋਂ ਪ੍ਰਗਟ ਦੀ ਪਤਨੀ ਨਿਮਰਤ ਨੇ ਆਪਣੀਆਂ ਨਣਦਾਂ ਨਾਲ ਨਵੀਂ ਕੋਠੀ ਬਣਾਉਣ ਦੀ ਗੱਲ ਕਰਦੀ ਨੇ ਆਖਿਆ ਸੀ, ”ਭੈਣ ਜੀ૴ ਰੱਬ ਸੁੱਖ ਰੱਖੇ૴ ਹੁਣ ਜਦ ਅਗਲੀ ਵਾਰ ਤੁਸੀਂ ਬਾਹਰੋਂ ਆਵੋਗੀਆਂ ਤਾਂ ਆਪਾਂ ਨੇ ਵੱਡੀ ਨਵੀਂ ਕੋਠੀ ਬਣਾ ਹੀ ਲੈਣੀ ਐ। ਜਦ ਸਾਨੂੰ ਪੁਰਾਣੇ ਘਰ ਵਿੱਚ ਰਹਿਣਾ ਔਖਾ ਲੱਗਦੈ ਤਾਂ ਤੁਹਾਨੂੰ ਬਾਹਰੋਂ ਆ ਕੇ ਕਿੰਨਾ ਔਖਾ ਲੱਗਦਾ ਹੋਊ૴!”

”ਹਾਂ ਭਾਬੀ૴ ਚਾਹੇ ਅਸੀਂ ਇੱਥੇ ਈ ਜੰਮੀਆਂ ਪਲੀਆਂ ਪਰ ਹੁਣ ਬਾਹਰ ਵਾਲੀਆਂ ਸੁਖ ਸਹੂਲਤਾਂ ਦੇ ਹਿਸਾਬ ਨਾਲ ਰਹਿਣ ਦੀ ਆਦਤ ਪੈਗੀ। ਹੁਣ ਔਖਾ ਲੱਗਦਾ ਪੁਰਾਣੇ ਘਰ ਵਿੱਚ ਰਹਿਣਾ। ਬੀਬੀ ਦਾ ਵਰ੍ਹੀਨਾ ਕਰਕੇ ਸ਼ੁਰੂ ਕਰ ਲਿਓ૴!” ਛੋਟੀ ਕੁੜੀ ਨੇ ਆਪਣੀ ਭਾਬੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜਦ ਤੱਕ ਉਹ ਨਵੀਂ ਕੋਠੀ ਬਣਾਉਣ ਦੀ ਸਲਾਹ ਕਰਦੇ ਨੇ૴ ਉਦੋਂ ਤੱਕ ਬਾਪੂ ਵੀ ਵੱਧ ਬਿਮਾਰ ਰਹਿ ਕੇ ਛੇ ਮਹੀਨੇ ਬਾਅਦ ਹੀ ਸੰਸਾਰ ਤੋਂ ਤੁਰ ਜਾਵੇਗਾ।

ਬਾਪੂ ਦੇ ਭੋਗ ‘ਤੇ ਆਈਆਂ ਕੁੜੀਆਂ ਨੇ ਇਸ ਵਾਰ ਆਪਣੇ ਭਰਾ ਭਰਜਾਈ ਨੂੰ ਸਲਾਹ ਦਿੱਤੀ, ”ਵੀਰੇ૴ ਕੀ ਤੂੰ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦੈਂ ਤੇ ਭਾਬੀ ਵਿਚਾਰੀ ਤੋਂ ਸਾਰਾ ਦਿਨ ਚੌਂਕਾ ਚੁੱਲ੍ਹਾ ਨੀ ਨਿਬੜਦਾ૴। ਨਿਆਣੇ ਅੱਡ ਰੁਲੇ ਰਹਿੰਦੇ ਨੇ। ਹੁਣ ਬੇਬੇ ਬਾਪੂ ਦਾ ਵੀ ਸਹਾਰਾ ਨੀ ਰਿਹਾ। ਅਸੀਂ ਤਾਂ ਚਾਹੁੰਦੀਆਂ૴ ਨਵੀਂ ਕੋਠੀ ਬਣਾਉਣ ਦਾ ਖਹਿੜਾ ਛੱਡ। ਤੂੰ ਟੱਬਰ ਸਮੇਤ ਕਨੇਡਾ ਦੀ ਫਾਈਲ ਲਾ ਦੇ ਤੇ ਜ਼ਮੀਨ ਠੇਕੇ ‘ਤੇ ਦੇ ਦੇ૴!” ਵੱਡੀ ਭੈਣ ਨੇ ਦੋਵੇਂ ਭੈਣਾਂ ਦੇ ਦਿਲ ਦੀ ਗੱਲ ਆਖੀ। ਉਨ੍ਹਾਂ ਦੀ ਇਹ ਗੱਲ ਪ੍ਰਗਟ ਤੇ ਨਿਮਰਤ ਦੇ ਦਿਲ ਲੱਗੀ।

ਉਨ੍ਹਾਂ ਨੇ ਦੋ ਕੁ ਮਹੀਨੇ ਰੁਕ ਕੇ ਆਪਣੇ ਅਤੇ ਜਵਾਕਾਂ ਦੇ ਕਾਗਜ਼ ਪੱਤਰ ਭਰ ਕੇ ਪਰਿਵਾਰ ਸਮੇਤ ਕੈਨੇਡਾ ਦੀ ਫਾਈਲ ਲਾ ਦਿੱਤੀ ਪਰ ਉਨ੍ਹਾਂ ਦਾ ਵੀਜ਼ਾ ਨਾ ਲੱਗਿਆ। ਉਹ ਬਹੁਤ ਨਿਰਾਸ਼ ਹੋਏ। ਫਿਰ ਨਿਮਰਤ ਨੇ ਪ੍ਰਗਟ ਨੂੰ ਆਖਿਆ ਕਿ ਹੁਣ ਤਾਂ ਰੱਬ ਦਾ ਨਾਂ ਲੈ ਕੇ ਨਵੀਂ ਕੋਠੀ ਬਣਾਉਣੀ ਸ਼ੁਰੂ ਕਰ ਹੀ ਲਵੇ। ਪਿੰਡ ਵਿੱਚ ਦੋ ਦੋ ਕਿੱਲੇ ਜ਼ਮੀਨ ਵਾਲਿਆਂ ਨੇ ਵੀ ਨਵੀਆਂ ਕੋਠੀਆਂ ਉਸਾਰ ਲਈਆਂ ਸਨ। ਪ੍ਰਗਟ ਨੇ ਵੀ ਪਿੰਡ ਦੀ ਫਿਰਨੀ ‘ਤੇ ਲੱਗਦੀ ਜ਼ਮੀਨ ਵਿੱਚ ਅੱਧੇ ਕੁ ਕਿੱਲੇ ਨੂੰ ਵਗਲ਼ ਕੇ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ। ਕੋਠੀ ਦੀਆਂ ਨੀਹਾਂ ਦੀ ਚਿਣਾਈ ਕਰਕੇ ਬਾਕੀ ਦੀਵਾਰਾਂ ਦੀ ਵੀ ਚਾਰ ਚਾਰ ਫੁੱਟ ਚਿਣਾਈ ਹੋ ਗਈ ਸੀ। ਨਿਮਰਤ ਨੂੰ ਉਸ ਦੀ ਛੋਟੀ ਨਣਦ ਦਾ ਫ਼ੋਨ ਆਇਆ ਜੋ ਇੰਗਲੈਂਡ ਵਿੱਚ ਰਹਿੰਦੀ ਸੀ। ਉਹ ਆਖਣ ਲੱਗੀ, ”ਭਾਬੀ૴ ਮੈਂ ਥੋਡੀ ਸਾਰੇ ਟੱਬਰ ਦੀ ਰਾਹਦਾਰੀ ਭੇਜਣ ਲੱਗੀ ਹਾਂ। ਤੁਸੀਂ ਆਪਣੇ ਕਾਗਜ਼ ਭਰ ਦਿਓ ਤੇ ਮੇਰੇ ਕੋਲ ਦੋ ਮਹੀਨੇ ਲਾ ਜਾਓ। ਇਹਦੇ ਨਾਲ ਤੁਹਾਡਾ ਬਾਹਰ ਜਾਣ ਦਾ ਰਾਹ ਖੁੱਲ੍ਹ ਜਾਵੇਗਾ!” ਨਿਮਰਤ ਤੇ ਪ੍ਰਗਟ ਨੇ ਉਸ ਦੀ ਸਲਾਹ ਮੁਤਾਬਿਕ ਉਵੇਂ ਹੀ ਕੀਤਾ। ਜਿਸ ਦਿਨ ਕੋਠੀ ਦਾ ਲੈਂਟਰ ਪੈਣਾ ਸੀ૴. ਉਸ ਦਿਨ ਉਨ੍ਹਾਂ ਦਾ ਸਾਰੇ ਟੱਬਰ ਦਾ ਇੰਗਲੈਂਡ ਦਾ ਵੀਜ਼ਾ ਲੱਗ ਕੇ ਆ ਗਿਆ। ਸਾਰੇ ਟੱਬਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਕੋਠੀ ਦਾ ਲੈਂਟਰ ਪੁਆ ਕੇ ਤੇ ਅੰਦਰੋਂ ਪਲਸਤਰ ਕਰਵਾ ਕੇ ਸਾਰਾ ਟੱਬਰ ਦੋ ਮਹੀਨੇ ਲਈ ਛੋਟੀ ਕੁੜੀ ਕੋਲ ਇੰਗਲੈਂਡ ਚਲੇ ਗਏ।

ਦੋ ਮਹੀਨੇ ਬਾਅਦ ਵਾਪਸ ਆ ਕੇ ਨਵੀਂ ਕੋਠੀ ਦਾ ਕੰਮ ਫਿਰ ਸ਼ੁਰੂ ਕਰਵਾ ਦਿੱਤਾ। ਨਾਲ ਹੀ ਉਨ੍ਹਾਂ ਨੇ ਫਿਰ ਕੈਨੇਡਾ ਜਾਣ ਲਈ ਅਪਲਾਈ ਕਰ ਦਿੱਤਾ। ਹਾਲੇ ਕੋਠੀ ਦਾ ਕੰਮ ਬਾਹਰੋਂ ਪੂਰਾ ਵੀ ਨਹੀਂ ਹੋਇਆ ਸੀ ਤੇ ਰੰਗ ਰੋਗਨ ਵੀ ਰਹਿੰਦਾ ਸੀ ਉਨ੍ਹਾਂ ਨੇ ਪਾਠ ਕਰਵਾ ਕੇ ਪੁਰਾਣੇ ਘਰ ਵਿੱਚੋਂ ਸਾਮਾਨ ਨਵੀਂ ਕੋਠੀ ਵਿੱਚ ਸ਼ਿਫਟ ਕਰ ਲਿਆ। ਨਵੀਂ ਕੋਠੀ ਵਿੱਚ ਆਇਆਂ ਦੋ ਦਿਨ ਹੀ ਹੋਏ ਸਨ ਕਿ ਸਾਰੇ ਟੱਬਰ ਦਾ ਕੈਨੇਡਾ ਦਾ ਵੀਜ਼ਾ ਲੱਗ ਕੇ ਆ ਗਿਆ। ਉਨ੍ਹਾਂ ਨੂੰ ਪਿੰਡ ਦੇ ਲੋਕ ਵਧਾਈਆਂ ਦੇਣ ਆਉਣ ਲੱਗੇ। ਉਹ ਸਾਰਾ ਟੱਬਰ ਦੋ ਕੁ ਮਹੀਨਿਆਂ ਵਿੱਚ ਬਾਹਰ ਚਲਿਆ ਗਿਆ। ਨਿਮਰਤ ਤਾਂ ਬੱਚਿਆਂ ਨਾਲ ਉੱਥੇ ਹੀ ਪੱਕੇ ਤੌਰ ‘ਤੇ ਰਹਿਣ ਲੱਗ ਪਈ ਜਦੋਂਕਿ ਪ੍ਰਗਟ ਕਦੇ ਸਾਲ ਛੇ ਮਹੀਨੇ ਬਾਅਦ ਆ ਕੇ ਦੋ ਚਾਰ ਮਹੀਨੇ ਰਹਿ ਜਾਂਦਾ।

ਸੜਕ ਤੋਂ ਲੰਘੀਆਂ ਜਾਂਦੀਆਂ ਬੁੜੀਆਂ ਅਕਸਰ ਕੋਠੀ ਵੱਲ ਵੇਖ ਕੇ ਉਨ੍ਹਾਂ ਦੀ ਕੋਈ ਨਾ ਕੋਈ ਗੱਲ ਛੇੜ ਲੈਂਦੀਆਂ ਤੇ ਵਿੱਚੋਂ ਕੋਈ ਨਾ ਕੋਈ ਆਖ ਈ ਦਿੰਦੀ, ”૴ਭਾਈ ૴ਇਹ ਕੋਠੀ ਤਾਂ ਬਹੁਤ ਕਰਮਾਂ ਵਾਲੀ ਐ। ਜਦੋਂ ਦੀ ਬਣਨ ਲੱਗੀ ਉਦੋਂ ਦੇ ਤਾਂ ਉਨ੍ਹਾਂ ਦੇ ਸਾਰੇ ਟੱਬਰ ਦੇ ਵੀਜੇ ਈ ਲੱਗੀ ਗਏ। ਦੇਖ ਲੋ ਇਹ ਕੋਠੀ ਹੁਣ ਬਾਹਰ ਵਾਲਿਆਂ ਦੀ ਕੋਠੀ ਵੱਜਦੀ ਐ૴!”

ਕੋਠੀ ਬਿਨਾਂ ਰੰਗ ਰੋਗਨ ਤੋਂ ਅਧੂਰੀ ਖੜ੍ਹੀ ਇਸ ਤਰ੍ਹਾਂ ਜਾਪਦੀ ਜਿਵੇਂ ਆਖ ਰਹੀ ਹੋਵੇ, ”૴ਭੈਣੇ ૴ ਮੈਂ ਕਰਮਾਂ ਵਾਲੀ ਤਾਂ ਹੁੰਦੀ ૴ ਜੇ ਮੇਰੇ ਮਾਲਕ ਮੇਰੇ ਵਿੱਚ ਹੱਸਦੇ ਖੇਡਦੇ ਅੱਠੇ ਪਹਿਰ ਰੌਣਕਾਂ ਲਾ ਕੇ ਰੱਖਦੇ૴ ਵਧਦੇ ਫੁੱਲਦੇ૴ ਮੈਨੂੰ ਰੰਗ ਰੋਗਨ ਕਰਵਾ ਕੇ ਸ਼ਿੰਗਾਰਦੇ૴ ਛੋਟੇ ਛੋਟੇ ਬੱਚੇ ਆਪਣੇ ਸਾਥੀਆਂ ਨਾਲ ਮੇਰੇ ਵਿਹੜੇ ਵਿੱਚ ਲੁੱਡੀਆਂ ਪਾਉਂਦੇ૴ ਸਵੇਰੇ ਸਵੇਰੇ ਸਕੂਲ ਨੂੰ ਜਾਂਦੇ૴ ਸਾਰਾ ਦਿਨ ਮੇਰਾ ਵੱਡਾ ਸਾਰਾ ਗੇਟ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰਦਾ૴ ਰੋਜ਼ ਸ਼ਾਮ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੱਤੀਆਂ ਜਗਦੀਆਂ ਤੇ ਮੈਂ ਚਮਚਮ ਕਰਦੀ ਪਿੰਡ ਦਾ ਸ਼ਿੰਗਾਰ ਬਣਦੀ૴। ਤੁਸੀਂ ਮੇਰਾ ਦਰਦ ਕੀ ਜਾਣੋਂ૴! ਦਿਨ ਤਿਉਹਾਰ ਨੂੰ ਵੀ ਜਦ ਪਿੰਡ ਦੇ ਨਿੱਕੇ ਨਿੱਕੇ ਘਰ ਸਜੇ ਹੋਏ ਦਿਸਦੇ ਹਨ ਤੇ ਮੈਂ ਲਿੱਬੜੀ ਤਿੱਬੜੀ ਕਿੰਨੀ ਅਭਾਗਣ ਮਹਿਸੂਸ ਕਰਦੀ ਹਾਂ૴!”

Related Articles

Latest Articles