16.5 C
Vancouver
Tuesday, July 22, 2025

ਲਾਲੋ ਤੇਰਾ ਘਰ

ਗੁਰੂ ਨਾਨਕ ਨੇ ਆਖਿਆ ਨਹੀਂ ਕੱਚਾ ਢਾਰਾ।

ਲਾਲੋ ਤੇਰਾ ਘਰ ਲੱਗਦਾ ਹੈ ਮਹਿਲ ਮੁਨਾਰਾ।

ਸਬਰ ਅਤੇ ਸੰਤੋਖ ਨਾਲ ਤੂੰ ਨੀਹਾਂ ਭਰੀਆਂ।

ਸੱਚੀ ਸੁੱਚੀ ਕਿਰਤ ਦੀਆਂ ਨੇ ਇੱਟਾਂ ਧਰੀਆਂ।

ਇਸ ਨੂੰ ਦਇਆ ਧਰਮ ਦਾ ਤੂੰ ਲਾਇਆ ਗਾਰਾ।

ਲਾਲੋ ਤੇਰਾ………..

ਸੇਵਾ ਸਿਮਰਨ ਵਾਲੜਾ ਤੂੰ ਪੋਚਾ ਲਾਇਆ।

ਰਜ਼ਾ ਰੱਬ ਦੀ ਲੱਗਦਾ ਤੂੰ ਪੀੜ੍ਹਾ ਡਾਹਿਆ।

ਦਾਨ ਪੁੰਨ ਦਾ ਵਿਹੜੇ  ਦੇ ਵਿੱਚ ਮਘਦਾ ਹਾਰਾ।

ਲਾਲੋ ਤੇਰਾ………

ਰੁੱਖਾਂ ਦੀ ਜੀਰਾਂਦ ਹੈ ਸੀਨੇ ਵਿੱਚ ਤੇਰੇ।

ਮਹਿਕ ਸੱਚ ਦੀ ਆ ਰਹੀ ਘਰ ਚਾਰ ਚੁਫ਼ੇਰੇ।

ਦਿਲ ਦਰਿਆ ਦੇ ਵਾਂਗ ਹੈ ਘਰ ਤੇਰਾ ਸਾਰਾ।

ਲਾਲੋ ਤੇਰਾ……….

ਵੱਸਣ ਰੱਬੀ ਰਹਿਮਤਾਂ ਰੱਬ ਨੇ ਵਰਸਾਈਆਂ।

ਇਹੋ ਜਹੀਆਂ ਬਰਕਤਾਂ ਵਿਰਲੇ ਹੱਥ ਆਈਆਂ।

ਗੱਗੜ ਮਾਜਰੇ ਵਾਲਿਆ ਕੀ ਬਲਖ਼ ਬੁਖ਼ਾਰਾ

ਲਾਲੋ ਤੇਰਾ………

ਲੇਖਕ : ਹਰਨੇਕ ਸਿੰਘ ਭੰਡਾਲ

Related Articles

Latest Articles