ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਲਬਰਟਾ ਦੇ ਸ਼ਹਿਰ ਜੈਸਪਰ ਵਿੱਚ ਲੱਗੀ ਜੰਗਲੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਹਨਾਂ ਨੇ ਸੂਬੇ ਨੇ ਪ੍ਰੀਮੀਅਮ ਅਤੇ ਜੈਸਪਰ ਸ਼ਹਿਰ ਦੇ ਤਬਾਹ ਹੋਏ ਇੱਕ ਤਿਹਾਈ ਹਿੱਸੇ ਤੋਂ ਬਾਅਦ ਸ਼ਹਿਰ ਛੱਡ ਕੇ ਜਾਣ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ।
ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਮਾਂਡ ਸੈਂਟਰ ਵਿੱਚ ਵੀ ਗਏ ਜਿੱਥੇ ਉਹਨਾਂ ਨੇ ਪ੍ਰੀਮੀਅਰ ਡੈਮੇਲ ਸਮਿਥ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੇ ਜਨਤਕ ਸੁਰੱਖਿਆ ਮੰਤਰੀ ਮਾਈਕ ਐਲਿਸ ਨਾਲ ਵੀ ਵਿਚਾਰ ਵਟਾਂਦਰਾ ਕੀਤਾ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੰਗਲੀ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੇ ਇੱਕ ਦਲ ਨੂੰ ਵੀ ਮਿਲੇ ਅਤੇ ਬੀਤੇ ਕੱਲ ਜੈਸਪਰ ਸ਼ਹਿਰ ਵਿੱਚ ਮਾਰੇ ਗਏ ਇੱਕ ਫਾਇਰ ਫਾਈਟਰ ਦੀ ਮੌਤ ਤੇ ਉਹਨਾਂ ਨੇ ਦੁੱਖ ਵੀ ਪ੍ਰਗਟ ਕੀਤਾ।
ਇਸ ਮੌਕੇ ਤੇ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੀਮੀਅਰ ਡੇਨੀਲ ਸਮਿਥ ਨੇ ਕਿਹਾ ਕਿ ਜੈਸਪਰ ਸ਼ਹਿਰ ਵਿੱਚ ਹੋਈ ਤਬਾਹੀ ਤੋਂ ਬਾਅਦ ਇਸ ਸ਼ਹਿਰ ਨੂੰ ਦੁਬਾਰਾ ਵਸਾਉਣ ਲਈ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਦੋਵਾਂ ਨੇ ਮਿਲ ਕੇ ਕੰਮ ਕਰਨ ਲਈ ਵਚਨ ਬਧਤਾ ਪ੍ਰਗਟਾਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਜੈਸਪਰ ਨੈਸ਼ਨਲ ਪਾਰਕ ਤੋਂ ਤਕਰੀਬਨ 20 ਤੋਂ ਵੱਧ ਲੋਕਾਂ ਨੂੰ ਜੰਗਲੀ ਅੱਗ ਲੱਗਣ ਕਾਰਨ ਆਪਣੇ ਘਰ ਛੱਡ ਕੇ ਜਾਣਾ ਪਿਆ। ਡੈਨੀਅਲ ਸਮਿਥ ਨੇ ਕਿਹਾ ਕਿ ਜਰੂਰ ਲੋਕਾਂ ਨੇ ਆਪਣੇ ਘਰ ਗਵਾਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਅਸਥਾਈ ਘਰ ਉਪਲਬਧ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪਾਰਕਸ ਕਨੇਡਾ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਜੈਸਪਰ ਜੰਗਲੀ ਅੱਗ ਅਜੇ ਵੀ 3040 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲੀ ਹੋਈ ਹੈ।