-0.3 C
Vancouver
Saturday, January 18, 2025

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇਸ਼ ਛੱਡ ਹੋਈ ਫਰਾਰ

ਢਾਕਾ : ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਅਤੇ ਦੇਸ਼ ਦੀ ਕਮਾਨ ਫੌਜ ਹੱਥ ਆਉਣ ਤੋਂ ਇਕ ਦਿਨ ਬਾਅਦ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਮੌਜੂਦਾ ਸੰਸਦ ਨੂੰ ਭੰਗ ਕਰ ਦਿੱਤਾ ਜਾਵੇਗਾ। ਉੱਧਰ, ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਕੋਆਰਡੀਨੇਟਰਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਨੋਬੇਲ ਪੁਰਸਕਾਰ ਜੇਤੂ ਡਾ. ਮੁਹੰਮਦ ਯੂਨਸ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਹੋਣਗੇ। ਸ਼ੇਖ ਹਸੀਨਾ ਸੋਮਵਾਰ ਨੂੰ ਦੇਸ਼ ਛੱਡ ਗਈ ਸੀ ਅਤੇ ਉਨ੍ਹਾਂ ਦਾ ਜਹਾਜ਼ ਭਾਰਤ ਵਿੱਚ ਗਾਜ਼ੀਆਬਾਦ ਨੇੜੇ ਹਿੰਡਨ ਏਅਰਬੇਸ ‘ਤੇ ਉਤਰਿਆ ਸੀ, ਜਿੱਥੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ 76 ਸਾਲਾ ਹਸੀਨਾ ਬਰਤਾਨੀਆ ਵਿੱਚ ਸ਼ਰਨ ਮੰਗ ਕਰ ਰਹੀ ਹੈ। ਹਸੀਨਾ ਦੀ ਭੈਣ ਰੇਹਾਨਾ ਬਰਤਾਨੀਆ ਦੀ ਨਾਗਰਿਕਤਾ ਹੈ, ਵੀ ਉਨ੍ਹਾਂ ਦੇ ਨਾਲ ਹੈ। ਸੂਤਰਾਂ ਮੁਤਾਬਕ ਹਸੀਨਾ ਨੂੰ ਸਿਆਸੀ ਸ਼ਰਨ ਦਿੱਤੇ ਜਾਣ ਸਬੰਧੀ ਬਰਤਾਨੀਆ ਨੇ ਅਜੇ ਪੁਸ਼ਟੀ ਨਹੀਂ ਕੀਤੀ ਹੈ।

ਇਸੇ ਦੌਰਾਨ ਸ਼ੇਖ ਹਸੀਨਾ ਦੇ ਪੁੱਤਰ ਸਾਜੀਬ ਵਾਜ਼ੇਦ ਜੁਆਏ ਨੇ ਪੁਲੀਸ, ਬਾਰਡਰ ਗਾਰਡ ਬੰਗਲਾਦੇਸ਼ ਅਤੇ ਫੌਜ ਨੂੰ ਸੰਵਿਧਾਨ ਨੂੰ ਬਰਕਰਾਰ ਰੱਖਣ ਤੇ ਕਿਸੇ ਵੀ ਬਿਨਾ ਚੁਣੀ ਸਰਕਾਰ ਨੂੰ ਸੱਤਾ ਸੰਭਾਲਣ ਤੋਂ ਰੋਕਣ ਲਈ ਕਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਨਾਲ ਬੰਗਲਾਦੇਸ਼ ਦੀ 15 ਸਾਲਾਂ ਦੀ ਤਰੱਕੀ ਖਤਰੇ ਵਿੱਚ ਪੈ ਸਕਦੀ ਹੈ ਅਤੇ ਇਹ ਸਥਿਤੀ ਸੰਭਾਵੀ ਤੌਰ ‘ਤੇ ਦੇਸ਼ ਨੂੰ ਪਾਕਿਸਤਾਨ ਦੀ ਤਰ੍ਹਾਂ ਉਸ ਰਸਤੇ ‘ਤੇ ਲੈ ਕੇ ਜਾ ਸਕਦੀ ਹੈ, ਜੋ ਕਿ ਦੇਸ਼ ਦੇ ਭਵਿੱਖ ਲਈ ਤਬਾਹਕੁਨ ਸਾਬਿਤ ਹੋਵੇਗੀ।

ਉੱਧਰ, ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਰ-ਉਜ਼-ਜ਼ਮਾਨ ਮੰਗਲਵਾਰ ਨੂੰ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰਨਗੇ, ਕਿਉਂਕਿ ਦੇਸ਼ ਨਵੀਂ ਸਰਕਾਰ ਦੇ ਗਠਨ ਦੀ ਉਡੀਕ ਕਰ ਰਿਹਾ ਹੈ। ਜ਼ਮਾਨ ਨੇ ਕਿਹਾ ਕਿ ਉਨ੍ਹਾਂ ਨੇ ਹਸੀਨਾ ਦੀ ਲੰਬੇ ਸਮੇਂ ਤੋਂ ਸੱਤਾਧਾਰੀ ਪਾਰਟੀ ਆਵਾਮੀ ਲੀਗ ਨੂੰ ਛੱਡ ਕੇ ਹੋਰ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਕੀਤੀ ਹੈ ਅਤੇ ਅੱਗੇ ਦੇ ਰਾਹ ਬਾਰੇ ਚਰਚਾ ਕੀਤੀ ਹੈ।

Related Articles

Latest Articles