ਔਟਵਾ : ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਮੱਧ ਪੂਰਬ ਵਿਚ ਇੱਕ ਵਿਆਪਕ ਜੰਗ ਦੇ ਆਸਾਰ ਦੇ ਮੱਦੇਨਜ਼ਰ ਉਸਨੇ ਆਪਣੇ ਡਿਪਲੋਮੈਟਾਂ ਦੇ ਬੱਚਿਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਇਜ਼ਰਾਈਲ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਉਸਨੇ ਬੱਚਿਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਅਸਥਾਈ ਤੌਰ ‘ਤੇ ਕਿਸੇ ਸੁਰੱਖਿਅਤ ਤੀਜੇ ਦੇਸ਼ ਵਿੱਚ ਭੇਜੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੂਤਾਵਾਸ ਦਾ ਸਟਾਫ਼ ਇਜ਼ਰਾਈਲ ਵਿਚ ਹੀ ਰਹੇਗਾ।
ਬੁੱਧਵਾਰ ਇੱਕ ਬਿਆਨ ਵਿਚ ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ, ਇਜ਼ਰਾਈਲ ਦੇ ਤੇਲ ਅਵੀਵ ਵਿੱਖੇ ਕੈਨੇਡੀਅਨ ਦੂਤਾਵਾਸ, ਲੇਬਨਾਨ ਦੇ ਬੇਰੂਤ ਵਿੱਖੇ ਸਥਿਤ ਕੈਨੇਡੀਅਨ ਦੂਤਾਵਾਸ, ਅਤੇ ਫ਼ਲਸਤੀਨੀ ਅਥਾਰਟੀ ਲਈ ਕੈਨੇਡਾ ਦਾ ਪ੍ਰਤੀਨਿਧੀ ਦਫ਼ਤਰ, ਇਹ ਸਾਰੇ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਕੈਨੇਡੀਅਨਜ਼ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖ ਰਹੇ ਹਨ, ਜਿਸ ਵਿੱਚ ਕੌਂਸਲਰ ਸੇਵਾਵਾਂ ਵੀ ਸ਼ਾਮਲ ਹਨ।
ਵੈਸਟ ਬੈਂਕ ਵਿਚ ਰਾਮੱਲਾ ਅਤੇ ਲੇਬਨਾਨ ਦੇ ਬੇਰੂਤ ਵਿੱਚ ਤਾਇਨਾਤ ਡਿਪਲੋਮੈਟਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਨਹੀਂ ਰਹਿ ਰਹੇ। ਵਿਭਾਗ ਨੇ ਕਿਹਾ, ਲੇਬਨਾਨ ਅਤੇ ਰਾਮੱਲਾ ਵਿੱਚ ਸਾਡੇ ਮਿਸ਼ਨਾਂ ਵਿੱਚ ਸਟਾਫ਼ ਮੌਜੂਦ ਹੈ ਅਤੇ ਉਨ੍ਹਾਂ ਨੂੰ ਮੌਜੂਦਾ ਸਥਿਤੀ ਅਤੇ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਚੁੱਕੇ ਜਾ ਰਹੇ ਉਪਾਵਾਂ ਬਾਰੇ ਨਿਯਮਿਤ ਤੌਰ ‘ਤੇ ਅੱਪਡੇਟ ਕੀਤਾ ਜਾ ਰਿਹਾ ਹੈ।
ਪਿਛਲੇ ਹਫ਼ਤੇ ਲੇਬਨਾਨ ਵਿੱਚ ਇੱਕ ਸੀਨੀਅਰ ਹਿਜ਼ਬੁੱਲਾ ਕਮਾਂਡਰ ਅਤੇ ਈਰਾਨ ਵਿੱਚ ਹਮਾਸ ਦੇ ਸਿਖਰਲੇ ਸਿਆਸੀ ਲੀਡਰ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ ਵਿੱਚ ਤਣਾਅ ਨੇ ਇੱਕ ਵਿਆਪਕ ਯੁੱਧ ਦਾ ਡਰ ਪੈਦਾ ਕਰ ਦਿੱਤਾ ਹੈ। ਸਰਕਾਰ ਨੇ ਕੈਨੇਡੀਅਨਜ਼ ਨੂੰ ਮੌਜੂਦਾ ਖੇਤਰੀ ਹਥਿਆਰਬੰਦ ਸੰਘਰਸ਼ ਅਤੇ ਅਣਪਛਾਤੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਜ਼ਰਾਈਲ ਦੀ ਯਾਤਰਾ ਕਰਨ ਤੋਂ ਬਚਣ ਦੀ ਚੇਤਾਵਨੀ ਦਿੱਤੀ ਸੀ। ਸਰਕਾਰ ਨੇ ਵੈਸਟ ਬੈਂਕ, ਗਾਜ਼ਾ ਪੱਟੀ, ਯਰੂਸ਼ਲਮ ਅਤੇ ਲੇਬਨਾਨ ਦੀ ਯਾਤਰਾ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ।
ਮੌਜੂਦਾ ਸੰਘਰਸ਼ 7 ਅਕਤੂਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਹਮਾਸ ਨੇ ਇਜ਼ਰਾਈਲ ‘ਤੇ ਅਚਾਨਕ ਘਾਤਕ ਹਮਲਾ ਕੀਤਾ ਸੀ ਜਿਸ ਵਿੱਚ ਅੰਦਾਜ਼ਨ 1,200 ਲੋਕ ਮਾਰੇ ਗਏ ਸਨ। ਇਜ਼ਰਾਈਲ ਨੇ ਵੀ ਗਾਜ਼ਾ ਵਿਚ ਜਵਾਬੀ ਫ਼ੌਜੀ ਕਾਰਵਾਈਆਂ ਕੀਤੀਆਂ ਅਤੇ ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਹਨਾਂ ਫ਼ੌਜੀ ਹਮਲਿਆਂ ਵਿੱਚ 39,100 ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਜੌਰਡਨ ਦੇ ਕਿੰਗ ਅਬਦੁੱਲਾ ੀੀ ਨਾਲ ਇਜ਼ਰਾਈਲ ਅਤੇ ਈਰਾਨ ਦੇ ਨਾਲ-ਨਾਲ ਇਜ਼ਰਾਈਲ ਅਤੇ ਹਿਜ਼ਬੁੱਲਾ ਤੇ ਇਰਾਨ ਨਾਲ ਜੁੜੇ ਹੋਰ ਸਮੂਹਾਂ ਵਿਚਕਾਰ ਵਿਸਤ੍ਰਿਤ ਸੰਘਰਸ਼ ਦੇ ਜੋਖਮ ‘ਤੇ ਆਪਣੀ ਡੂੰਘੀ ਚਿੰਤਾ ਜ਼ਾਹਰ ਕਰਨ ਲਈ ਗੱਲ ਕੀਤੀ ਸੀ।